ਵੱਡੀ ਸਾਜਿਸ਼ ਅਧੀਨ ਤਰਖਾਣਮਾਜਰਾ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਦੋਸ਼ੀ ਕਾਬੂ

ਵੱਡੀ ਸਾਜਿਸ਼ ਅਧੀਨ ਤਰਖਾਣਮਾਜਰਾ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ, ਦੋਸ਼ੀ ਕਾਬੂ
ਬੇਅਦਬੀ ਕਰਨ ਵਾਲਾ ਦੋਸ਼ੀ ਪੁਲਸ ਹਿਰਾਸਤ ਵਿਚ

ਅੰਮ੍ਰਿਤਸਰ ਟਾਈਮਜ਼ ਬਿਊਰੋ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਪੈਂਦੇ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ 'ਚ ਅੱਜ ਇਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ੍ਹ ਕੇ ਬੇਅਦਬੀ ਕੀਤੀ। ਬੇਅਦਬੀ ਕਰਨ ਵਾਲੇ ਇਸ ਦੋਸ਼ੀ ਨੂੰ ਪਿੰਡ ਦੇ ਲੋਕਾਂ ਨੇ ਮੌਕੇ 'ਤੇ ਹੀ ਫੜ੍ਹ ਲਿਆ। ਪਿੰਡ ਦੇ ਲੋਕਾਂ ਵੱਲੋਂ ਇਸ ਦੋਸ਼ੀ ਦੀ ਕੁੱਟਮਾਰ ਕੀਤੀ ਗਈ। ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਥਾਣੇ ਲੈ ਗਈ। 

ਪ੍ਰਾਪਤ ਜਾਣਕਾਰੀ ਮੁਤਾਬਕ ਇਹ ਦੋਸ਼ੀ ਪਿੰਡ ਦਾ ਵਸਨੀਕ ਨਹੀਂ ਸੀ। ਸਰਹਿੰਦ-ਗੋਬਿੰਦਗੜ੍ਹ ਸੜਕ 'ਤੇ ਪੈਂਦੇ ਪਿੰਡ ਤਰਖਾਣਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ ਇਸ ਵੱਲੋਂ ਕਿਸੇ ਵੱਡੀ ਸਾਜਿਸ਼ ਤਹਿਤ ਇਹ ਕਾਰਵਾਈ ਕੀਤੀ ਗਈ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਇਹ ਦੋਸ਼ੀ ਮਾਨਸਿਕ ਤੌਰ 'ਤੇ ਬਿਲਕੁਲ ਦਰੁਸਤ ਹੈ। 

ਜ਼ਿਕਰਯੋਗ ਹੈ ਕਿ 2015 ਵਿਚ ਅੱਜ ਦੇ ਦਿਨ ਭਾਵ 12 ਅਕਤੂਬਰ ਨੂੰ ਹੀ ਡੇਰਾ ਸਿਰਸਾ ਪ੍ਰੇਮੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਬਰਗਾੜੀ ਪਿੰਡ ਵਿਚ ਬੇਅਦਬ ਕਰਕੇ ਗਲੀਆਂ ਵਿਚ ਸੁੱਟੇ ਗਏ ਸਨ।