ਜੂਨ ’84 ਦੇ ਫੌਜੀ ਹਮਲੇ ਦੌਰਾਨ ਇਕ ਅੱਖ ਦੀ ਰੌਸ਼ਨੀ ਅਤੇ ਜ਼ਿੰਦਗੀ ਦੇ ਪੰਜ ਸਾਲ ਗਵਾਉਣ ਵਾਲੀ ਬੀਬੀ ਇੰਦਰਜੀਤ ਕੌਰ

ਜੂਨ ’84 ਦੇ ਫੌਜੀ ਹਮਲੇ ਦੌਰਾਨ ਇਕ ਅੱਖ ਦੀ ਰੌਸ਼ਨੀ ਅਤੇ ਜ਼ਿੰਦਗੀ ਦੇ ਪੰਜ ਸਾਲ ਗਵਾਉਣ ਵਾਲੀ ਬੀਬੀ ਇੰਦਰਜੀਤ ਕੌਰ

ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ :
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਜਿਥੇ ਸੈਂਕੜੇ ਸਿੰਘ ਸਿੰਘਣੀਆਂ ਨੂੰ ”ਅੱਤਵਾਦੀ” ਦੱਸ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਥੇ 367 ਸ਼ਰਧਾਲੂਆਂ ਨੂੰ ਦੇਸ਼ ਖ਼ਿਲਾਫ਼ ਜੰਗ ਲੜਨ ਦੇ ਦੋਸ਼ ਤਹਿਤ ਜੋਧਪੁਰ ਦੀ ਹਾਈ ਸਕਿਉਰਿਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਜਿਥੋਂ ਇਨ੍ਹਾਂ ਲੋਕਾਂ ਨੂੰ 5 ਸਾਲ ਬਾਅਦ ਰਿਹਾਅ ਕਰ ਦਿੱਤਾ ਗਿਆ। ਜੋਧਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੀਆਂ ਦੋ ਸਿੱਖ ਬੀਬੀਆਂ ‘ਚੋਂ ਇੱਕ ਬੀਬੀ ਇੰਦਰਜੀਤ ਕੌਰ ਹੈ, ਜਿਸ ‘ਤੇ ਫੌਜ ਨੇ ਦੋਸ਼ ਲਗਾਇਆ ਕਿ ਉਸ ਨੇ 36 ਘੰਟੇ ਫੌਜ ‘ਤੇ ਗੋਲੀ ਚਲਾਈ’।
ਬੀਬੀ ਇੰਦਰਜੀਤ ਕੌਰ ਪਤਨੀ ਭਾਈ ਹਰਚਰਨ ਸਿੰਘ, ਸਥਾਨਕ ਆਟਾ ਮੰਡੀ ਸਥਿਤ ਰਿਹਾਇਸ਼ ‘ਤੇ ਰਹਿ ਰਹੇ ਹਨ। ਰਿਸ਼ਤੇ ਵਿੱਚ ਇਹ ਬੀਬੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਕਰੀਬੀ ਹਨ। ਜੂਨ 84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਮਲੇ ਦੌਰਾਨ ਭਾਰਤੀ ਫੌਜ ਦੇ ਵਹਿਸ਼ੀਆਨਾ ਵਰਤਾਰੇ ਨੂੰ ਯਾਦ ਕਰਕੇ ਅੱਖਾਂ ਨਮ ਕਰ ਲੈਂਦੀ ਹੈ ਬੀਬੀ ਇੰਦਰਜੀਤ ਕੌਰ।
‘ਗੁਰੂ ਸਾਹਿਬ ਦੀ ਕਿਰਪਾ ਸਦਕਾ ਤੜਕ ਸਵੇਰ ਸ੍ਰੀ ਦਰਬਾਰ ਸਾਹਿਬ ਜਾਣਾ, ਗੁਰੂ ਸਾਹਿਬ ਦਾ ਪਹਿਲਾ ਹੁਕਮਨਾਮਾ ਸੁਣਨਾ, ਫਿਰ ਛਬੀਲ ‘ਤੇ ਬਰਤਨਾਂ ਦੀ ਸੇਵਾ ਕਰਨੀ, ਮੇਰੀ ਰੋਜ਼ਮੱਰਾ ਜ਼ਿੰਦਗੀ ਦਾ ਹਿੱਸਾ ਸੀ। ਸਭ ਤੋਂ ਛੋਟਾ ਬੇਟਾ ਡੇਢ ਸਾਲ ਦਾ ਸੀ, ਵੱਡਾ ਸੱਤ ਸਾਲ ਦਾ ਅਤੇ ਦੋ ਬੇਟੀਆਂ। ਛੋਟਾ ਜਿਹਾ ਪਰਿਵਾਰ ਰੱਬ ਦੀ ਮਿਹਰ ਨਾਲ ਸਭ ਠੀਕ ਠਾਕ ਚੱਲ ਰਿਹਾ ਸੀ। 4 ਜੂਨ 1984 ਨੂੰ ਰੋਜ਼ ਵਾਂਗ ਸ੍ਰੀ ਦਰਬਾਰ ਸਾਹਿਬ ਗਈ, ਪਾਲਕੀ ਦੇ ਨਾਲ ਹੀ ਹੋ ਦਰਬਾਰ ਸਾਹਿਬ ਦੇ ਅੰਦਰ ਬੈਠ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ। ਹੈੱਡ ਗ੍ਰੰਥੀ ਗਿਆਨੀ ਸੋਹਨ ਸਿੰਘ ਹੁਰਾਂ ਹੁਕਮਨਾਮਾ ਲਿਆ ‘ਹਸਤੀ ਸਿਰ ਜਿਉਂ ਅੰਕੁਸ ਹੈ ਅਹਿਰਣ ਸਿਉਂ ਸਿਰ ਦੇ’। ਸਿੰਘ ਸਾਹਿਬ ਰੁਮਾਲਾ ਸਾਹਿਬ ਚੜ੍ਹਾ ਰਹੇ ਸਨ ਜਦੋਂ ਇਕ ਦਮ ਜ਼ੋਰਦਾਰ ਧਮਾਕੇ ਨਾਲ ਸਭ ਕੁਝ ਦਹਿਲ ਗਿਆ। ਕੋਈ 8 ਕੁ ਵਜੇ ਦੇ ਕਰੀਬ ਬਚ ਬਚਾ ਕੇ ਕੜਾਹ ਪ੍ਰਸ਼ਾਦਿ ਵਾਲੀ ਬਾਹੀ ਸੇਵਾ ਵਾਲੇ ਕਮਰੇ ਤੀਕ ਪੁਜੀ। ਕਾਫੀ ਬੀਬੀਆਂ ਸਹਿਮੀਆਂ ਬੈਠੀਆਂ ਸਨ।
ਸੰਗਤ ਹੀ ਸਰੋਵਰ ਦਾ ਜਲ ਲਿਆ ਕੇ ਛਕਾ ਰਹੀ ਸੀ। ਹੋ ਰਹੀ ਗੋਲੀਬਾਰੀ ਵਿੱਚ ਭਾਈ ਫੌਜਾ ਸਿੰਘ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਦੀ ਰਿਸ਼ਤੇ ‘ਚੋਂ ਭੈਣ, ਪਰਮਜੀਤ ਕੌਰ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਮੇਰੇ ਉਪਰ ਡਿੱਗ ਪਈ। ਇੱਕ ਗ੍ਰਨੇਡ ਦੇ ਛਰੇ ਮੇਰੇ ਸਰੀਰ ‘ਤੇ ਖੱਬੀ ਅੱਖ ਵਿੱਚ ਵੀ ਲੱਗੇ। 6 ਤਰੀਕ ਨੂੰ ਸ਼ਾਮ ਤੀਕ ਸਾਨੂੰ ਫੌਜ ਛਾਉਣੀ ਲੈ ਗਈ। ਮੇਰੇ ‘ਤੇ ਦੋਸ਼ ਲਗਾਇਆ ‘ਇਹ 36 ਘੰਟੇ ਫੌਜ ‘ਤੇ ਗੋਲੀ ਚਲਾਉਂਦੀ ਰਹੀ ਏ’। ਮੈਂ ਵੀ ਜ਼ਖਮੀ ਸਾਂ, ਫੌਜ ਦੀ ਨਿਗਰਾਨੀ ਹੇਠ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੇਰਾ ਇੱਕ ਮਹੀਨਾ ਇਲਾਜ ਕਰਵਾਇਆ ਗਿਆ ਸਿਰਫ ਸੱਟਾਂ ਦਾ। ਅੱਖ ਵਿੱਚ ਤਾਂ ਸਿਰਫ ਮਾਮੂਲੀ ਦਾਰੂ ਹੀ ਪਾਉਂਦੇ ਰਹੇ ਤੇ ਮੇਰੀ ਅੱਖ ਦੀ ਰੌਸ਼ਨੀ ਜਾਂਦੀ ਰਹੀ।
ਕੋਈ ਤਿੰਨ ਮਹੀਨੇ ਫੌਜ ਦੀ ਹਿਰਾਸਤ ਵਿੱਚ ਰੱਖਣ ਉਪਰੰਤ 6 ਮਹੀਨੇ ਨਾਭਾ ਜੇਲ੍ਹ ਬੰਦ ਰੱਖਿਆ। ਪਰਿਵਾਰ ਨੇ ਆਪਣੇ ਤੌਰ ‘ਤੇ ਭੱਜ ਨੱਠ ਕੀਤੀ, ਮੁਲਾਕਾਤਾਂ ਵੀ ਕੀਤੀਆਂ। ਵੱਡੀਆਂ ਬੱਚੀਆਂ ਦੀ ਪੜ੍ਹਾਈ ਜਾਂਦੀ ਰਹੀ। ਰਿਹਾਈ ਹੋਣ ਬਾਅਦ ਪੂਰੀ ਕਰਵਾਈ ਹੈ। ਸਰਦਾਰ ਜੀ 9 ਸਾਲ ਪਹਿਲਾਂ ਪੂਰੇ ਹੋ ਗਏ ਹਨ। ਬੱਸ ਜ਼ਿੰਦਗੀ ਠਹਿਰ ਜਿਹੀ ਗਈ ਹੈ। ਜੇਲ੍ਹ ਵਿੱਚ ਰੋਲੀ ਗਈ ਪੰਜ ਸਾਲ ਜ਼ਿੰਦਗੀ ਦੇ ਇਵਜ਼ ਵਿੱਚ 50 ਹਜ਼ਾਰ ਰੁਪਏ ਸ਼੍ਰੋਮਣੀ ਕਮੇਟੀ ਨੇ ਅਤੇ ਇੱਕ ਲਖ ਰੁਪਏ ਸਰਕਾਰ ਨੇ ਦਿੱਤੇ ਸਨ। ਨਾ ਪਰਿਵਾਰ ਤੇ ਬੱਚਿਆਂ ਦਾ ਖੋਹਿਆ ਪਿਆਰ ਮੁੜਿਆ ਤੇ ਨਾ ਅੱਖ ਦੀ ਰੌਸ਼ਨੀ। ਜੋ ਧੱਕਾ ਹੋਇਆ, ਜੋ ਸ਼ਰਧਾਲੂਆਂ ‘ਤੇ ਬੀਤੀ ਰਹਿ-ਰਹਿ ਕੇ ਯਾਦ ਆਉਂਦੀ ਹੈ। ਇੰਦਰਾ ਤੇ ਜ਼ੈਲ ਸਿੰਘ ਵਲੋਂ ਦਿੱਤੇ ਜ਼ਖਮ ਅੱਜ ਵੀ ਹਰੇ ਹਨ..।