ਦਿੱਲੀ ਪੁਲਿਸ ਨੇ ਲੰਡਨ ਪ੍ਰਦਰਸ਼ਨ 'ਤੇ ਭਾਰਤੀ ਹਾਈ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਵਾਲਿਆਂ ਵਿਰੁੱਧ ਦਰਜ ਕੀਤੀ ਐਫਆਈਆਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 24 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਪੁਲਿਸ ਨੇ 19 ਮਾਰਚ ਨੂੰ ਲੰਡਨ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਉਪਰ ਹੋਈ ਕਾਰਵਾਈ ਦੇ ਵਿਰੋਧ ਵਿਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਹੋਏ ਪ੍ਰਦਰਸ਼ਨ ਦੇ ਸਬੰਧ ਵਿੱਚ ਭਾਰਤ ਦੇ ਅੱਤਵਾਦ ਵਿਰੋਧੀ ਕਾਨੂੰਨ ਸਮੇਤ ਕਈ ਦੰਡ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਜਦੋਂ ਕੁਝ ਸਿੱਖ ਕਾਰਕੁਨ ਭਾਰਤੀ ਹਾਈ ਕਮਿਸ਼ਨ ਦੀ ਬਾਲਕੋਨੀ 'ਤੇ ਚੜ੍ਹ ਕੇ ਉੱਥੇ ਲਗਿਆ ਰਾਸ਼ਟਰੀ ਝੰਡਾ ਹੇਠਾਂ ਖਿੱਚਣ ਦੀ ਕੋਸ਼ਿਸ਼ ਕਰ ਰਹੇ ਸਨ।
ਇਹ ਮਾਮਲਾ ਅੱਤਵਾਦੀ ਗਤੀਵਿਧੀਆਂ ਦੀ ਜਾਂਚ ਕਰਨ ਵਾਲੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦਰਜ ਕੀਤਾ ਹੈ।ਖਬਰਾਂ ਮੁਤਾਬਿਕ ਐਫਆਈਆਰ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਦਰਜ ਕੀਤੀ ਗਈ ਸੀ, ਜਿਸ ਨੇ ਪੁਲਿਸ ਨੂੰ ਘਟਨਾ ਬਾਰੇ ਵਿਦੇਸ਼ ਮੰਤਰਾਲੇ ਤੋਂ ਮਿਲੀ ਰਿਪੋਰਟ 'ਤੇ ਉਚਿਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ। ਜਦਕਿ ਸਪੈਸ਼ਲ ਸੈੱਲ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਕੰਮ 'ਤੇ ਸੀ।
ਜਿਕਰਯੋਗ ਹੈ ਕਿ ਭਾਰਤ ਨੇ ਵੀ ਪ੍ਰਦਰਸ਼ਨ ਬਾਰੇ ਬਰਤਾਨੀਆ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਅਤੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਦਿੱਲੀ ਵਿਖੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਆਲੇ-ਦੁਆਲੇ ਸੁਰੱਖਿਆ ਵੀ ਘਟਾ ਦਿੱਤੀ ਹੈ।
Comments (0)