ਰੈਲੀ ਦੌਰਾਨ ਕੇਜਰੀਵਾਲ ਵੱਲ ਜੁੱਤੀ ਸੁੱਟੀ, ਨੌਜਵਾਨ ਗ੍ਰਿਫ਼ਤਾਰ

ਰੈਲੀ ਦੌਰਾਨ ਕੇਜਰੀਵਾਲ ਵੱਲ ਜੁੱਤੀ ਸੁੱਟੀ, ਨੌਜਵਾਨ ਗ੍ਰਿਫ਼ਤਾਰ

ਰੋਹਤਕ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲ ਰੋਹਤਕ (ਹਰਿਆਣਾ) ਰੈਲੀ ਦੌਰਾਨ ਜੁੱਤੀ ਸੁੱਟੀ ਗਈ। ਪੁਲੀਸ ਨੇ ਜੁੱਤੀ ਸੁੱਟਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰੋਹਤਕ ਵਿੱਚ ਨੋਟਬੰਦੀ ਖ਼ਿਲਾਫ਼ ‘ਆਪ’ ਦੀ ‘ਤਿਜੋਰੀ ਤੋੜ ਭਾਂਡਾ ਫੋੜ’ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਕੇਜਰੀਵਾਲ ਨੇ ਜਦੋਂ ਨੋਟੰਬਦੀ ਮਾਮਲੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸ਼ਬਦੀ ਵਾਰ ਕੀਤੇ ਤਾਂ ਭੀੜ ਵਿੱਚੋਂ ਕਿਸੇ ਨੇ ਉਨ੍ਹਾਂ ਵੱਲ ਜੁੱਤੀ ਸੁੱਟ ਦਿੱਤੀ। ‘ਆਪ’ ਦੇ ਹਰਿਆਣਾ ਤੋਂ ਇੱਕ ਸੀਨੀਅਰ ਆਗੂ ਨਵੀਨ ਜੈਹਿੰਦ ਨੇ ਦੱਸਿਆ ਕਿ ਜੁੱਤੀ ਸ੍ਰੀ ਕੇਜਰੀਵਾਲ ਦੇ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਜੁੱਤੀ ਅਰਬਨ ਅਸਟੇਟ ਥਾਣੇ ਵਿੱਚ ਦੇ ਦਿੱਤੀ ਗਈ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜੁੱਤੀ ਸੁੱਟਣ ਵਾਲੇ ਨੌਜਵਾਨ ਦੀ ਪਛਾਣ ਵਿਕਾਸ (26) ਵਾਸੀ ਪਿੰਡ ਮੋਰੀ ਮਕਰਾਨਾ ਜ਼ਿਲ੍ਹਾ ਦਾਦਰੀ (ਹਰਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਗ੍ਰੈਜੂਏਟ ਤੇ ਬੇਰੁਜ਼ਗਾਰ ਹੈ ਤੇ ਪੁੱਛਗਿੱਛ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਐਸਵਾਈਐਲ ਮਾਮਲੇ ਵਿੱਚ ਸ੍ਰੀ ਕੇਜਰੀਵਾਲ ਦੇ ਹਰਿਆਣਾ ਵਿਰੋਧੀ ਰੁਖ਼ ਤੋਂ ਖ਼ਫ਼ਾ ਹੈ।