ਪੁਲੀਸ ਨੇ ਆਸਟਰੇਲੀਆ ਨੇੜ੍ਹਲੇ ਮਾਨੁਸ ਟਾਪੂ ‘ਤੇ ਟਾਪੂ ਉਤੇ ਬਣਿਆ ਹਿਰਾਸਤੀ ਕੇਂਦਰ ਖਾਲੀ ਕਰਾਇਆ ਨਜ਼ਰਬੰਦ ਰੱਖੇ ਗੈਰ ਕਾਨੂੰਨੀ ਪਰਵਾਸੀਆਂ ਦੀ ਕੋਈ ਸੂਹ ਨਹੀਂ

ਪੁਲੀਸ ਨੇ ਆਸਟਰੇਲੀਆ ਨੇੜ੍ਹਲੇ ਮਾਨੁਸ ਟਾਪੂ ‘ਤੇ ਟਾਪੂ ਉਤੇ ਬਣਿਆ ਹਿਰਾਸਤੀ ਕੇਂਦਰ ਖਾਲੀ ਕਰਾਇਆ ਨਜ਼ਰਬੰਦ ਰੱਖੇ ਗੈਰ ਕਾਨੂੰਨੀ ਪਰਵਾਸੀਆਂ ਦੀ ਕੋਈ ਸੂਹ ਨਹੀਂ

ਚੰਡੀਗੜ੍ਹ/ਬਿਊਰੋ ਨਿਊਜ਼:
ਆਸਟਰੇਲੀਆ ਨਜ਼ਦੀਕ ਪਪੂ ਨਿਊ ਗਿਨੀ ਦੇ ਮਾਨੁਸ ਟਾਪੂ ਵਿਚਲੇ ਹਿਰਾਸਤੀ ਕੇਂਦਰ ਵਿੱਚ ਪਿਛਲੇ ਚਾਰ ਸਾਲਾਂ ਤੋਂ ਛੇ ਸੌ ਹੋਰਨਾਂ ਗੈਰਕਾਨੂੰਨੀ ਪਰਵਾਸੀਆਂ ਨਾਲ ਬੰਦ ਦੋ ਪੰਜਾਬੀ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਬੇਯਕੀਨੀ ਜਾਰੀ ਹੈ। ਸਲਾਮਤੀ ਦਸਤਿਆਂ ਨੇ ਬੀਤੇ ਦਿਨ ਇਸ ਟਾਪੂ ‘ਤੇ ਹੱਲਾ ਬੋਲਿਆ ਤੇ ਉਹ ਇਨ੍ਹਾਂ ਪਰਵਾਸੀਆਂ ਨੂੰ ਬੱਸਾਂ ‘ਚ ਲੱਦ ਕੇ ਲੈ ਗਏ। ਪੰਜਾਬ ਨਾਲ ਸਬੰਧਤ ਰਵਿੰਦਰ ਸਿੰਘ ਤੇ ਮਨਜੀਤ ਸਿੰਘ, ਜਿਨ੍ਹਾਂ ਦੇ ਰਿਹਾਇਸ਼ੀ ਸਿਰਨਾਵਿਆਂ ਬਾਰੇ ਕੋਈ ਜਾਣਕਾਰੀ ਨਹੀਂ, ਜੁਲਾਈ 2013 ਤੋਂ ਇਸ ਟਾਪੂ ‘ਤੇ ਨਜ਼ਰਬੰਦ ਵੱਡੇ ਸਮੂਹ ਦਾ ਹਿੱਸਾ ਹਨ।
ਦੋਵਾਂ ਦੇ ਟੈਲੀਵਿਜ਼ਨ ਤੇ ਰੇਡੀਓ ਇੰਟਰਵਿਊਆਂ ਮੁਤਾਬਕ ਉਹ 2013 ਵਿੱਚ ਵੱਖੋ ਵੱਖਰੀਆਂ ਕਿਸ਼ਤੀਆਂ ‘ਚ ਸਵਾਰ ਹੋ ਕੇ ਆਸਟਰੇਲੀਆ ਪੁੱਜੇ ਸਨ, ਪਰ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ। ਕਿਉਂਕਿ ਆਸਟਰੇਲੀਆ ਵਿੱਚ ਕਿਸ਼ਤੀ ਰਾਹੀਂ ਪਰਵਾਸ ਦੀ ਮਨਾਹੀ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਟਰੈਵਲ ਏਜੰਟ ਵੱਲੋਂ ਦਿੱਤੇ ਪਰਵਾਸ ਦਸਤਾਵੇਜ਼ ਹਨ, ਪਰ ਆਸਟਰੇਲੀਅਨ ਅਧਿਕਾਰੀਆਂ ਨੇ ਇਕ ਨਾ ਸੁਣੀ ਤੇ ਮਾਨੁਸ ਟਾਪੂ ਦੇ ਹਿਰਾਸਤੀ ਕੇਂਦਰ ‘ਚ ਭੇਜ ਦਿੱਤਾ।
ਪਿਛਲੇ ਹਫ਼ਤੇ ਇਸ ਕੇਂਦਰ ਨੂੰ ਜਾਂਦੀ ਪਾਣੀ ਤੇ ਬਿਜਲੀ ਦੀ ਸਪਲਾਈ ਵੀ ਕੱਟ ਦਿੱਤੀ ਗਈ। ਪੁਲੀਸ ਵੱਲੋਂ ਅੱਜ ਟਾਪੂ ਨੂੰ ਖਾਲੀ ਕਰਾਉਣ ਲਈ ਬੋਲੇ ਹੱਲੇ ਤੋਂ ਕੁਝ ਘੰਟੇ ਪਹਿਲਾਂ ਹੀ ਦੋਵਾਂ ਨੇ ਆਸਟਰੇਲੀਆ ਦੇ ਐਸਬੀਐਸ ਰੇਡੀਓ ਰਾਹੀਂ ਆਪਣੀ ਦੁਰਦਸ਼ਾ ਬਿਆਨੀ ਸੀ। ਇਸ ਦੌਰਾਨ ਪੁਲੀਸ ਕਾਰਵਾਈ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਮੀਡੀਆ ਅਦਾਰਿਆਂ ‘ਚ ਗੁੱਸੇ ਦੀ ਲਹਿਰ ਹੈ। ਨਜ਼ਰਬੰਦ ਪਰਵਾਸੀਆਂ ‘ਚ ਸ਼ਾਮਲ ਪੱਤਰਕਾਰ ਬਹਿਰੂਜ਼ ਬੂਹਾਨੀ ਨੇ ਦਾਅਵਾ ਕੀਤਾ ਹੈ ਕਿ ਹਿਰਾਸਤੀ ਕੇਂਦਰ ਨੂੰ ਖਾਲੀ ਕਰਾਏ ਜਾਣ ਮੌਕੇ ਪੁਲੀਸ ਨੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ। ਉਧਰ ਆਸਟਰੇਲੀਆ ਦੀ ਸੰਘੀ ਪੁਲੀਸ ਨੇ ਮਾਨੁਸ ਟਾਪੂ ਵਿੱਚ ਹੋਈ ਕਾਰਵਾਈ ‘ਚ ਕਿਸੇ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।