ਸਰਕਾਰ ਪਖੰਡੀ ਬਾਬਿਆਂ ਤੇ ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਤੋਂ ਟਾਲਾ ਕਿਉਂ ਵੱਟ ਰਹੀ ਏ

ਸਰਕਾਰ ਪਖੰਡੀ ਬਾਬਿਆਂ ਤੇ ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਤੋਂ ਟਾਲਾ ਕਿਉਂ ਵੱਟ ਰਹੀ ਏ

ਪਿਛਲੇ ਕੁਝ ਸਾਲਾਂ ਵਿਚ ਪੰਜਾਬ ਵਿਚ ਕਈ ਪਾਖੰਡੀ ਬਾਬਿਆਂ, ਤਾਂਤਰਿਕਾਂ, ਕਥਿਤ ਸਿਆਣਿਆਂ ਵੱਲੋਂ ਕਿਸੇ ਮਾਨਸਿਕ ਰੋਗ ਨਾਲ ਪੀੜਤ ਬੰਦੇ ਵਿੱਚੋਂ ਅਖੌਤੀ ਬੁਰੀ ਆਤਮਾ, ਓਪਰੀ ਸ਼ੈਅ ਜਾਂ ਭੂਤ ਪ੍ਰੇਤ ਕੱਢਣ ਦੀ ਆੜ ਹੇਠ ਕਤਲ, ਔਰਤਾਂ ਨਾਲ ਜ਼ਬਰਦਸਤੀ, ਗਰਮ ਚਿਮਟਿਆਂ ਨਾਲ ਤਸੀਹੇ ਦੇਣ ਅਤੇ ਮਾਸੂਮ ਬੱਚਿਆਂ ਦੀ ਬਲੀ ਦੀਆਂ ਦਿਲ ਕੰਬਾਊ ਅਪਰਾਧਿਕ ਘਟਨਾਵਾਂ ਵਾਪਰ ਚੁੱਕੀਆਂ ਹਨ। ਹਕੂਮਤਾਂ ਦੀ ਘੋਰ ਅਣਗਹਿਲੀ ਕਾਰਨ ਇਹ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ।

ਪਿਛਲੇ ਸਾਲ 3 ਅਕਤੂਬਰ ਨੂੰ ਖੰਨਾ ਨੇੜਲੇ ਪਿੰਡ ਅਲੌੜ ਵਿੱਚ ਇੱਕ ਸ਼ਖ਼ਸ ਨੇ ਕਿਸੇ ਦੇਵੀ ਦੇਵਤੇ ਦੀ ਪੂਜਾ ਦੇ ਨਾਮ ਹੇਠ ਕਿਸੇ ਤਾਂਤਰਿਕ ਦੇ ਕਹਿਣ ’ਤੇ ਚਾਰ ਸਾਲਾ ਮਾਸੂਮ ਲੜਕੇ ਰਵੀ ਰਾਜ ਦੀ ਬੜੀ ਦੀ ਬਲੀ ਦੇ ਦਿੱਤੀ। ਇਸੇ ਤਰ੍ਹਾਂ ਦੀ ਦਿਲ ਕੰਬਾਊ ਘਟਨਾ ਵਿਚ ਪਿਛਲੇ ਸਾਲ 11 ਜੁਲਾਈ ਨੂੰ ਅੰਮ੍ਰਿਤਸਰ ਜਿ਼ਲੇ ਦੇ ਪਿੰਡ ਮੂਧਲ (ਅੰਮ੍ਰਿਤਸਰ) ਵਿੱਚ ਸਕੇ ਰਿਸ਼ਤੇਦਾਰਾਂ ਨੇ ਆਪਣਾ ਕਾਰੋਬਾਰ ਵਧਾਉਣ ਲਈ ਕਿਸੇ ਤਾਂਤਰਿਕ ਦੇ ਕਹਿਣ ’ਤੇ 9 ਸਾਲਾ ਮਾਸੂਮ ਲੜਕੀ ਸੁਖਮਨਦੀਪ ਕੌਰ ਦੀ ਬਲੀ ਦੇ ਦਿੱਤੀ। ਇਸ ਤਾਂਤਰਿਕ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਤੁਹਾਡੇ ਵਪਾਰ ਉਤੇ ਕਿਸੇ ਸ਼ੈਤਾਨ ਦਾ ਸਾਇਆ ਹੈ, ਕਿਸੇ ਮਾਸੂਮ ਬੱਚੀ ਦੀ ਬਲੀ ਦੇਣ ਤੋਂ ਬਾਅਦ ਤੁਹਾਡੇ ਕਾਰੋਬਾਰ ਵਿਚ ਲਹਿਰਾਂ ਬਹਿਰਾਂ ਹੋ ਜਾਣਗੀਆਂ। ਚਾਰੇ ਦੋਸ਼ੀਆਂ ਨੂੰ ਭਾਵੇਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਮੁੱਖ ਮੁਲਜ਼ਮ ਤਾਂਤਰਿਕ ਅਜੇ ਵੀ ਕਾਨੂੰਨੀ ਗ੍ਰਿਫਤ ਵਿੱਚੋਂ ਬਾਹਰ ਹੈ।

2017 ਵਿਚ ਬਠਿੰਡਾ ਜਿ਼ਲ੍ਹੇ ਦੇ ਪਿੰਡ ਕੋਟ ਫੱਤਾ ਵਿੱਚ ਕਿਸੇ ਤਾਂਤਰਿਕ ਦੇ ਪਿੱਛਲੱਗੂ ਬਣੇ ਪਰਿਵਾਰ ਦੇ ਛੇ ਜੀਆਂ ਨੇ ਆਪਣੇ ਹੀ ਸਕੇ ਤਿੰਨ ਅਤੇ ਪੰਜ ਸਾਲ ਦੇ ਮਾਸੂਮ ਬੱਚਿਆਂ ਦੀ ਬਲੀ ਦੇ ਦਿੱਤੀ ਸੀ ਅਤੇ ਇਸ ਅਤਿ ਘਿਨਾਉਣੇ ਅਪਰਾਧ ਕਾਰਨ 23 ਮਾਰਚ 2023 ਨੂੰ ਅਦਾਲਤ ਨੇ ਤਾਂਤਰਿਕ ਸਮੇਤ ਇਨ੍ਹਾਂ ਸੱਤੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਕੁਝ ਸਾਲ ਪਹਿਲਾਂ ਪਿੰਡ ਭਿੰਡਰ ਕਲਾਂ (ਮੋਗਾ) ਦੀ ਸਰਪੰਚ ਜੋ ਕਿਸੇ ਵਿਸ਼ੇਸ਼ ਦਿਨ ’ਤੇ ਚੌਂਕੀ ਲਗਾ ਕੇ ਪੁੱਛਾਂ ਦੇਣ ਦਾ ਗੈਰ-ਕਾਨੂੰਨੀ ਕੰਮ ਵੀ ਕਰਦੀ ਸੀ, ਨੇ ਆਪਣੀ ਹੀ ਇਕ ਰਿਸ਼ਤੇਦਾਰ ਮਾਸੂਮ ਲੜਕੀ ਵਿੱਚੋਂ ਅਖੌਤੀ ਭੂਤ ਪ੍ਰੇਤ ਕੱਢਣ ਦਾ ਕਹਿ ਕੇ ਚਿਮਟਿਆਂ ਨਾਲ ਕੁੱਟ ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਇਹ ਕੋਈ ਸਾਧਾਰਨ ਕਤਲ ਨਹੀਂ ਬਲਕਿ ਖ਼ਤਰਨਾਕ ਅੰਧ-ਵਿਸ਼ਵਾਸੀ ਮਾਨਸਿਕਤਾ ਤਹਿਤ ਮਾਸੂਮ ਬੱਚਿਆਂ ਨੂੰ ਫੁਸਲਾ ਕੇ ਯੋਜਨਾਬੱਧ ਸਾਜਿ਼ਸ਼ ਹੇਠ ਕੀਤੀਆਂ ਹੱਤਿਆਵਾਂ ਹਨ। ਬੇਹੱਦ ਅਫ਼ਸੋਸ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਅਜਿਹੀਆਂ ਵਹਿਸ਼ੀ ਹੱਤਿਆਵਾਂ ਰੋਕਣ ਲਈ ਹੁਣ ਤਕ ਕੋਈ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨ ਦੀ ਸੰਵਿਧਾਨਿਕ ਜਿ਼ੰਮੇਵਾਰੀ ਨਹੀਂ ਨਿਭਾਈ।

ਮੌਜੂਦਾ ਵਿਗਿਆਨਕ ਯੁੱਗ ਵਿਚ ਧਾਰਮਿਕ ਆਸਥਾ ਦੀ ਆੜ ਹੇਠ ਮਨੁੱਖੀ ਬਲੀ ਦੇਣ ਦੀਆਂ ਅਜਿਹੀਆਂ ਹੱਤਿਆਵਾਂ ਜਿੱਥੇ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਦੀ ਘੋਰ ਨਲਾਇਕੀ, ਪਾਖੰਡੀ ਬਾਬਿਆਂ ਤੇ ਤਾਂਤਰਿਕਾਂ ਦੀ ਸਿਆਸੀ ਸਰਪ੍ਰਸਤੀ ਅਤੇ ਲੋਕ ਵਿਰੋਧੀ ਤੇ ਸਾਮਰਾਜ ਪੱਖੀ ਆਰਥਿਕ ਤੇ ਸਮਾਜਿਕ ਨੀਤੀਆਂ ਲਾਗੂ ਕਰਨ ਦਾ ਮਾੜਾ ਨਤੀਜਾ ਹੈ ਉਥੇ ਆਪਣੇ ਆਪ ਨੂੰ ਸੱਭਿਅਕ ਕਹਾਉਂਦੇ ਸਮਾਜ ਅਤੇ ਮਨੁੱਖਤਾ ਦੇ ਮੱਥੇ ’ਤੇ ਵੱਡਾ ਕਲੰਕ ਵੀ ਹਨ। ਸਾਡੇ ਦੇਸ਼ ਦਾ ਵਿੱਦਿਅਕ ਢਾਂਚਾ ਵੀ ਲੋਕਾਂ ਵਿਚ ਵਿਗਿਆਨਕ ਚੇਤਨਾ ਅਤੇ ਸੰਘਰਸ਼ ਦੀ ਭਾਵਨਾ ਪੈਦਾ ਕਰਨ ਦੀ ਥਾਂ ਉਨ੍ਹਾਂ ਨੂੰ ਅੰਧ-ਵਿਸ਼ਵਾਸੀ, ਅਧਿਆਤਮਵਾਦੀ ਅਤੇ ਕਿਸਮਤਵਾਦੀ ਬਣਾਉਣ ਵਲ ਜਿ਼ਆਦਾ ਰੁਚੀ ਰੱਖਦਾ ਹੈ।

ਇਹੀ ਵਜ੍ਹਾ ਹੈ ਕਿ ਸਾਡੇ ਸਮਾਜ ਦੇ ਬਹੁਗਿਣਤੀ ਲੋਕ ਮਾੜੀ ਆਰਥਿਕਤਾ ਅਤੇ ਹੋਰ ਵੱਖ-ਵੱਖ ਕਾਰਨਾਂ ਕਰ ਕੇ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ, ਅਖੌਤੀ ਕਾਲੇ ਇਲਮ, ਕੀਤੇ ਕਰਾਏ, ਜਾਦੂ-ਟੂਣੇ, ਅਖੌਤੀ ਚਮਤਕਾਰਾਂ, ਕਿਸਮਤਵਾਦ, ਅਧਿਆਤਮਵਾਦ, ਰੂੜੀਵਾਦੀ ਰਸਮਾਂ, ਡੇਰਿਆਂ ਅਤੇ ਪਾਖੰਡੀ ਬਾਬਿਆਂ, ਤਾਂਤਰਿਕਾਂ ਅਤੇ ਜੋਤਸ਼ੀਆਂ ਦੇ ਮੱਕੜਜਾਲ ਵਿਚ ਬੜੀ ਬੁਰੀ ਤਰ੍ਹਾਂ ਜਕੜੇ ਹੋਏ ਹਨ।

ਲੋਕਾਂ ਨੂੰ ਇਹ ਤੱਥ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ ਕਿ ਜੇ ਇਨ੍ਹਾਂ ਪਾਖੰਡੀ ਤਾਂਤਰਿਕਾਂ, ਬਾਬਿਆਂ, ਜੋਤਸ਼ੀਆਂ ਅਤੇ ਸਵਾਮੀਆਂ ਕੋਲ ਲੋਕਾਂ ਦੀਆਂ ਸਭ ਸਮੱਸਿਆਵਾਂ ਹਲ ਕਰਨ, ਮਨਚਾਹੀਆਂ ਖਾਹਿਸ਼ਾਂ ਪੂਰੀਆਂ ਕਰਨ ਅਤੇ ਬਿਮਾਰੀਆਂ ਦੇ ਸਫਲ ਇਲਾਜ ਕਰਨ ਦੀ ਕੋਈ ਦੈਵੀ ਸ਼ਕਤੀ ਮੌਜੂਦ ਹੋਵੇ ਤਾਂ ਇਹ ਸਭ ਤੋਂ ਪਹਿਲਾਂ ਭਾਰਤ ਦੀਆਂ ਵੱਖ-ਵੱਖ ਤਰਕਸ਼ੀਲ਼ ਸੰਸਥਾਵਾਂ ਵੱਲੋਂ ਆਪਣੀ ਦੈਵੀ ਸ਼ਕਤੀ ਦਿਖਾਉਣ ਲਈ ਰੱਖੇ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦੀ ਚੁਣੌਤੀ ਸਵੀਕਾਰ ਕਿਉਂ ਨਹੀਂ ਕਰਦੇ? ਇਹ ਭੋਲੇ ਭਾਲੇ ਲੋਕਾਂ ਨੂੰ ਫਸਾ ਕੇ ਲੁੱਟਣ ਦਾ ਧੰਦਾ ਹੀ ਕਿਉਂ ਕਰਦੇ ਹਨ? ਜੇਲ੍ਹਾਂ ਵਿੱਚ ਸਜ਼ਾਵਾਂ ਭੁਗਤ ਰਹੇ ਅਜਿਹੇ ਬਾਬੇ ਆਪਣੀਆਂ ਦੈਵੀ ਸ਼ਕਤੀਆਂ ਰਾਹੀਂ ਜੇਲ੍ਹਾਂ ਵਿੱਚੋਂ ਬਾਹਰ ਨਿਕਲਣ ਦੀ ਕਰਾਮਾਤ ਕਿਉਂ ਨਹੀਂ ਦਿਖਾਉਂਦੇ?

ਸਰਕਾਰ ਅਤੇ ਪੁਲੀਸ ਨੂੰ ਇਹ ਤੱਥ ਭਲੀਭਾਂਤ ਪਤਾ ਹੈ ਕਿ ਅਜਿਹੇ ਪਾਖੰਡੀਆਂ ਦੀਆਂ ਖੁੱਲ੍ਹੀਆਂ ਗੈਰ-ਕਾਨੂੰਨੀ ਦੁਕਾਨਾਂ, ਅਪਰਾਧਿਕ ਗਤੀਵਿਧੀਆਂ ਅਤੇ ਝੂਠੀ ਤੇ ਗੈਰ-ਕਾਨੂੰਨੀ ਇਸ਼ਤਿਹਾਰਬਾਜ਼ੀ ਡਰੱਗਜ਼ ਤੇ ਮੈਜਿਕ ਰੈਮਡੀਜ਼ ਇਤਰਾਜ਼ਯੋਗ ਇਸ਼ਤਿਹਾਰਬਾਜ਼ੀ ਐਕਟ-1954, ਕੇਬਲ ਟੈਲੀਵਿਜ਼ਨ ਰੈਗੂਲੇਸ਼ਨ ਐਕਟ-1994 ਅਤੇ ਖਾਸ ਕਰ ਕੇ ਮੈਡੀਕਲ ਰਜਿਸਟ੍ਰੇਸ਼ਨ ਐਕਟ ਦੀ ਸਖਤ ਉਲੰਘਣਾ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਪਾਖੰਡੀਆਂ ਅਤੇ ਸਬੰਧਿਤ ਮੀਡੀਆ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ।

ਅਫ਼ਸੋਸ ਹੈ ਕਿ ਲੋਕਾਂ ਵਿਚ ਭਾਰਤੀ ਸੰਵਿਧਾਨ ਦੀ ਧਾਰਾ 51- ਏ(ਐੱਚ) ਤਹਿਤ ਵਿਗਿਆਨਕ ਸੋਚ ਪ੍ਰਫੁੱਲਿਤ ਕਰਨ ਦੀ ਥਾਂ ਸਾਡੀਆਂ ਹਕੂਮਤਾਂ ਵੀ ਆਪਣੀ ਜਨਤਾ ਨੂੰ ਪਾਖੰਡਵਾਦ, ਡੇਰਾਵਾਦ ਅਤੇ ਬਾਬਾਵਾਦ ਦੇ ਝਾਂਸਿਆਂ ਵਿਚ ਫਸਾ ਕੇ ਉਨ੍ਹਾਂ ਨੂੰ ਅੰਧ-ਵਿਸ਼ਵਾਸ ਅਤੇ ਫਿ਼ਰਕੂ ਨਫਰਤ ਦੇ ਹਨੇਰਿਆਂ ਦੀ ਦਲਦਲ ਵਿੱਚ ਸੁੱਟ ਰਹੀਆਂ ਹਨ। ਜ਼ਾਹਿਰ ਹੈ ਕਿ ਕਰੋੜਾਂ ਰੁਪਏ ਦੇ ਇਸ ਗੋਰਖ ਧੰਦੇ ਦੇ ਵਧਣ ਫੁਲਣ ਪਿੱਛੇ ਸਰਕਾਰੀ ਤੰਤਰ, ਉੱਚ ਪੁਲੀਸ ਅਧਿਕਾਰੀਆਂ ਅਤੇ ਭ੍ਰਿਸ਼ਟ ਤੇ ਫਿ਼ਰਕੂ ਸਿਆਸਤਦਾਨਾਂ ਦੀ ਮਿਲੀਭੁਗਤ ਸ਼ਾਮਿਲ ਹੈ।

ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਹੁਣ ਤਕ ਹਜ਼ਾਰਾਂ ਹੀ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਾਧਾਂ ਅਤੇ ਜੋਤਸ਼ੀਆਂ ਦੀ ਅਖੌਤੀ ਦੈਵੀ ਸ਼ਕਤੀ ਅਤੇ ਕਾਲੇ ਇਲਮ ਦਾ ਜਨਤਾ ਦੀ ਕਚਿਹਰੀ ਵਿੱਚ ਪਰਦਾਫਾਸ਼ ਕਰ ਕੇ ਉਨ੍ਹਾਂ ਦਾ ਇਹ ਗ਼ੈਰ-ਕਾਨੂੰਨੀ ਧੰਦਾ ਬੰਦ ਕਰਵਾਇਆ ਹੈ ਪਰ ਪੰਜਾਬ ਵਿਚ ਅੰਧ-ਵਿਸ਼ਵਾਸ ਰੋਕੂ ਕਾਨੂੰਨ ਦੀ ਅਣਹੋਂਦ ਕਰ ਕੇ ਅਜਿਹੇ ਦੋਸ਼ੀ ਕਾਨੂੰਨੀ ਸਜ਼ਾ ਤੋਂ ਬਚ ਜਾਂਦੇ ਹਨ ਅਤੇ ਫਿਰ ਹੋਰ ਕਿਤੇ ਦੂਜੀ ਜਗ੍ਹਾ ਜਾ ਕੇ ਆਪਣਾ ਧੰਦਾ ਸ਼ੁਰੂ ਕਰ ਲੈਂਦੇ ਹਨ।

ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਰਕਾਰਾਂ ਨੂੰ ਦਿੱਤੇ ਮੰਗ ਪੱਤਰਾਂ ਤੋਂ ਇਲਾਵਾ ਪਿਛਲੇ ਸਾਲ ਫਰਵਰੀ ਦੇ ਮਹੀਨੇ ਮੌਜੂਦਾ ਸਰਕਾਰ ਦੇ ਸਮੂਹ ਮੰਤਰੀਆਂ, ਵਿਧਾਇਕਾਂ ਸਮੇਤ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਨੂੰ ਪੰਜਾਬ ਕਾਲਾ ਜਾਦੂ ਮੰਤਰ ਅਤੇ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਦੇ ਖਰੜੇ ਸਮੇਤ ਮੰਗ ਪੱਤਰ ਦਿੱਤੇ ਸਨ ਅਤੇ ਹੁਣ ਫਿਰ ਦਿੱਤੇ ਜਾ ਰਹੇ ਹਨ ਪਰ ਸਰਕਾਰ ਇਹ ਲੋਕ ਪੱਖੀ ਕਾਨੂੰਨ ਬਣਾਉਣ ਤੋਂ ਟਾਲਾ ਵੱਟ ਰਹੀ ਹੈ। ਸਰਕਾਰ ਨੂੰ ਭੋਲੇ ਭਾਲੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ ਵਿਚ ਫਸਾ ਕੇ ਉਨ੍ਹਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਨ, ਬਲਾਤਕਾਰ, ਕਤਲ ਅਤੇ ਮਨੁੱਖੀ ਬਲੀ ਦੇਣ ਵਰਗੇ ਅਪਰਾਧ ਕਰਨ ਵਾਲੇ ਪਾਖੰਡੀ ਬਾਬਿਆਂ, ਤਾਂਤਰਿਕਾਂ, ਜੋਤਸ਼ੀਆਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਉੱਤੇ ਸਖ਼ਤ ਪਾਬੰਦੀ ਲਾਉਣ ਲਈ ਬਿਨਾਂ ਕਿਸੇ ਦੇਰੀ ਦੇ ਅੰਧ-ਵਿਸ਼ਵਾਸ ਰੋਕੂ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਇਸ ਸਬੰਧੀ ਲੋਕ ਪੱਖੀ ਤੇ ਅਗਾਂਹਵਧੂ ਜਮਹੂਰੀ ਅਤੇ ਤਰਕਸ਼ੀਲ਼ ਸੰਸਥਾਵਾਂ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਚੇਤਨ ਕਰ ਕੇ ਵਿਸ਼ਾਲ ਲੋਕ ਲਹਿਰ ਖੜ੍ਹੀ ਕਰਨ ਅਤੇ ਫੈਸਲਾਕੁਨ ਜਨਤਕ ਸੰਘਰਸ਼ ਕਰਨ ਦੀ ਵੀ ਲੋੜ ਹੈ।

 

 

ਸੁਮੀਤ ਸਿੰਘ

ਸੰਪਰਕ: 76960-30173