ਕਨਿਸ਼ਕ ਹਵਾਈ ਕਾਂਡ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਸੀ : ਸਿਮਰਨਜੀਤ ਮਾਨ

ਕਨਿਸ਼ਕ ਹਵਾਈ ਕਾਂਡ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿਸ਼ ਸੀ : ਸਿਮਰਨਜੀਤ ਮਾਨ

ਫ਼ਤਹਿਗੜ੍ਹ ਸਾਹਿਬ/ਬਿਊਰੋ ਨਿਊਜ਼ :

 

23 ਜੂਨ 1985 ਨੂੰ ਹੋਏ ਕਨਿਸ਼ਕ ਹਵਾਈ ਜਹਾਜ਼ ਹਾਦਸੇ ਲਈ ਭਾਰਤੀ ਖੂਫੀਆ ਏਜੰਸੀਆਂ ਨੂੰ ਜਿੰਮੇਵਾਰ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਨੇਡਾ ਯੂਨਿਟ ਵਲੋਂ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਕ ਅਖਬਾਰੀ ਬਿਆਨ ਜਾਰੀ ਕਰਦਿਆਂ ਕਿਹਾ “ਜਦੋਂ ਕੈਨੇਡਾ ਵਿਚ 23 ਜੂਨ 1985 ਨੂੰ ਕਨਿਸ਼ਕਾ ਹਵਾਈ ਜਹਾਜ ਕਾਂਡ ਵਾਪਰਿਆ ਸੀ, ਉਸ ਸਮੇਂ ਸਿੱਖ ਕੌਮ ਦਾ ਸਿੱਖ ਰਾਜ ਖ਼ਾਲਿਸਤਾਨ ਦੀ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਲਈ ਚੱਲ ਰਿਹਾ ਸੰਘਰਸ਼ ਵੀ ਪੂਰਨ ਸਿੱਖਰਾਂ ਤੇ ਸੀ । ਇੰਡੀਆਂ ਦੀਆਂ ਖੂਫੀਆ ਏਜੰਸੀਆ ਆਈ.ਬੀ ਅਤੇ ਰਾਅ ਵੱਲੋਂ ਸਿੱਖ ਕੌਮ ਦੇ ਚੱਲ ਰਹੇ ਸੰਘਰਸ਼ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਹਿੱਤ ਹੀ ਕਨਿਸ਼ਕਾ ਹਵਾਈ ਕਾਂਡ ਕਰਵਾਉਣ ਦੀ ਸਾਜਿ਼ਸ਼ ਰਚੀ ਗਈ ਸੀ , ਤਾਂ ਕਿ ਇਸ ਵੱਡੀ ਦੁੱਖਦਾਇਕ ਘਟਨਾ ਨੂੰ ਸਿੱਖ ਕੌਮ ਉਪਰ ਥੋਪ ਕੇ ਖ਼ਾਲਿਸਤਾਨ ਦੇ ਚੱਲ ਰਹੇ ਸੰਘਰਸ਼ ਨੂੰ ਸੱਟ ਮਾਰੀ ਜਾ ਸਕੇ ਅਤੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਸਕੇ

ਉਨ੍ਹਾਂ ਕਿਹਾ ਕਿ ਜੋ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਪ੍ਰਧਾਨ ਈਸਟ ਕੈਨੇਡਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਜੋ ਕੈਨੇਡਾ ਦੇ ਸਮੁੱਚੇ ਯੂਨਿਟਾਂ ਵਿਚ ਅਫ਼ਸੋਸ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹ ਸਿੱਖ ਕੌਮ ਨੂੰ ਇੰਡੀਅਨ ਖੂਫੀਆ ਏਜੰਸੀਆ ਵੱਲੋਂ ਕੀਤੀ ਗਈ ਸਾਜਿ਼ਸ਼ ਤੋਂ ਸਰੂਖਰ ਕਰਨ ਅਤੇ ਇਸ ਵਿਚ ਸਿੱਖ ਕੌਮ ਦੀ ਕਿਸੇ ਤਰ੍ਹਾਂ ਦੀ ਵੀ ਸ਼ਮੂਲੀਅਤ ਨਾ ਹੋਣ ਨੂੰ ਪ੍ਰਤੱਖ ਕਰਨ ਲਈ ਅਤੇ ਉਨ੍ਹਾਂ 329 ਜਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਨਾਇਆ ਜਾ ਰਿਹਾ ਹੈ । ਇਹ ਬਿਲਕੁਲ ਦਰੁਸਤ ਅਤੇ ਸਲਾਹੁਣਯੋਗ ਉਦਮ ਹੈ । ਉਨ੍ਹਾਂ ਕਿਹਾ ਕਿ ਇੰਡੀਆ ਦੀਆਂ ਖੂਫੀਆ ਏਜੰਸੀਆ ਦੀ ਸਾਜਿ਼ਸ ਉਸ ਵੇਲੇ ਪ੍ਰਤੱਖ ਹੋ ਜਾਂਦੀ ਹੈ ਕਿ ਜਦੋਂ ਇਹ ਕਨਿਸ਼ਕ ਹਵਾਈ ਜਹਾਜ਼ ਨੇ ਕੈਨੇਡਾ ਦੀ ਧਰਤੀ ਤੋਂ ਉਡਾਣ ਭਰਨੀ ਸੀ ਤਾਂ ਇਸ ਉਡਾਣ ਵਿਚ ਓਟਾਵਾ ਅਤੇ ਟਰਾਟੋਂ ਦੇ ਇੰਡੀਆਂ ਦੇ ਦੋ ਉੱਚ ਦਰਜੇ ਦੇ ਹਾਈ ਕਮਿਸ਼ਨਰਾਂ ਨੇ ਵੀ ਇੰਡੀਆ ਆਉਣਾ ਸੀ । ਲੇਕਿਨ ਆਖਰੀ ਸਮੇਂ ਤੇ ਉਪਰੋਕਤ ਦੋਵੇ ਇੰਡੀਆਂ ਦੇ ਹਾਈ ਕਮਿਸ਼ਨਰਾਂ ਨੇ ਆਪਣੀਆ ਟਿਕਟਾਂ ਇਸ ਲਈ ਰੱਦ ਕਰਵਾ ਲਈਆ ਸਨ ਕਿਉਂਕਿ ਇਨ੍ਹਾਂ ਨੂੰ ਜਾਣਕਾਰੀ ਸੀ ਕਿ ਇਸ ਜਹਾਜ਼ ‘ਚ ਉਡਾਣ ਭਰਨ ਉਪਰੰਤ ਵਿਸਫੋਟ ਹੋਣਾ ਹੈ । ਦੂਸਰਾ ਕੈਨੇਡਾ ਦੀ ਹਕੂਮਤ ਨੇ ਕੈਨੇਡਾ ਵਿਚ ਸਥਿਤ ਦੋ ਇੰਡੀਅਨ ਇੰਨਟੈਲੀਜੈਸ ਅਫ਼ਸਰਾਂ ਨੂੰ ਬਰਖਾਸਤ ਕਰ ਦਿੱਤਾ ਸੀ, ਜਦੋਂਕਿ ਕੈਨੇਡਾ ਵਿਚ ਅੱਜ ਤੱਕ ਅਜਿਹਾ ਪਹਿਲਾ ਕਦੇ ਨਹੀਂ ਸੀ ਹੋਇਆ, ਕਿਉਂਕਿ ਇਨ੍ਹਾਂ ਇੰਨਟੈਲੀਜੈਸ ਅਫ਼ਸਰਾਂ ਦੀ ਕਨਿਸ਼ਕ ਕਾਂਡ ਵਿਚ ਭੂਮਿਕਾ ਸ਼ੱਕ ਦੇ ਘੇਰੇ ਵਿਚ ਸੀ ।

ਸ. ਮਾਨ ਨੇ ਇਸ ਸਾਜਿ਼ਸ਼ ਦੀ ਸਾਰੇ ਪਹਿਲੂਆਂ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸ. ਤਲਵਿੰਦਰ ਸਿੰਘ ਪਰਮਾਰ ਉਤੇ ਇੰਡੀਆਂ ਦੀਆਂ ਖੂਫੀਆ ਏਜੰਸੀਆ ਨੇ ਕਨਿਸ਼ਕ ਕਾਂਡ ਕਰਨ ਦਾ ਦੋਸ਼ ਇਸ ਕਰਕੇ ਲਗਾਇਆ ਸੀ ਕਿ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰਕੇ ਖ਼ਾਲਿਸਤਾਨੀ ਲਹਿਰ ਨੂੰ ਸੱਟ ਮਾਰੀ ਜਾ ਸਕੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬਾਅਦ ਵਿਚ ਸ. ਪਰਮਾਰ ਨੂੰ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਕੇ.ਪੀ.ਐਸ. ਗਿੱਲ ਨੇ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂਕਿ ਉਸ ਵਕਤ ਹੀ ਕਨਿਸ਼ਕ ਕਾਂਡ ਦੀ ਜਾਂਚ ਕੈਨੇਡਾ ਦੇ ਮੇਜਰ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ । ਜਦੋਂ ਸ. ਪਰਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਤਾਂ ਕਨਿਸ਼ਕ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਹਿੱਤ ਅਤੇ ਉਪਰੋਕਤ ਜਾਂਚ ਨੂੰ ਸਹੀ ਦਿਸ਼ਾ ਵੱਲ ਲਿਜਾਣ ਹਿੱਤ ਇੰਡੀਆਂ ਹਕੂਮਤ ਦਾ ਇਹ ਫਰਜ਼ ਬਣਦਾ ਸੀ ਕਿ ਸ. ਪਰਮਾਰ ਨੂੰ ਹਵਾਲਗੀ ਸੰਧੀ ਰਾਹੀ ਕੈਨੇਡਾ ਦੇ ਹਵਾਲੇ ਕੀਤਾ ਜਾਂਦਾ ਅਤੇ ਮੇਜਰ ਜਾਂਚ ਕਮਿਸ਼ਨ ਉਸ ਨੂੰ ਜਾਂਚ ਵਿਚ ਸ਼ਾਮਿਲ ਕਰਦਾ ਪਰ ਦੁੱਖ ਅਤੇ ਅਫ਼ਸੋਸ ਹੈ ਕਿ ਇੰਡੀਆ ਦੇ ਸਾਜਿ਼ਸ਼ਕਾਰੀਆ ਨੇ ਸ. ਪਰਮਾਰ ਨੂੰ ਇਸ ਲਈ ਕਤਲ ਕਰ ਦਿੱਤਾ ਕਿ ਕਨਿਸ਼ਕ ਕਾਂਡ ਦੀ ਇੰਡੀਆ ਦੀ ਖੂਫੀਆ ਏਜੰਸੀਆ ਦੀ ਸਾਜਿ਼ਸ਼ ਤੋਂ ਪਰਦਾ ਨਾ ਉੱਠ ਸਕੇ ।