ਦਾਰਸ਼ਨਿਕ ਨੀਝ ਤੋਂ ਸੱਖਣਾ ਨਾਵਲ ‘ਸੂਰਜ ਦੀ ਅੱਖ’

ਦਾਰਸ਼ਨਿਕ ਨੀਝ ਤੋਂ ਸੱਖਣਾ ਨਾਵਲ ‘ਸੂਰਜ ਦੀ ਅੱਖ’

ਪੰਜਾਬੀ ਲੇਖਕ ਬਲਦੇਵ ਸਿੰਘ ਸੜਕਨਾਮਾ ਵਲੋਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਨਾਵਲ ‘ਸੂਰਜ ਦੀ ਅੱਖ’ ਉਸ ਲਿਖਤ ਵਿੱਚ ਪੇਸ਼ ਤੱਥਾਂ ਕਾਰਨ ਪਿਛਲੇ ਦਿਨੀਂ ਕਾਫ਼ੀ ਵਿਵਾਦ ਦਾ ਕੇਂਦਰ ਬਣਿਆ ਰਿਹਾ ਹੈ।
ਖ਼ਾਸ ਕਰ ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਸਬੰਧੀ ਫਿਲਮ ‘ਦ ਬਲੈਕ ਪ੍ਰਿੰਸ’ ਦੇ ਰਿਲੀਜ ਹੋਣ ਬਾਅਦ ‘ਸੂਰਜ ਦੀ ਅੱਖ’ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਸਖ਼ਸ਼ੀਅਤ ਨੂੰ ਠੀਕ ਤਰ੍ਹਾਂ ਨਾਲ ਪੇਸ਼ ਨਾ ਕੀਤੇ ਜਾਣ ਸਬੰਧੀ ਸਿੱਖ ਹਲਕਿਆਂ ਵਲੋਂ ਤਿੱਖਾ ਪ੍ਰਤੀਕਰਮ ਵੇਖਣ ਨੂੰ ਮਿਲਿਆ। ਬੇਸ਼ੱਕ ਕੁਝ ਤੱਤੇ ਸੁਭਾਅ ਵਾਲੇ ਸਿੱਖਾਂ ਵਲੋਂ ਲੇਖਕ ਨੂੰ ਧਮਕੀਆਂ ਦੇਣ ਜਾਂ ਪਰਿਵਾਰ ਬਾਰੇ ਇਤਰਾਜ਼ ਟਿਪਣੀਆਂ ਦਾ ਸਾਰੇ ਸੂਝਵਾਨ ਸਿੱਖਾਂ ਨੇ ਬੁਰਾ ਮਨਾਇਆ ਪਰ ਨਾਵਲ ਵਿਚਲੀਆਂ ਬਹੁਤ ਸਾਰੀਆਂ ਗੱਲਾਂ ਬਲਦੇਵ ਸਿੰਘ ਸੜਕਨਾਮਾ ਦੀ ਇੱਕਪਾਸੜ ਸੋਚ ਦਾ ਪ੍ਰਤੱਖ ਸਬੂਤ ਹਨ। ਨਿਰਸੰਦੇਹ ਉਸਨੇ ਸਿੱਖ ਇਤਿਹਾਸ ਦੇ ਉਸ ਸੁਨਹਿਰੀ ਕਾਲ ਨੂੰ ਗੈਰ ਸੰਜੀਦਗੀ ਨਾਲ ਪੇਸ਼ ਕਰਦਿਆਂ ਜਾਣੇ-ਅਣਜਾਣੇ ਖਾਲਸਾ ਰਾਜ ਦੇ ਬਾਨੀ ਦੀ ਸ਼ਾਨ ਨੂੰ ਢਾਹ ਲਾਈ ਹੈ। ਇਸ ਨਾਵਲ ਬਾਰੇ ਪੰਜਾਬੀ ਦੇ ਸਾਹਿਤਕ ਹਲਕਿਆਂ ਵਿੱਚ ਕਾਫ਼ੀ ਕੁਝ ਕਿਹਾ ਤੇ ਲਿਖਿਆ ਜਾ ਚੁੱਕਾ ਹੈ। ਅਸੀਂ ਸੀਨੀਅਰ ਪੱਤਰਕਾਰ ਤੇ ਵਿਲੱਖਣ ਲੇਖਣੀ ਵਾਲੇ ਸਿੱਖ ਚਿੰਤਕ ਕਰਮਜੀਤ ਸਿੰਘ ਦਾ ਇਹ ਆਰਟੀਕਲ ਅਪਣੇ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ-ਸੰਪਾਦਕ

ਕਰਮਜੀਤ ਸਿੰਘ, ਚੰਡੀਗੜ੍ਹ ਸੰਪਰਕ: 99150-91063

ਬਲਦੇਵ ਸਿੰਘ (ਸੜਕਨਾਮਾ) ਆਪਣੇ ਨਾਵਲ ਵਿੱਚ ਇਤਿਹਾਸਕ ਦੌਰ ਦੇ ਉਸ ਮਹੱਤਵਪੂਰਨ, ਯਾਦਗਾਰੀ ਅਤੇ ਸਰਸਬਜ਼ ਪਹਿਲੂ ਨੂੰ ਰੂਹ ਦੇ ਜ਼ੋਰ ਨਾਲ ਆਪਣੇ ਅੰਦਰ ਰਚਾ ਨਹੀਂ ਸਕੇ ਜੋ ਕਿਸੇ ਕੌਮ ਦੀ ਮੁੱਖ ਧਾਰਾ ਹੁੰਦੀ ਹੈ, ਉਸ ਦਾ ਕੇਂਦਰ ਬਿੰਦੂ ਹੁੰਦਾ ਹੈ ਜਾਂ ਅਸੀਂ ਉਸ ਨੂੰ ਸਿੱਖ-ਰੂਹ ਵੀ ਕਹਿ ਸਕਦੇ ਹਾਂ। ਅਸੀਂ ਅੱਜ ਕੀ ਹਾਂ, ਉਸ ਦਾ ਵੱਡਾ ਹਿੱਸਾ  ਉਸੇ ਦੌਰ ਦੀ ਯਾਦਗਾਰ ਹੈ। ਖ਼ਾਲਸੇ ਦੇ ਸਿਦਕ ਦਾ ਇਮਤਿਹਾਨ ਵੀ ਉਸੇ ਦੌਰ ਵਿੱਚ ਹੋਇਆ, ਹਾਲਾਂਕਿ ਕਮਜ਼ੋਰੀਆਂ ਵੀ ਸਾਡੇ ਨਾਲ-ਨਾਲ ਸਫ਼ਰ ਕਰਦੀਆਂ ਰਹੀਆਂ। ਇਸ ਲਈ ਕਿਸੇ ਵੀ ਲੇਖਕ ਨੂੰ ਉਸ ਸ਼ਾਨਾਮੱਤੇ ਸਮੇਂ ਦਾ ਜ਼ਿਕਰ ਕਰਨ ਲੱਗਿਆਂ ਬਹੁਤ ਸੰਭਲ-ਸੰਭਲ ਕੇ ਤੁਰਨਾ ਪੈਂਦਾ ਹੈ, ਪਰ ਬਲਦੇਵ ਸਿੰਘ ਉਨ੍ਹਾਂ ਗੁੰਝਲਦਾਰ ਸਮਿਆਂ ਦੇ ਪਾਂਧੀ ਨਹੀਂ ਬਣ ਸਕੇ। ਆਪਣੀ ਸਫ਼ਾਈ ਵਿੱਚ ਉਨ੍ਹਾਂ ਕਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਬਾਰੇ ਇਤਿਹਾਸਕ ਪੁਸਤਕਾਂ ‘ਕੁਝ ਹੋਰ’ ਕਹਿੰਦੀਆਂ ਹਨ ਅਤੇ ਲੋਕ ਮਨ ‘ਕੁਝ ਹੋਰ’ ਕਹਿੰਦੇ ਹਨ। ਇਹ ਅੱਧਾ ਤੇ ਅਧੂਰਾ ਸੱਚ ਹੈ ਜਦੋਂਕਿ ਇਤਿਹਾਸਕ ਪੁਸਤਕਾਂ ਨੇ ਦੋਵੇਂ ਗੱਲਾਂ ਕੀਤੀਆਂ ਹਨ ਅਤੇ ਇਸ ਵਿੱਚ ਉਹ ਇਤਿਹਾਸ ਵੀ ਸ਼ਾਮਲ ਹੈ, ਜਿਸ ਨੂੰ ਸਾਈਕੋ-ਹਿਸਟਰੀ ਕਹਿੰਦੇ ਹਨ ਜੋ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੁੰਦਾ ਹੈ ਅਤੇ ਨਿਕਲ ਸਕਦਾ ਹੀ ਨਹੀਂ ਅਤੇ ਕਈ ਵਾਰ ਸੈਂਕੜੇ ਤੱਥਾਂ ਦੇ ਮਿਲਾਪ ਤੋਂ ਵੀ ਕਿਤੇ ਵੱਧ ਬਲਵਾਨ, ਕਿਤੇ ਵੱਧ ਜ਼ੋਰਾਵਰ ਹੁੰਦਾ ਹੈ। ਇਤਿਹਾਸਕ ਨਾਵਲ ਲਿਖਣ ਵਾਲੇ ਮਹਾਨ ਲੇਖਕ  ਦਿਲਾਂ ਉੱਤੇ ਰਾਜ ਕਰਨ ਵਾਲੇ ਇਨ੍ਹਾਂ ਤੱਥਾਂ ਨੂੰ ਨਜ਼ਰ-ਅੰਦਾਜ਼ ਹੀ ਨਹੀਂ ਕਰ ਸਕਦੇ। ਪਰ ਸਾਡਾ ਇਹ ਲੇਖਕ ਓਧਰ ਵੱਲ ਨੂੰ ਫੇਰਾ ਹੀ ਨਹੀਂ ਪਾ ਸਕਿਆ। ਇਸ ਨਾਲ ਨਾਵਲ ਦਾਰਸ਼ਨਿਕ ਨੀਝ ਤੋਂ ਸੱਖਣਾ ਹੋ ਗਿਆ ਹੈ।
ਕੀ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਬਲਦੇਵ ਸਿੰਘ ਅਤੇ ਉਨ੍ਹਾਂ ਦੇ ਧੁਰ ਅੰਦਰਲੀ ‘ਮੈਂ ਨੇ ਰਲ ਕੇ ਪਹਿਲਾਂ ਹੀ ਧਾਰ ਲਿਆ ਸੀ ਕਿ ਉਹ ਉਹੋ ਕੁਝ ਕਹਿਣਗੇ ਜੋ ਉਹ ਕਹਿਣਾ ਚਾਹੁੰਦੇ ਹਨ? ਕੀ ਲੇਖਕ ਨੇ ਆਪਣੀ ਮਨਮਰਜ਼ੀ ਕਰਨ ਲਈ ਆਪਣੀ ਮਨਭਾਉਂਦੀ ਗੱਲ ਕਹਿਣ ਵਾਸਤੇ ਪ੍ਰੋਫੈਸਰ ਕੌਤਕੀ ਨਾਂ ਦੇ ਪਾਤਰ ਦੀ ਸਿਰਜਣਾ ਕੀਤੀ ਕਿਉਂਕਿ ਇਉਂ ਕਰਨ ਨਾਲ ਉਨ੍ਹਾਂ ਲਈ ਆਪਣੇ ਆਪ ਨੂੰ ਦੋਸ਼ ਮੁਕਤ ਸਿੱਧ ਕਰਨ ਲਈ ਰਸਤੇ ਸੁਖਾਲੇ ਹੋ ਜਾਂਦੇ ਸਨ? ਕੀ ਇਸ ਲਿਹਾਜ਼ ਨਾਲ ਇਤਿਹਾਸਕ ਹਕੀਕਤਾਂ ਉਨ੍ਹਾਂ ਲਈ ਮਹਿਜ਼ ਇੱਕ ਸਾਧਨ, ਇੱਕ ਜ਼ਰੀਆ ਹੀ ਬਣ ਕੇ ਰਹਿ ਗਈਆਂ ਸਨ? ਗਹੁ ਨਾਲ ਪੜ੍ਹਦਿਆਂ ਇਨ੍ਹਾਂ ਸਵਾਲਾਂ ਵਿੱਚ ਵਜ਼ਨ ਲੱਗਦਾ ਹੈ।
ਮਿਸਾਲ ਵਜੋਂ ਇੱਕ ਅੰਗਰੇਜ਼ ਸੈਲਾਨੀ ਜਾਰਜ ਫੌਰਸਟਰ 18ਵੀਂ ਸਦੀ ਦੌਰਾਨ ਪੰਜਾਬ ਦਾ ਦੌਰਾ ਕਰਦਾ ਹੈ। ਨਾਵਲ ਦੇ ਪੰਨਾ 33-34 ਉੱਤੇ ਇਹ ਸੈਲਾਨੀ ਇੱਕ ਸਿੱਖ ਘੋੜ ਸਵਾਰ ਅੱਗੇ ਸਵਾਲ ਕਰਦਾ ਹੈ ਕਿ ‘ਤੂੰ ਕਿਸ ਦਾ ਨੌਕਰ ਹੈਂ?” ਅੱਗੋਂ ਘੋੜ ਸਵਾਰ ਦਾ ਮੂੰਹ ਗੁੱਸੇ ਨਾਲ ਲਾਲ ਹੋ ਜਾਂਦਾ ਹੈ। ਉਸਦਾ ਹੱਥ ਤਲਵਾਰ ਦੇ ਮੁੱਠੇ ਵੱਲ ਚਲੇ ਜਾਂਦਾ ਹੈ ਤੇ ਦੂਜੇ ਹੱਥ ਨਾਲ ਉਸ ਦੀ ਉਂਗਲੀ ਅਸਮਾਨ ਵੱਲ ਹੁੰਦੀ ਹੈ, ਤੇ ਆਖਦਾ ਹੈ ਕਿ ”ਮੈਂ ਅਕਾਲ ਪੁਰਖ ਦਾ ਨੌਕਰ ਹਾਂ ਤੇ ਉਹੀ ਮੇਰਾ ਮਾਲਕ ਹੈ।” ਭਲਾ ਇਨ੍ਹਾਂ ਸੰਖੇਪ ਜਿਹੇ ਸ਼ਬਦਾਂ ਦੇ ਡੂੰਘੇ ਅਤੇ ਬਹੁ-ਪਰਤੀ ਅਰਥ ਕੀ ਹਨ? ਕੀ ਇਹ ਸ਼ਬਦ ਕਿਸੇ ਮਹਾਨ ਵਿਚਾਰਧਾਰਕ ਤੱਥ ਵੱਲ ਇਸ਼ਾਰਾ ਨਹੀਂ ਸਕਦੇ? ਕੀ ਇਸ ਦੇ ਪਿੱਛੇ ਦਸ ਗੁਰੂ ਸਾਹਿਬਾਨ ਨਹੀਂ ਖੜ੍ਹੇ ਅਤੇ ਕੀ ਇਨ੍ਹਾਂ ਸ਼ਬਦਾਂ ਪਿੱਛੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਣ-ਦਿਸਦਾ ਪਹਿਰਾ ਨਹੀਂ ਹੈ? ਸੱਚ ਤਾਂ ਇਹ ਹੈ ਕਿ ਇਨ੍ਹਾਂ ਸ਼ਬਦਾਂ ਵਿੱਚ 250 ਸਾਲਾਂ ਦਾ ਗੁਰ-ਇਤਿਹਾਸ ਸਮਾਇਆ ਹੋਇਆ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਿਸੇ ਸੱਜਰੀ ਸਵੇਰ ਵਾਂਗ ਚਮਕਦੇ ਨਜ਼ਰ ਆਉਂਦੇ ਹਨ। ਪਰ ਬਲਦੇਵ ਸਿੰਘ ਆਪਣੇ ਨਾਵਲ ਵਿੱਚ ਇਹੋ ਜਿਹਾ ਕੋਈ ਪਾਤਰ ਨਹੀਂ ਸਿਰਜ ਸਕੇ, ਜਿਸ ਰਾਹੀਂ ਉਹ ਇਨ੍ਹਾਂ ਜਜ਼ਬਿਆਂ ਦੀ ਵਿਆਖਿਆ ਕਰ ਸਕਦੇ, ਜਿਨ੍ਹਾਂ ਨੇ ਉਸ ਬਿਖੜੇ ਦੌਰ ਵਿੱਚ ਪੰਜਾਬ ਦੀ ਸਰਜ਼ਮੀਨ ‘ਤੇ ਮਾਰਚ ਕੀਤਾ ਅਤੇ ਜਿਸ ਨੂੰ ਡਾ. ਹਰੀ ਰਾਮ ਗੁਪਤਾ ਤੇ ਹੋਰ ਇਤਿਹਾਸਕ ਸਲਾਮ ਕਰਦੇ ਹਨ।
ਇਹ ਹੈਰਾਨੀ ਹੀ ਹੁੰਦੀ ਹੈ ਕਿ ਨਾ ਤਾਂ ਉਨ੍ਹਾਂ ਦੇ ਅੰਦਰ ਖ਼ਾਲਸੇ ਵੱਲੋਂ ਕਾਇਮ ਕੀਤੀ ‘ਸਰਬੱਤ ਖ਼ਾਲਸੇ’ ਦੀ ਸੰਸਥਾ ਕੋਈ ਧੂਹ ਪਾਉਂਦੀ ਹੈ ਅਤੇ ਨਾ ਹੀ ਹਰਿਮੰਦਰ ਸਾਹਿਬ ਦੇ ਰੋਲ ਦੀ ਉਨ੍ਹਾਂ ਨੂੰ ਸਮਝ ਪੈਂਦੀ ਹੈ, ਜਿਸ ਨੇ ਸਾਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਸੀ। ਅਜਿਹੇ ਮਹਾਨ ਪਾਤਰਾਂ ਦੀ ਉਹ ਸਿਰਜਣਾ ਹੀ ਨਹੀਂ ਕਰ ਸਕੇ ਜੋ ਖ਼ਾਲਸੇ ਉੱਤੇ ਬਣੀ ਭੀੜ ਵਿੱਚ ਵੀ ਅਡੋਲ ਤੇ ਦ੍ਰਿੜ ਰਹੇ। ਇਹ ਕੀ ਕਾਰਨ ਸੀ ਕਿ ਬਲਦੇਵ ਸਿੰਘ ਲਈ ਹਰਿਮੰਦਰ ਸਾਹਿਬ ਵਿੱਚ ਹੋਣ ਵਾਲੀਆਂ ਦੀਵਾਲੀਆਂ ਤੇ ਵਿਸਾਖੀਆਂ ਕੋਈ ਮਹੱਤਤਾ ਹੀ ਨਹੀਂ ਰੱਖਦੀਆਂ ਜਿੱਥੇ ਖ਼ਾਲਸੇ ਦਾ ਸ਼ਖ਼ਸੀ-ਅਮਲ ਤੇ ਸਮੂਹਿਕ-ਅਮਲ ਇੱਕ ਹੋ ਕੇ ਏਸ਼ੀਆ ਦੇ ਇਤਿਹਾਸ ਨੂੰ ਨਵੇਂ ਅਰਥ ਦੇ ਰਿਹਾ ਸੀ। ਆਖਰੀ ਕਾਂਡ ਵਿੱਚ ਜਿਵੇਂ ਉਹ ਇਹ ਦਾਅਵਾ ਕਰ ਰਹੇ ਹਨ ਕਿ ਉਹ ਆਪਣੇ ਪਾਤਰਾਂ ਨਾਲ ਗੱਲਾਂ ਕਰਦੇ ਰਹੇ ਹਨ, ਹਕੀਕਤਾਂ ਦੀ ਕਸਵੱਟੀ ‘ਤੇ ਇਹ ਦਾਅਵਾ ਪੂਰਾ ਨਹੀਂ ਉੱਤਰਦਾ। ਕੀ ਗੱਲਾਂ ਕਰਦਿਆਂ ਕਿਸੇ ਵੀ ਪਾਤਰ ਨੇ ਉਨ੍ਹਾਂ ਨੂੰ ਟੋਕਣ ਜਾਂ ਸਹੀ ਮਾਰਗ ‘ਤੇ ਪਾਉਣ ਦੀ ਹਿੰਮਤ ਨਹੀਂ ਕੀਤੀ? ਜਿਵੇਂ ਉਨ੍ਹਾਂ ਨੇ  ਮਹਾਰਾਜਾ ਰਣਜੀਤ ਸਿੰਘ ਦੀਆਂ ਕਮਜ਼ੋਰੀਆਂ ਨੂੰ ਸੰਵਾਰ ਕੇ, ਸ਼ਿੰਗਾਰ ਕੇ ਪੇਸ਼ ਕਰਨ ਲੱਗਿਆਂ ਆਪਣੀ ਕਲਾ ਦੇ ਜੌਹਰ ਵਿਖਾਏ, ਉਸ ਤੋਂ ਤਾਂ ਕਈ ਵਾਰ ਇਹ ਜਾਪਿਆ ਜਿਵੇਂ ਉਹ ਚਸਕੇ ਲੈ ਰਹੇ ਹੋਣ ਜਾਂ ਗੱਲ ਨੂੰ  ਕਰਾਰੀ ਜਾਂ ਮਸਾਲੇਦਾਰ ਬਣਾਉਣ  ਲਈ ਉਹ ਪਾਠਕਾਂ ਲਈ ਨਵੀਂ ਕਿਸਮ ਦਾ ਮਨੋਰੰਜਨ ਪਰੋਸ ਕੇ ਦੇ ਰਹੇ ਹੋਣ।
ਕੀ ਮਹਾਰਾਜਾ ਰਣਜੀਤ ਸਿੰਘ ਤੇ ਹੋਰ ਸਿੱਖ ਨਾਇਕ ਉਹੋ ਹੀ ਸਨ ਜੋ ਲੇਖਕ ਨੂੰ ਜਾਪਦੇ ਹਨ? ਉੱਤਰੀ ਭਾਰਤ ਦੇ ਇੱਕ ਵੱਡੇ ਖਿੱਤੇ ਵਿੱਚ ਇੱਕ ਅਜਿਹਾ ਇਤਿਹਾਸ ਵਜੂਦ ਵਿੱਚ ਆ ਰਿਹਾ ਸੀ, ਜਿਸ ਦੀ ਸਿਰਜਣਾ ਕਰਨ ਵਾਲੇ ਸਿੰਘ ਆਪਣੇ ਸੀਮਤ ਜਿਹੇ ਸਾਧਨਾਂ ਅਤੇ ਟੁੱਟੇ-ਫੁੱਟੇ ਹਥਿਆਰਾਂ ਨਾਲ ਅੰਦਰਲੇ ਤੇ ਬਾਹਰਲੇ ਦੁਸ਼ਮਣਾਂ ਦਾ ਟਾਕਰਾ ਕਰ ਰਹੇ ਸਨ। ਪਿਛਲੇ ਦੋ ਹਜ਼ਾਰ ਸਾਲਾਂ ਤੋਂ ਇਸ ਧਰਤੀ ਨੇ ਕੀ ਸਿੰਘ ਇਨਕਲਾਬ ਤੋਂ ਬਿਨਾਂ ਕਿਸੇ ਹੋਰ ਇਨਕਲਾਬ ਨੂੰ ਦੇਖਿਆ ਸੀ? ਇਹ 18ਵੀਂ ਸਦੀ ਅਤੇ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੀ ਵਜੂਦ ਵਿੱਚ ਆਇਆ। ਪਰ ਬਲਦੇਵ ਸਿੰਘ ਹੁਰਾਂ ਦੀ ਅੰਤਰ-ਦ੍ਰਿਸ਼ਟੀ ਇਨ੍ਹਾਂ ਮਹਾਨ ਤੋਂ ਸੁੱਚੇ ਤੱਥਾਂ ਨੂੰ ਡੂੰਘੇ ਚਿੰਤਨ ਵਿੱਚ ਸਾਂਭ ਕਿਉਂ ਨਾ ਸਕੀ?
ਇਹ ਠੀਕ ਹੈ ਕਿ ਸਿੱਖਾਂ ਦੀ ਨਿਰਮਲ-ਮਾਨਸਿਕਤਾ ਨੇ ਮਹਾਰਾਜੇ ਦੀ ਸ਼ਖ਼ਸੀਅਤ ਵਿੱਚ ਆਏ ਭਿਆਨਕ ਵਿਗਾੜਾਂ ਨੂੰ ਕਦੇ ਵੀ ਪ੍ਰਵਾਨ ਨਹੀਂ ਕੀਤਾ, ਪਰ ਵੱਡਾ ਸਵਾਲ ਤਾਂ ਇਹ ਹੈ ਕਿ  ਜੇ ਦੂਰ ਕਾਬੁਲ ਤਕ ਕੇਸਰੀ ਨਿਸ਼ਾਨ ਝੁੱਲੇ ਸਨ ਅਤੇ ਜੇ ਇਹ ਠੀਕ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ  ਵਾਜਪਾਈ ਨੇ ਚੀਨ ਨਾਲ ਗੱਲਬਾਤ ਦੌਰਾਨ ਉਨ੍ਹਾਂ ਵੱਲੋਂ ਦੱਬੇ ਇਲਾਕਿਆਂ ਉੱਤੇ ਭਾਰਤ ਦਾ ਹੱਕ ਜਤਾਉਣ ਲਈ ਮਹਾਰਾਜਾ ਰਣਜੀਤ ਸਿੰਘ ਨਾਲ ਹੋਈਆਂ ਸੰਧੀਆਂ ਦਾ ਹਵਾਲਾ ਦਿੱਤਾ ਤਾਂ ਫਿਰ ਇਹ ਵੱਡੀਆਂ ਤੇ ਇਤਿਹਾਸਕ ਪ੍ਰਾਪਤੀਆਂ ਤਾਂ ਹੀ ਹਾਸਲ ਹੋ ਸਕੀਆਂ ਸਨ, ਕਿਉਂਕਿ ਕਮਜ਼ੋਰੀਆਂ ਦੀਆਂ ਲਹਿਰਾਂ ਦੇ ਬਾਵਜੂਦ ਖ਼ਾਲਸਾ ਜੱਦੋਜਹਿਦ ਦਾ ਕੇਂਦਰੀ ਸ਼ੁੱਧ-ਖ਼ਾਲਸ-ਨਿਰਮਲ ਸਰੂਪ ਜ਼ਿੰਦਗੀ ਦੇ ਵਰਤਾਰਿਆਂ ਵਿੱਚ ਆਰ-ਪਾਰ ਛਾਇਆ ਹੋਇਆ ਸੀ। ਬਲਦੇਵ ਸਿੰਘ ਦੀ ਵਿਸ਼ਾਲ-ਦ੍ਰਿਸ਼ਟੀ ਨੇ ਇਨ੍ਹਾਂ ਤੱਥਾਂ ਨੂੰ ਅਣਗੌਲਿਆ ਕਿਉਂ ਕਰ ਦਿੱਤਾ ਅਤੇ ਕਿਉਂ ਉਨ੍ਹਾਂ ਨੇ ਕਮਜ਼ੋਰੀਆਂ ਦਾ ਗੁੱਡਾ ਬੰਨ੍ਹਣ ਨੂੰ ਹੀ ਵਧੇਰੇ ਤਰਜੀਹ ਦਿੱਤੀ?
ਗੁਜਰਾਤ ਦੀ ਲੜਾਈ ਦਾ ਜ਼ਿਕਰ ਕਰਦਿਆਂ ਬਲਦੇਵ ਸਿੰਘ ਲਿਖਦੇ ਹਨ ਕਿ ਹਾਰ ਜਾਣ ਦੇ ਬਾਵਜੂਦ ਸਿੱਖ ਫ਼ੌਜੀ ਹਥਿਆਰ ਨਹੀਂ ਸਨ ਸੁੱਟ ਰਹੇ। ਪਰ ਜਦੋਂ ਉਨ੍ਹਾਂ ਨੇ ਹਥਿਆਰ ਸੁੱਟੇ ਤਾਂ ਕੁਝ ਰੋਂਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ: ”ਅੱਜ ਰਣਜੀਤ ਸਿੰਘ ਮਰਿਆ ਹੈ।” ਆਖਰੀ ਕਾਂਡ ਵਿੱਚ ਪ੍ਰੋ. ਕੌਤਕੀ ਵੀ ਇੱਕ ਨਿਵੇਕਲੇ ਅੰਦਾਜ਼ ਵਿੱਚ ਇਨ੍ਹਾਂ ਸ਼ਬਦਾਂ ਨੂੰ ਨਵੇਂ ਅਰਥ ਦੇ ਰਿਹਾ ਹੈ। ਜੇ ਦਿਲ-ਦਿਮਾਗ਼ ਉੱਤੇ ਰਤਾ ਵੀ ਬੋਝ ਪਾਇਆ ਜਾਏ ਤਾਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਲੇਖਕ ਦੇ ਆਪਣੇ ਕਹਿਣ ਮੁਤਾਬਕ ਕਿ ਇੱਕ-ਦੋ ਰੁਪਏ ਮਹੀਨਾ ਤਨਖਾਹ ਲੈਣ ਵਾਲਿਆਂ ਵਿੱਚ ਵੀ ਰਣਜੀਤ ਸਿੰਘ ਦੇ ਮਰਨ ਦੇ ਕੀ ਅਰਥ ਸਨ? ਉਹ ਜਿਵੇਂ ਕਹਿ ਰਹੇ ਹੋਣ ਕਿ ਰਣਜੀਤ ਸਿੰਘ ਬਿਨਾਂ ਜੀਵਨ ਕਾਹਦਾ? ਇੱਥੇ ਸਪੇਨ ਦੇ ਮਹਾਨ ਚਿੱਤਰਕਾਰ ਸਲਵਾਡੋਰ ਡਾਲੀ ਦਾ ਜ਼ਿਕਰ ਕਰਨਾ ਬਣਦਾ ਹੈ ਜੋ ਸੁੱਚੇ ਮਾਣ ਵਿੱਚ ਕਿਹਾ ਕਰਦਾ ਸੀ ਕਿ ”ਡਾਲੀ ਤੋਂ ਬਿਨਾਂ ਸਪੇਨ ਕਿਸ ਕੰਮ ਦਾ ਹੈ?” ਸਿੱਖ ਮਾਨਸਿਕਤਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੁਝ ਇਸ ਤਰ੍ਹਾਂ ਹੀ, ਅਤੇ ਅਜੇ ਤਕ ਵੀ ਆਪਣੀਆਂ ਯਾਦਾਂ ਵਿੱਚ ਸੰਭਾਲਿਆ ਹੋਇਆ ਹੈ। ਪਰ ਬਲਦੇਵ ਸਿੰਘ ਇਹੋ ਜਿਹੇ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ ਆਪਣੇ ਪਾਤਰਾਂ ਵਿੱਚ ਕਿਉਂ ਨਹੀਂ ਭਰ ਸਕੇ?
ਮਹਾਰਾਜਾ ਰਣਜੀਤ ਸਿੰਘ ਨੂੰ ਇਹ ਕਿੰਨੀ ਵੱਡੀ ਸ਼ਰਧਾਂਜਲੀ ਹੈ, ਜਦੋਂ  ਇਸਲਾਮ ਦਾ ਢਾਡੀ ਅਤੇ ਮਹੀਨ ਜਜ਼ਬਿਆਂ ਦਾ ਸ਼ਾਇਰ ਡਾਕਟਰ ਇਕਬਾਲ ਕਹਿੰਦਾ ਹੈ ਕਿ ਪੰਜਾਬ ਵਿੱਚ ਖ਼ਾਲਸੇ ਨੇ ਮੁਸਲਮਾਨ ਕੋਲੋਂ ਸ਼ਮਸ਼ੀਰ ਅਤੇ ਕੁਰਾਨ ਦੋਵੇਂ ਹੀ ਖੋਹ ਲਏ ਸਨ। ਇਸ ਕਥਨ ਦੇ ਡੂੰਘੇ ਅਰਥ ਇਹੋ ਕਹਿੰਦੇ ਹਨ ਕਿ ਖ਼ਾਲਸਾ ਉਨ੍ਹਾਂ ਦਿਨਾਂ ਵਿੱਚ ਪਵਿੱਤਰ ਕੁਰਾਨ ਦੀ ਰੂਹਾਨੀਅਤ ਦਾ ਵਾਰਸ ਬਣ ਗਿਆ ਸੀ। ਕੀ ਇਹੋ ਜਿਹੇ ਕਥਨ ਸੈਂਕੜੇ ਪਾਤਰਾਂ ਨੂੰ ਸਿਰਜਣ ਵਾਲੀ ਕਲਾ ਤੇ ਕਲਾਕਾਰਾਂ ਨੂੰ ਆਵਾਜ਼ਾਂ ਨਹੀਂ ਮਾਰਦੇ?
ਮੈਂ ਸੁਰਜੀਤ ਪਾਤਰ ਦੀ ਇਸ ਧਾਰਨਾ ਨਾਲ ਸਹਿਮਤ ਹਾਂ ਕਿ ਬਲਦੇਵ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਜ਼ਮਤ ਨੂੰ ਮਹਿਸੂਸ ਕੀਤਾ ਹੈ, ਪਰ ਇਸ ਕਥਨ ਨਾਲ ਸਹਿਮਤ ਨਹੀਂ ਕਿ ਉਸ ਨੇ ਮਹਿਸੂਸ ਕਰਵਾਇਆ ਵੀ ਹੈ। ਮਹਿਸੂਸ ਕਰਵਾਉਣ ਲਈ ਤੁਹਾਨੂੰ ਇਤਿਹਾਸ ਤੇ ਕਲਾ ਦੇ ਉੱਚੇ-ਸੁੱਚੇ ਅਭਿਆਸ ਦੇ ਵਿੰਗ-ਤੜਿੰਗੇ ਰਾਹਾਂ ਵਿੱਚੋਂ ਲੰਘਣਾ ਹੁੰਦਾ ਹੈ। ਸਿਰਫ਼ ਇੱਕ ਥਾਂ ‘ਤੇ ਉਨ੍ਹਾਂ ਦੀ ਕਲਾ ਇੱਕ ਉੱਚਤਮ ਸਰੂਪ ਵਿੱਚ ਜ਼ਾਹਿਰ ਹੁੰਦੀ ਹੈ ਜਦੋਂ ਰਣਜੀਤ ਸਿੰਘ ਹਿਰਨ ਦਾ ਸ਼ਿਕਾਰ ਕਰਦਿਆਂ ਰਾਹ ਭੁੱਲ ਜਾਂਦੇ ਹਨ ਤੇ ਦੁਸ਼ਮਣ ਹਸ਼ਮਤ ਚੱਠਾ ਦੇ ਇਲਾਕੇ ਵਿੱਚ ਆ ਜਾਂਦੇ ਹਨ। 78-79-80-81 ਪੰਨੇ ‘ਤੇ ਆਹਮੋ-ਸਾਹਮਣੇ ਹੋਈ ਟੱਕਰ ਤੇ ਗੱਲਬਾਤ ਵਿੱਚ ਸਿੱਖ  ਸਿਧਾਂਤ, ਬਹਾਦਰੀ, ਹਾਜ਼ਰ ਜਵਾਬੀ, ਖੁੱਲ੍ਹਦਿਲੀ, ਨਿਰਭਉ ਤੇ ਨਿਰਵੈਰਤਾ ਦੇ ਗੁਣ ਪੂਰੇ ਜਲੌਅ ਵਿੱਚ ਪ੍ਰਗਟ ਹੁੰਦੇ ਹਨ। ਇੱਥੇ ਸਿੰਘ-ਆਦਰਸ਼ ਦਾ ਚਮਤਕਾਰ ਪ੍ਰਤੱਖ ਜ਼ਾਹਿਰ ਹੁੰਦਾ ਹੈ, ਪਰ ਛੇਤੀ ਹੀ ਲੇਖਕ ਅੰਦਰ ਕਮਜ਼ੋਰੀਆਂ ਦੱਸਣ ਲਈ ਉਲਾਰ ਹੋਣ ਦਾ ਸ਼ੌਕ ਜਾਗ ਉੱਠਦਾ ਹੈ। 21ਵੇਂ ਕਾਂਡ ਵਿੱਚ ਲੇਖਕ ਮੋਰਾਂ ਪ੍ਰਤੀ ਮਹਾਰਾਜਾ ਰਣਜੀਤ ਸਿੰਘ ਦੀ ਖਿੱਚ ਦੇ ਦ੍ਰਿਸ਼ ਵਿੱਚ ਪਾਠਕਾਂ ਨੂੰ ਚਸਕੇ ਦਾ ਰਸ ਪਿਆ ਰਿਹਾ ਹੈ ਤੇ ਪੀ ਵੀ ਰਿਹਾ ਹੈ। ਇੱਥੇ ਕਿਸੇ ਦੀ ਕਮਜ਼ੋਰੀ ਲੇਖਕ ਦੀ ਕਮਜ਼ੋਰੀ ਵੀ ਬਣ ਗਈ ਹੈ।
ਸੋਸ਼ਲ ਮੀਡੀਆ ਤੇ ਬਲਦੇਵ ਸਿੰਘ ਖ਼ਾਸ ਕਰਕੇ ਉਨ੍ਹਾਂ ਦੇ ਪਰਿਵਾਰ ਬਾਰੇ ਵਰਤੀ ਘਟੀਆ ਸ਼ਬਦਾਵਲੀ ਇਹ ਦੱਸਦੀ ਹੈ ਕਿ ਕੁਝ ਲੋਕਾਂ ਕੋਲ ਕੇਵਲ ਡਾਂਗ ਦੀ ਹੀ ਦਲੀਲ ਹੈ। ਇਹੋ ਜਿਹੀ ਪਹੁੰਚ ਦੀ ਜਿੰਨੀ ਨਿੰਦਾ ਕੀਤੀ ਜਾਏ, ਥੋੜ੍ਹੀ ਹੈ। ਪਰ ਇਸ ਦੇ ਬਾਵਜੂਦ ਨਾਵਲ ਦੀ ਆਲੋਚਨਾ ਦੇ ਸਬੰਧ ਵਿੱਚ ਸੋਸ਼ਲ ਮੀਡੀਆ ‘ਤੇ ਪਈਆਂ ਕੁਝ ਪੋਸਟਾਂ ਇਹ ਸੰਕੇਤ ਵੀ ਦਿੰਦੀਆਂ ਹਨ ਕਿ ਖੱਬੇ-ਪੱਖੀ ਆਲੋਚਕਾਂ ਤੇ ਆਲੋਚਨਾ ਦੇ ਮੁਕਾਬਲੇ ਇੱਕ ਸਾਮਾਨੰਤਰ ਆਲੋਚਨਾ ਵੀ ਉੱਭਰ ਰਹੀ ਹੈ। ਆਲੋਚਨਾ ਦੇ ਖੇਤਰ ਵਿੱਚ ਇੱਕ ਧਿਰ ਦੀ ਅਜਾਰੇਦਾਰੀ ਦਾ ਦੌਰ, ਮਿਆਰ ਤੇ ਗਰਾਫ ਹੇਠਾਂ ਵੱਲ ਜਾ ਰਿਹਾ ਹੈ ਅਤੇ ਨਵੇਂ-ਨਵੇਂ ਰੁਝਾਨ ਅਤੇ ਇਨ੍ਹਾਂ ਰੁਝਾਨਾਂ ਨਾਲ ਜੁੜੇ ਨੌਜਵਾਨ ਆਪਣੇ ਪੈਰ ਪਸਾਰ ਰਹੇ ਹਨ।
ਇਹੋ ਜਿਹੀ ਆਲੋਚਨਾ ਵਿੱਚ ਦਾਨਾ-ਬੀਨਾ ਬਿਰਤੀ ਵੇਖਣ ਵਿੱਚ ਆ ਰਹੀ ਹੈ ਅਤੇ ਇਸ ਦਾ ਸਵਾਗਤ ਕਰਨਾ ਬਣਦਾ ਹੈ। ਦੂਜੇ ਪਾਸੇ ਕੁਝ ਜਥੇਬੰਦੀਆਂ, ਸੰਸਥਾਵਾਂ ਤੇ ਵਿਅਕਤੀਆਂ ਵੱਲੋਂ ਨਾਵਲ ਦੇ ਹੱਕ ਵਿੱਚ ਛਪੀਆਂ ਖ਼ਬਰਾਂ ਤੇ ਉਨ੍ਹਾਂ ਖ਼ਬਰਾਂ ਦੀ ਸ਼ਬਦਾਵਲੀ ਲਿਖਣ-ਬੋਲਣ ਦੀ ਆਜ਼ਾਦੀ ਦੀ ਖੁੱਲ੍ਹ ਦੇ ਨਾਂ ਹੇਠਾਂ ਹੋਰ ਬਹੁਤ ਸਾਰੀਆਂ ਖੁੱਲ੍ਹਾਂ ਵੀ ਲੈਣਾ ਚਾਹੁੰਦੀ ਹੈ, ਜਿਨ੍ਹਾਂ ਦਾ ਬਣਦਾ ਵਿਰੋਧ ਕਰਨਾ ਸੁਭਾਵਿਕ ਹੀ ਹੈ।