ਨਵੇਂ ਬਣੇ ਵਜ਼ੀਰਾਂ ‘ਚ ਮਨਭਾਉਂਦੇ ਬੰਗਲੇ ਲੈਣ ਦੀ ਹੋੜ ਕੈਪਟਨ ਨੇ ਸੀਨੀਆਰਤਾ ਦੀ ਨੀਤੀ ਲਾਗੂ ਕਰਨ ਲਈ ਕਿਹਾ

ਨਵੇਂ ਬਣੇ ਵਜ਼ੀਰਾਂ ‘ਚ ਮਨਭਾਉਂਦੇ ਬੰਗਲੇ ਲੈਣ ਦੀ ਹੋੜ ਕੈਪਟਨ ਨੇ ਸੀਨੀਆਰਤਾ ਦੀ ਨੀਤੀ ਲਾਗੂ ਕਰਨ ਲਈ ਕਿਹਾ

ਸੈਕਟਰ 7 ਵਿੱਚ ਸਥਿਤ ਬੰਗਲਾ ਨੰਬਰ 69, ਜੋ ਮੰਤਰੀ ਓਪੀ ਸੋਨੀ ਨੂੰ ਅਲਾਟ ਹੋਇਆ ਹੈ ਅਤੇ ਇਸ ਉੱਤੇ ਅਜੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਕਬਜ਼ਾ ਹੈ।
ਚੰਡੀਗੜ੍ਹ/ਬਿਊਰੋ ਨਿਊਜ਼:
ਆਪਣੇ ਮਨਪਸੰਦ ਵਿਭਾਗ ਨਾ ਮਿਲਣ ਤੋਂ ਸਤੇ ਪਏ ਨਵੇਂ ਬਣੇ ਮੰਤਰੀਆਂ ਦੇ ਰੋਹ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਉਨ੍ਹਾਂ ਦੀ ਸੀਨੀਅਰਤਾ ਅਨੁਸਾਰ ਸਰਕਾਰੀ ਬੰਗਲੇ ਦੇਣ ਦੀ ਨੀਤੀ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦਫ਼ਤਰ ਨੂੰ ਕਿਹਾ ਹੈ ਕਿ ਸੀਨੀਅਰਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਕਿਸੇ ਵੀ ਮੰਤਰੀ ਦੀ ਬੇਨਤੀ ਨੂੰ ਤਰਜੀਹ ਨਾ ਦਿੱਤੀ ਜਾਵੇ।
ਇਸ ਤਰ੍ਹਾਂ ਕੁੱਝ ਮੰਤਰੀ ਜੋ ਮੁੱਖ ਮੰਤਰੀ ਦੇ ਕੋਟੇ ਵਿੱਚੋਂ ਸੈਕਟਰ ਦੋ ਅਤੇ ਸੈਕਟਰ ਸੱਤ ਵਿੱਚ ਸਥਿਤ ਬੰਗਲਿਆਂ ਉੱਤੇ ਨਜ਼ਰ ਟਿਕਾਈ ਬੈਠੇ ਸਨ, ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਨਤੀਜੇ ਵਜੋਂ 9 ਵਿੱਚੋਂ ਅੱਠ ਮੰਤਰੀਆਂ ਨੂੰ ਸੈਕਟਰ 39 ਵਿੱਚ ਬੰਗਲੇ ਅਲਾਟ ਕਰ ਦਿੱਤੇ ਗਏ ਹਨ। ਸਕੂਲ ਸਿੱਖਿਆ ਅਤੇ ਵਾਤਾਵਰਨ ਮੰਤਰੀ ਓਪੀ ਸੋਨੀ ਜੋ ਸੀਨਅਰਤਾ ਵਿੱਚ ਚੌਥੇ ਨੰਬਰ ਉੱਤੇ ਆਉਂਦੇ ਹਨ, ਨੂੰ ਸੈਕਟਰ 7 ਵਿੱਚ 69 ਨੰਬਰ ਆਲੀਸ਼ਾਨ ਬੰਗਲਾ ਮਿਲ ਗਿਆ ਹੈ। ਇਹ ਬੰਗਲਾ ਅਜੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਕੋਲ ਹੈ। ਉਨ੍ਹਾਂ ਕਿਹਾ ਹੈ ਕਿ ਉਹ ਬੰਗਲਾ ਖਾਲੀ ਕਰ ਦੇਣਗੇ।
ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਨਵੇਂ ਬਣੇ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੈਇੰਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਨ ਆਸ਼ੂ ਨੂੰ ਸੈਕਟਰ 39 ਵਿੱਚ ਬੰਗਲੇ ਅਲਾਟ ਹੋ ਗਏ ਹਨ ਅਤੇ ਇਨ੍ਹਾਂ ਨੂੰ ਅਗਲੇ ਮਹੀਨੇ ਇਨ੍ਹਾਂ ਦੀ ਮੁਰੰਮਤ ਬਾਅਦ ਕਬਜ਼ਾ ਮਿਲ ਜਾਵੇਗਾ।