ਪੁਲਿਸ ਵੱਲੋਂ ਸ਼ਹੀਦ ਕੀਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀਆਂ ਯਾਦਾਂ

ਪੁਲਿਸ ਵੱਲੋਂ ਸ਼ਹੀਦ ਕੀਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀਆਂ ਯਾਦਾਂ
ਜਥੇਦਾਰ ਗੁਰਦੇਵ ਸਿੰਘ ਕਾਉਂਕੇ

ਲਵਸ਼ਿੰਦਰ ਸਿੰਘ ਡੱਲੇਵਾਲ
ਅੱਜ ਸਿੱਖ ਕੌਮ ਪੂਰੀ ਤਰਾਂ ਆਗੂਹੀਣ ਹੋ ਚੁੱਕੀ ਹੈ। 1986 ਤੋਂ ਲੈ ਕੇ ਜਿਹੜੇ ਲੋਕ ਵਾਰ ਵਾਰ ਪਰਖੇ ਜਾ ਚੁੱਕੇ ਹਨ ਅਤੇ ਹਰ ਪੜਾਅ 'ਤੇ ਨਾਕਾਮ ਹੋ ਚੁੱਕੇ ਹਨ, ਸਿੱਖ ਕੌਮ ਮਜਬੂਰੀ ਵਸ ਉਹਨਾਂ 'ਤੇ ਵਾਰ-ਵਾਰ ਆਸ ਲਗਾ ਰਹੀ ਹੈ। ਜੇਕਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਗੱਲ ਕਰੀਏ ਤਾਂ ਸਿੱਖ ਕੌਮ ਨੂੰ ਅਕਾਲੀ ਫੂਲਾ ਸਿੰਘ ਜੀ ਤੋਂ ਬਾਅਦ ਲੰਬੇ ਅਰਸੇ ਮਗਰੋਂ ਭਾਈ ਗੁਰਦੇਵ ਸਿੰਘ ਜੀ ਖਾਲਸਾ ਪਿੰਡ ਕਾਉਂਕੇ ਬਤੌਰ ਜਥੇਦਾਰ ਨਸੀਬ ਹੋਏ ਜਿਹਨਾਂ ਨੇ ਵਰਤਮਾਨ ਸਮੇਂ ਵਿੱਚ ਬੰਦ-ਬੰਦ ਕਟਵਾ ਕੇ ਸ਼ਹੀਦੀ ਪਾਈ। ਕਿਸੇ ਸਰਕਾਰੀ ਜਾਂ ਗੈਰ ਸਰਕਾਰੀ ਦਬਾਅ ਨੂੰ ਕਬੂਲ ਨਹੀਂ ਕੀਤਾ। ਆਉ ਉਹਨਾਂ ਦੇ ਸ਼ਹੀਦੀ ਦਿਹਾੜੇ 'ਤੇ ਉਹਨਾਂ ਦੇ ਬਹੁਤ ਹੀ ਉੱਚੇ ਸੁੱਚੇ ਜੀਵਨ ਅਤੇ ਗੁਰਬਾਣੀ ਦੇ ਰੰਗ ਵਿੱਚ ਰੰਗੇ ਹੋਣ ਦੀਆਂ ਕੁੱਝ ਹੱਡਬੀਤੀਆਂ ਯਾਦਾਂ ਦੀ ਸਾਂਝ ਪਾਈਏ। 

ਭਾਈ ਗੁਰਦੇਵ ਸਿੰਘ ਜੀ ਦਾ ਜੱਦੀ ਪਿੰਡ ਕਾਂਉਕੇ ਜ਼ਿਲ੍ਹਾ ਲਧਿਆਣਾ ਸੀ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਮੁਖੀ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਲਿਆਂ ਦੀ ਅਗੰਮੀ ਸਖਸ਼ੀਅਤ ਦਾ ਸਾਥ ਮਾਨਣ ਦਾ ਆਪ ਜੀ ਨੂੰ  ਸੁਭਾਗ ਪ੍ਰਾਪਤ ਹੋਇਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਚੁੰਬਕੀ ਸ਼ਖਸ਼ੀਅਤ ਨੇ ਆਪ ਨੂੰ ਗੁਰਬਾਣੀ ਦੇ ਰੰਗ ਵਿੱਚ ਅਜਿਹਾ ਰੰਗ ਦਿੱਤਾ ਕਿ ਆਪ ਦੀ ਆਤਮ ਅਵਸਥਾ ਬੁਲੰਦੀਆਂ 'ਤੇ ਅੱਪੜ ਗਈ ਪਰ ਇਸ ਦੇ ਬਾਵਜੂਦ ਆਪ ਸਦਾ ਹੀ ਨਿਮਰਤਾ ਵਿੱਚ ਰਹੇ। ਹਰ ਧਰਮ ਦਾ ਸਤਿਕਾਰ ਕਰਨ ਵਾਲੇ ਅਤੇ ਜੁਲਮ ਖਿਲਾਫ ਹਿੱਕ ਡਾਹ ਕੇ ਖੜ੍ਹਨ ਵਾਲੇ ਇਸ ਧਰਮੀ ਪੁਰਸ਼ ਦਾ ਜਨਮ 1949 ਨੂੰ ਮਾਤਾ ਚੰਦ ਕੌਰ ਅਤੇ ਪਿਤਾ ਸ੍ਰ. ਗੁਰਦਿਆਲ ਸਿੰਘ ਜੀ ਘਰੇ ਹੋਇਆ। 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਹੋਏ ਸਰਬੱਤ ਖਾਲਸੇ ਵਲੋਂ ਆਪ ਜੀ ਨੂੰ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪਿਆ ਗਿਆ। ਜਥੇਦਾਰ ਬਣਦੇ ਸਾਰ ਹੀ ਆਪ ਨੇ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਅਰੰਭ ਕੀਤਾ। ਆਪ ਜੀ ਨੇ ਗੁਪਤ ਰੂਪ ਵਿੱਚ ਰਾਮਦਾਸ ਲੰਗਰ ਦੀ ਪੜਤਾਲ ਕਰਵਾਈ ਤਾਂ ਬੁਹਤ ਵੱਡਾ ਘਪਲਾ ਬੇਨਕਾਬ ਹੋਇਆ। ਲੰਗਰ ਵਿੱਚ ਵਰਤਾਈ ਜਾਣ ਵਾਲੀ ਰਸਦ ਪੇਪਰਾਂ ਵਿੱਚ ਸ਼ੋਅ ਕਰਨ ਦੇ ਮੁਕਾਬਲੇ ਕਈ ਗੁਣਾ ਘੱਟ ਨਿੱਕਲੀ। ਜਦੋਂ ਪਹਿਲੇ ਦਿਨ ਹੀ ਤਿੰਨ ਗੁਣਾ ਜਿਆਦਾ ਰਸਦ ਨਾਲ ਲੰਗਰ ਵਿੱਚ ਅਨੋਖਾ ਸੁਧਾਰ ਹੋ ਗਿਆ ਤਾਂ ਸਿੱਖ ਮਰਿਆਦਾ ਨੂੰ ਮੁੱਖ ਰੱਖਦਿਆਂ ਕੰਪਲੈਕਸ ਵਿੱਚ ਰਹਿਣ ਵਾਲੇ ਸਿਆਸੀਆਂ ਅਤੇ ਖਾੜਕੂਆਂ ਨੂੰ ਹਦਾਇਤ ਜਾਰੀ ਕੀਤੀ ਕਿ ਗੁਰੁ ਰਾਮਦਾਸ ਜੀ ਦਾ ਲੰਗਰ ਜਿਸ ਨੇ ਵੀ ਛਕਣਾ ਹੈ, ਉਸ ਨੂੰ ਲੰਗਰ ਹਾਲ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਛਕਣਾ ਪਵੇਗਾ। ਕਿਉਂ ਕਿ ਇਸ ਸਮੇਂ ਕਮਰਿਆਂ ਵਿੱਚ ਲੰਗਰ ਲਿਜਾ ਕੇ ਵਿਸ਼ੇਸ਼ ਤੜਕੇ ਲਗਾਉਣ ਦੀ ਬਹੁਤ ਭਰਮਾਰ ਸੀ, ਜਿਸ ਨਾਲ ਲੰਗਰ ਦੀ ਮਰਿਆਦਾ ਨੂੰ ਸੱਟ ਵੱਜ ਰਹੀ ਸੀ। 

ਪੁਲੀਸ ਵਲੋਂ ਗ੍ਰਿਫਤਾਰ ਕੀਤੇ ਜਾ ਰਹੇ ਸਿੰਘਾਂ ਦੀ ਪੈਰਵਾਈ ਕਰਨ ਲਈ ਆਪ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘਾਂ ਦੀਆਂ ਡਿਊਟੀਆਂ ਲਗਾਉਂਦੇ ਸਨ। ਰੋਜ਼ਾਨਾ ਨਿੱਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਪੰਝੀ ਪਾਠ ਸੁਖਮਨੀ ਸਾਹਿਬ ਅਤੇ ਇੱਕ ਸੌ ਇੱਕ ਪਾਠ ਜਪੁਜੀ ਸਾਹਿਬ ਦੇ ਆਪ ਹਰ ਰੋਜ਼ ਕਰਿਆ ਕਰਦੇ ਸਨ। 29 ਅਪਰੈਲ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਾਮਜ਼ਦ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤਾਂ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਬਰਨਾਲੇ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਸ ਭੇਜ ਦਿੱਤੀ। ਆਪ ਜੀ ਨੂੰ ਸਿੰਘਾਂ ਨੇ ਆਖਿਆ ਕਿ ਪਾਸੇ ਹੋ ਜਾਈਏ ਪਰ ਆਪ ਜੀ ਦਾ ਜਵਾਬ ਸੀ ਕਿ ਜਿਸ ਅਸਥਾਨ ਦੀ ਜਿੰਮੇਵਾਰੀ ਮੈਨੂੰ ਖਾਲਸਾ ਪੰਥ ਨੇ ਸੌਂਪੀ ਹੈ ਉਸ ਜਿੰਮੇਵਾਰੀ ਤੋਂ ਭੱਜਣ ਬਾਰੇ ਮੈਂ ਕਦੇ ਸੋਚ ਵੀ ਨਹੀਂ ਸਕਦਾ। ਖੈਰ ਅਨੇਕਾਂ ਸਿੰਘਾਂ ਸਮੇਤ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਗਿਆ। ਹਰਿਆਣਾ ਪੁਲਸ ਨੇ ਹਿਰਾਸਤ ਵਿੱਚ ਆਪ ਜੀ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਪਰ ਆਪ ਨੇ ਗੁਰਬਾਣੀ ਦੇ ਰੰਗ ਵਿੱਚ ਲੀਨ ਰਹਿੰਦਿਆਂ ਬੜੇ ਹੀ ਧੀਰਜ ਅਤੇ ਠਰੰਮੇ ਨਾਲ ਜਵਾਬ ਦਿੱਤੇ ਅਤੇ ਆਪ ਪਹਿਲੇ ਸਿੱਖ ਹੋ ਨਿੱਬੜੇ ਜਿਹਨਾਂ ਨੇ ਹਰਿਆਣੇ ਵਿੱਚ ਪੁਲੀਸ ਦੀ ਕੰਨਟੀਨ ਤੋਂ ਬਣਿਆ ਭੋਜਨ ਛਕਣ ਤੋਂ ਇਨਕਾਰ ਕਰ ਦਿੱਤਾ। ਇਸ ਕਰਕੇ ਆਪ ਵਾਸਤੇ ਹਰ ਰੋਜ਼ ਸਥਾਨਕ ਗੁਰਦਵਾਰਾ ਸਾਹਿਬ ਤੋਂ ਲੰਗਰ ਤਿਆਰ ਹੋ ਕੇ ਆਉਂਦਾ ਰਿਹਾ। ਕੁੱਝ ਦਿਨਾਂ ਮਗਰੋਂ ਆਪ ਜੀ ਨੂੰ ਜੁਡੀਸ਼ੀਅਲ ਰਿਮਾਂਡ ਤਹਿਤ ਸਕਿਉਰਟੀ ਜੇਲ੍ਹ ਸੰਗਰੂਰ ਵਿੱਚ ਤਬਦੀਲ ਕਰ ਦਿੱਤਾ। ਜਦੋਂ ਜੇਲ੍ਹ ਦੀ ਡਿਉੜੀ ਵਿੱਚ ਆਪ ਆਏ ਤਾਂ ਜੇਲ੍ਹ ਦੇ ਡਿਪਟੀ ਸੁਪਰਡੈਂਟ ਜਗਰੂਪ ਸਿੰਘ ਜੋ ਕੇ ਨਰਕਧਾਰੀ ਮੱਤ ਦਾ ਉਪਾਸ਼ਕ ਸੀ, ਉਸਨੇ ਕਿਹਾ ਕਿ ਆਪਣੀ ਗਾਤਰੇ ਵਾਲੀ ਕਿਰਪਾਨ ਉਤਾਰ ਦਿਉ, ਕਿਉਂ ਕਿ ਇਹ ਸਕਿਉਰਟੀ ਜੇਲ੍ਹ ਹੈ। ਤਾਂ ਜਥੇਦਾਰ ਜੀ ਦਾ ਜਵਾਬ ਸੀ ਕਿ ਆਪਣੇ ਆਈ.ਜੀ਼  ਨੂੰ ਪੁੱਛ ਲੈ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਜੇਲ੍ਹ ਅੰਦਰ ਵੀ ਪਹਿਨਣ ਦਾ ਹੱਕ ਰੱਖਦਾ ਹਾਂ। ਪਰ ਨਰਕਧਾਰੀ ਮੱਤ ਦਾ ਉਪਾਸ਼ਕ ਜਗਰੂਪਾ ਆਪਣੀ ਜਿ਼ੱਦ 'ਤੇ ਅੜਿਆ ਰਿਹਾ ਅਤੇ ਆਪਣੇ ਸਿਪਾਹੀਆਂ (ਜੇਲ੍ਹ ਗਾਰਡਾਂ) ਨੂੰ ਕਿਹਾ ਕਿ ਇਹਦੀ ਕਿਰਪਾਨ ਲਾਹ ਦਿਉ ਤਾਂ ਜਥੇਦਾਰ ਜੀ ਦੀ ਸਖਸ਼ੀਅਤ ਵੱਲ ਵੇਖਦਿਆਂ ਨੂੰ ਉਹ ਸਾਰੇ ਅੰਦਰੋਂ ਅੰਦਰੀ ਕੰਬ ਗਏ ਅਤੇ ਉਹਨਾਂ ਸਿਰ ਫੇਰ ਦਿੱਤੇ। ਨਰਕਧਾਰੀ ਗੁਰਬਚਨੇ ਦੇ ਚੇਲੇ ਜਗਰੂਪੇ ਨੂੰ ਗਰਕ ਹੋਣ ਲਈ ਧਰਤੀ ਵੇਹਲ ਨਹੀਂ ਸੀ ਦੇ ਰਹੀ। ਅਖੀਰ ਉਹ ਫਟਾ ਫਟ ਆਪਣੇ ਦਫਤਰ ਚੋਂ ਕੈਂਚੀ ਚੁੱਕ ਲਿਆਇਆ ਅਤੇ ਪਿਛਲੇ ਪਾਸਿਉਂ ਗਾਤਰਾ ਕੱਟ ਦਿੱਤਾ, ਉਸੇ ਵੇਲੇ ਜਥੇਦਾਰ ਜੀ ਨੇ ਵੱਟ ਕੇ ਅਜਿਹਾ ਥੱਪੜ ਜਗਰੂਪੇ ਦੇ ਜੜ੍ਹ ਦਿੱਤਾ ਕਿ ਉਹ ਦੋ ਗੇੜਾ ਖਾ ਕੇ ਮੂੰਧੇ ਮੂੰਹ ਜਾ ਡਿੱਗਿਆ। ਐਨ ਇਸੇ ਵਕਤ ਮੌਕੇ 'ਤੇ ਮੌਜੂਦ ਇੱਕ ਧਰਮੀ ਗਾਰਡ ਨੂੰ ਇਹ ਦੇਖ ਕੇ ਬੇਹੱਦ ਦੁੱਖ ਹੋਇਆ। ਉਸ ਨੇ ਦਸ ਮਿੰਟਾਂ ਵਿੱਚ ਇਹ ਖਬਰ ਇਕੱਲੀ ਇਕੱਲੀ ਬੈਰਕ ਤੱਕ ਪਹੁੰਚਾ ਦਿੱਤੀ। ਫੇਰ ਕੀ ਸੀ ? ਬੈਰਕਾਂ ਚੋਂ ਅਸੀਂ ਇੱਟਾਂ ਰੋੜੇ ਸਟੀਲ ਦੇ ਭਾਂਡੇ ਵਗੈਰਾ ਬਾਹਰ ਵਗਾਹ ਵਗਾਹ ਸੁੱਟਣੇ ਸ਼ੁਰੂ ਕਰ ਦਿੱਤੇ। ਦੋ ਦਿਨ ਅਤੇ ਦੋ ਰਾਤਾਂ ਜੇਲ੍ਹ ਵਿੱਚ ਨਾਹਰੇ ਬਾਜ਼ੀ ਕਰਦੇ ਹੋਏ ਜਗਰੂਪੇ ਨੂੰ ਲਗਾਤਾਰ ਗਾਹਲਾਂ ਕੱਢਦੇ ਰਹੇ। ਅਗਲੀ ਰਾਤ ਤੋਂ ਪਹਿਲਾਂ ਜਗਰੂਪੇ ਨੇ ਜਥੇਦਾਰ ਜੀ ਦੇ ਪੈਰਾਂ ਤੇ ਆਪਣੀ ਪੱਗ ਰੱਖ ਕੇ ਗਲਤੀ ਮੰਨ ਲਈ ਅਤੇ ਜਥੇਦਾਰ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਿੰਘਾਂ ਨੂੰ ਆਖੋ ਕਿ ਹੁਣ ਤਾਂ ਭੁੱਖ ਹੜਤਾਲ ਖਤਮ ਕਰ ਦੇਣ। ਇਸ ਵਕਤ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਮਨਬੀਰ ਸਿਘ ਚਹੇੜੂ ਅਤੇ ਮੇਜਰ ਬਲਦੇਵ ਸਿੰਘ ਘੁੰਮਣ ਵੀ ਮੌਜੂਦ ਸਨ। ਇਸ ਵਕਤ ਦਾਸ ਲਵਸਿ਼ੰਦਰ ਸਿੰਘ ਡੱਲੇਵਾਲ ਬੈਰਕ ਨੰਬਰ ਤਿੰਨ ਵਿੱਚ ਬੰਦ ਸੀ। ਜਥੇਦਾਰ ਜੀ ਦੀ ਨਿਮਰਤਾ ਵੇਖ ਉਸ ਦਿਨ ਹਰ ਇੱਕ ਨੂੰ ਅਨੋਖਾ ਅਹਿਸਾਸ ਹੋਇਆ ਕਿਉਂ ਆਪ ਜਦੋਂ ਬੈਰਕਾਂ ਵਿੱਚ ਭੁੱਖ ਹੜਤਾਲ ਖਤਮ ਕਰਵਾਉਣ ਆਏ ਤਾਂ ਹਰੇਕ ਬੈਰਕ ਦੇ ਦਰਵਾਜੇ ਤੇ ਮੱਖਾ ਟੇਕਿਆ। ਜਦੋਂ ਅਸੀਂ ਜਥੇਦਾਰ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਅਜਿਹਾ ਨਾ ਕਰੋ ਤਾਂ ਉਹਨਾਂ ਦਾ ਜਵਾਬ ਸੀ ਕਿ ਇੱਥੇ ਸਿੰਘ ਰਹਿੰਦੇ ਹਨ, ਬਾਣੀ ਪੜ੍ਹਦੇ ਹਨ, ਸਿਮਰਨ ਕਰਦੇ ਹਨ ਅਤੇ ਕੌਮ ਦੀ ਖਾਤਰ ਕੈਦ ਹਨ। ਜਦੋਂ ਜਥੇਦਾਰ ਜੀ ਸਾਡੇ ਵਾਲੀ ਬੈਰਕ ਨੰਬਰ ਤਿੰਨ ਵਿੱਚ ਆਏ ਤਾਂ ਅਸੀਂ ਬੇਨਤੀ ਕੀਤੀ ਕਿ ਤੁਸੀਂ ਸਿੱਖ ਕੌਮ ਦੀ ਸਰਵ-ਉੱਚ ਪਦਵੀ 'ਤੇ ਬਿਰਾਜਮਾਨ ਹੋ, ਇਸ ਲਈ ਪੰਜਾਬ ਦੇ ਆਈ.ਜ਼ੀ. ਜੇਲ੍ਹ ਨੂੰ ਆਪ ਜੀ ਪਾਸੋਂ ਗਲਤੀ ਮੰਨਣੀ ਚਾਹੀਦੀ ਹੈ, ਤਾਂ ਜਥੇਦਾਰ ਦਾ ਜਵਾਬ ਸੀ ਕਿ ਉਸ ਦੁਸ਼ਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ਹੁਣ ਤੁਸੀਂ ਹੋਰ ਜਿ਼ਆਦਾ ਭੁੱਖੇ ਪਿਆਸੇ ਨਾ ਰਹੋ ਅਤੇ ਪ੍ਰਸ਼ਾਦਾ ਛਕ ਲਵੋ, ਮੈਂ ਆਪਣੇ ਬੱਚਿਆਂ ਨੂੰ ਭੁੱਖੇ ਨਹੀਂ ਦੇਖ ਸਕਦਾ। ਇਸ ਨਾਲ ਜਿੰਨੀ ਹੋ ਗਈ ਬਥੇਰੀ ਹੈ। ਇਸ ਤੋਂ ਤੀਜੇ ਦਿਨ ਜਥੇਦਾਰ ਨੇ ਇਕੱਲੀ ਇਕੱਲੀ ਬੈਰਕ ਵਿੱਚ ਆ ਕੇ ਗੁਰਬਾਣੀ ਦਾ ਕੀਰਤਨ ਕੀਤਾ। ਸਾਡੀ ਬੈਰਕ ਦੇ ਬਰਾਂਡੇ ਵਿੱਚ ਦੀਵਾਨ ਲਗਾ ਕੇ "ਧੰਨਵਾਦ ਕਰੋ ਗੁਰੂ ਨਾਨਕ ਦਾ" ਇਸ ਧਾਰਨਾ 'ਤੇ ਕੀਰਤਨ ਕੀਤਾ। ਕੀਰਤਨ ਕਰਦਿਆਂ ਆਪ ਬੈਰਾਗ ਵਿੱਚ ਆ ਕੇ ਆਖਣ ਲੱਗੇ ਕਿ ਜਦੋਂ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਣ ਕਿ ਤੂੰ ਮੇਰੇ ਤਖਤ ਦਾ ਜਥੇਦਾਰ ਤਾਂ ਬਣ ਗਿਆ, ਪਰ ਤੂੰ ਇਸ ਦੇ ਯੋਗ ਸੀ? ਤਾਂ ਉਸ ਵਕਤ ਮੇਰੇ ਕੋਲ ਕੋਈ ਜਵਾਬ ਨਹੀਂ ਹੋਣਾ। ਇੰਨੀ ਨਿਮਰਤਾ ਵੇਖ ਕੇ ਮੌਜੂਦ ਸਾਰੇ ਸਿੰਘਾਂ ਦੀਆਂ ਅੱਖਾਂ ਨਮ ਹੋ ਗਈਆਂ। ਆਪ ਜੀ ਨੂੰ ਕੁੱਝ ਸਮੇਂ ਬਾਅਦ ਸਕਿਉਰਟੀ ਜੇਲ੍ਹ ਨਾਭਾ ਵਿੱਚ ਤਬਦੀਲ ਕਰ ਦਿੱਤਾ ਗਿਆ। ਜਥੇਦਾਰ ਗੁਰਦੇਵ ਸਿੰਘ ਜੀ ਇੱਥੇ ਕੁੱਝ ਦਿਨ ਅੱਠ ਚੱਕੀਆਂ ਵਿੱਚ ਰਹੇ ਜੋ ਕਿ ਜ੍ਹੇਲ ਦੀ ਡਿਉੜੀ ਦੇ ਬਿਲਕੁਲ ਨਜ਼ਦੀਕ ਹੈ। ਇੱਥੇ ਹੀ ਮੇਰਾ ਬੁਹਤ ਦੀ ਕਰੀਬੀ ਦੋਸਤ ਅਤੇ ਕਈ ਕੇਸਾਂ ਵਿੱਚ ਮੇਰਾ ਮੁਕੱਦਮੇਵਾਰ ਭਾਈ ਜਗਜੀਤ ਸਿੰਘ ਗਿੱਲ ਗੰਗਾਨਗਰ (ਰਾਜਸਥਾਨ) ਗ੍ਰਿਫਤਾਰੀ ਤੋਂ ਬਾਅਦ ਆਇਆ। ਜੋ ਕਿ ਪੁਲੀਸ ਦੇ ਅੰਨ੍ਹੇ ਤਸ਼ੱਦਦ ਕਾਰਨ ਕੰਧਾਂ ਦੇ ਆਸਰੇ ਤੁਰਦਾ ਸੀ। ਉਸ ਨੂੰ ਅੱਠ ਚੱਕੀਆਂ ਵਿੱਚ ਲਿਆ ਕੇ ਚੱਕੀ ਵਿੱਚ ਬੰਦ ਕਰ ਦਿੱਤਾ ਗਿਆ। ਜਦੋਂ ਜਥੇਦਾਰ ਸਾਹਿਬ ਪਾਠ ਕਰਕੇ ਆਪਣੀ ਚੱਕੀ ਚੋਂ ਬਾਹਰ ਨਿੱਕਲੇ ਤਾਂ ਉਹਨਾਂ ਪੁੱਛਿਆ ਕਿ ਸਾਡੀ ਬੰਦੀ ਖੁੱਲ ਗਈ ਹੈ ਪਰ ਇਸ ਸਿੰਘ ਦੀ ਬੰਦੀ ਕਿਉਂ ਨਹੀਂ ਖੋਹਲੀ ਤਾਂ ਮੌਕੇ 'ਤੇ ਮੌਜੂਦ ਸੰਤਰੀ ਨੇ ਦੱਸਿਆ ਕਿ ਇਹ ਕਪੂਰਥਲਾ ਦੀ ਜੇਲ੍ਹ ਚੋਂ ਦੋ ਸੁਰੱਖਿਆ ਗਾਰਡਾਂ ਨੂੰ ਕਤਲ ਕਰਕੇ ਭੱਜ ਗਿਆ ਸੀ, ਅਤੇ ਇਹਨੇ ਰਾਜਸਥਾਨ ਦੀ ਜੇਲ੍ਹ ਵਿੱਚ ਉਮਰ ਕੈਦ ਕੱਟ ਰਹੇ ਭਾਈ ਗੁਰਜੰਟ ਸਿੰਘ ਰਾਜਸਥਾਨੀ ਅਤੇ ਭਾਈ ਰਜਿੰਦਰ ਸਿੰਘ ਰਾਜੀ ਨੂੰ ਪੁਲੀਸ ਪਾਰਟੀ 'ਤੇ ਹਮਲਾ ਕਰਕੇ ਛੁਡਵਾ ਲਿਆ ਸੀ,  ਇਹ ਬਹੁਤ ਹੀ ਖਤਰਨਾਕ ਵਿਆਕਤੀ ਹੈ, ਇਸ ਦੀ ਬੰਦੀ ਨਹੀਂ ਖੁੱਲ੍ਹ ਸਕਦੀ। ਇਹ ਗੱਲ ਸੁਣ ਕੇ ਜਥੇਦਾਰ ਸਾਹਿਬ ਜੋ ਕਿ ਕੌਮ ਦੀ ਖਾਤਰ ਜੂਝਣ ਵਾਲੇ ਨੌਜਵਾਨਾਂ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਸਨ, ਸੰਤਰੀ ਨੂੰ ਕਹਿਣ ਲੱਗੇ ਕਿ ਜਾਹ ਆਪਣੇ ਸੁਪਰਡੈਂਟ ਨੂੰ ਆਖ ਕਿ ਜਾਂ ਤਾਂ ਇਸ ਸਿੰਘ ਦੀ ਮੇਰੇ ਵਾਂਗ ਹੀ ਬੰਦੀ ਖੋਹਲੇ ਜਾਂ ਮੈਨੂੰ ਵੀ ਇਹਦੇ ਵਾਂਗ ਹੀ ਬੰਦ ਕਰ ਦੇਵੇ। ਡਿਉੜੀ ਤੋਂ ਵਾਪਸ ਆ ਕੇ ਸੰਤਰੀ ਨੇ ਭਾਈ ਜਗਜੀਤ ਸਿੰਘ ਗਿੱਲ ਦੀ ਵੀ ਬੰਦੀ ਖੋਹਲ ਦਿੱਤੀ ਅਤੇ ਜਥੇਦਾਰ ਸਾਹਿਬ ਵਾਂਗ ਦਿਨ ਵੇਲੇ ਅਹਾਤਾ ਬੰਦੀ ਕਰ ਦਿੱਤੀ। 

ਜ਼ਨਾਨਾ ਅਹਾਤਾ ਅੱਠ ਚੱਕੀਆਂ ਦੇ ਬਿਲਕੁਲ ਨਾਲ ਸੀ ਜੋ ਕਿ ਖਾਲੀ ਸੀ ਤਾਂ ਜਥੇਦਾਰ ਨੇ ਕੁੱਝ ਦਿਨਾਂ ਬਾਅਦ ਸੁਪਰਡੈਂਟ ਨੂੰ ਕਿਹਾ ਕਿ ਮੈਨੂੰ ਜ਼ਨਾਨਾ ਅਹਾਤੇ ਵਿੱਚ ਤਬਦੀਲ ਕਰ ਦਿਉ। ਇੱਥੇ ਆਪ ਇੱਕੱਲੇ ਹੀ ਸਨ ਅਤੇ ਸਾਰੀ ਰਾਤ ਸਿਮਰਨ ਕਰਦੇ ਅਤੇ ਗੁਰਬਾਣੀ ਪੜ੍ਹਦੇ ਰਹਿੰਦੇ ਸਨ। ਇੱਕ ਸੰਤਰੀ ਨੇ ਖੁਦ ਸਾਨੂੰ ਦੱਸਿਆ ਕਿ ਉਹਨਾਂ ਦੋ ਜਣਿਆਂ ਨੇ ਸਲਾਹ ਕੀਤੀ ਕਿ ਆਪਾਂ ਦੇਖਣਾ ਹੈ ਕਿ ਜਥੇਦਾਰ ਸੌਂਦੇ ਕਦੋਂ ਹਨ? ਇਸ ਲਈ ਉਹਨਾਂ ਇੱਕ ਦਿਨ ਚੁਣ ਲਿਆ ਜਦੋਂ ਉਹਨਾਂ ਦੀ ਜ਼ਨਾਨਾ ਅਹਾਤੇ ਵਾਰੋ ਵਾਰੀ ਡਿਊਟੀ ਸੀ। ਉਸ ਨੇ ਦੱਸਿਆ ਕਿ ਅਸੀਂ ਸਾਰੀ ਰਾਤ ਉਹਨਾਂ ਨੂੰ ਜਾਗਦੇ ਹੋਏ ਹੀ ਦੇਖਿਆ। ਨਾਭਾ ਜੇਲ੍ਹ ਬਹੁਤ ਪੁਰਾਣੀ ਜੇਲ੍ਹ ਹੈ। ਜਿਸਦੇ ਵਿਚਕਾਰ ਇੱਕ ਉੱਚਾ ਟਾਵਰ ਹੈ ਜਿੱਥੋਂ ਇੱਕ ਸੰਤਰੀ (ਜੇਹਲ ਗਾਰਡ) ਇਕੱਲੀ ਇਕੱਲੀ ਬੈਰਕ ਦਾ ਨਾਮ ਲੈ ਕੇ ਆਖਦਾ ਹੈ ਕਿ (ਮਿਸਾਲ ਵਜੋਂ ਪੰਜ ਬੈਰਕ) ਬੋਲ ਭਾਈ ਸਭ ਅੱਛਾ ਹੈ? ਤਾਂ ਜਵਾਬ ਵਿੱਚ ਪੰਜ ਬੈਰਕ ਵਿੱਚ ਤਾਇਨਾਤ ਸੰਤਰੀ ਜਵਾਬ ਦਿੰਦਾ ਹੈ ਕਿ “ਸਭ ਅੱਛਾ ਹੈ”। ਅਗਰ ਮੂਹਰਿਉਂ ਝੱਟ ਪੱਟ ਜਵਾਬ ਨਾ ਆਵੇ ਤਾਂ ਸਮਝਿਆ ਜਾਂਦਾ ਹੈ ਕਿ ਕੋਈ ਗੜਬੜ ਹੈ। ਇਹ ਉਹਨਾਂ ਦੀ ਭਗਤੀ ਦਾ ਹੀ ਪ੍ਰਤਾਪ ਸੀ ਕਿ ਸਖਤ ਸੁਰੱਖਿਆ ਵਾਲੀ ਜੇਲ੍ਹ ਵਿੱਚ ਉਹਨਾਂ ਆਪਣੇ ਅਹਾਤੇ ਦੀ ਇਹ ਪੁਕਾਰ ਬੰਦ ਕਰਵਾ ਦਿੱਤੀ ਸੀ। ਉਹਨਾਂ ਕਿਹਾ ਕਿ ਮੇਰੇ ਧਿਆਨ ਵਿੱਚ ਵਿਘਨ ਪੈਂਦਾ ਹੈ, ਇਸ ਕਰਕੇ ਜ਼ਨਾਨਾ ਅਹਾਤੇ ਦੀ ਪੁਕਾਰ ਬੰਦ ਕੀਤੀ ਜਾਵੇ। ਜਿੰਨਾ ਚਿਰ ਆਪ ਨਾਭਾ ਜੇਹਲ ਵਿੱਚ ਰਹੇ ਜ਼ਨਾਨ ਅਹਾਤੇ ਦੀ ਪੁਕਾਰ ਹੀ ਨਹੀਂ ਹੋਈ । ਗੁਰਪੁਰਬ ਆ ਗਿਆ ਤਾਂ ਜਥੇਦਾਰ ਜੀ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਕਿ ਸਾਰੀ ਜੇਲ੍ਹ ਵਿੱਚ ਬੰਦ ਸਿੰਘ ਗੁਰਦਵਾਰਾ ਸਾਹਿਬ ਅਖੰਡ ਪਾਠ ਸਾਹਿਬ ਕਰਨਗੇ ਅਤੇ ਭੋਗ ਸਮੇਂ ਸਾਰੇ ਹੀ ਗੁਰਦਵਾਰਾ ਸਾਹਿਬ ਇੱਕਠੇ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਜੇਲ੍ਹ ਅਧਿਕਾਰੀ ਕਿਸੇ ਵੀ ਸੂਰਤ ਵਿੱਚ ਅਜਿਹਾ ਹੋਣ ਨਹੀਂ ਦੇਣਾ ਚਾਹੁੰਦੇ  ਸਨ। ਪਰ ਜਥੇਦਾਰ ਜੀ ਵਲੋਂ ਦਿੱਤੀ ਗਈ ਇੱਕੋ ਚਿਤਾਵਨੀ ਨੇ ਜੇਲ੍ਹ ਅਧਿਕਾਰੀਆਂ ਨੂੰ ਝੁਕਾ ਦਿੱਤਾ ਅਤੇ ਜਥੇਦਾਰ ਸਾਹਿਬ ਦੀ ਜਿੰਮੇਵਾਰੀ 'ਤੇ ਸਾਰੀ ਜੇਲ੍ਹ ਦੇ ਸਿੰਘ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਇਕੱਠੇ ਕਰ ਦਿੱਤੇ। ਜਦੋਂ ਆਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੀ ਸੇਵਾ ਨਿਭਾ ਰਹੇ ਸਨ ਤਾਂ ਆਪ ਉੱਪਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਮਾਸਟਰ ਹਰਿੰਦਰ ਸਿੰਘ ਕਾਹਲੋਂ ਅਤੇ ਪੰਜ ਮੈਂਬਰੀ ਪੰਥਕ ਕਮੇਟੀ ਦੇ ਮੈਂਬਰ ਵੱਸਣ ਸਿੰਘ ਜ਼ੱਫਰਵਾਲ ਨੇ ਪੱਖਪਾਤੀ ਹੋਣ ਦਾ ਦੋਸ਼ ਲਗਾ ਦਿੱਤਾ। ਜਥੇਦਾਰ ਜੀ ਨੇ ਕਾਹਲੋਂ ਨੂੰ ਤਲਬ ਕਰ ਲਿਆ ਤਾਂ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਉਹ ਸਾਫ ਮੁੱਕਰ ਗਿਆ ਕਿ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ, ਮੈਂ ਤੁਹਾਡਾ ਅਤੇ ਅਕਾਲ ਤਖਤ ਸਾਹਿਬ ਦਾ ਬੇਹੱਦ ਸਤਿਕਾਰ ਕਰਦਾ ਹਾਂ। ਇਹ ਤਾਂ ਐਵੇਂ ਪੱਤਰਕਾਰਾਂ ਨੇ ਅਖਾਬਾਰਾਂ ਵਿੱਚ ਲਿਖ ਦਿੱਤਾ ਹੈ, ਤਾਂ ਜਥੇਦਾਰ ਜੀ ਨੇ ਬਾਕੀ ਸਿੰਘ ਸਹਿਬਾਨਾਂ ਨਾਲ ਰਾਏ ਕਰਕੇ ਉਸ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ। ਇਸ ਵਰਤਾਰੇ ਨੂੰ ਦੇਖ ਕੇ ਅੰਮ੍ਰਿਤਸਰ ਦੇ ਪੱਤਰਕਾਰ ਬੜੇ ਖਫਾ ਹੋਏ। ਅਗਲੇ ਦਿਨ ਜ਼ੱਫਰਵਾਲ ਨੇ ਪੇਸ਼ ਹੋਣਾ ਸੀ ਤਾਂ ਪੱਤਰਕਾਰ ਰਾਤ ਸਮੇਂ ਉਹ ਪ੍ਰੈੱਸ ਨੋਟ ਜਥੇਦਾਰ ਜੀ ਨੂੰ ਦੇ ਗਏ ਜਿਹਨਾਂ 'ਤੇ ਜ਼ੱਫਰਵਾਲ ਦੇ ਬਕਾਇਦਾ ਦਸਤਖਤ ਸਨ। ਝੂਠ ਦੇ ਵਪਾਰੀ ਅਤੇ ਕੌਮੀ ਗੱਦਾਰ ਸਾਬਤ ਹੋ ਚੁੱਕੇ ਜ਼ੱਫਰਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਹਿਬਾਨ ਦੇ ਸਨਮੁੱਖ ਪੇਸ਼ ਹੁੰਦਿਆਂ ਕਾਹਲੋਂ ਵਾਲਾ ਪੈਂਤੜਾ ਵਰਤਿਆ ਕਿ ਮੈਂ ਤਾਂ ਜੀ ਤੁਹਾਡਾ ਬਹੁਤ ਸਤਿਕਾਰ ਕਰਦਾਂ ਹਾਂ ਮੈਂ ਤੁਹਾਡੇ ਖਿਲਾਫ ਕੋਈ ਬਿਆਨ ਦੇਣ ਬਾਰੇ ਸੋਚ ਵੀ ਨਹੀਂ ਸਕਦਾ। ਜਥੇਦਾਰ ਜੀ ਨੇ ਆਖਿਆ ਕਿ ਪੱਕੀ ਗੱਲ ਹੈ ਭਾਈ? ਤਾਂ ਇਸ ਮੋਮੋਠੱਗਣੇ ਜ਼ਫਰਵਾਲ ਨੇ ਅਖਿਆ ਕਿ ਜਥਦੇਾਰ ਜੀ ਬਿੱਲਕੁਲ ਪੱਕੀ ਗੱਲ ਹੈ।  ਜਥੇਦਾਰ ਸਾਹਿਬ ਨੇ ਇਸ ਦੇ ਦਸਤਖਤਾਂ ਵਾਲਾ ਪ੍ਰੈੱਸ ਨੋਟ ਇਹਦੇ ਮੂਹਰੇ ਕਰ ਦਿੱਤਾ, ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਗਿਆ ਅਤੇ ਢੀਠ ਹੋ ਕੇ ਕਹਿਣ ਲੱਗਾ ਕਿ ਜਥੇਦਾਰ ਜੀ ਗਲਤੀ ਹੋ ਗਈ। ਇਸ ਬਦਲੇ ਇਸ ਨੂੰ ਬਕਾਇਦਾ ਤਨਖਾਹ ਲਾਈ ਗਈ ਸੀ। ਅਕਾਲ ਤਖਤ ਸਾਹਿਬ 'ਤੇ ਪੰਜ ਸਿੰਘ ਸਹਿਬਾਨ ਮੂਹਰੇ ਝੂਠ ਬੋਲਣ ਵਾਲੇ ਇਸ ਜ਼ਫਰਵਾਲ ਨੇ ਪੰਜ ਮੈਂਬਰੀ ਕਮੇਟੀ ਵਿੱਚ ਬੈਠ ਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਪ੍ਰਕਰਮਾ ਵਿੱਚੋਂ ਖਾਲਿਸਤਾਨ ਦਾ ਐਲਾਨ ਕੀਤਾ ਅਤੇ ਖਾਲਿਸਤਾਨ ਕਮਾਂਡੋ ਫੋਰਸ ਨੂੰ ਜੰਗ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਦਿੱਤੀ। ਜਦੋਂ ਜਨਰਲ ਲਾਭ ਸਿੰਘ ਦੀ ਅਗਵਾਈ ਵਿੱਚ ਖਾਲਿਸਤਾਨ ਕਮਾਂਡੋ ਫੋਰਸ ਪੂਰੇ ਜੋਬਨ 'ਤੇ ਅੱਪੜ ਗਈ 'ਤੇ ਪੰਜਾਬ ਦੇ ਪੁਲਿਸ ਮੁਖੀ ਰਿਬੈਰੋ ਦੀਆਂ ਚੀਕਾਂ ਕਢਵਾ ਦਿੱਤੀਆਂ ਤਾਂ ਇਸ ਜਫਰਵਾਲ ਨੇ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਆਪਣੀ ਵੱਖਰੀ ਖਾਲਿਸਤਾਨ ਕਮਾਂਡੋ ਫੋਰਸ ਬਣਾ ਲਈ। ਕੁੱਝ ਸਮੇਂ ਬਾਅਦ ਪਾਕਿਸਤਾਨ ਜਾ ਡੇਰੇ ਲਾਏ। ਇੱਥੇ ਕਈ ਸਾਲ ਸਿੱਖ ਸੰਗਤਾਂ ਦੇ ਪੈਸੇ 'ਤੇ ਲਾਹੌਰ ਐਸ਼ ਕਰਨ ਮਗਰੋਂ ਸਵਿਟਜ਼ਰਲੈਂਡ ਦੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਨਣ ਲਈ ਉਡਾਰੀ ਮਾਰ ਗਿਆ। ਜਦੋਂ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਿੱਚ ਖੜੋਤ ਆ ਗਈ ਤਾਂ ਆਪਣਾ ਅਸਲੀ ਰੂਪ ਦਿਖਾਉਂਦਿਆਂ ਕੌਮੀ ਸ਼ਹੀਦਾਂ ਦੇ ਪਵਿੱਤਰ ਖੂਨ ਨਾਲ ਬੇਵਫਾਈ ਕਰਦਿਆਂ ਪੰਜਾਬ ਜਾ ਕੇ ਆਤਮ ਸਮਰਪਣ ਕਰ ਦਿੱਤਾ। ਖਾਲਿਸਤਾਨ ਦੇ ਨਾਮ 'ਤੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਵਾ ਕੇ ਹੱਕ ਸੱਚ ਇਨਸਾਫ ਅਤੇ ਧਰਮ 'ਤੇ ਅਧਾਰਿਤ ਖਾਲਿਸਤਾਨ ਦੇ ਸੰਘਰਸ਼ ਨੂੰ ਹੁਣ ਅੱਤਵਾਦ ਆਖ ਰਿਹਾ ਹੈ ਅਤੇ ਤੀਜੇ ਕੁ ਦਿਨ ਖਾਲਿਸਤਾਨ ਦੇ ਵਿਰੋਧ ਵਿੱਚ ਬਿਆਨ ਦਾਗਦਾ ਰਹਿੰਦਾ ਹੈ। ਅੱਜ ਇਹ ਨਾ ਘਰਦਾ ਹੈ ਅਤੇ ਨਾ ਘਾਟ ਦਾ ਹੈ। ਦੂਜਾ ਹਰਿੰਦਰ ਸਿੰਘ ਕਾਹਲੋਂ ਅਕਸਰ ਹੀ ਆਖਿਆ ਕਰਦਾ ਸੀ ਕਿ ਸਾਡੇ ਦੋਵਾਂ ਹੱਥਾਂ ਵਿੱਚ ਲੱਡੂ ਹਨ ਜੇਕਰ ਅਸੀਂ ਜਿਉਂਦੇ ਜੀਅ ਖਾਲਿਸਤਾਨ ਬਣਾਉਣ ਵਿੱਚ ਸਫਲ ਹੋ ਗਏ ਤਾਂ ਅਜ਼ਾਦੀ ਦਾ ਨਿੱਘ ਪ੍ਰਾਪਤ ਹੋਵੇਗਾ, ਜੇਕਰ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਦਾ ਨਿੱਘ ਮਾਣਾਂਗੇ, ਪਰ ਸਭ ਵਕਤੀ ਬਿਆਨਬਾਜੀ ਸਾਬਿਤ ਹੋਈ ਹੈ। 

ਜਥੇਦਾਰ ਜੀ ਨੇ ਪੂਰੇ ਪੰਜਾਬ ਵਿੱਚ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਂਦਿਆਂ ਹਜ਼ਾਰਾਂ ਸਿੱਖਾਂ ਨੂੰ ਗੁਰੂ ਦੇ ਲੜ੍ਹ ਲਗਾਇਆ। ਕਈ ਵਾਰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਜੇਲ੍ਹ ਵਿੱਚ ਬੰਦ ਕੀਤਾ ਪਰ ਕੋਈ ਵੀ ਜ਼ੁਲਮ ਉਹਨਾਂ ਨੂੰ ਅਾਪਣੇ ਅਕੀਦੇ ਤੋਂ ਥਿੜਕਾ ਨਾ ਸਕਿਆ। ਆਪ ਦੀ ਸਖਸ਼ੀਅਤ ਦਾ ਪ੍ਰਭਾਵ ਇਸ ਕਦਰ ਸੀ ਕਿ ਪਿੰਡਾਂ ਦੇ ਲੋਕ ਆਪਣੇ ਝਗੜੇ ਨਿਪਟਾਉਣ ਲਈ ਸਰਕਾਰੇ ਦਰਬਾਰੇ ਜਾਣ ਦੀ ਬਜਾਏ ਆਪ ਕੋਲ ਆਉਂਦੇ ਸਨ, ਆਪਦਾ ਹਰ ਕਦਮ ਖਾਲਿਸਤਾਨ ਦੇ ਨਿਸ਼ਾਨੇ ਨੂੰ ਸੇਧਤ ਸੀ ਭਾਵੇਂ ਕਿ ਆਪ ਜੀ ਨੇ ਖਾਲਿਸਤਾਨ ਦੀ ਜਨਤਕ ਤੌਰ 'ਤੇ ਮੰਗ ਨਹੀਂ ਸੀ ਕੀਤੀ। ਇਸ ਗੱਲ ਨੂੰ ਸਰਕਾਰ ਭਲੀ ਪ੍ਰਕਾਰ ਜਾਣਦੀ ਸੀ। ਇਸੇ ਕਰਕੇ ਜਗਰਾਉਂ ਦੇ ਤੱਤਕਲੀਨ ਪੁਲੀਸ ਮੁਖੀ ਸਵਰਨੇ ਘੋਟਨੇ ਨੇ ਆਪ ਨੂੰ ਖਤਮ ਕਰਨ ਦਾ ਤਹੱੲਈਆ ਕਰ ਲਿਆ। 25 ਦਸੰਬਰ 1992 ਨੂੰ ਜਦੋਂ ਪੱਛਮੀ ਦੇਸ਼ਾਂ ਦੇ ਲੋਕ ਕ੍ਰਿਸਮਿਸ ਦੇ ਜਸ਼ਨ ਮਨਾ ਰਹੇ ਸਨ ਤਾਂ ਪਿੰਡ ਦੇ ਲੋਕਾਂ ਦੇ ਸਾਹਮਣੇ ਭਾਈ ਸਾਹਿਬ ਨੂੰ  ਗ੍ਰਿਫਤਾਰ ਕਰ ਲਿਆ, ਇਸ ਸਮੇਂ ਆਪਦੇ ਬੋਲ ਸਨ ਕਿ ਇਸ ਵਾਰ ਪੁਲਿਸ ਆਪਣਾ ਕਾਰਾ ਕਰ ਦੇਵੇਗੀ। ਪੁਲੀਸ ਹਿਰਾਸਤ ਵਿੱਚ ਅਣਮਨੁੱਖੀ ਤਸੀਹੇ ਦਿੱਤੇ ਗਏ ਅਤੇ ਪਹਿਲੀ ਜਨਵਰੀ 1993 ਨੂੰ ਸਵੇਰਸਾਰ ਜਦੋਂ ਪੂਰੀ ਦੁਨੀਆਂ ਨਵੇਂ ਵਰ੍ਹੇ ਦੀ ਆਮਦ ਨੂੰ ਜੀ ਆਇਆਂ ਆਖਦੀ ਹੋਈ ਵਧਾਈਆਂ ਦਾ ਅਦਾਨ ਪ੍ਰਦਾਨ ਕਰ ਰਹੀ ਸੀ ਤਾਂ ਸਿੱਖ ਕੌਮ ਦੇ ਸਰਵਉੱਚ ਰਾਜਸੀ ਅਸਥਾਨ ਦੇ ਜਥੇਦਾਰ ਨੂੰ ਪੰਜਾਬ ਪੁਲਿਸ ਦੇ ਜ਼ਾਲਮ ਪੁਲਿਸ ਅਫਸਰ ਸਵਰਨੇ ਘੋਟਣੇ ਵਲੋਂ ਸ਼ਹੀਦ ਕਰ ਦਿੱਤਾ ਗਿਆ। ਜਿ਼ਕਰਯੋਗ ਹੈ ਕਿ ਇਹ ਸਵਰਨਾ ਘੋਟਣਾ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਭਰਤੀ ਹੋਇਆ ਸੀ। ਸਿੱਖਾਂ 'ਤੇ ਅਣਮਨੁੱਖੀ ਤਸ਼ੱਦਦ ਕਰਕੇ ਸਰਕਾਰ ਦੀ ਕ੍ਰਿਪਾ ਦਾ ਇਸ ਕਦਰ ਪਾਤਰ ਬਣ ਗਿਆ ਕਿ ਜਿਲ੍ਹਾ ਪੁਲਿਸ ਮੁਖੀ ਦੇ ਅਹੁਦੇ 'ਤੇ ਪੁੱਜ ਗਿਆ। ਪਹਿਲਾਂ ਇਸ ਨੂੰ ਕਪੂਰਥਲਾ ਦਾ ਐੱਸ.ਐੱਸ.ਪੀ ਲਗਾਇਆ ਗਿਆ ਅਤੇ ਬਾਅਦ ਵਿੱਚ ਜਗਰਾਉਂ ਦਾ ਇੰਚਾਰਜ ਲਗਾ ਦਿੱਤਾ ਗਿਆ। ਐੱਸ.ਪੀ ਬਣਨ ਵਾਸਤੇ ਵੀ ਆਈ.ਪੀ.ਐੱਸ ਹੋਣਾ ਜਰੂਰੀ ਹੁੰਦਾ ਹੈ ਪਰ ਸਿੱਖਾਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਗੈਰ ਕਨੂੰਨੀ ਤਰੱਕੀਆਂ ਦੇ ਕੇ ਹੋਰ ਜ਼ੁਲਮ ਕਰਨ ਲਈ ਉਤਸ਼ਾਹਤ ਕੀਤਾ ਜਾਂਦਾ ਰਿਹਾ। ਅਖਬਾਰਾਂ ਵਿੱਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਭਾਈ ਸਾਹਿਬ ਨੂੰ ਪੁਲਸ ਦੀ ਜਿਪਸੀ ਚੋਂ ਫਰਾਰ ਕਰਾਰ ਦੇ ਦਿੱਤਾ ਸੀ। ਪੁਲਸ ਹਿਰਾਸਤ ਵਿੱਚ ਅਣਮਨੁੱਖੀ ਤਸ਼ੱਦਦ ਨਾਲ ਹੋਈ ਸ਼ਹਾਦਤ ਬਾਰੇ ਪੰਥਕ ਧਿਰਾਂ ਵਲੋਂ ਜਬਰਦਸਤ ਅਵਾਜ਼ ਚੁੱਕੀ ਗਈ ਸੀ, ਜਿਸ ਕਾਰਨ ਭਾਈ ਸਾਹਿਬ ਦੀ ਹਿਰਾਸਤੀ ਮੌਤ ਦੀ ਬਕਾਇਦਾ ਜਾਂਚ ਹੋਈ, ਪਰ ਕਿਸੇ ਵੀ ਦੋਸ਼ੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਸ਼ਹੀਦ ਭਾਈ ਗੁਰਦੇਵ ਸਿੰਘ ਜੀ ਨੇ ਪੁਰਾਤਨ ਸ਼ਹੀਦ ਭਾਈ ਤਾਰੂ ਸਿੰਘ ਜੀ ਵਾਂਗ ਸਿੱਖ ਸੰਘਰਸ਼ ਦੌਰਾਨ ਜੂਝਣ ਵਾਲੇ ਯੋਧਿਆਂ ਨੂੰ ਪਿਆਰ ਦਿੱਤਾ, ਉਹਨਾਂ ਦੀ ਯੋਗ ਮੱਦਦ ਕੀਤੀ, ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਲੰਗਰ ਵਾਸਤੇ ਰਸਦ ਘੱਲਦੇ ਰਹੇ, ਸ਼ਹੀਦ ਪਰਿਾਵਾਰਾਂ ਦੀ ਯੋਗ ਮੱਦਦ ਕੀਤੀ, ਉਹਨਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਅਤੇ ਕੌਮ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਦਿੱਤਾ। ਯੁਨਾਈਟਿਡ ਖਾਲਸਾ ਦਲ ਯੂ.ਕੇ ਵਲੋਂ  ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਸਾਲਨਾ ਬਰਸੀ 'ਤੇ ਸਿਜਦਾ ਹੈ। ਅੱਜ ਇਸ ਕੌਮ ਦੇ ਸੋਚਣ ਅਤੇ ਵਿਚਾਰਨ ਵਾਸਤੇ ਸਵਾਲ ਹੈ ਕਿ ਅੱਜ ਕਲ ਗਲ ਵਿੱਚ ਜਥੇਦਾਰੀ ਦਾ  ਸਿਰੋਪਾ ਪਵਾਉਣ ਲਈ ਹਰ ਕੋਈ ਕਾਹਲਾ, ਪਰ ਕੀ ਉਹ ਇਸ ਦੇ ਯੋਗ ਹਨ??

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।