ਦਿੱਲੀ, ਪੰਜਾਬ ਤੇ ਉੱਤਰੀ ਭਾਰਤ ‘ਚ ਭੁਚਾਲ ਦੇ ਝਟਕਿਆਂ ਨਾਲ ਲੋਕਾਂ ‘ਚ ਘਬਰਾਹਟ

ਦਿੱਲੀ, ਪੰਜਾਬ ਤੇ ਉੱਤਰੀ ਭਾਰਤ ‘ਚ ਭੁਚਾਲ ਦੇ ਝਟਕਿਆਂ ਨਾਲ ਲੋਕਾਂ ‘ਚ ਘਬਰਾਹਟ

ਨਵੀਂ ਦਿੱਲੀ/ਬਿਊਰੋ ਨਿਊਜ਼:
ਦਿੱਲੀ-ਐਨ. ਸੀ. ਆਰ. ਤੇ ਪੰਜਾਬ ਸਮੇਤ ਉੱਤਰੀ ਭਾਰਤ ‘ਚ ਅੱਜ ਦੁਪਹਿਰ ਸਮੇਂ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਕਾਰਨ ਲੋਕਾਂ ‘ਚ ਕੁਝ ਪਲਾਂ ਲਈ ਘਬਰਾਹਟ ਪਾਈ ਗਈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਪਰਬਤ ਇਲਾਕਾ ਇਸ ਦਾ ਕੇਂਦਰ ਰਿਹਾ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.2 ਮਾਪੀ ਗਈ। ਦਿੱਲੀ-ਐਨ.ਸੀ.ਆਰ. ਸਮੇਤ ਉੱਤਰ-ਭਾਰਤ ਦੇ ਕਈ ਇਲਾਕਿਆਂ ‘ਚ ਮੌਸਮ ਵਿਭਾਗ ਅਨੁਸਾਰ ਦੁਪਹਿਰ 12:36 ਮਿੰਟ ‘ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਿਮਾਚਲ ਅਤੇ ਜੰਮੂ-ਕਸ਼ਮੀਰ ‘ਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਕਈ ਥਾਵਾਂ ‘ਤੇ ਲੋਕ ਘਬਰਾਹਟ ‘ਚ ਘਰਾਂ ਤੋਂ ਬਾਹਰ ਨਿਕਲ ਆਏ। ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਉੱਧਰ ਉੱਤਰੀ ਅਫ਼ਗਾਨਿਸਤਾਨ ਅੱਜ ਦੁਪਹਿਰ ਸਮੇਂ ਆਏ ਜ਼ਬਰਦਸਤ ਭੁਚਾਲ ਨੇ ਲੋਕਾਂ ‘ਚ ਸਹਿਮ ਪੈਦਾ ਕਰ ਦਿੱਤਾ। ਅਫ਼ਗਾਨਿਸਤਾਨ ‘ਚ ਆਏ 6.1 ਤੀਬਰਤਾ ਦੇ ਇਸ ਭੁਚਾਲ ਨਾਲ ਪਾਕਿਸਤਾਨ ਦੇ ਕਵੇਟਾ ‘ਚ ਇਕ ਵਿਦਿਆਰਥਣ ਦੀ ਮੌਤ ਹੋਣ ਦੀ ਖ਼ਬਰ ਹੈ। ਇਨ੍ਹਾਂ ਝਟਕਿਆਂ ਨਾਲ ਇਕ ਮਕਾਨ ਅਤੇ ਸਕੂਲ ਦੀ ਇਮਾਰਤ ਢਹਿ ਗਈਆਂ ਜਿਸ ਦੇ ਹੇਠਾਂ ਆ ਕੇ ਇਕ ਵਿਦਿਆਰਥਣ ਦੀ ਮੌਤ ਹੋ ਗਈ। ਭੁਚਾਲ ਨਾਲ ਘੱਟ ਤੋਂ ਘੱਟ 11 ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਵੀ ਖ਼ਬਰਾਂ ਮਿਲੀਆਂ ਹਨ। ਸੂਤਰਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਅਫ਼ਗਾਨਿਸਤਾਨ ਦੇ ਨਾਲ ਹੀ ਪਾਕਿਸਤਾਨ ਦੇ ਬਲੋਚਿਸਤਾਨ ‘ਚ ਭੁਚਾਲ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਕਈ ਘਰਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ ਹਨ। ਇਸ ਦੇ ਨਾਲ ਹੀ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਅਫ਼ਗਾਨਿਸਤਾਨ ‘ਚ ਆਏ ਇਸ ਭੁਚਾਲ ਦੀ ਤੀਬਰਤਾ ਬਹੁਤ ਜ਼ਿਆਦਾ ਸੀ ਕਿ ਇਸ ਦੇ ਝਟਕੇ ਪੂਰੇ ਉੱਤਰ-ਭਾਰਤ ‘ਚ ਵੀ ਮਹਿਸੂਸ ਕੀਤੇ ਗਏ। ਭੁਚਾਲ ਦੇ ਜ਼ਿਆਦਾ ਝਟਕੇ ਜੰਮੂ-ਕਸ਼ਮੀਰ ‘ਚ ਮਹਿਸੂਸ ਕੀਤੇ ਗਏ। ਇਸ ਦੇ ਨਾਲ ਹੀ ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼ ‘ਚ ਵੀ ਭੁਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ।
ਸ੍ਰੀਨਗਰ ‘ਚ ਬਣ ਰਹੇ ਪੁਲ ਦਾ ਪਿੱਲਰ ਡਿੱਗਿਆ
ਜੰਮੂ-ਜੰਮੂ-ਕਸ਼ਮੀਰ ਵਿਚ ਦਿਨ ਦੇ 12:40 ਮਿੰਟ ‘ਤੇ ਤੇਜ਼ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪੂਰੇ ਜੰਮੂ-ਕਸ਼ਮੀਰ ‘ਚ ਭੁਚਾਲ ਦੇ ਤੇਜ਼ ਝਟਕਿਆਂ ਕਾਰਨ ਲੋਕ ਮਕਾਨਾਂ ਅਤੇ ਦੁਕਾਨਾਂ ਤੋਂ ਬਾਹਰ ਆ ਗਏ, ਹਰ ਪਾਸੇ ਡਰ ਦਾ ਮਾਹੌਲ ਪੈਦਾ ਹੋ ਗਿਆ। ਕਿਸੇ ਪਾਸੇ ਤੋਂ ਕੋਈ ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ ਆਈ। ਸ੍ਰੀਨਗਰ ਵਿਖੇ ਬਣ ਰਹੇ ਇਕ ਪੁਲ ਦੇ ਪਿੱਲਰ ਭੁਚਾਲ ਦੇ ਝਟਕਿਆਂ ਕਾਰਨ ਖਿਸਕ ਗਏ ਜਿਸ ਨਾਲ ਪੁਲ ਥੱਲੇ ਖੜ੍ਹੀ ਮਸ਼ੀਨ ‘ਤੇ ਪਿੱਲਰ ਡਿੱਗ ਗਏ ਤੇ ਕਰੇਨ ਮਸ਼ੀਨ ਨੂੰ ਨੁਕਸਾਨ ਹੋਇਆ।