ਹਨੇਰੇ ਅਨਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ‘ਰੌਸ਼ਨਰੂਹ’

ਹਨੇਰੇ ਅਨਸਰਾਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋਈ ‘ਰੌਸ਼ਨਰੂਹ’

ਚੀਫ ਖਾਲਸਾ ਦੀਵਾਨ ਦੇ ਅਹੁਦਿਓਂ ਲਾਹੇ ਪ੍ਰਧਾਨ ਦੇ ਪੁੱਤਰ 
ਇੰਦਰਪ੍ਰੀਤ ਸਿੰਘ ਚੱਢਾ ਨੇ ਬਦਨਾਮੀ ਡਰੋਂ ਖ਼ੁਦਕੁਸ਼ੀ ਕੀਤੀ
ਅੰਮ੍ਰਿਤਸਰ/ਬਿਊਰੋ ਨਿਊਜ਼
ਇਤਰਾਜ਼ਯੋਗ ਵੀਡੀਓ ਮਾਮਲੇ ਵਿੱਚ ਘਿਰੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਬੇਵਜ੍ਹਾ ਹੋਈ ਬਦਨਾਮੀ ਤੋਂ ਨਿਰਾਸ਼ ਹੋ ਕੇ ਲੰਘੇ ਬੁੱਧਵਾਰ (3 ਜਨਵਰੀ) ਨੂੰ ਆਪਣੇ ਲਾਇਸੈਂਸੀ ਹਥਿਆਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ।
ਪ੍ਰਾਪਤ ਵੇਰਵਿਆਂ ਅਨੁਸਾਰ ਇੰਦਰਪ੍ਰੀਤ ਸਿੰਘ ਚੱਢਾ ਦਾ ਇਸ ਵੀਡੀਓ ਨਾਲ ਕੋਈ ਸਬੰਧ ਨਹੀਂ ਸੀ। ਸਾਰੀ ਘਟਨਾ ਉਸਦੇ ਪਿਓ ਨਾਲ ਸਬੰਧਿਤ ਦੱਸੀ ਜਾਂਦੀ। ਪਰ ਚੰਡੀਗੜ੍ਹ ‘ਚ ਉੱਘੇ ਸਮਾਜ ਸੇਵੀ ਵਜੋਂ ਜਾਣਿਆ ਜਾਂਦਾ ਇਹ ਸਖ਼ਸ਼ ਬਲਾਤਕਾਰ ਦੀ ਅਖੌਤੀ ਸਾਜ਼ਿਸ਼ ਦੇ ਘਿਣਾਉਣੇ ਘਟਨਾਚੱਕਰ ਦਾ ਸ਼ਿਕਾਰ ਹੋ ਗਿਆ। ਦਾਜ ਅਤੇ ਬਲਾਤਕਾਰ ਵਰਗੀਆਂ ਸਮਾਜਿਕ ਬੁਰਾਈਆਂ ਦੀ ਆੜ ‘ਚ ਸਿਆਸੀ ਤੇ ਆਰਥਿਕ ਲਾਹਾ ਲੈਣ ਵਾਲੇ ਹਨੇਰੇ ਅਨਸਰਾਂ ਵਲੋਂ ਵਿਛਾਏ ਜਾਲ ਵਲੋਂ ਇੱਕ ਰੌਸ਼ਨ ਰੂਹ ਨੂੰ ਖੁਦਕੁਸ਼ੀ ਕਰਨ ਲਈ ਮਜਬੂਤ ਕਰਨ ਦੀ ਇਹ ਦੁਖਦਾਈ ਘਟਨਾ ਇਸ ਸਾਰੇ ਮਾਮਲੇ ਪਿਛਲੀ ਸੱਚਾਈ ਸਬੰਧੀ ਗੰਭੀਰ ਸਵਾਲ ਖੜ੍ਹੇ ਕਰ ਗਈ ਹੈ।
ਸੀਨੀਅਰ ਪੁਲੀਸ ਅਧਿਕਾਰੀ ਨੇ ਘਟਨਾ ਸਥਾਨ ‘ਤੇ ਪੁੱਜ ਕੇ ਕੀਤੀ ਬਾਅਦ ਡਿਪਟੀ ਕਮਿਸ਼ਨਰ ਪੁਲੀਸ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਚੱਢਾ ਨੇ ਬਾਅਦ ਦੁਪਹਿਰ 2:00 ਵਜੇ ਆਪਣੀ ਫਾਰਚੂਨਰ ਗੱਡੀ ਵਿੱਚ ਆਪਣੇ ਸਿਰ ‘ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕੀਤੀ । ਇੰਦਰਪ੍ਰੀਤ ਸਿੰਘ ਨੇ ਇਕ ਲੰਮਾ ਖ਼ੁਦਕੁਸ਼ੀ ਨੋਟ ਛੱਡਿਆ ਹੈ ਪਰ ਪੁਲੀਸ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ।
ਜਾਣਕਾਰੀ ਅਨੁਸਾਰ ਇੰਦਰਪ੍ਰੀਤ ਸਿੰਘ ਆਪਣੇ ਡਰਾਈਵਰ ਰਾਜ ਕੁਮਾਰ ਨਾਲ ਅਜਨਾਲਾ ਰੋਡ ‘ਤੇ ਕਿਸੇ ਡਾਕਟਰ ਨੂੰ ਮਿਲਣ ਗਿਆ ਸੀ। ਉਥੇ ਪਹੁੰਚ ਕੇ ਉਸ ਨੇ ਡਰਾਈਵਰ ਨੂੰ ਕਿਹਾ ਕਿ ਉਹ ਪਤਾ ਕਰਕੇ ਆਵੇ ਕਿ ਡਾਕਟਰ ਹੈ ਜਾਂ ਨਹੀਂ। ਪਰ ਡਾਕਟਰ ਘਰ ਨਹੀਂ ਸੀ। ਇਸੇ ਦੌਰਾਨ ਇੰਦਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਡਰਾਈਵਰ ਉਸ ਨੂੰ ਨੇੜਲੇ ਪ੍ਰਾਈਵੇਟ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਦਰਪ੍ਰੀਤ ਸਿੰਘ ਚੱਢਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸਾਬਕਾ ਮੀਤ ਪ੍ਰਧਾਨ ਸਨ। ਸਕੂਲ ਪ੍ਰਿੰਸੀਪਲ ਵੱਲੋਂ ਚਾਰ ਦਿਨ ਪਹਿਲਾਂ ਉਸ ਦੇ ਪਿਤਾ ਖ਼ਿਲਾਫ਼ ਦਰਜ ਕਰਾਏ ਕੇਸ ਵਿੱਚ ਉਸ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇੰਦਰਪ੍ਰੀਤ ‘ਤੇ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਚਰਨਜੀਤ ਸਿੰਘ ਚੱਢਾ ਦੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਬਾਅਦ ਸਕੂਲ ਪ੍ਰਿੰਸੀਪਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਸੀ। ਇਸ ਘਟਨਾਕ੍ਰਮ ਬਾਅਦ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚਰਨਜੀਤ ਚੱਢਾ ਅਤੇ ਇੰਦਰਪ੍ਰੀਤ ਚੱਢਾ ਨੂੰ ਅਹੁਦਿਆਂ ਤੋਂ ਹਟਾ ਦਿੱਤਾ ਸੀ ਅਤੇ  ਉਨ੍ਹਾਂ ਦੀ ਸੁਸਾਇਟੀ ਦੀ ਮੈਂਬਰਸ਼ਿਪ ਵੀ ਖ਼ਤਮ ਕਰ ਦਿੱਤੀ ਸੀ।
ਇੰਦਰਪ੍ਰੀਤ ਸਿੰਘ ਨੂੰ ਸਥਾਨਕ ਅਦਾਲਤ ਵੱਲੋਂ ਇਸ ਆਧਾਰ ‘ਤੇ ਜ਼ਮਾਨਤ ਦਿੱਤੀ ਗਈ ਸੀ ਕਿ ਉਹ ਪੁਲੀਸ ਵੱਲੋਂ ਕੀਤੀ ਜਾਣ ਵਾਲੀ ਪੜਤਾਲ ਵਿੱਚ ਪੂਰਾ ਸਹਿਯੋਗ ਦੇਵੇਗਾ। ਪੁਲੀਸ ਕਮਿਸ਼ਨਰ ਵੱਲੋਂ ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਬਣਾਈ ਜਾਂਚ ਕਮੇਟੀ ਅੱਗੇ ਉਹ ਪੇਸ਼ ਹੋਇਆ ਸੀ। ਉਸ ਨੇ ਜਾਂਚ ਟੀਮ ਨੂੰ ਦੱਸਿਆ ਸੀ ਕਿ ਉਸ ਦਾ ਆਪਣੇ ਪਿਤਾ ਦੀ ਵੀਡੀਓ ਕਲਿੱਪ ਤੇ ਫੋਨ ਕਾਲਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਉਸ ਨੂੰ ਇਸ ਮਾਮਲੇ ਵਿੱਚ ਨਾਜਾਇਜ਼ ਫਸਾਇਆ ਜਾ ਰਿਹਾ ਹੈ। ਚੱਢਾ ਪਰਿਵਾਰ ਦੇ ਨੇੜਲਿਆਂ ਨੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਨੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਬਾਅਦ ਆਪਣੇ ਪਿਤਾ ਨੂੰ ਕਿਹਾ ਸੀ ਕਿ ਉਹ ਚੀਫ ਖਾਲਸਾ ਦੀਵਾਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਵੇ। ਉਨ੍ਹਾਂ ਕਿਹਾ ਕਿ ਇੰਦਰਪ੍ਰੀਤ ਸਿੰਘ ਕਿਸੇ ਹੋਰ ਗੱਲੋਂ ਤਣਾਅ ਵਿੱਚ ਸੀ।

ਇਕ ਚਿੱਠੀ ਆਈ ਸਾਹਮਣੇ
ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਆਪਣੇ ਇਕ ਮਿੱਤਰ ਪੀਟਰ ਨੂੰ ਲਿਖਿਆ ਸ਼ੁਕਰਵਾਰ ਨੂੰ ਸਾਹਮਣੇ ਆਇਆ। ਦੋ ਸਫ਼ਿਆਂ ਦੇ ਪੱਤਰ ਵਿੱਚ ਚੱਢਾ ਨੇ ਆਪਣੇ ਮਿੱਤਰ ਨੂੰ ਲਿਖਿਆ ਕਿ ਉਸ ਦੀ ਵਾਪਸੀ ਦਾ ਸਮਾਂ ਆ ਗਿਆ ਹੈ। ਕੁਝ ਲੋਕਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਦੇ ਸਨਮਾਨ ਨੂੰ ਲੁੱਟ ਲਿਆ ਹੈ। ਇਨ੍ਹਾਂ ਲੋਕਾਂ ਵਿੱਚ ਉਸ ਦਾ ਭਰਾ ਵੀ ਸ਼ਾਮਲ ਹੈ। ਇਸ ਪੱਤਰ ਵਿੱਚ ਵੀ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਖ਼ਿਲਾਫ਼ ਕੇਸ ਵੀ ਦਰਜ ਹੋ ਚੁੱਕਾ ਹੈ। ਉਸ ਨੇ ਆਪਣੇ ਦੋਸਤ ਨੂੰ ਕਿਹਾ ਕਿ ਉਹ ਉਸ ਨੂੰ ਇਨਸਾਫ਼ ਦਿਵਾਏ ਅਤੇ ਮਗਰੋਂ ਉਸ ਦੇ ਪਰਿਵਾਰ ਨੂੰ ਬਚਾਉਣ ਲਈ ਮਦਦ ਕਰੇ।

ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਸਬੰਧੀ 
11 ਵਿਅਕਤੀਆਂ ਵਿਰੁਧ ਪੁਲੀਸ  ਕੇਸ ਦਰਜ
ਅੰਮ੍ਰਿਤਸਰ/ਬਿਊਰੋ ਨਿਊਜ਼:
ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਨੇ ਦੋ ਔਰਤਾਂ ਸਮੇਤ 11 ਵਿਅਕਤੀਆਂ ਨੂੰ  ਨਾਮਜ਼ਦ ਕੀਤਾ ਹੈ। ਇਨ੍ਹਾਂ ਦੋ ਔਰਤਾਂ ਵਿੱਚ ਇਤਰਾਜ਼ਯੋਗ ਵੀਡਿਓ ਮਾਮਲੇ ਵਿੱਚ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਇੰਦਰਪ੍ਰੀਤ ਸਿੰਘ ਚੱਢਾ ਖ਼ਿਲਾਫ਼ ਕੇਸ ਦਰਜ ਕਰਵਾਉਣ ਵਾਲੀ ਔਰਤ ਵੀ ਸ਼ਾਮਲ ਹੈ।
ਜਾਣਕਾਰੀ ਮੁਤਾਬਕ ਪੁਲੀਸ ਕੇਸ ਮ੍ਰਿਤਕ ਦੇ ਬੇਟੇ ਪ੍ਰਭਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 306 ਤੇ 120 ਬੀ ਤਹਿਤ  ਦਰਜ ਕੀਤਾ ਗਿਆ ਹੈ। ਨਾਮਜ਼ਦ ਮੁਲਜ਼ਮਾਂ ਵਿੱਚ ਸੁਰਜੀਤ ਸਿੰਘ, ਉਮਤ, ਕੁਲਜੀਤ ਕੌਰ, ਮਾਨਿਆ, ਦਵਿੰਦਰ ਸੰਧੂ (ਡਬਲਯੂ ਡਬਲਯੂ ਆਈ ਸੀ ਐਸ), ਇੰਦਰਪ੍ਰੀਤ ਸਿੰਘ ਅਨੰਦ, ਗੁਰਸੇਵਕ ਸਿੰਘ, ਹਰੀ ਸਿੰਘ ਸੰਧੂ, ਭਾਗ ਸਿੰਘ ਅਣਖੀ, ਨਿਰਮਲ ਸਿੰਘ ਅਤੇ ਰਵਿੰਦਰ ਕੌਰ ਸ਼ਾਮਲ ਹਨ। ਆਪਣੀ ਸ਼ਿਕਾਇਤ ਵਿੱਚ ਪ੍ਰਭਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਦੋ ਵਜੇ ਉਸ ਦੀ ਮਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਸ ਦੇ ਪਿਤਾ ਨਾਲ ਕੋਈ ਮੰਦਭਾਗੀ ਘਟਨਾ ਵਾਪਰ ਗਈ ਹੈ ਅਤੇ ਉਹ ਏਅਰਪੋਰਟ ਰੋਡ ‘ਤੇ ਇੱਕ ਹਸਪਤਾਲ ਵਿੱਚ ਹਨ। ਉਸ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਦੀ ਮੌਤ ਲਈ ਨਾਮਜ਼ਦ ਕੀਤੇ ਵਿਅਕਤੀ ਹੀ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਕੁਝ ਹੋਰ ਵਿਅਕਤੀ ਵੀ ਹਨ, ਜਿਨ੍ਹਾਂ ਆਪਸ ਵਿੱਚ ਰਲ ਕੇ ਸਾਜਿਸ਼ ਕੀਤੀ ਹੈ ਅਤੇ ਅਜਿਹੇ ਹਾਲਾਤ ਬਣਾਏ ਕਿ ਉਸ ਦੇ ਪਿਤਾ ਖ਼ਿਲਾਫ਼ ਝੂਠਾ ਕੇਸ ਦਰਜ ਹੋਇਆ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਸਾਰਿਆਂ ਨੇ ਹੀ ਉਨ੍ਹਾਂ ਨੂੰ ਮਰਨ ਲਈ ਮਜਬੂਰ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲੀਸ ਵੱਲੋਂ ਇਹ ਕੇਸ ਇੰਦਰਪ੍ਰੀਤ ਸਿੰਘ ਚੱਢਾ ਦੇ ਖ਼ੁਦਕੁਸ਼ੀ ਪੱਤਰਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ, ਜਿਸ ਵਿੱਚ ਨਾਮਜ਼ਦ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਹਨ। ਨਾਮਜ਼ਦ ਵਿਅਕਤੀਆਂ ਵਿੱਚ ਤਿੰਨ ਵਿਅਕਤੀ ਵਿੱਚ ਭਾਗ ਸਿੰਘ ਅਣਖੀ, ਨਿਰਮਲ ਸਿੰਘ ਤੇ ਹਰੀ ਸਿੰਘ ਚੀਫ਼ ਖ਼ਾਲਸਾ ਦੀਵਾਨ ਨਾਲ ਜੁੜੇ ਹੋਏ ਹਨ।

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਨਹੀਂ ਕੀਤੀ ਕੋਈ ਕਾਰਵਾਈ
ਅੰਮ੍ਰਿਤਸਰ/ਬਿਊਰੋ ਨਿਊਜ਼:
ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ 11 ਵਿਅਕਤੀਆਂ ‘ਚੋਂ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇੰਦਰਪ੍ਰੀਤ ਸਿੰਘ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਉਸ ਦੇ ਬੇਟੇ ਦੇ ਬਿਆਨਾਂ ‘ਤੇ ਦਰਜ ਕੀਤੇ ਕੇਸ ਵਿੱਚ 11 ਵਿਅਕਤੀਆਂ ਨਾਮਜ਼ਦ ਕੀਤੇ ਗਏ ਸਨ, ਜਿਸ ਵਿੱਚ ਇਤਰਾਜ਼ਯੋਗ ਵੀਡਿਓ ਵਿਚਲੀ ਔਰਤ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਚੀਫ਼ ਖਾਲਸਾ ਦੀਵਾਨ ਨਾਲ ਜੁੜੇ 3 ਆਗੂ ਵੀ ਸ਼ਾਮਲ ਹਨ। ਇਹ ਵਿਅਕਤੀ ਰੂਪੋਸ਼ ਹੋ ਗਏ ਹਨ ਤੇ ਆਪੋ-ਆਪਣੀ ਜ਼ਮਾਨਤ ਲਈ ਚਾਰਾਜੋਈ ਕਰ ਰਹੇ ਹਨ। ਦੂਜੇ ਪਾਸੇ, ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਨੇ ਮਾਮਲੇ ਦੀ ਜਾਂਚ ਲਈ ਆਈਜੀ (ਕ੍ਰਾਈਮ) ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਪੁਲੀਸ ਵੱਲੋਂ ਇੰਦਰਪ੍ਰੀਤ ਸਿੰਘ ਚੱਢਾ ਦੇ ਖ਼ੁਦਕੁਸ਼ੀ ਪੱਤਰਾਂ ਦੀ ਫੌਰੈਂਸਿਕ ਜਾਂਚ ਕਰਾਈ ਜਾ ਰਹੀ ਹੈ। ਇਸ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਦੱਸਿਆ ਕਿ ਇੰਦਰਪ੍ਰੀਤ ਚੱਢਾ ਵੱਲੋਂ ਖ਼ੁਦਕੁਸ਼ੀ ਕਰਨ ਦੀ ਮੰਦਭਾਗੀ ਘਟਨਾ ਮਗਰੋਂ ਚੀਫ਼ ਖਾਲਸਾ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਅਤੇ ਜਨਰਲ ਹਾਊਸ ਦੀ ਮੀਟਿੰਗ ਫਿਲਹਾਲ ਰੱਦ ਕਰ ਦਿੱਤੀ ਗਈ ਹੈ।
ਕਾਰਜਸਾਧਕ ਕਮੇਟੀ ਦੀ ਮੀਟਿੰਗ 10 ਜਨਵਰੀ ਅਤੇ ਜਨਰਲ ਹਾਊਸ ਦੀ ਮੀਟਿੰਗ 21 ਜਨਵਰੀ  ਨੂੰ ਸੱਦੀ ਗਈ ਸੀ। ਇਨ੍ਹਾਂ ਦੋਵਾਂ ਮੀਟਿੰਗਾਂ ਵਿੱਚ ਚੀਫ਼ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਵੱਲੋਂ ਚਰਨਜੀਤ ਚੱਢਾ ਨੂੰ ਪ੍ਰਧਾਨ ਦੇ ਅਹੁਦੇ ਅਤੇ ਇੰਦਰਪ੍ਰੀਤ ਚੱਢਾ ਨੂੰ ਮੀਤ ਪ੍ਰਧਾਨ ਦੇ ਅਹੁਦੇ ਸਮੇਤ ਹੋਰ ਅਹੁਦਿਆਂ ਅਤੇ ਚੀਫ਼ ਖਾਲਸਾ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਬਾਰੇ ਕਾਰਵਾਈ ਹੋਣੀ ਸੀ।

ਦੁਨੀਆਂ ਤੋਂ ਵਿਦਾ ਹੋਣ ਤੋਂ ਪਹਿਲਾਂ ਇੰਦਰਪ੍ਰੀਤ ਸਿੰਘ ਵਲੋਂ  
ਇਨਸਾਫ਼ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ
ਅੰਮ੍ਰਿਤਸਰ/ਬਿਊਰੋ ਨਿਊਜ਼:
ਖੁਦਕੁਸ਼ੀ ਕਰਨ ਵਾਲੇ ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਦੋ ਪੱਤਰ ਲਿਖੇ ਗਏ ਸਨ, ਜਿਨ੍ਹਾਂ ‘ਚ ਉਸ ਨੇ ਆਪਣੇ ਪਿਤਾ ਅਤੇ ਉਸ ਨੂੰ ਬਦਨਾਮ ਕਰਨ ਪਿੱਛੇ ਡੂੰਘੀ ਸਾਜ਼ਿਸ਼ ਰਚੇ ਜਾਣ ਦੀ ਗੱਲ ਕਹੀ ਹੈ।
ਇਹ ਦੋਵੇਂ ਪੱਤਰ ਪੁਲੀਸ ਨੂੰ ਇੰਦਰਪ੍ਰੀਤ ਸਿੰਘ ਚੱਢਾ ਦੀ ਕਾਰ ਵਿੱਚੋਂ ਪ੍ਰਾਪਤ ਹੋਏ ਹਨ। ਇਕ ਉਚ ਪੁਲੀਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਪੱਤਰ ਉਸ ਦੇ ਬੈਗ ਵਿੱਚ ਸਨ। ਵਿਸ਼ਵ ਦੇ ਨਾਂ ਲਿਖਿਆ ਪੱਤਰ (ਟੂ ਦਿ ਵਰਲਡ) 14 ਸਫਿਆਂ ਦਾ ਹੈ, ਜਿਸ ਉਪਰ ਉਸ ਦੇ ਦਸਤਖ਼ਤ ਨਹੀਂ ਹਨ, ਜਦਕਿ ਮੁੱਖ ਮੰਤਰੀ ਦੇ ਨਾਂ ਲਿਖਿਆ ਪੱਤਰ 4 ਸਫਿਆਂ ਦਾ ਹੈ, ਜਿਸ ਵਿੱਚ ਉਸ ਦੇ ਦਸਤਖ਼ਤ ਵੀ ਹਨ। 14 ਸਫਿਆਂ ਦੇ ਪੱਤਰ ਵਿੱਚ ਉਸ ਨੇ ਲਿਖਿਆ ਹੈ ਕਿ ਉਹ ਵਾਇਰਲ ਹੋਈ ਵੀਡਿਓ ਦੇ ਮਾਮਲੇ ਵਿੱਚ ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਕੋਲ ਬੀਤੇ ਦਿਨ ਪੇਸ਼ ਹੋਇਆ ਸੀ, ਪਰ ਉਥੇ ਉਸ ਨੇ ਇਹ ਵੀਡਿਓ ਬਣਾਉਣ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਨਾਂ ਨਹੀਂ ਦੱਸੇ ਸਨ। ਉਸ ਨੇ ਇਸ ਪੱਤਰ ਵਿੱਚ ਕਈ ਵਿਅਕਤੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਆਪਣੇ ਪੱਤਰ ਵਿੱਚ ਆਪਣੇ ਭਰਾ ਹਰਜੀਤ ਸਿੰਘ, ਚੀਫ ਖਾਲਸਾ ਦੀਵਾਨ ਨਾਲ ਜੁੜੇ ਕੁਝ ਵਿਅਕਤੀਆਂ, ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗੁਰਸੇਵਕ ਸਿੰਘ, ਇਕ ਏਡੀਜੀਪੀ ਪੱਧਰ ਦੇ ਅਧਿਕਾਰੀ, ਇੱਕ ਸਾਬਕਾ ਕਾਂਗਰਸੀ ਆਗੂ ਦੇ ਨਾਂ ਦਾ ਜ਼ਿਕਰ ਕੀਤਾ ਹੈ। ਉਸ ਨੇ ਲਿਖਿਆ ਕਿ ਇਸ ਵੀਡਿਓ ਲਈ ਉਸ ਦੇ ਪਿਤਾ ਕੋਲੋਂ ਸਾਢੇ 4 ਕਰੋੜ ਰੁਪਏ ਮੰਗੇ ਗਏ ਸਨ। ਪੈਸੇ ਮੰਗਣ ਵਾਲਿਆਂ ਦੇ ਨਾਂ ਵੀ ਪੱਤਰ ਵਿੱਚ ਸ਼ਾਮਲ ਹਨ। ਆਪਣੇ ਭਰਾ ਬਾਰੇ ਉਸ ਨੇ ਆਖਿਆ ਕਿ ਉਸ ਨੂੰ ਮੇਰੇ ਖੁਦਕੁਸ਼ੀ ਮਾਮਲੇ ਵਿੱਚ ਨਾਮਜ਼ਦ ਨਾ ਕੀਤਾ ਜਾਵੇ। ਦੂਜੇ ਪੱਤਰ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਕਿ ਇਸ ਮਾਮਲੇ ਦੀ ਜਾਂਚ ਕਿਸੇ ਵਿਸ਼ੇਸ਼ ਜਾਂਚ ਟੀਮ ਤੋਂ ਕਰਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਹਿਰ ਦੇ ਮੌਜੂਦਾ ਕਮਿਸ਼ਨਰ ਤੇ ਇਕ ਡੀਜੀਪੀ ਨੂੰ ਦੂਰ ਰੱਖਿਆ ਜਾਵੇ। ਦੂਜੇ ਪਾਸੇ ਉਸ ਦੇ ਭਰਾ ਹਰਜੀਤ ਸਿੰਘ ਨੇ ਪੱਤਰ ਵਿੱਚ ਉਸ ਖ਼ਿਲਾਫ਼ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਇੰਦਰਪ੍ਰੀਤ ਸਿੰਘ ਚੱਢਾ ਦਾ ਸਸਕਾਰ ਭਲਕੇ ਹੋਵੇਗਾ ।

ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਕੀਤੀ ਵਿਸ਼ੇਸ਼ ਜਾਂਚ ਦੀ ਮੰਗ
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਚੱਢਾ ਮਾਮਲੇ ਦੀ ਜਾਂਚ ਡੀਜੀਪੀ ਪੱਧਰ ਦੇ ਅਧਿਕਾਰੀ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਕੋਲੋਂ ਕਰਾਉਣ ਦੀ ਮੰਗ ਕੀਤੀ। ਜਥੇਬੰਦੀ ਦੇ ਆਗੂ ਸਰਬਜੀਤ ਸਿੰਘ ਵੇਰਕਾ ਵੱਲੋਂ ਭੇਜੇ ਇਸ ਪੱਤਰ ਵਿੱਚ ਉਨ੍ਹਾਂ ਆਖਿਆ ਕਿ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਵਲੋਂ ਉਸ ਦੇ ਬੇਟੇ ਪ੍ਰਭਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲੀਸ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਉਹ ਇਸ ਘਟਨਾ ਸਬੰਧੀ ਤੱਥਾਂ ਨੂੰ ਨਹੀਂ ਜਾਣਦਾ ਤੇ ਐਫਆਈਆਰ ਵਿੱਚ ਦੋ ਖ਼ੁਦਕੁਸ਼ੀ ਨੋਟਾਂ ਬਾਰੇ ਕੁਝ ਵੀ ਜ਼ਿਕਰ ਨਹੀਂ ਕੀਤਾ ਹੈ ਅਤੇ ਜਾਣਬੁੱਝ ਕੇ ਇਨ੍ਹਾਂ ਤੱਥਾਂ ਨੂੰ ਦੂਰ ਰੱਖਿਆ ਹੈ।

ਅੰਤਿਮ ਅਰਦਾਸ ਮੌਕੇ ਪੁਜਿਆ ਪਿਓ
ਅੰਮ੍ਰਿਤਸਰ/ਬਿਊਰੋ ਨਿਊਜ਼:
ਇੰਦਰਪ੍ਰੀਤ ਸਿੰਘ ਚੱਢਾ ਨਮਿਤ ਅਖੰਡ ਪਾਠ ਦਾ ਭੋਗ ਰਣਜੀਤ ਐਵੀਨਿਊ ਸਥਿਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿੱਚ ਪਿਆ, ਜਿੱਥੇ ਵੱਡੀ ਗਿਣਤੀ ਵਿੱਚ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇੰਦਰਪ੍ਰੀਤ ਚੱਢਾ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮ੍ਰਿਤਕ ਇੰਦਰਪ੍ਰੀਤ ਚੱਢਾ ਦੇ ਪਿਤਾ ਚਰਨਜੀਤ ਸਿੰਘ ਚੱਢਾ, ਭਰਾ ਹਰਜੀਤ ਸਿੰਘ ਚੱਢਾ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹਾਜ਼ਰ ਸਨ।
ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਏ ਸਿਆਸੀ ਆਗੂਆਂ ਵਿੱਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਸੁਨੀਲ ਦੱਤੀ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ, ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਤੇ ਰਵਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਮੇਅਰ ਬਖਸ਼ੀ ਰਾਮ ਅਰੋੜਾ ਤੇ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਤੇ ਹੋਰ ਪਤਵੰਤੇ ਹਾਜ਼ਰ ਸਨ।