ਕਾਂਗਰਸ ਦਾ ਨਵਾਂ ਪ੍ਰਧਾਨ ਚੋਣ ਦੀ ਥਾਂ ਸਰਬਸੰਮਤੀ ਨਾਲ ਚੁਣਿਆ ਜਾਵੇ : ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਦਾ ਨਵਾਂ ਪ੍ਰਧਾਨ ਚੋਣ ਦੀ ਥਾਂ ਸਰਬਸੰਮਤੀ ਨਾਲ ਚੁਣਿਆ ਜਾਵੇ : ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਾਂ ਕਾਂਗਰਸ ਪ੍ਰਧਾਨ ਚੋਣਾਂ ਦੀ ਥਾਂ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਪਾਰਟੀ ਨੂੰ ਇਕਜੁੱਟ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿੱਚ ਯਕੀਨੀ ਤੌਰ ਉਤੇ ਜ਼ਿੰਮੇਵਾਰੀ ਸੰਭਾਲਣ ਦੀ ਸਮਰੱਥਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਸੋਨੀਆ ਗਾਂਧੀ ਉਤੇ ਨਿਰਭਰ ਕਰਦਾ ਹੈ ਕਿ ਉਹ ਇਕ ਵਾਰ ਹੋਰ ਪਾਰਟੀ ਮੁਖੀ ਬਣਨਾ ਚਾਹੁੰਦੇ ਹਨ ਜਾਂ ਨਹੀਂ ਅਤੇ ਜੇ ਉਹ ਅਗਵਾਈ ਸਾਂਭੀ ਰੱਖਣ ਦਾ ਫੈਸਲਾ ਕਰਦੇ ਹਨ ਤਾਂ ਪਾਰਟੀ ਨੂੰ ਖ਼ੁਸ਼ੀ ਹੋਵੇਗੀ। ਹਾਲਾਂਕਿ ਉਨ੍ਹਾਂ ਕਾਂਗਰਸ ਵਿੱਚ ਖੇਤਰੀ ਆਗੂਆਂ ਨੂੰ ਅੱਗੇ ਲਿਆਉਣ ਦੀ ਵਕਾਲਤ ਕੀਤੀ ਅਤੇ ਹਰੇਕ ਰਾਜ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਆਗੂਆਂ ਨੂੰ ਪਾਰਟੀ ਦਾ ਚਿਹਰਾ ਬਣਾਉਣ ਉਤੇ ਜ਼ੋਰ ਦਿੱਤਾ। ਇੱਥੇ ਇਕ ਇੰਟਰਵਿਊ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਚੋਣਾਂ ਹਮੇਸ਼ਾ ਤਲਖ ਹੁੰਦੀਆਂ ਹਨ ਅਤੇ ਸਰਬਸੰਮਤੀ ਪਾਰਟੀ ਨੂੰ ਇਕਜੁੱਟ ਕਰਦੀ ਹੈ। ਪਾਰਟੀ ਪ੍ਰਧਾਨ ਬਾਰੇ ਸਰਬਸੰਮਤੀ ਹੋਣੀ ਚਾਹੀਦੀ ਹੈ।
ਕਾਂਗਰਸ ਵਿੱਚ ਜਥੇਬੰਦਕ ਚੋਣ ਪ੍ਰਕਿਰਿਆ ਚੱਲ ਰਹੀ ਹੈ ਅਤੇ ਪਾਰਟੀ ਦੇ ਨਵੇਂ ਮੁਖੀ ਦੀ ਚੋਣ 15 ਅਕਤੂਬਰ ਨੂੰ ਹੋਣੀ ਹੈ। ਕੈਪਟਨ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਸੋਨੀਆ ਗਾਂਧੀ ਦਾ ਫੈਸਲਾ ਹੋਵੇਗਾ ਕਿ ਉਹ 2019 ਤੱਕ ਇਕ ਹੋਰ ਕਾਰਜਕਾਲ ਲਈ ਮੁਖੀ ਦਾ ਅਹੁਦਾ ਸਾਂਭੀ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਉਨ੍ਹਾਂ ਕਿਹਾ ਕਿ ”ਸੋਨੀਆ ਗਾਂਧੀ ਨੇ ਸਖ਼ਤ ਮਿਹਨਤ ਕੀਤੀ ਹੈ। ਜੇ ਉਹ ਮੁਖੀ ਰਹਿਣਾ ਚਾਹੁੰਦੇ ਹਨ ਤਾਂ ਮੇਰਾ ਮੰਨਣਾ ਹੈ ਕਿ ਪਾਰਟੀ ਨੂੰ ਖ਼ੁਸ਼ੀ ਹੋਵੇਗੀ। ਜੇ ਉਹ ਅਹੁਦਾ ਛੱਡਣਾ ਚਾਹੁੰਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਰਾਹੁਲ ਗਾਂਧੀ ਅਹੁਦਾ ਸੰਭਾਲਣ ਦੀ ਸਥਿਤੀ ਵਿੱਚ ਹੈ। ਪਾਰਟੀ ਦੇ ਮੀਤ ਪ੍ਰਧਾਨ ਦੇ ਤੌਰ ਉਤੇ ਮੇਰਾ ਉਸ ਨਾਲ 2-3 ਸਾਲਾਂ ਤੋਂ ਵਾਹ ਹੈ। ਮੈਨੂੰ ਜਾਪਦਾ ਹੈ ਕਿ ਉਹ ਇਹ ਜ਼ਿੰਮੇਵਾਰੀ ਸੰਭਾਲਣ ਦੇ ਸਮਰੱਥ ਹੈ।”