ਟੈਕਸਾਸ ਵਿਚ ਲਾਪਤਾ ਗਰਭਵਤੀ ਨਬਾਲਗ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਮਿਲੀਆਂ ਲਾਸ਼ਾਂ

ਟੈਕਸਾਸ ਵਿਚ ਲਾਪਤਾ ਗਰਭਵਤੀ ਨਬਾਲਗ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਮਿਲੀਆਂ ਲਾਸ਼ਾਂ
ਕੈਪਸ਼ਨ ਲਾਸ਼ਾਂ ਮਿਲਣ ਉਪਰੰਤ ਮੌਕੇ 'ਤੇ ਪੁਲਿਸ ਵੱਲੋਂ ਕੀਤੀ ਗਈ ਨਿਸ਼ਾਨਦੇਹੀ

* ਦੋਨਾਂ ਦੇ ਹੀ ਵੱਜੀਆਂ ਗੋਲੀਆਂ ਦੇ ਜ਼ਖਮ

* ਪੁਲਿਸ ਨੇ ਕਿਹਾ  ਇਹ ਬਹੁਤ ਗੁੰਝਲਦਾਰ ਤੇ ਸੰਗੀਨ ਮਾਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਟੈਕਸਾਸ ਰਾਜ ਵਿਚ ਲਾਪਤਾ ਗਰਭਵਤੀ ਨਾਬਾਲਗ ਕੁੜੀ ਤੇ ਉਸ ਦੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਲਾਸ਼ਾਂ ਬਰਾਮਦ ਹੋਣ ਦੀ ਖਬਰ ਹੈ। ਪੁਲਿਸ ਨੇ ਕਿਹਾ ਹੈ ਕਿ ਦੋਨਾਂ ਦੇ ਹੀ ਗੋਲੀਆਂ ਵੱਜੀਆਂ ਹੋਈਆਂ ਹਨ ਹਾਲਾਂ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਖੁਦਕੁੱਸ਼ੀ ਜਾਂ ਕਤਲ ਦਾ ਮਾਮਲਾ ਹੈ। ਪੁਲਿਸ ਅਨੁਸਾਰ ਲਾਸ਼ਾਂ ਇਕ ਅਪਾਰਮੈਂਟ ਕੰਪਲੈਕਸ ਨੇੜੇ ਕਾਰ ਵਿਚੋਂ ਮਿਲੀਆਂ ਜੋ ਕਾਰ ਪਿਛਲੇ 3-4 ਦਿਨਾਂ ਤੋਂ ਇਥੇ ਖੜੀ ਸੀ। ਸੈਨ ਐਨਟੋਨੀਓ ਪੁਲਿਸ ਮੁੱਖੀ ਵਿਲੀਅਮ ਮੈਕਮੈਨਸ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਦਾ ਵਿਸ਼ਵਾਸ਼ ਹੈ ਕਿ ਇਹ ਲਾਸ਼ਾਂ 18 ਸਾਲਾ ਸਵੰਨਾਹ ਸੋਟੋ ਤੇ ਉਸ ਦੇ ਦੋਸਤ ਮੁੰਡੇ ਦੀਆਂ ਹਨ ਪਰੰਤੂ ਅਜੇ ਇਸ ਸਬੰਧੀ ਪੁਸ਼ਟੀ ਨਹੀਂ ਹੋਈ। ਉਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਡਾਕਟਰੀ ਜਾਂਚ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਮੈਕਮੈਨਸ ਅਨੁਸਾਰ ਮੌਕੇ ਦਾ ਦ੍ਰਿਸ਼ ਬਹੁਤ ਹੀ ਪੇਚੀਦਾ ਹੈ ਤੇ ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸੈਨ ਐਨਟੋਨੀਓ ਪੁਲਿਸ ਲੈਫਟੀਨੈਂਟ ਮਾਈਕਲ ਰਾਮੋਸ ਨੇ  ਕਿਹਾ ਹੈ ਕਿ ਇਹ ਸੰਗੀਨ ਹੱਤਿਆਵਾਂ ਦਾ ਮਾਮਲਾ ਹੈ ਕਿਉਂਕਿ ਇਕ ਅਣਜੰਮੇ ਬੱਚੇ ਦੀ ਵੀ ਮੌਤ ਹੋਈ ਹੈ। ਲੀਓਨ ਵੈਲੀ ਪੁਲਿਸ ਵਿਭਾਗ ਅਨੁਸਾਰ ਸੋਟੋ ਪਿਛਲੇ 9 ਮਹੀਨੇ ਤੋਂ ਗਰਭਵਤੀ ਸੀ ਤੇ ਉਹ ਜਰੂਰੀ ਡਾਕਟਰੀ ਜਾਂਚ ਲਈ ਹਸਪਤਾਲ ਨਹੀਂ ਪੁੱਜੀ। ਇਸ ਉਪਰੰਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੋਟੋ ਨੂੰ ਆਖਰੀ ਵਾਰ 22 ਦਸੰਬਰ ਨੂੰ ਲਿਓਨ ਵੈਲੀ ਵਿਚ ਗਰੀਸੋਮ ਰੋਡ ਦੇ 6000 ਬਲਾਕ ਵਿਚ ਵੇਖਿਆ ਗਿਆ ਸੀ।