ਗੁਰਮੀਤ ਰਾਮ ਰਹੀਮ ਨੂੰ ਪੁਸ਼ਾਕ ਭੇਜਣ ਦੇ ਦੋਸ਼ਾਂ ਬਾਰੇ ਸੁਖਬੀਰ ਸਾਹਮਣੇ ਆ ਕੇ ਜਵਾਬ ਦਵੇ: ਗਿਆਨੀ ਰਘਬੀਰ ਸਿੰਘ

ਗੁਰਮੀਤ ਰਾਮ ਰਹੀਮ ਨੂੰ ਪੁਸ਼ਾਕ ਭੇਜਣ ਦੇ ਦੋਸ਼ਾਂ ਬਾਰੇ ਸੁਖਬੀਰ ਸਾਹਮਣੇ ਆ ਕੇ ਜਵਾਬ ਦਵੇ: ਗਿਆਨੀ ਰਘਬੀਰ ਸਿੰਘ
ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਨਕਲ ਕਰਨ ਮੌਕੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾ ਨੇ ਜਿਹੜੀ ਪੁਸ਼ਾਕ ਪਾਈ ਸੀ, ਉਸ ਸਬੰਧੀ ਸੁਖਬੀਰ ਸਿੰਘ ਬਾਦਲ 'ਤੇ ਦੋਸ਼ ਲੱਗ ਰਹੇ ਹਨ ਕਿ ਉਹ ਪੁਸ਼ਾਕ ਗੁਰਮੀਤ ਨੂੰ ਸੁਖਬੀਰ ਸਿੰਘ ਬਾਦਲ ਨੇ ਭੇਜੀ ਸੀ। ਇਹਨਾਂ ਲੱਗ ਰਹੇ ਦੋਸ਼ਾਂ ਬਾਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਆਪ ਅੱਗੇ ਆ ਕੇ ਇਹਨਾਂ ਦੋਸ਼ਾਂ ਦਾ ਜੁਆਬ ਦੇਣਾ ਚਾਹੀਦਾ ਹੈ। 

ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਤੇ ਸੱਚ ਸਮੁੱਚੀ ਸੰਗਤ ਦੇ ਸਾਹਮਣੇ ਆਉਣਾ ਚਾਹੀਦਾ ਹੈ, ਜਿੱਥੋਂ ਤੱਕ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਾਂ ਕਾਂਗਰਸੀ ਆਗੂਆਂ ਵੱਲੋਂ ਡੇਰਾ ਸਾਧ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਪੁਸ਼ਾਕ ਭੇਜਣ ਦੇ ਦੋਸ਼ ਲਗਾਉਣ ਦੀ ਗੱਲ ਹੈ ਤਾਂ ਇਸ ਬਾਰੇ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪੱਖ ਜਨਤਕ ਕਰਦੇ ਹੋਏ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। 

ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਵਿਖੇ ਤਲਬ ਕਰਨ ਦੀ ਮੰਗ ਬਾਰੇ ਉਨ੍ਹਾਂ ਕਿਹਾ ਜਦੋਂ ਤੱਕ ਕੋਈ ਦੋਸ਼ੀ ਨਹੀਂ ਸਿੱਧ ਹੋ ਜਾਂਦਾ ਉਦੋਂ ਤੱਕ ਕਿਸੇ ਨੂੰ ਕਿਵੇਂ ਤਲਬ ਕੀਤਾ ਜਾ ਸਕਦਾ ਹੈ।