ਮਿਨੀਪੋਲਿਸ ਵਿਚ ਨੈਸ਼ਨਲ ਗਾਰਡ ਤਾਇਨਾਤ।

ਮਿਨੀਪੋਲਿਸ ਵਿਚ ਨੈਸ਼ਨਲ ਗਾਰਡ ਤਾਇਨਾਤ।

*ਜਾਰਜ ਫਲਾਇਡ ਮਾਮਲੇ ਦਾ ਫੈਸਲਾ ਆਉਣ ਦੇ ਮੱਦੇਨਜਰ ਅਮਰੀਕਾ ਦੇ ਸ਼ਹਿਰਾਂ ਵਿਚ ਵਧਾਈ ਸੁਰੱਖਿਆ*

 ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਸੋਮਵਾਰ ਤੋਂ ਸ਼ੁਰੂ ਹੋ ਰਹੇ ਹਫਤੇ ਦੌਰਾਨ ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ਦਾ ਫੈਸਲਾ ਆਉਣ ਦੀ ਸੰਭਾਵਨਾ ਦੇ ਮੱਦੇਨਜਰ ਮਿਨੀਪੋਲਿਸ ਤੇ ਹੋਰ ਅਮਰੀਕੀ ਸ਼ਹਿਰਾਂ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਮਾਮਲੇ ਦੇ ਮੁੱਖ ਦੋਸ਼ੀ ਡੈਰਕ ਸ਼ੌਵਿਨ ਵਿਰੁੱਧ ਤੇ ਹੱਕ ਵਿਚ ਗਵਾਹੀਆਂ ਭੁਗਤ ਚੁੱਕੀਆਂ ਹਨ। ਸੋਮਵਾਰ ਨੂੰ ਅੰਤਿਮ ਬਹਿਸ ਹੋਵੇਗੀ। ਇਸ ਉਪਰੰਤ ਅਦਾਲਤ ਆਪਣਾ ਫੈਸਲਾ ਸੁਣਾ ਸਕਦੀ ਹੈ। ਮਿਨੀਪੋਲਿਸ ਵਿਚ ਪਿਛਲੇ ਹਫਤੇ ਇਕ 20 ਸਾਲ ਦੇ ਸਾਹਫਿਆਮ ਵਿਅਕਤੀ ਡੌਂਟ ਰਾਈਟ ਦੀ ਪੁਲਿਸ ਗੋਲੀ ਨਾਲ ਹੋਈ ਮੌਤ ਤੋਂ ਬਾਅਦ ਹੋ ਰਹੇ ਪ੍ਰਦਰਸ਼ਨਾਂ ਨੇ ਪੁਲਿਸ ਦੀ ਚਿੰਤਾ ਵਿਚ ਵਾਧਾ ਕੀਤਾ ਹੈ। ਮਿਨੀਪੋਲਿਸ ਦੇ ਬਰੁੱਕਲਿਨ ਸੈਂਟਰ ਪੁਲਿਸ ਹੈਡਕੁਆਰਟਰ ਵਿਖੇ ਸੁਰੱਖਿਆ ਵਧਾਈ ਗਈ ਹੈ। ਪੁਲਿਸ ਦੇ ਬੁਲਾਰੇ ਜੌਹਨ ਐਲਡਰ ਅਨੁਸਾਰ ਡਾਊਨ ਟਾਊੁਨ ਮਿਨੀਪੋਲਿਸ ਜਿਥੇ ਜਾਰਜ ਫਲਾਇਡ ਮਾਮਲੇ ਦੀ ਸੁਣਵਾਈ ਹੋ ਰਹੀ ਹੈ, ਵਿਖੇ ਪੁਲਿਸ ਬਿਲਡਿੰਗ ਦੇ ਆਲੇ ਦੁਆਲੇ ਰੇਜ਼ਰ ਤਾਰ ਲਾ ਦਿੱਤੀ ਗਈ ਹੈ ਤੇ ਹੋਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹੋਰ ਪੁਲਿਸ ਕੇਂਦਰ ਦੁਆਲੇ ਵੀ ਇਸ ਕਿਸਮ ਦੇ ਪ੍ਰਬੰਧ ਕੀਤੇ ਗਏ ਹਨ। ਡਾਊਨ ਟਾਊਨ ਖੇਤਰ ਵਿਚ ਨੈਸ਼ਨਲ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ। ਮੇਅਰ ਜੈਕਬ ਫਰੇਅ ਨੇ ਕਿਹਾ ਹੈ ਕਿ 2000 ਨੈਸ਼ਨਲ ਗਾਰਡ ਹਰ ਸਥਿੱਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹਨ। ਉਨਾਂ ਤੋਂ ਇਲਾਵਾ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਸਥਿੱਤੀ ਉਪਰ ਨਜਰ ਰੱਖਣਗੇ।