ਮੁਲਾਇਮ ਦੀ ਸਖ਼ਤੀ ਨੇ ਕੀਤੀ ਅਖਿਲੇਸ਼ ਤੇ ਰਾਮਗੋਪਾਲ ਯਾਦਵ ਦੀ ਛੁੱਟੀ

ਮੁਲਾਇਮ ਦੀ ਸਖ਼ਤੀ ਨੇ ਕੀਤੀ ਅਖਿਲੇਸ਼ ਤੇ ਰਾਮਗੋਪਾਲ ਯਾਦਵ ਦੀ ਛੁੱਟੀ

ਕੈਪਸ਼ਨ- ਖ਼ੁਦ ਨੂੰ ਅੱਗ ਲਾ ਕੇ ਰੋਸ ਪ੍ਰਗਟਾਉਂਦਾ ਹੋਇਆ ਇਕ ਅਖਿਲੇਸ਼ ਸਮਰਥਕ। 

ਲਖਨਊ/ਬਿਊਰੋ ਨਿਊਜ਼:
ਉੱਤਰ ਪ੍ਰਦੇਸ਼ ਵਿਚ ਸੱਤਾਧਾਰੀ ਸਮਾਜਵਾਦੀ ਪਾਰਟੀ ਵਿੱਚ ਮੱਚੇ ਘਮਸਾਣ ਦੌਰਾਨ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਆਪਣੇ ਪੁੱਤਰ ਤੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੂੰ ਛੇ-ਛੇ ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਜਿਵੇਂ ਹੀ ਇਹ ਖ਼ਬਰ ਫੈਲੀ ਤਾਂ ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਹਜ਼ਾਰਾਂ ਲੋਕ ਅਖਿਲੇਸ਼ ਦੀ ਰਿਹਾਇਸ਼ ਦੇ ਬਾਹਰ ਇਕੱਤਰ ਹੋ ਗਏ। ਵਿਰੋਧ ਵਜੋਂ ਕੁਝ ਨੇ ਠੰਢ ਨੂੰ ਦਰਕਿਨਾਰ ਕਰਦਿਆਂ ਆਪਣੀਆਂ ਕਮੀਜ਼ਾਂ ਲਾਹ ਮਾਰੀਆਂ ਅਤੇ ਔਰਤਾਂ ਰੌਂਦੀਆਂ ਦੇਖੀਆਂ ਗਈਆਂ। ਅਖਿਲੇਸ਼ ਦੇ ਤਿੰਨ ਸਮਰਥਕਾਂ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਸੂਬੇ ਦੇ ਪੁਲੀਸ ਮੁਖੀ ਜਾਵੇਦ ਅਹਿਮਦ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁੱਜ ਗਏ ਅਤੇ ਸੁਰੱਖਿਆ ਮਜ਼ਬੂਤ ਕਰ ਦਿੱਤੀ ਕਿਉਂਕਿ ਰੋਹ ਵਿਚ ਆਏ ਲੋਕ ‘ਮੁਲਾਇਮ ਮੁਰਦਾਬਾਦ’ ਦੇ ਨਾਅਰੇ ਲਾ ਰਹੇ ਸਨ। ਉਧਰ ਪਾਰਟੀ ਦਫ਼ਤਰ ਅਤੇ ਮੁਲਾਇਮ ਤੇ ਸ਼ਿਵਪਾਲ ਦੀਆਂ ਰਿਹਾਇਸ਼ਾਂ ਦੇ ਬਾਹਰ ਟਾਵੇਂ ਟਾਵੇਂ ਹੀ ਹਮਾਇਤੀ ਦਿਖੇ। ਅਖਿਲੇਸ਼ ਦੀ ਰਿਹਾਇਸ਼ ‘ਤੇ 106 ਵਿਧਾਇਕਾਂ, ਜਿਨ੍ਹਾਂ ਵਿਚੋਂ ਛੇ ਮੰਤਰੀ ਹਨ, ਨੇ ਉਨ੍ਹਾਂ ਨਾਲ ਦੇਰ ਰਾਤ ਤਕ ਬੰਦ ਕਮਰਾ ਬੈਠਕ ਕਰ ਕੇ ਅਗਲੀ ਰਣਨੀਤੀ ਬਾਰੇ ਵਿਚਾਰਾਂ ਕੀਤੀਆਂ।
ਪਾਰਟੀ ਮੁਖੀ ਨੇ ਅਖਿਲੇਸ਼ ਤੇ ਰਾਮਗੋਪਾਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਮਹਿਜ਼ ਪੌਣੇ ਘੰਟੇ ਅੰਦਰ ਪ੍ਰੈੱਸ ਕਾਨਫਰੰਸ ਵਿਚ ਦੋਵਾਂ ਨੂੰ ਪਾਰਟੀ ਵਿਚੋਂ ਕੱਢਣ ਦਾ ਫ਼ਰਮਾਨ ਸੁਣਾ ਦਿੱਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਨਵਾਂ ਮੁੱਖ ਮੰਤਰੀ ਸਮਾਜਵਾਦੀ ਪਾਰਟੀ ਵੱਲੋਂ ਚੁਣਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦਾ ਭਰਾ ਸ਼ਿਵਪਾਲ ਯਾਦਵ, ਜਿਸ ਦੀ ਅਖਿਲੇਸ਼ ਨਾਲ ਖਿੱਚੋ-ਤਾਣ ਚੱਲ ਰਹੀ ਸੀ, ਵੀ ਮੌਜੂਦ ਸੀ। ਸ੍ਰੀ ਮੁਲਾਇਮ ਨੇ ਕਿਹਾ, ‘ਸਾਨੂੰ ਪਾਰਟੀ ਬਚਾਉਣ ਲਈ ਇਹ ਸਖ਼ਤ ਕਦਮ ਚੁੱਕਣਾ ਪਿਆ ਹੈ। ਪਾਰਟੀ ਸਭ ਤੋਂ ਉਪਰ ਹੈ। ਇਸ ਕਾਰਨ ਅਸੀਂ ਦੋਵਾਂ ਅਖਿਲੇਸ਼ ਤੇ ਰਾਮਗੋਪਾਲ ਨੂੰ ਬਰਖ਼ਾਸਤ ਕਰ ਰਹੇ ਹਾਂ।’ ਉਨ੍ਹਾਂ ਕਿਹਾ, ‘ਜਦੋਂ ਪਾਰਟੀ ਉਮੀਦਵਾਰ ਐਲਾਨ ਚੁੱਕੀ ਹੈ ਤਾਂ ਉਹ (ਅਖਿਲੇਸ਼) ਸੂਚੀ ਕਿਵੇਂ ਜਾਰੀ ਕਰ ਸਕਦਾ ਹੈ? ਉਹ ਦੋਵੇਂ (ਅਖਿਲੇਸ਼ ਤੇ ਰਾਮਗੋਪਾਲ) ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਮੈਂ ਅਜਿਹਾ ਨਹੀਂ ਹੋਣ ਦੇਵਾਂਗਾ। ਮੈਂ ਪਾਰਟੀ ਸਖ਼ਤ ਮਿਹਨਤ ਨਾਲ ਖੜ੍ਹੀ ਕੀਤੀ ਹੈ।’ ਇਸ ਦੌਰਾਨ ਅਖਿਲੇਸ਼ ਦੇ ਸਮਰਥਕਾਂ ਖਾਸ ਤੌਰ ‘ਤੇ ਨੌਜਵਾਨਾਂ ਨੇ ਉਸ ਦੀ ਰਿਹਾਇਸ਼ ‘ਤੇ ਪਹੁੰਚ ਕੇ ਸਮਰਥਨ ਕੀਤਾ। ਬਾਗ਼ੀ ਹੋਏ ਮੁਲਾਇਮ ਦੇ ਚਚੇਰੇ ਭਰਾ ਰਾਮਗੋਪਾਲ ਨੇ ਇਸ ਫ਼ੈਸਲੇ ਨੂੰ ‘ਗ਼ੈਰਸੰਵਿਧਾਨਕ’ ਕਰਾਰ ਦਿੰਦਿਆਂ ਕਿਹਾ ਕਿ ਉਹ ਪਾਰਟੀ ਦਾ ਜਨਰਲ ਸਕੱਤਰ ਰਹੇਗਾ। ਰਾਮਗੋਪਾਲ ਨੇ ਕਿਹਾ, ‘ਜੇਕਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਗ਼ੈਰਸੰਵਿਧਾਨਕ ਕਾਰਵਾਈਆਂ ਕਰੇਗੀ ਤਾਂ ਪਾਰਟੀ ਦੀ ਬੈਠਕ ਕੌਣ ਸੱਦੇਗਾ? ਇਹ ਕੰਮ ਜਨਰਲ ਸਕੱਤਰ ਕਰੇਗਾ।’ ਉਸ ਨੇ ਮੁਲਾਇਮ ਸਿੰਘ ਵੱਲੋਂ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਮੀਦਵਾਰਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਪਾਰਲੀਮੈਂਟਰੀ ਬੋਰਡ ਦੀ ਬੈਠਕ ਨਹੀਂ ਸੱਦੀ ਗਈ ਸੀ। ਉਸ ਨੇ ਕਿਹਾ ਕਿ ਅਖਿਲੇਸ਼ ਵੱਲੋਂ ਐਲਾਨੇ ਉਮੀਦਵਾਰ ਹਰ ਹਾਲ ਚੋਣ ਲੜਨਗੇ ਅਤੇ ਜੋ ਮੁੱਖ ਮੰਤਰੀ ਦਾ ਵਿਰੋਧ ਕਰ ਰਹੇ ਹਨ, ‘ਉਹ ਵਿਧਾਨ ਸਭਾ ਦਾ ਮੂੰਹ ਨਹੀਂ ਦੇਖਣਗੇ।’ ਆਪਣੀ ਬਰਖ਼ਾਸਤੀ ਬਾਰੇ ਉਨ੍ਹਾਂ ਕਿਹਾ, ‘ਕਾਰਨ ਦੱਸੋ ਨੋਟਿਸ ਦੇ ਦੋ ਘੰਟਿਆਂ ਅੰਦਰ ਹੀ ਉਨ੍ਹਾਂ ਦਾ ਪੱਖ ਸੁਣੇ ਬਗ਼ੈਰ ਇਹ ਕਾਰਵਾਈ ਕੀਤੀ ਗਈ ਹੈ। ਇਹ ਗ਼ੈਰਸੰਵਿਧਾਨਕ ਕਾਰਵਾਈ ਹੈ। ਇਥੋਂ ਤਕ ਕਿ ਅਦਾਲਤ ਵੀ ਦੂਜੀ ਧਿਰ ਨੂੰ ਪੱਖ ਰੱਖਣ ਦਾ ਮੌਕਾ ਦਿੰਦੀ ਹੈ। ਪਰ ਪਾਰਟੀ ਪ੍ਰਧਾਨ ਆਪਣੇ ਆਪ ਨੂੰ ਸੁਪਰੀਮ ਕੋਰਟ ਤੋਂ ਵੀ ਉਪਰ ਮੰਨਦੇ ਹਨ।’ ਉਨ੍ਹਾਂ ਕਿਹਾ ਕਿ ਅਖ਼ਿਲੇਸ਼ ਨੇ ਪਾਰਟੀ ਵਰਕਰਾਂ ਦੀ ਜ਼ੋਰਦਾਰ ਮੰਗ ‘ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਉਧਰ ਮੁਲਾਇਮ ਸਿੰਘ ਨੇ ਕਿਹਾ, ‘ਮਿਹਨਤ ਅਸੀਂ ਕਰੀਏ ਅਤੇ ਲਾਭ ਉਹ ਖਾਣ? ਐਮਰਜੈਂਸੀ ਦੌਰਾਨ ਮੈਂ ਜੇਲ੍ਹ ਗਿਆ। ਕੀ ਉਹ ਗਿਆ? ਗ਼ੈਰਅਨੁਸ਼ਾਸਨੀ ਗਤੀਵਿਧੀਆਂ ਕਾਰਨ ਸਤੰਬਰ ਵਿੱਚ ਵੀ ਰਾਮਗੋਪਾਲ ਨੂੰ ਮੁਅੱਤਲ ਕੀਤਾ ਗਿਆ ਸੀ ਅਤੇ ਉਸ ਦੇ ਮੁਆਫ਼ੀ ਮੰਗਣ ਬਾਅਦ ਹੀ ਉਸ ਨੂੰ ਪਾਰਟੀ ਵਿਚ ਵਾਪਸ ਲਿਆ ਸੀ।’ ਜੇਕਰ ਅਖਿਲੇਸ਼ ਗਲਤੀ ਮੰਨੇਗਾ ਤਾਂ ਕੀ ਉਸ ਨੂੰ ਮੁਆਫ਼ ਕੀਤਾ ਜਾਵੇਗਾ ਬਾਰੇ ਸਵਾਲ ਨੂੰ ਐਸਪੀ ਮੁਖੀ ਨੇ ਟਾਲ ਦਿੱਤਾ।