ਕਸ਼ਮੀਰ ਨੂੰ ਬਦਲ ਰਿਹਾ ਹੈ ਭਾਰਤ!

ਕਸ਼ਮੀਰ ਨੂੰ ਬਦਲ ਰਿਹਾ ਹੈ ਭਾਰਤ!

ਸੁਖਵਿੰਦਰ ਸਿੰਘ 
ਭਾਰਤ ਸਰਕਾਰ ਵੱਲੋਂ ਬੀਤੇ ਸਾਲ ਅਗਸਤ ਮਹੀਨੇ ਦੀ ਪੰਜ ਤਰੀਕ ਨੂੰ ਫੌਜੀ ਤਾਕਤ ਦੀ ਵਰਤੋਂ ਨਾਲ ਕਸ਼ਮੀਰ ਦੇ ਲੋਕਾਂ ਨੂੰ ਨਜ਼ਰਬੰਦ ਕਰਕੇ ਕਸ਼ਮੀਰ ਨੂੰ ਖਾਸ ਰੁਤਬਾ ਦਿੰਦੀਆਂ ਧਾਰਾ 370 ਅਤੇ 35ਏ ਨੂੰ ਭਾਰਤੀ ਸੰਵਿਧਾਨ ਵਿਚੋਂ ਹਟਾ ਦਿੱਤਾ ਗਿਆ। ਉਸ ਦਿਨ ਤੋਂ ਹੁਣ ਤਕ ਕਸ਼ਮੀਰ ਨਜ਼ਰਬੰਦੀ ਦੇ ਇਤਿਹਾਸਕ ਦੌਰ 'ਚੋਂ ਗੁਜ਼ਰ ਰਿਹਾ ਹੈ। ਜਿੱਥੇ ਕਸ਼ਮੀਰ ਦੀ ਇਕ ਵੱਡੀ ਲੋਕ ਧਾਰਾ ਤਾਂ ਭਾਰਤ ਖਿਲਾਫ ਪਹਿਲਾਂ ਹੀ ਹਥਿਆਰਬੰਦ ਅਤੇ ਸ਼ਾਂਤਮਈ ਸੰਘਰਸ਼ ਲੜ ਰਹੀ ਸੀ ਉੱਥੇ ਇਸ ਵਾਰ ਉਹ ਵੀ ਨਹੀਂ ਬਖਸ਼ੇ ਗਏ ਜਿਹੜੇ ਖੁਦ ਨੂੰ ਭਾਰਤੀ ਹੋਣਾ ਮਨਜ਼ੂਰ ਕਰ ਚੁੱਕੇ ਸਨ ਤੇ ਕਸ਼ਮੀਰ ਦੇ ਅਜ਼ਾਦੀ ਸੰਘਰਸ ਖਿਲਾਫ ਭਾਰਤੀ ਝੰਡੇ ਦੇ ਅਲੰਬਰਦਾਰ ਬਣੇ ਹੋਏ ਸਨ। ਹਿੰਦ-ਨਵਾਜ਼ ਪਾਰਟੀਆਂ ਦੇ ਪ੍ਰਮੁੱਖ ਆਗੂ ਅਬਦੁੱਲ੍ਹੇ ਅਤੇ ਮੁਫਤੀ ਨਜ਼ਰਬੰਦ ਹਨ। ਅਬਦੁੱਲ੍ਹਾ ਪਰਿਵਾਰ ਦੀ ਧੀ ਖਾਲਿਦਾ ਸ਼ਾਹ ਆਪਣੇ ਘਰ ਵਿਚ ਨਜ਼ਰਬੰਦੀ ਦੌਰਾਨ ਅਲ ਜਜ਼ੀਰਾ ਨਾਲ ਗੱਲ ਕਰਦਿਆਂ ਕਹਿੰਦੀ ਹੈ, "ਅਸੀਂ ਭਾਰਤ ਨਾਲ ਖੜ੍ਹੇ ਹੋਏ ਜਿਸ ਕਰਕੇ ਹੁਣ ਸਾਡੇ ਹੀ ਲੋਕ ਸਾਨੂੰ ਦੁਸ਼ਮਣ ਮੰਨਦੇ ਹਨ।"

ਕਸ਼ਮੀਰ ਵਿਚ ਇਕ ਅਜੀਬ ਚੁੱਪ ਪਸਰੀ ਹੋਈ ਹੈ ਜਾਂ ਇਉਂ ਕਹੋ ਕਿ ਕਸ਼ਮੀਰ ਦੀ ਅਵਾਜ਼ ਸਾਡੇ ਕੰਨਾਂ ਤਕ ਨਹੀਂ ਪਹੁੰਚਣ ਦਿੱਤੀ ਜਾ ਰਹੀ। ਦੁਨੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਇੰਟਰਨੈੱਟ ਸ਼ਟਡਾਊਨ ਕਸ਼ਮੀਰ ਵਿਚ ਚੱਲ ਰਿਹਾ ਹੈ। ਸੈਂਕੜੇ ਕਸ਼ਮੀਰੀਆਂ ਨੂੰ ਕਸ਼ਮੀਰ ਤੋਂ ਬਾਹਰ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਹੈ। ਅਜਿਹੇ ਸਮੇਂ ਸਾਡੀ ਕਸ਼ਮੀਰੀਆਂ ਨਾਲ ਸਾਂਝ ਦਾ ਵਸੀਲਾ ਸਾਡੇ ਦਿਲ ਵਿਚ ਪੈਦਾ ਹੁੰਦੀ ਮਜ਼ਲੂਮ ਦੇ ਦਰਦ ਦੀ ਚੀਸ ਹੀ ਹੈ।

ਕਸ਼ਮੀਰ ਦੀਆਂ ਜੰਨਤ ਵਰਗੀਆਂ ਵਾਦੀਆਂ 'ਤੇ ਛਾਏ ਭਾਰਤੀ ਪਾਬੰਦੀਆਂ ਦੇ ਕਾਲੇ ਬੱਦਲਾਂ ਹੇਠ ਭਾਰਤੀ ਅਜੇਂਸੀਆਂ ਇਕ ਵੱਡਾ ਕਤਲੇਆਮ ਕਰ ਰਹੀਆਂ ਹਨ। ਇਹ ਕਤਲੇਆਮ ਕਸ਼ਮੀਰ ਦੀ ਪਛਾਣ ਦਾ ਕਤਲੇਆਮ ਹੈ। ਭਾਰਤ ਕਸ਼ਮੀਰ ਤੋਂ ਉਸਦੀ ਇਤਿਹਾਸਕ ਪਛਾਣ ਖੋਹ ਕੇ ਉਸਨੂੰ ਨਵੀਂ ਪਛਾਣ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਸ਼ਮੀਰ ਦਾ ਇਤਿਹਾਸ ਬਦਲਣ ਦੇ ਯਤਨ ਚੱਲ ਰਹੇ ਹਨ। ਇਹ ਤ੍ਰਾਸਦੀ ਸਿੱਖਾਂ ਨਾਲ ਵੀ ਵਾਪਰੀ ਤੇ ਅੱਜ ਵੀ ਸਿੱਖ ਇਸ ਭਾਰਤੀ ਨੀਤੀ ਦਾ ਸਾਹਮਣਾ ਕਰ ਰਹੇ ਹਨ। ਪਰ ਹੁਣ ਕਸ਼ਮੀਰ ਵਿਚ ਭਾਰਤ ਨੇ ਫੌਜੀ ਤਾਕਤ ਨਾਲ ਪੂਰੀ ਖੁੱਲ੍ਹ ਖੇਲ੍ਹ ਦਾ ਮਾਹੌਲ ਬਣਾ ਲਿਆ ਹੈ।

ਸਿੱਖ ਰਾਜ ਨਾਲ ਗੱਦਾਰੀ ਕਰਕੇ ਕਸ਼ਮੀਰ ਦੇ ਤਖਤ 'ਤੇ ਬੈਠੇ ਹਿੰਦੂ ਡੋਗਰੇ ਰਾਜਿਆਂ ਖਿਲਾਫ ਪਹਿਲੀ ਬਗਾਵਤ ਦਾ ਝੰਡਾ ਚੁੱਕਣ ਵਾਲੇ ਕਸ਼ਮੀਰੀ ਆਗੂ ਸ਼ੇਖ ਅਬਦੁੱਲ੍ਹਾ ਦੇ ਜਨਮ ਦਿਨ 'ਤੇ ਹੁੰਦੀ ਸਰਕਾਰੀ ਛੁੱਟੀ ਨੂੰ ਖਤਮ ਕਰ ਦਿੱਤਾ ਗਿਆ ਹੈ। ਹਲਾਂਕਿ ਸ਼ੇਖ ਅਬਦੁੱਲ੍ਹਾ ਦਾ ਪਰਿਵਾਰ ਭਾਰਤੀ ਸੱਤਾ ਸਾਹਮਣੇ ਪੂਰੀ ਤਰ੍ਹਾਂ ਗੋਡੇ ਲਾ ਚੁੱਕਿਆ ਹੈ ਪਰ ਭਾਰਤ ਸ਼ੇਖ ਅਬਦੁੱਲ੍ਹਾ ਨੂੰ ਵੀ ਸਹਿਣ ਕਰਨ ਦੇ ਰੋਂਅ 'ਚ ਨਹੀਂ ਹੈ। ਸ਼ੇਖ ਅਬਦੁੱਲ੍ਹਾ 1931 ਵਿਚ ਇਕ ਆਗੂ ਵਜੋਂ ਚਮਕਿਆ ਸੀ ਜਦੋਂ ਉਸਨੇ ਡੋਗਰਾ ਰਾਜੇ ਹਰੀ ਸਿੰਘ ਖਿਲਾਫ ਕਸ਼ਮੀਰੀ ਬਗਾਵਤ ਦਾ ਝੰਡਾ ਚੁੱਕਿਆ ਸੀ। 

ਹਲਾਂਕਿ ਜਦੋਂ 1947 ਵਿਚ ਅੰਗਰੇਜ਼ਾਂ ਨੇ ਇਸ ਖਿੱਤੇ ਨੂੰ ਛੱਡਣ ਦਾ ਫੈਂਸਲਾ ਕੀਤਾ ਤਾਂ ਸ਼ੇਖ ਅਬਦੁੱਲ੍ਹਾ ਨੇ ਰਾਜਾ ਹਰੀ ਸਿੰਘ ਦੇ ਭਾਰਤ ਨਾਲ ਮਿਲਣ ਦੇ ਫੈਂਸਲੇ ਨੂੰ ਸਹਿਮਤੀ ਦਿੱਤੀ ਸੀ। ਪਰ ਇਹ ਸਹਿਮਤੀ ਇਸ ਸ਼ਰਤ 'ਤੇ ਸੀ ਕਿ ਭਾਰਤ ਕਸ਼ਮੀਰ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾ ਕੇ ਕਸ਼ਮੀਰ ਦੇ ਭਵਿੱਖ ਦਾ ਫੈਂਸਲਾ ਕਸ਼ਮੀਰ ਦੇ ਲੋਕਾਂ ਨੂੰ ਕਰਨ ਦਵੇਗਾ। ਇਸੇ ਗੱਲ 'ਤੇ ਕਸ਼ਮੀਰ ਅੱਜ ਤਕ ਲੜ ਰਿਹਾ ਹੈ।

ਕਸ਼ਮੀਰ ਇਤਿਹਾਸ 'ਤੇ ਭਾਰਤੀ ਪੋਚਾ
ਕਸ਼ਮੀਰ ਮਾਮਲੇ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਭਾਰਤ ਹੁਣ ਕਸ਼ਮੀਰ ਦੇ ਇਤਿਹਾਸ 'ਤੇ ਭਾਰਤੀ ਇਤਿਹਾਸ ਦਾ ਪੋਚਾ ਫੇਰ ਰਿਹਾ ਹੈ। ਅਮਰੀਕਾ ਵਿਚ ਰਹਿੰਦੇ ਕਸ਼ਮੀਰੀ ਵਿਦਵਾਨ ਮੋਹੱਮਦ ਜੁਨੈਦ ਨੇ ਕਿਹਾ, "ਭਾਰਤ  ਦੇ ਹਿੰਦੂ ਸੱਜੇ ਪੱਖੀ ਲੋਕ ਕਸ਼ਮੀਰੀ ਲੋਕਾਂ ਦੇ ਇਤਿਹਾਸ ਨੂੰ ਮਿਟਾ ਕੇ ਕਸ਼ਮੀਰ ਦੀ ਧਰਤੀ 'ਤੇ ਆਪਣਾ ਦਾਅਵਾ ਥੋਪ ਰਹੇ ਹਨ। ਉਹ ਹਿੰਦੂ ਰਾਜੇ ਅਤੇ ਭਾਰਤੀ ਰਾਜ ਸੱਤਾ ਖਿਲਾਫ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।"

ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਦਿੱਲੀ ਸਰਕਾਰ ਨੇ 13 ਜੁਲਾਈ ਨੂੰ ਮਨਾਏ ਜਾਂਦੇ ਸ਼ਹੀਦਾਂ ਦੇ ਦਿਨ ਦੀ ਸਰਕਾਰੀ ਛੁੱਟੀ ਵੀ ਰੱਦ ਕਰ ਦਿੱਤੀ ਹੈ। 13 ਜੁਲਾਈ 1931 ਨੂੰ ਡੋਗਰਾ ਹਿੰਦੂ ਰਾਜੇ ਦਾ ਵਿਰੋਧ ਕਰ ਰਹੇ ਕਸ਼ਮੀਰੀ ਲੋਕਾਂ 'ਤੇ ਰਾਜੇ ਦੀਆਂ ਫੌਜਾਂ ਨੇ ਗੋਲੀ ਚਲਾ ਦਿੱਤੀ ਸੀ ਜਿਸ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ। 

ਇਸ ਦੇ ਉਲਟ ਜਿਸ ਦਿਨ ਡੋਗਰਾ ਰਾਜੇ ਨੇ ਭਾਰਤ ਵਿਚ ਸ਼ਾਮਲ ਹੋਣ ਦੀ ਸੰਧੀ 'ਤੇ ਦਸਤਖਤ ਕੀਤੇ ਸਨ ਉਸ ਦਿਨ 26 ਅਕਤੂਬਰ ਨੂੰ ਕਸ਼ਮਰਿ ਦੇ ਭਾਰਤ ਵਿਚ ਸ਼ਾਮਲ ਹੋਣ ਦੇ ਦਿਹਾੜੇ ਵਜੋਂ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 

ਸ਼ੇਖ ਅਬਦੁੱਲ੍ਹਾ ਦੀ ਧੀ ਕਹਿੰਦੀ ਹੈ, "1931 ਵਿਚ ਹੋਏ ਕਤਲੇਆਮ ਨਾਲ ਕਸ਼ਮੀਰ ਦੇ ਸੰਘਰਸ਼ ਦਾ ਮੁੱਢ ਬੱਝਿਆ ਸੀ। ਕਸ਼ਮੀਰ ਦਾ ਝੰਡਾ ਉਸ ਕਤਲੇਆਮ 'ਚ ਮਾਰੇ ਗਏ ਕਸ਼ਮੀਰੀਆਂ ਦੇ ਖੂਨ ਦੀ ਨਿਸ਼ਾਨੀ ਸੀ ਜੋ ਝੰਡਾ ਹੁਣ ਨਹੀਂ ਰਿਹਾ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।