ਕਰੱਦਰਜ਼ ਵਿਖੇ ਵਿਸਾਖੀ ਮੇਲੇ ‘ਤੇ ਪੰਜਾਬੀਆਂ ਨੇ ਪਾਈਆਂ ਧਮਾਲਾਂ

ਕਰੱਦਰਜ਼ ਵਿਖੇ ਵਿਸਾਖੀ ਮੇਲੇ ‘ਤੇ ਪੰਜਾਬੀਆਂ ਨੇ ਪਾਈਆਂ ਧਮਾਲਾਂ

ਫਰਿਜ਼ਨੋ/(ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ) :
ਕਰੱਦਰਜ਼ ਸ਼ਹਿਰ ਦੇ ਗੁਰੂਘਰ ਦੀਆਂ ਖੁੱਲ੍ਹੇ ਗਰਾÀੂਂਡ ਵਿਚ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਦੇ ਹੋਏ 24ਵਾਂ ਵਿਸਾਖੀ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਗੁਰੂਘਰ ਵਿਚ ਧਾਰਮਿਕ ਪ੍ਰੋਗਰਾਮ ਹੋਏ। ਲੰਗਰ ਅਤੇ ਅਖੰਡ ਪਾਠ ਦੀ ਸੇਵਾ ‘ਬਾਠ ਫਾਰਮ’ ਦੇ ਸਮੂਹ ਪੰਜਾਬੀ ਵਰਕਰਾਂ ਨੇ ਨਿਭਾਈ।
ਇਸ ਤੋਂ ਬਾਅਦ ਬੱਚਿਆਂ ਅਤੇ ਬਜ਼ੁਰਗਾਂ ਦੇ ਦੌੜ ਮੁਕਾਬਲੇ ਹੋਏ। ਬੱਚਿਆਂ ਵੱਲੋਂ ਬਾਸਕਟ ਬਾਲ ਦੇ ਮੈਚ ਵੀ ਹੋਏ। ਮੇਲੇ ਵਿਚ ਖਾਣਿਆਂ ਅਤੇ ਖੇਡਾਂ ਦੇ ਸਟਾਲ, ਦੇਸੀ ਪੰਜਾਬੀ ਘਰ ‘ਸੁੱਖ ਆਲ੍ਹਣਾ’ ਦੀ ਪ੍ਰਦਰਸ਼ਨੀ, ਮੁਫ਼ਤ ਡਾਕਟਰੀ ਕੈਂਪ, ਚੰਡੋਲ, ਰਾਈਡਾਂ ਬੱਚਿਆ ਦਾ ਮਨੋਰੰਜਨ ਕਰ ਰਹੇ ਸਨ। ਦਸਤਾਰ ਸਜਾਉਣ ਅਤੇ ਲੰਮੇ ਵਾਲਾਂ ਦੇ ਮੁਕਾਬਲੇ ਵੀ ਹੋਏ। ਮੇਲੇ ਦੀ ਸ਼ੁਰੂਆਤ ਯਮਲਾ ਜੱਟ ਦੇ ਸ਼ਾਗਿਰਦ ਗਾਇਕ ਰਾਜ ਬਰਾੜ ਨੇ ਕੀਤੀ। ਸਾਹੋਕੇ ਵਾਲੇ ਕਵੀਸ਼ਰੀ ਜਥੇ ਅਤੇ ਜਗਦੇਵ ਸਿੰਘ ਧੰਜਲ ਨੇ ਵੀਰ ਰਸ ਬੰਨ੍ਹਿਆ। ਪੰਜਾਬ ਦੀ ਉੱਚੀ ਹੇਕ ਦੀ ਮਲਕਾ ਬੀਬੀ ਜੋਤ ਰਣਜੀਤ ਨੇ ਸਿੱਖਾਂ ਦੀ ਬਹਾਦਰੀ ਦਾ ਇਤਿਹਾਸ ਸਾਂਝਾ ਕੀਤਾ। ਪਿਸ਼ੌਰਾ ਸਿੰਘ ਢਿੱਲੋਂ ਨੇ ਕਵਿਤਾ ਦਾ ਪਾਠ ਅਤੇ ਨੌਜਵਾਨ ਗਾਇਕ ਪਵਨ ਸਿੰਘ ਨੇ ਵੀ ਗੀਤ ਗਾਏ। ਗਾਇਕ ਧਰਮਵੀਰ ਥਾਂਦੀ ਨੇ ਆਪਣੀ ਬੁਲੰਦ ਆਵਾਜ਼ ਰਾਹੀਂ ਹਾਜ਼ਰੀਨ ਦਾ ਖ਼ੂਬ ਮਨੋਰੰਜਨ ਕੀਤਾ। ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀਆਂ ਸ਼ਖ਼ਸੀਅਤਾਂ ਵਿਚ ਉਸਤਾਦ ਕਵੀ ਹਰਜਿੰਦਰ ਕੰਗ, ਗੀਤਕਾਰ ਅਤੇ ਕਵੀ ਸੁੱਖੀ ਧਾਲੀਵਾਲ, ਕਵੀ ਪਿਸ਼ੌਰਾ ਸਿੰਘ ਢਿੱਲੋਂ ਅਤੇ ਧਰਮਵੀਰ ਥਾਂਦੀ ਦਾ ਸਨਮਾਨ ਕੀਤਾ ਗਿਆ। ਕਰਦਰਜ਼ ਦੀਆਂ ਕੁੜੀਆਂ ਵੱਲੋਂ ਗਿੱਧਾ, ਸਾਡਾ ਵਿਰਸਾ ਗਰੁੱਪ, ਜੀ.ਐਚ.ਜੀ. ਡਾਂਸ ਅਕੈਡਮੀ ਅਤੇ ਗਿੱਧੇ-ਭੰਗੜੇ ਦੀਆਂ ਹੋਰਨਾਂ ਟੀਮਾਂ ਨੇ ਸ਼ਿਰਕਤ ਕਰਕੇ ਪੰਜਾਬੀਅਤ ਦਾ ਰੰਗ ਬੰਨ੍ਹਿਆ।
ਅਵਤਾਰ ਸਿੰਘ ਗਿੱਲ, ਜਸਵਿੰਦਰ ਸਿੰਘ ਗਰੇਵਾਲ, ਡਾ. ਸ਼ਰਨਜੀਤ ਸਿੰਘ ਪੁਰੇਵਾਲ, ਸੁਖਦੇਵ ਸਿੰਘ ਚੀਮਾ, ਬਲਰਾਜ ਸਿੰਘ ਬਰਾੜ, ਜੋਗਿੰਦਰ ਸਿੰਘ ਧਾਲੀਵਾਲ ਨੇ ਪ੍ਰਬੰਧਕਾਂ ਅਤੇ ਮੇਲੀਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਸ੍ਰੀਮਤੀ ਆਸ਼ਾ ਸ਼ਰਮਾ ਅਤੇ ਬਲਵੀਰ ਸਿੰਘ ਢਿੱਲੋਂ ਨੇ ਕੀਤਾ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਫ਼ਰੀ ਪਾਰਕਿੰਗ,  ਚਾਹ-ਪਕੌੜਿਆਂ, ਲੱਡੂ, ਜਲੇਬੀਆਂ ਅਤੇ ਮਠਿਆਈਆਂ ਦੇ ਪ੍ਰਬੰਧ ਕੀਤੇ ਗਏ ਸਨ।