‘ਦ ਬਲੈਕ ਪ੍ਰਿੰਸ’ ਦੇਖ ਕੇ ਗੁਰਿੰਦਰ ਚੱਢਾ ਵੀ ਹੈਰਾਨ ਰਹਿ ਗਈ
ਇਤਿਹਾਸਕ ਫ਼ਿਲਮ ਨੇ ਸਿੱਖਾਂ ਦਾ ਸਿਰ ਉੱਚਾ ਕੀਤਾ : ਗੁਰਿੰਦਰ ਚੱਢਾ
ਬਰਮਿੰਘਮ ‘ਚ ‘ਦ ਬਲੈਕ ਪ੍ਰਿੰਸ’ ਫਿਲਮ ਦੇ ਵਿਸ਼ੇਸ਼ ਸ਼ੋਅ ਮੌਕੇ ਉੱਘੀ ਫਿਲਮ ਨਿਰਦੇਸ਼ਕਾ ਗੁਰਿੰਦਰ ਚੱਢਾ ਤੇ ਸਤਿੰਦਰ ਸਰਤਾਜ
ਸਤਿੰਦਰ ਸਰਤਾਜ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੇ ਵਾਰਸ ਟਿੱਕਾ ਸ਼ਤਰੂਜੀਤ ਸਿੰਘ ਨਾਲ ਸਿਨੇਮਾ ਹਾਲ ਵਿੱਚ ਦਾਖ਼ਲ ਹੁੰਦੇ ਹੋਏ।
ਲੰਡਨ/ਬਿਊਰੋ ਨਿਊਜ਼:
ਕਈ ਦੇਸ਼ਾਂ ਵਿਚ ਸਫ਼ਲ ਪ੍ਰੀਮੀਅਰ ਤੋਂ ਬਾਅਦ ‘ਦ ਬਲੈਕ ਪ੍ਰਿੰਸ’ ਨੇ ਇੰਗਲੈਂਡ ਦੇ ਪ੍ਰੀਮੀਅਰ ਵਿਚ ਵੀ ਸੋਖੱਟੀ ਹੈ। ਖਾਸ ਗੱਲ ਉਦੋਂ ਵਾਪਰੀ ਜਦੋਂ ਦੁਨੀਆਂ ਦੀ ਮਸ਼ਹੂਰ ਡਾਇਰੈਕਟਰ ਗੁਰਿੰਦਰ ਚੱਢਾ ਨੇ ਫ਼ਿਲਮ ਦੇਖਣ ਤੋਂ ਬਾਅਦ ਮੰਨਿਆ ਕਿ ਉਹ ਵੀ ਪਿਛਲੇ 10 ਸਾਲਾਂ ਤੋਂ ਇਹ ਫ਼ਿਲਮ ਬਣਾਉਣ ਦਾ ਯਤਨ ਕਰ ਰਹੀ ਸੀ ਪਰ ਕਹਾਣੀ ਦੁਖਦਾਈ ਹੋਣ ਕਰਕੇ ਉਹ ਇਸ ਨੂੰ ਬਣਾਉਣ ਦੀ ਹਿੰਮਤ ਨਹੀਂ ਕਰ ਸਕੀ। ਪਰ ਹਾਲੀਵੁੱਡ ਵਲੋਂ ਇਸ ਨੂੰ ਬਹੁਤ ਹੀ ਬਾਖ਼ੂਬੀ ਨਾਲ ਚਿਤਰਿਆ ਗਿਆ ਹੈ ਅਤੇ ਉਸ ਨੇ ਸਤਿੰਦਰ ਸਰਤਾਜ ਦੀ ਐਕਟਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਵੇਂ ਲੱਗਦਾ ਹੈ ਜਿਵੇਂ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦੀ ਰੂਹ ਨੂੰ ਫੜ ਕੇ ਆਪਣੇ ਦਿਲ ਵਿਚ ਵਸਾ ਲਿਆ ਹੋਵੇ। ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਨੇ ਸਿੱਖਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ।
ਸਤਿੰਦਰ ਸਰਤਾਜ ਫਿਲਮ ਦੇ ਦੂਜੇ ਕਲਾਕਾਰਾਂ ਸੋਫੀ ਸਟੀਵਨਜ਼ ਤੇ ਲੀਅਨੇ ਜੋਇਸੀ ਨਾਲ ਜਿਨ੍ਹਾਂ ਨੇ ਕਰਮਵਾਰ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਤੇ ਦੂਜੀ ਪਤਨੀ ਦੀ ਭੂਮਿਕਾ ਨਿਭਾਈ। ਲਈਡਨ ਨੇ ਸਰ ਓ’ਬਰਨੇ ਦਾ ਕਿਰਦਾਰ ਨਿਭਾਇਆ।
ਇਸੇ ਤਰ੍ਹਾਂ ਬਰਮਿੰਘਮ ਪ੍ਰੀਮੀਅਰ ਵਿਚ ਉਚੇਚੇ ਤੌਰ ‘ਤੇ ਪਹੁੰਚੇ ਟਿੱਕਾ ਸ਼ਤਰਜੀਤ ਸਿੰਘ, ਜੋ ਕਿ ਕਪੂਰਥਲਾ ਖਾਨਦਾਨ ਅਤੇ ਭਾਈ ਜੱਸਾ ਸਿੰਘ ਆਹਲੂਵਾਲੀਆ ਦੇ ਵਾਰਿਸ ਹਨ, ਨੇ ਕਿਹਾ ਕਿ ਉਹ ਫ਼ਿਲਮ ਨੂੰ ਦੇਖਦੇ ਹੋਏ ਕਈ ਵਾਰ ਜ਼ਜਬਾਤੀ ਹੋਏ ਹਨ ਅਤੇ ਉਹਨਾਂ ਕਿਹਾ ਕਿ ਮੈਨੂੰ ਸਿੱਖ ਹੋਣ ‘ਤੇ ਮਾਣ ਹੈ। ਇਸ ਫ਼ਿਲਮ ਨੇ ਮਹਾਰਾਜਾ ਦਲੀਪ ਸਿੰਘ ਦੇ ਉਹ ਪੱਖ ਸਾਹਮਣੇ ਲਿਆਂਦੇ ਹਨ ਜਿਹਨਾਂ ਬਾਰੇ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਸੀ।
ਭਾਰਤੀ ਕ੍ਰਿਕਟ ਦੇ ਸੁਪਰ ਸਟਾਰ ਹਰਭਜਨ ਸਿੰਘ ਵੀ ਉਚੇਚੇ ਤੌਰ ‘ਤੇ ਲੰਡਨ ਪ੍ਰੀਮੀਅਰ ਵਿਚ ਆਏ ਅਤੇ ਉਹਨਾਂ ਨੇ ਵੀ ਕਿਹਾ ਕਿ ਫ਼ਿਲਮ ਨੇ ਸਾਡੇ ਪੰਜਾਬ ਦੇ ਇਤਿਹਾਸ ਦੀ ਭਰਪੂਰ ਜਾਣਕਾਰੀ ਦਿੱਤੀ ਹੈ ਅਤੇ ਸਤਿੰਦਰ ਸਰਤਾਜ ਨੂੰ ਵਧਾਈ ਦਿੰਦੇ ਹੋਏ ਉਹਨਾਂ ਵਲੋਂ ਨਿਭਾਈ ਭੂਮਿਕਾ ਦੀ ਵੀ ਸ਼ਲਾਘਾ ਕੀਤੀ।
ਲੰਡਨ ਇੰਡੀਅਨ ਫ਼ਿਲਮ ਫੈਸਟੀਵਲ ਦੇ ਕਨਵੀਨਰ ਰਜਿੰਦਰ ਸਾਹਨੀ ਨੇ ਫ਼ਿਲਮ ਦੇ ਡਾਇਰੈਕਟਰ ਕਵੀ ਰਾਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਫ਼ਿਲਮ ਨੇ ਇਕ ਨਵੇਕਲੀ ਜਗ੍ਹਾ ਬਣਾ ਲਈ ਹੈ ਅਤੇ ਭਵਿੱਖ ਵਿਚ ਇਹ ਕੁਝ ਯਾਦ ਰੱਖਣ ਵਾਲੀਆਂ ਫ਼ਿਲਮਾਂ ਦਾ ਹਿੱਸਾ ਰਹੇਗੀ।
‘ਦ ਬਲੈਕ ਪ੍ਰਿੰਸ’ ਦੁਨੀਆਂ ਭਰ ਵਿਚ 21 ਜੁਲਾਈ ਨੂੰ ਰੀਲੀਜ਼ ਹੋ ਰਹੀ ਹੈ ਅਤੇ ਇਹ ਤਿੰਨ ਭਾਸ਼ਾਵਾਂ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਰਲੀਜ਼ ਕੀਤੀ ਜਾਵੇਗੀ।
ਸਤਿੰਦਰ ਸਰਤਾਜ ਫੈਸਟੀਵਲ ਦੇ ਡਾਇਰੈਕਟਰ ਅਤੇ ਬੀਬੀਸੀ ਦੇ ਨਿਊਜ਼ ਐਂਕਰ ਨਾਲ
Comments (0)