ਕੈਪਟਨ ਨੇ ਜੰਗਲਾਤ ਵਿਭਾਗ ‘ਚ ਬੇਨਿਯਮੀਆਂ ਦਾ ਤੋੜਾ ਅਫ਼ਸਰਸ਼ਾਹੀ ‘ਤੇ ਝਾੜਿਆ

ਕੈਪਟਨ ਨੇ ਜੰਗਲਾਤ ਵਿਭਾਗ ‘ਚ ਬੇਨਿਯਮੀਆਂ ਦਾ ਤੋੜਾ ਅਫ਼ਸਰਸ਼ਾਹੀ ‘ਤੇ ਝਾੜਿਆ

ਕਈ ਅਧਿਕਾਰੀਆਂ ਨੂੰ ਕੀਤਾ ਜ਼ਿੰਮੇਵਾਰੀ ਤੋਂ ਲਾਂਭੇ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਗਲਾਤ ਵਿਭਾਗ ਵਿੱਚ ਬੇਨਿਯਮੀਆਂ ਦਾ ਤੋੜਾ ਵਿਭਾਗੀ ਅਫ਼ਸਰਸ਼ਾਹੀ ਉਤੇ ਝਾੜਿਆ ਹੈ। ਤਬਾਦਲਿਆਂ, ਤਾਇਨਾਤੀਆਂ, ਦਰੱਖਤਾਂ ਦੀ ਨਾਜਾਇਜ਼ ਕਟਾਈ ਅਤੇ ਕਾਰਜਪ੍ਰਣਾਲੀ ਵਿੱਚ ਹੋਰ ਕਥਿਤ ਬੇਨਿਯਮੀਆਂ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਫੌਰੀ ਪ੍ਰਭਾਵ ਤੋਂ ਵਿਭਾਗ ਦੇ ਕਈ ਉੱਚ ਅਧਿਕਾਰੀਆਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਲਾਂਭੇ ਕਰ ਦਿੱਤਾ ਹੈ। ਪਤਾ ਚੱਲਿਆ ਹੈ ਕਿ ਮੁੱਖ ਮੰਤਰੀ ਬੇਨਿਯਮੀਆਂ ਦੀ ਜਾਂਚ ਦਾ ਹੁਕਮ ਵੀ ਦੇ ਸਕਦੇ ਹਨ। ਰਿਪੋਰਟ ਹੈ ਕਿ ਇਹ ਫੈਸਲਾ ਲੈਂਦੇ ਸਮੇਂ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਭਰੋਸੇ ਵਿੱਚ ਨਹੀਂ ਲਿਆ ਗਿਆ। ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਨਿਯੁਕਤ ਉੱਚ ਅਧਿਕਾਰੀਆਂ ਨੂੰ ਬਰਕਰਾਰ ਰੱਖਣ ਵਾਲੇ ਸ੍ਰੀ ਧਰਮਸੋਤ ਨੇ ਖ਼ੁਦ ਨੂੰ ਭਰੋਸੇ ਵਿੱਚ ਨਾ ਲੈਣ ਤੋਂ    ਜ਼ੋਰਦਾਰ ਢੰਗ ਨਾਲ ਇਨਕਾਰ ਕਰਦਿਆਂ ਇਨ੍ਹਾਂ ਤਬਾਦਲਿਆਂ ਨੂੰ ਬਹੁਤੀ ਅਹਿਮੀਅਤ ਨਾ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਮੋਹਰੀ ਹਨ। ਉਹ ਕਿਸੇ ਵੀ ਤਬਾਦਲੇ ਦਾ ਹੁਕਮ ਦੇ ਸਕਦੇ ਹਨ। ਮੁੱਖ ਮੰਤਰੀ ਵੱਲੋਂ ਕੀਤੀ ਕਾਰਵਾਈ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਵਿਭਾਗੀ ਮੁਖੀ ਜੰਗਲਾਤ ਵਿਭਾਗ ਦੇ ਪ੍ਰਮੁੱਖ ਮੁੱਖ ਵਣਪਾਲ ਡਾ. ਕੁਲਦੀਪ ਕੁਮਾਰ ਅਤੇ ਉਸ ਦੇ ਅਫ਼ਸਰਾਂ ਦੀ ਟੀਮ ਨੂੰ ਬਦਲ ਦਿੱਤਾ ਗਿਆ ਹੈ। ਜੰਗਲਾਤ ਮੰਤਰੀ ਦੇ ਓਐਸਡੀ ਅਤੇ ਪਟਿਆਲਾ ਜੰਗਲੀ ਜੀਵ ਡਿਵੀਜ਼ਨ ਦੇ ਡਿਪਟੀ ਰੇਂਜਰ ਚਮਕੌਰ ਸਿੰਘ ਦੀ ਭੂਮਿਕਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਪਹਿਲਾਂ ਨੁੱਕਰੇ ਲਾਏ ਅਧਿਕਾਰੀਆਂ ਨੂੰ ਹੁਣ ਨਵੀਆਂ ਥਾਵਾਂ ਉਤੇ ਤਾਇਨਾਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰ ਸ਼ਰਮਾ ਨੂੰ ਡਾ. ਕੁਲਦੀਪ ਕੁਮਾਰ ਦੀ ਥਾਂ ਵਿਭਾਗ ਦਾ ਨਵਾਂ ਮੁਖੀ ਲਾਇਆ ਗਿਆ ਹੈ। ਡਾ. ਕੁਲਦੀਪ ਕੁਮਾਰ ਨੂੰ ਪ੍ਰਮੁੱਖ ਮੁੱਖ ਵਣਪਾਲ ਜੰਗਲਾਤ (ਜੰਗਲੀ ਜੀਵ) ਬਣਾਇਆ ਗਿਆ ਹੈ। ਡਾ. ਕੁਮਾਰ ਦੇ ਜੂਨੀਅਰ ਅਧਿਕਾਰੀ ਧਨੇਂਦਰ ਕੁਮਾਰ ਨੂੰ ਜੰਗਲਾਤ ਵਿਕਾਸ ਕਾਰਪੋਰੇਸ਼ਨ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ।