ਚਾਰਟਰਡ ਜਹਾਜ਼ ਨੂੰ ਹਾਦਸੇ ਦੌਰਾਨ ਪੰਜ ਦੀ ਮੌਤ

ਚਾਰਟਰਡ ਜਹਾਜ਼ ਨੂੰ ਹਾਦਸੇ ਦੌਰਾਨ ਪੰਜ ਦੀ ਮੌਤ

ਮੁੰਬਈ/ਬਿਊਰੋ ਨਿਊਜ਼ :

ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਇਕ ਬਾਰਾਂ-ਸੀਟਰ ਚਾਰਟਰਡ ਹਵਾਈ ਜਹਾਜ਼ ਡਿੱਗ ਪੈਣ ਕਾਰਨ ਪੰਜ ਵਿਅਕਤੀ ਮਾਰੇ ਗਏ ਤੇ ਤਿੰਨ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਜਹਾਜ਼ ਦੇ ਦੋ ਪਾਇਲਟ, ਦੋ ਮੈਂਟੇਨੈਂਸ ਇੰਜਨੀਅਰ ਅਤੇ ਇਕ ਰਾਹਗੀਰ ਸ਼ਾਮਲ ਸੀ, ਜੋ ਡਿੱਗੇ ਜਹਾਜ਼ ਦੀ ਜ਼ੱਦ ਵਿਚ ਆ ਗਿਆ। ਇਹ ਮਹਾਰਾਸ਼ਟਰ ਵਿੱਚ ਦੋ ਦਿਨਾਂ ਦੌਰਾਨ ਵਾਪਰਿਆ ਦੂਜਾ ਹਵਾਈ ਹਾਦਸਾ ਸੀ। ਹਾਦਸਾ ਬਾਅਦ ਦੁਪਹਿਰ ਕਰੀਬ ਇਕ ਵਜੇ ਵਾਪਰਿਆ। ਇਹ ਕਿੰਗ ਏਅਰ ਸੀ-90, 12 ਸੀਟਰ ਜਹਾਜ਼ ਪਹਿਲਾਂ ਉਤਰ ਪ੍ਰਦੇਸ਼ ਸਰਕਾਰ ਕੋਲ ਸੀ, ਜਿਸ ਨੂੰ ਯੂਵਾਈ ਏਵੀਏਸ਼ਨ ਨੇ ਖ਼ਰੀਦ ਲਿਆ ਸੀ। ਇਕ ਅਧਿਕਾਰੀ ਨੇ ਕਿਹਾ ਕਿ ਜਹਾਜ਼ ਅਜ਼ਮਾਇਸ਼ੀ ਉਡਾਣ ‘ਤੇ ਜੁਹੂ ਹਵਾਈ ਅੱਡੇ ਤੋਂ ਉੱਡਿਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਨਾਸਿਕ ਨੇੜੇ ਹਿੰਦੂਸਤਾਨ ਐਰੋਨੌਟਿਕਸ ਦਾ ਸੁਖੋਈ-30-ਐਮ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਦੌਰਾਨ ਇਸ ਦਾ ਪਾਇਲਟ ਅਤੇ ਫਲਾਈਟ ਟੈਸਟ ਇੰਜਨੀਅਰ ਸੁਰੱਖਿਅਤ ਨਿਕਲਣ ਵਿਚ ਸਫਲ ਰਹੇ ਸਨ।
ਇਸੇ ਦੌਰਾਨ ਪਟਨਾ ਤੋਂ ਦਿੱਲੀ ਰਵਾਨਾ ਹੋਏ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਫ਼ੌਰੀ ਬਾਅਦ ਪੰਛੀ ਟਕਰਾਉਣ ਕਾਰਨ ਹੰਗਾਮੀ ਹਾਲਤ ਵਿਚ ਪਟਨਾ ਦੇ ਜੈਪ੍ਰਕਾਸ਼ ਨਰਾਇਣ ਹਵਾਈ ਅੱਡੇ ਉਤੇ ਉਤਾਰਨਾ ਪਿਆ। ਇਕ ਤਰਜਮਾਨ ਨੇ ਦੱਸਿਆ ਕਿ ਜਹਾਜ਼ ਦੇ 122 ਮੁਸਾਫ਼ਰ ਸੁਰੱਖਿਅਤ ਹਨ, ਜਿਨ੍ਹਾਂ ਨੂੰ ਬਾਅਦ ਵਿਚ ਹੋਰ ਜਹਾਜ਼ ਰਾਹੀਂ ਦਿੱਲੀ ਭੇਜ ਦਿੱਤਾ ਗਿਆ।     ਹਵਾਈ ਹਾਦਸੇ ‘ਚ ਮਾਰਿਆ ਗਿਆ ਪਾਇਲਟ ਪਰਦੀਪ ਰਾਜਪੂਤ ਜਲੰਧਰ ਦਾ ਰਹਿਣ ਵਾਲਾ ਸੀ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਮਾਡਲ ਟਾਊਨ ਦੇ ਖੇਤਰ ‘ਚ ਰਹਿਣ ਵਾਲੇ ਪਰਦੀਪ ਰਾਜਪੂਤ ਨੇ ਸਾਲ 1989 ‘ਚ ਡੀ.ਏ.ਵੀ. ਕਾਲਜ, ਜਲੰਧਰ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਫਗਵਾੜਾ ਦੀ ਇਕ ਮਸ਼ਹੂਰ ਕੰਪਨੀ ‘ਚ ਕੰਮ ਕਰਨ ਲੱਗਾ ਅਤੇ ਆਪਣਾ ਸ਼ੌਕ ਪੂਰਾ ਕਰਨ ਲਈ ਪਰਦੀਪ ਰਾਜਪੂਤ ਨੇ ਜਲੰਧਰ ਕੈਂਟ ਦੇ ਹਵਾਈ ਅੱਡੇ ਤੋਂ ਜਹਾਜ਼ ਉਡਾਉਣ ਦੀ ਸਿਖਲਾਈ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਬਤੌਰ ਪਾਇਲਟ ਨੌਕਰੀ ਕਰਨ ਲੱਗਿਆ ਸੀ।