ਕਾਂਗਰਸ 'ਚ ਨਹੀਂ ਰਹਾਂਗਾ, ਭਾਜਪਾ 'ਚ ਵੀ ਨਹੀਂ ਜਾਵਾਂਗਾ-ਕੈਪਟਨ

ਕਾਂਗਰਸ 'ਚ ਨਹੀਂ ਰਹਾਂਗਾ, ਭਾਜਪਾ 'ਚ ਵੀ ਨਹੀਂ ਜਾਵਾਂਗਾ-ਕੈਪਟਨ

• ਟਵਿੱਟਰ ਪ੍ਰੋਫ਼ਾਈਲ ਤੋਂ ਹਟਾਇਆ ਕਾਂਗਰਸ      • ਅਜੀਤ ਡੋਵਾਲ ਨਾਲ ਕੀਤੀ ਮੁਲਾਕਾਤ      • ਅੰਬਿਕਾ   ਸੋਨੀ ਤੇ ਕਮਲਨਾਥ ਨਾ ਮਨਾ ਸਕੇ 

* ਹਾਈਕਮਾਂਡ ਵਲੋਂ ਸਿਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ

* ਕੈਪਟਨ ਕਾਂਗਰਸ ਨੂੰ ਖਤਮ ਕਰਨ ਦੇ ਰਾਹ ਚਲੇ

 ਅੰਮ੍ਰਿਤਸਰ ਟਾਈਮਜ਼

 ਨਵੀਂ ਦਿੱਲੀ -ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਸੂਬਾਈ ਸਿਆਸਤ ਭਖਾਉਣ ਵਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਕਿਹਾ ਕਿ ਉਹ ਭਾਜਪਾ 'ਚ ਸ਼ਾਮਿਲ ਨਹੀਂ ਹੋਣਗੇ ਹਾਲਾਂਕਿ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ 'ਚ ਵੀ ਨਹੀਂ ਰਹਿਣਗੇ । ਕੈਪਟਨ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਹਲਕਿਆਂ 'ਚ ਸਾਬਕਾ ਮੁੱਖ ਮੰਤਰੀ ਵਲੋਂ ਵੱਖਰੀ ਪਾਰਟੀ ਬਣਾਏ ਜਾਣ ਦੀ ਚਰਚਾ ਤਿੱਖੀ ਹੋ ਗਈ ਹੈ।ਸਾਬਕਾ ਮੁੱਖ ਮੰਤਰੀ ਨੇ  ਟਵਿੱਟਰ 'ਤੇ ਆਪਣੇ ਪ੍ਰੋਫਾਈਲ 'ਚ ਬਦਲਾਅ ਕਰਦਿਆਂ ਉਸ ਤੋਂ ਕਾਂਗਰਸ ਹਟਾ ਲਿਆ ।ਨਰਾਜ਼ ਕੈਪਟਨ ਨੂੰ ਮਨਾਉਣ ਲਈ ਕਾਂਗਰਸ ਨੇ ਅੰਬਿਕਾ ਸੋਨੀ ਅਤੇ ਕਮਲਨਾਥ ਨੂੰ ਵੀ ਮਨਾਉਣ ਲਈ ਭੇਜਿਆ ਪਰ ਕੈਪਟਨ ਨੇ ਆਪਣੇ ਰੁਖ਼ 'ਚ ਕੋਈ ਬਦਲਾਅ ਨਹੀਂ ਕੀਤਾ  । ਕੈਪਟਨ ਨੇ ਕਿਹਾ ਕਿ ਉਹ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰ ਸਕਦੇ  ।

  ਡੋਵਾਲ ਨਾਲ ਮੁਲਾਕਾਤ

ਦਿੱਲੀ ਦੌਰੇ ਦੇ ਤੀਜੇ ਤੇ ਆਖ਼ਰੀ ਦਿਨ ਕੈਪਟਨ  ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ । ਜ਼ਿਕਰਯੋਗ ਹੈ ਕਿ ਕੈਪਟਨ ਵਾਰ-ਵਾਰ ਪੰਜਾਬ ਦੇ ਸਰਹੱਦੀ ਤੇ ਸੰਵੇਦਨਸ਼ੀਲ ਸੂਬਾ ਹੋਣ ਦਾ ਹਵਾਲਾ ਦਿੰਦੇ ਰਹਿੰਦੇ ਹਨ ।ਕੈਪਟਨ ਨੇ ਕਿਹਾ ਕਿ ਉਹ ਭਾਵੇਂ ਹੁਣ ਮੁੱਖ ਮੰਤਰੀ ਨਹੀਂ ਹਨ ਪਰ ਪੰਜਾਬ ਤਾਂ ਸਾਡਾ ਹੈ ।ਇਸ ਦੇ ਨਾਲ ਹੀ ਉਨ੍ਹਾਂ ਗੁਆਂਢੀ ਦੇਸ਼ 'ਚੋਂ ਆ ਰਹੇ ਡਰੋਨਾਂ ਅਤੇ ਹਥਿਆਰਾਂ 'ਤੇ ਵੀ ਚਿੰਤਾ ਦਾ ਪ੍ਰਗਟਾਅ ਕੀਤਾ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਅਤੇ ਬਾਅਦ 'ਚ ਜੋ ਕੁਝ ਵੀ ਹੋਇਆ ਉਹ ਨਹੀਂ ਚਾਹੁੰਦੇ ਕਿ ਉਹ ਦੁਬਾਰਾ ਹੋਵੇ ।  ਦੂਜੇ ਪਾਸੇ ਪੰਜਾਬ ਕਾਂਗਰਸ ਦੇ ਇੰਚਾਰਜਹਰੀਸ਼ ਰਾਵਤ ਨੇ ਕਿਹਾ ਕਿ ਭਾਜਪਾ ਦਾ ਮਖੌਟਾ ਬਣ ਰਹੇ ਹਨ। ਉਨ੍ਹਾਂ ਦਾ ਕੱਦ ਭਾਜਪਾ ਦਾ ਮਖੌਟਾ ਬਣਨ ਲਾਇਕ ਨਹੀਂ ਹੈ।   ਹਰੀਸ਼ ਰਾਵਤ ਨੇ  ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਗੱਲਾਂ ਨੂੰ ਪਾਰਟੀ ਨੇ ਹਮੇਸ਼ਾ ਮੰਨਿਆ ਤੇ ਉਨ੍ਹਾਂ ਦਾ ਸਨਮਾਨ ਕੀਤਾ। ਪੰਜਾਬ 'ਚ ਜਿਹੜਾ ਪਰਿਵਰਤਨ ਕੀਤਾ ਹੈ, ਉਹ ਪਾਰਟੀ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਕੀਤਾ ਗਿਆ। ਪੰਜਾਬ 'ਚ ਇਹ ਧਾਰਨਾ ਹੋ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀਆਂ ਦੇ ਕਰੀਬੀ ਹਨ ਤੇ ਇਸੇ ਕਾਰਨ ਸਵਾਲ ਉੱਠ ਰਹੇ ਸਨ।ਹਰੀਸ਼ ਰਾਵਤ ਨੇ ਕਿਹਾ ਕਿ ਮੈਂ ਪੂਰੇ ਮਾਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਤਿੰਨ ਵਾਰ ਕੋਸ਼ਿਸ਼ ਕੀਤੀ, ਪਰ ਸੰਪਰਕ ਨਹੀਂ ਹੋਇਆ। ਕੈਪਟਨ ਨੂੰ ਪਾਰਟੀ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ। ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਦੀ ਬੇਅਦਬੀ ਨਹੀਂ ਕੀਤੀ। ਪਾਰਟੀ ਦੀ ਅਗਵਾਈ 'ਚ ਪਰਿਵਰਤਨ ਕੀਤਾ ਗਿਆ। 

 ਕੈਪਟਨ ਦਾ ਅਗਲਾ ਕਦਮ ਕੀ ਹੋਵੇਗਾ ?

 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਆਪਣੀ ਨਵੀਂ ਪਾਰਟੀ ਬਣਾ ਸਕਦੇ ਹਨ ਅਤੇ ਦੂਜੀ, ਕੀ ਕਾਂਗਰਸ ਹਾਈ ਕਮਾਨ ਸਿੱਧੂ ਦੀ ਨਾਰਾਜ਼ਗੀ ਦਰਮਿਆਨ ਉਨ੍ਹਾਂ ਨੂੰ ਮਨਾ ਸਕਦੀ ਹੈ? ਬੇਸ਼ੱਕ ਵਾਪਰ ਤਾਂ ਕੁਝ ਵੀ ਸਕਦਾ ਹੈ ਪਰ ਗੱਲ ਜਿਥੇ ਪਹੁੰਚ ਚੁੱਕੀ ਹੈ ਤੇ ਜਿਵੇਂ ਕਿ ਕਾਂਗਰਸ ਕੋਲ ਕੈਪਟਨ ਨੂੰ ਸੰਤੁਸ਼ਟ ਕਰਨ ਲਈ ਕੁਝ ਵੀ ਨਹੀਂ ਹੈ, ਇਸ ਲਈ  ਨੂੰ ਕਾਂਗਰਸ ਵਲੋਂ ਮਨਾ ਲਏ ਜਾਣ ਦੇ ਆਸਾਰ ਨਾਂਹ ਦੇ ਬਰਾਬਰ ਹਨ। ਪਰ ਜਿਸ ਤਰ੍ਹਾਂ ਦੀ ਰਾਜਨੀਤਕ ਸਥਿਤੀ ਹੈ ਉਸ ਅਨੁਸਾਰ ਭਾਜਪਾ ਨੂੰ ਤੇ ਕੈਪਟਨ ਨੂੰ ਵੀ ਜ਼ਿਆਦਾ ਲਾਭ ਇਸ ਵਿਚ ਹੀ ਹੋਵੇਗਾ ਕਿ ਕੈਪਟਨ ਆਪਣੀ ਨਵੀਂ ਪਾਰਟੀ ਬਣਾ ਲੈਣ ਅਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਦਰਮਿਆਨ ਸਮਝੌਤਾ ਕਰਵਾਉਣ ਦਾ ਸਿਹਰਾ ਬੰਨ੍ਹ ਕੇ ਭਾਜਪਾ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜਨ। ਇਸ ਤਰ੍ਹਾਂ ਜੇ ਉਹ ਰੱਬ-ਸਬੱਬੀ ਦੁਬਾਰਾ ਪੰਜਾਬ ਦੇ ਮੁੱਖ ਮੰਤਰੀ ਬਣ ਸਕੇ ਤਾਂ ਠੀਕ ਹੈ ਨਹੀਂ ਤਾਂ ਉਨ੍ਹਾਂ ਨੂੰ ਭਾਜਪਾ ਵਲੋਂ ਰਾਜਪਾਲ ਵਰਗੇ ਕਿਸੇ ਅਹੁਦੇ ਨਾਲ ਨਿਵਾਜਿਆ ਜਾ ਸਕਦਾ ਹੈ ਤੇ ਉਹ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਸ਼ਾਹੀ ਅੰਦਾਜ਼ ਨਾਲ ਬਸਰ ਕਰ ਸਕਦੇ ਹਨ।

    ਸਿੱਧੂ ਦਾ ਅਸਤੀਫ਼ਾ ਅਤੇ ਭਵਿੱਖ

ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦਿੱਤਾ ਹੈ, ਉਸ ਬਾਰੇ ਭਾਵੇਂ ਉਨ੍ਹਾਂ ਨੇ ਮੁੱਦਿਆਂ ਤੇ ਪੰਜਾਬ ਲਈ ਲੜਨ ਤੇ ਅੜਨ ਦਾ ਦਾਅਵਾ ਕੀਤਾ ਹੈ ਪਰ ਉਸ ਅੰਦਾਜ਼ ਵਿਚੋਂ ਗਰੂਰ ਜ਼ਿਆਦਾ ਝਲਕਦਾ ਹੈ। ਬੇਸ਼ੱਕ ਉਨ੍ਹਾਂ ਵਲੋਂ ਸੁਮੇਧ ਸੈਣੀ ਨੂੰ ਬਲੈਂਕਟ ਜ਼ਮਾਨਤ ਦਿਵਾਉਣ ਵਾਲੇ ਵਕੀਲ ਨੂੰ ਐਡਵੋਕੇਟ ਜਨਰਲ ਲਾਏ ਜਾਣ ਦਾ ਅਤੇ ਮੁੱਦਿਆਂ ਦੇ ਆਧਾਰ 'ਤੇ ਡੀ.ਜੀ.ਪੀ. ਦੀ ਨਿਯੁਕਤੀ ਦਾ ਵਿਰੋਧ ਕਰਕੇ ਇਕ ਚੰਗਾ ਪ੍ਰਭਾਵ ਦਿੰਦਾ ਹੈ। ਦਾਗ਼ੀ ਮੰਤਰੀਆਂ ਦਾ ਵਿਰੋਧ ਵੀ ਚੰਗੀ ਗੱਲ ਹੈ ਪਰ ਸਵਾਲ ਉੱਠਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਮੰਤਰੀਆਂ ਦੀ ਲਿਸਟ ਬਣਨ ਵੇਲੇ ਹੀ ਵਿਰੋਧ ਕਿਉਂ ਨਾ ਕੀਤਾ ਅਤੇ ਉਸ ਵੇਲੇ ਕਿਉਂ ਚੁੱਪ ਰਹੇ ਜਦੋਂ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਪਸੰਦ ਦੇ ਏ.ਜੀ. ਦੀ ਥਾਂ ਆਪਣੀ ਜਾਂ ਆਪਣੇ ਹੋਰ ਸਾਥੀਆਂ ਦੀ ਮਰਜ਼ੀ ਦੇ ਏ.ਜੀ. ਤੇ ਡੀ.ਜੀ.ਪੀ. ਲਾ ਲਏ ਸਨ। ਉਨ੍ਹਾਂ ਨੇ ਅਸਤੀਫ਼ਾ ਇਕ ਦਿਨ ਬਾਅਦ ਉਸ ਵੇਲੇ ਦਿੱਤਾ ਜਦੋਂ ਮੰਤਰੀਆਂ ਨੂੰ ਵਿਭਾਗ ਵੰਡੇ ਗਏ। ਇਸ ਤੋਂ ਸਾਫ਼ ਪ੍ਰਭਾਵ ਜਾਂਦਾ ਹੈ ਕਿ ਇਕ ਤੋਂ ਬਾਅਦ ਇਕ ਮਾਮਲੇ ਵਿਚ ਉਨ੍ਹਾਂ ਦੀ ਸਲਾਹ ਨੂੰ ਅਣਗੌਲਿਆਂ ਕੀਤੇ ਜਾਣ ਨਾਲ ਉਨ੍ਹਾਂ ਨੂੰ ਸਮਝ ਆ ਗਈ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਮੰਨ ਕੇ ਰਾਜਨੀਤਕ ਗ਼ਲਤੀ ਕਰ ਬੈਠੇ ਹਨ, ਹਾਲਾਂ ਕਿ ਉਹ ਖ਼ੁਦ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ। ਪਰ ਕਾਂਗਰਸ ਹਾਈਕਮਾਨ ਸਮਝਦੀ ਸੀ ਕਿ 4 ਮਹੀਨਿਆਂ ਵਿਚ ਬਹੁਤਾ ਕੰਮ ਨਹੀਂ ਹੋ ਸਕਣਾ, ਇਸ ਲਈ ਹੁਣ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਕੇ ਸਿੱਧੂ ਦਾ ਅਕਸ 2022 ਵਿਚ ਮੁੱਖ ਮੰਤਰੀ ਦੇ ਚਿਹਰੇ ਵਜੋਂ ਬਚਾਅ ਕੇ ਰੱਖਿਆ ਜਾਵੇ ਪਰ ਸਮਝਿਆ ਜਾਂਦਾ ਹੈ ਕਿ ਸਿੱਧੂ ਨੂੰ ਆਸ ਸੀ ਕਿ ਉਹ ਚੰਨੀ ਉੱਪਰ ਸੁਪਰ ਮੁੱਖ ਮੰਤਰੀ ਵਜੋਂ ਵਿਚਰ ਸਕਣਗੇ ਪਰ ਕੁਝ ਹੀ ਦਿਨਾਂ ਵਿਚ ਜੋ ਕੁਝ ਵਾਪਰਿਆ ਉਸ ਤੋਂ ਸਾਫ਼ ਹੋ ਗਿਆ ਕਿ ਚੰਨੀ ਸਿੱਧੂ ਦੀ ਮਰਜ਼ੀ ਨਾਲ ਨਹੀਂ ਸਗੋਂ ਆਪਣੇ ਮਨ ਅਤੇ ਮਨਪ੍ਰੀਤ ਸਿੰਘ ਬਾਦਲ ਦੀ ਮਰਜ਼ੀ ਨਾਲ ਵਧੇਰੇ ਚੱਲ ਰਹੇ ਹਨ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਧੂ ਕੀ ਕਰਨਗੇ? ਇਸ ਵੇਲੇ ਜ਼ਿਆਦਾ ਸੰਭਾਵਨਾ ਤਾਂ ਇਸ ਗੱਲ ਦੀ ਹੈ ਕਿ ਸਿੱਧੂ ਆਪਣੀਆਂ ਕੁਝ ਗੱਲਾਂ ਮੰਨਵਾ ਕੇ ਸਮਝੌਤਾ ਕਰ ਲੈਣਗੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹਿਣਗੇ। ਹਾਲਾਂਕਿ ਅਜੇ ਇਹ ਮੁਸ਼ਕਿਲ ਜਾਪਦਾ ਹੈ ਕਿ ਉਨ੍ਹਾਂ ਦੇ ਕਹਿਣ 'ਤੇ ਹੁਣ ਮੰਤਰੀ ਮੰਡਲ ਵਿਚ ਕੋਈ ਵੱਡੀ ਤਬਦੀਲੀ ਕੀਤੀ ਜਾਵੇਗੀ। ਪਰ ਅਫ਼ਸਰਾਂ ਦੀ ਬਦਲੀ ਕੋਈ ਬਹੁਤੀ ਔਖੀ ਗੱਲ ਨਹੀਂ ਜਾਪਦੀ। ਪਰ ਜੇਕਰ ਸਮਝੌਤਾ ਨਾ ਵੀ ਹੋਇਆ ਤਾਂ ਹੁਣ ਤੱਕ ਮਿਲੀ ਸੂਚਨਾ ਅਨੁਸਾਰ ਸਿੱਧੂ ਨਾ ਤਾਂ ਕੋਈ ਵੱਖਰੀ ਪਾਰਟੀ ਬਣਾਉਣਗੇ ਅਤੇ ਨਾ ਹੀ ਕਾਂਗਰਸ ਛੱਡਣਗੇ। ਸਗੋਂ ਇਕ ਵਾਰ ਫਿਰ ਚੁੱਪ ਧਾਰ ਸਕਦੇ ਹਨ ਜਾਂ ਪੰਜਾਬ ਦੇ ਮਸਲਿਆਂ 'ਤੇ ਆਪਣੀ ਬੇਬਾਕ ਰਾਏ ਦਿੰਦੇ ਰਹਿਣਗੇ ਅਤੇ ਸਹੀ ਸਮੇਂ ਦੀ ਉਡੀਕ ਕਰਨਗੇ।

 ਕਿਸਾਨ ਸਮਝੌਤਾ ਹੋਣ ਦੇ ਆਸਾਰ

ਸੂਤਰਾਂ ਅਨੁਸਾਰ ਅਫ਼ਸਰਾਂ ਦੇ ਪੱਧਰ 'ਤੇ ਕਿਸਾਨ ਨੇਤਾਵਾਂ ਨਾਲ ਸਮਝੌਤੇ ਦੀ ਗੱਲ ਲਗਭਗ ਨੇੜੇ ਲੱਗ ਚੁੱਕੀ ਹੈ। ਜਾਣਕਾਰੀ ਅਨੁਸਾਰ  ਕੇਂਦਰ ਸਰਕਾਰ ਤੇ ਕਿਸਾਨਾਂ ਵਿਚ ਸਮਝੌਤਾ ਬਸ ਹੋਣ ਹੀ ਵਾਲਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ 2-3 ਵਾਰ ਗੱਲ ਸਿਰੇ ਲੱਗਣ ਦੀ ਆਸ ਬਣੀ ਪਰ ਹਰ ਵਾਰ ਕਿਸੇ ਨਾ ਕਿਸੇ ਕਾਰਨ ਗੱਲ ਸਿਰੇ ਨਹੀਂ ਲੱਗੀ। ਜਾਣਕਾਰੀ ਅਨੁਸਾਰ ਹੁਣ ਸਮਝੌਤੇ ਵਿਚ 2 ਕਾਨੂੰਨ ਰੱਦ ਕਰਕੇ ਇਕ ਕਾਨੂੰਨ ਸਾਂਝੀ ਕਮੇਟੀ ਦੇ ਸਪੁਰਦ ਕੀਤਾ ਜਾਵੇਗਾ ਜਦੋਂ ਕਿ ਫ਼ਸਲਾਂ ਦੇ ਸਮਰਥਨ ਮੁੱਲ ਨੂੰ ਕਾਨੂੰਨੀ ਰੂਪ ਦੇਣ ਲਈ ਵੀ ਕਮੇਟੀ ਹੀ ਬਣਾਈ ਜਾਵੇਗੀ। ਬੇਸ਼ੱਕ ਹੁਣ ਦੀ ਸਥਿਤੀ ਵਿਚ ਕੇਂਦਰ ਸਰਕਾਰ ਇਸ ਸਮਝੌਤੇ ਦਾ ਸਿਹਰਾ ਕੈਪਟਨ ਨੂੰ ਦੇ ਕੇ ਪੰਜਾਬ ਵਿਚ ਭਾਜਪਾ ਨੂੰ ਪੈਰਾਂ ਸਿਰ ਖੜ੍ਹਾ ਕਰਨ ਲਈ ਵਰਤ ਸਕਦੀ ਹੈ ਪਰ ਸਚਾਈ ਇਹੀ ਹੈ ਕਿ ਜੇਕਰ ਕੈਪਟਨ ਦੀ ਮੁੱਖ ਮੰਤਰੀ ਦੀ ਗੱਦੀ ਨਾ ਜਾਂਦੀ ਤਦ ਵੀ ਇਹ ਸਮਝੌਤਾ ਕਿਸਾਨਾਂ ਦੀਆਂ ਆਸਾਂ ਮੁਤਾਬਿਕ ਹੀ ਹੋਣ ਦੇ ਨੇੜੇ ਸੀ। ਕਿਉਂਕਿ ਉੱਤਰ ਪ੍ਰਦੇਸ਼ ਦੇ ਹਾਲਾਤ ਕੇਂਦਰ ਨੂੰ ਇਸ ਲਈ ਮਜਬੂਰ ਕਰ ਰਹੇ ਦੱਸੇ ਜਾਂਦੇ ਹਨ। ਸਮਝਿਆ ਜਾਂਦਾ ਹੈ ਕਿ ਕਿਸੇ ਵੇਲੇ ਵੀ ਕਿਸਾਨ ਨੇਤਾਵਾਂ ਤੇ ਅਮਿਤ ਸ਼ਾਹ ਵਿਚਕਾਰ ਗੱਲਬਾਤ ਸ਼ੁਰੂ ਹੋ ਸਕਦੀ ਹੈ। ਬਸ ਦੋਵੇਂ ਧਿਰਾਂ ਸਮਝੌਤੇ ਲਈ ਸਨਮਾਨਜਨਕ ਤਰੀਕੇ ਦੀ ਭਾਲ ਵਿਚ ਹਨ।ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦੇ ਅਸਤੀਫ਼ੇ ਨੂੰ ਲੈ ਕੇ ਪੈਦਾ ਹੋਇਆ ਬਵਾਲ ਅਜੇ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਦਰਮਿਆਨ ਅੱਜ ਇਥੇ ਮਸਲੇ ਨੂੰ ਨਜਿੱਠਣ ਲਈ ਹੋਈ ਮੀਟਿੰਗ, ਜੋ ਕੋਈ ਢਾਈ ਘੰਟੇ ਚੱਲੀ ਬੇਸਿੱਟਾ ਸਾਬਤ ਹੋਈ । ਸਿੱਧੂ ਵਲੋਂ ਮੀਟਿੰਗ ਵਿਚ ਸਰਕਾਰ ਵਲੋਂ ਨਵੇਂ ਨਿਯੁਕਤ ਕੀਤੇ ਗਏ ਡੀ.ਜੀ.ਪੀ ਤੇ ਐਡਵੋਕੇਟ ਜਨਰਲ ਸੰਬੰਧੀ ਉਠਾਏ ਗਏ ਇਤਰਾਜ਼ਾਂ ਦਾ ਸਰਕਾਰ ਕੋਲ ਕੋਈ ਬਹੁਤਾ ਜਵਾਬ ਨਹੀਂ ਸੀ । ਮੁੱਖ ਮੰਤਰੀ ਨੇ ਨਿਯੁਕਤੀਆਂ ਦੇ ਮਾਮਲੇ 'ਤੇ ਵਿਵਾਦ ਦੀ ਗੰਭੀਰਤਾ ਨੂੰ ਸਮਝਦਿਆਂ ਮੀਟਿੰਗ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਕੋਈ ਵੀ ਫ਼ੈਸਲਾ ਜਾਂ ਮੁੱਦਾ ਵੱਕਾਰ ਵਾਲਾ ਨਹੀਂ ਹੈ ਤੇ ਉਹ ਹਰੇਕ ਫ਼ੈਸਲੇ ਸਬੰਧੀ ਮੁੜ ਵਿਚਾਰ ਕਰ ਸਕਦੇ ਹਨ । ਜਿਸ ਤੋਂ ਸਪੱਸ਼ਟ ਸੀ ਕਿ  ਚੰਨੀ ਡੀ.ਜੀ.ਪੀ ਅਤੇ ਐਡਵੋਕੇਟ ਜਨਰਲ ਦੀਆਂ ਨਿਯੁਕਤੀਆਂ 'ਤੇ ਮੁੜ ਨਜ਼ਰਸਾਨੀ ਕਰਨ ਦੇ ਵਿਰੁੱਧ ਨਹੀਂ, ਲੇਕਿਨ ਸਿੱਧੂ ਵਲੋਂ ਇਸ ਤੋਂ ਬਾਅਦ ਬਾਕੀ ਮੰਤਰੀਆਂ ਦੇ ਉਠਾਏ ਗਏ ਮੁੱਦੇ ਨੇ ਗੱਲਬਾਤ ਵਿਚ ਅੜਿੱਕਾ ਲਗਾ ਦਿੱਤਾ ਕਿਉਂਕਿ ਸਿੱਧੂ ਨੂੰ ਦੱਸਿਆ ਕਿ ਮੰਤਰੀਆਂ ਦੀ ਸੂਚੀ ਪਾਰਟੀ ਹਾਈਕਮਾਨ ਵਲੋਂ ਪ੍ਰਵਾਨਿਤ ਹੈ ਅਤੇ ਪਾਰਟੀ ਹਾਈਕਮਾਨ ਦੇ ਦਸਤਖ਼ਤਾਂ ਹੇਠ ਜਾਰੀ ਹੋਈ ਸੀ, ਜਿਸ ਨੂੰ ਕੇਵਲ ਹਾਈਕਮਾਨ ਵਲੋਂ ਹੀ ਦੁਬਾਰਾ ਵਿਚਾਰਿਆ ਜਾ ਸਕਦਾ ਹੈ ਅਤੇ ਇਸ ਮੀਟਿੰਗ ਵਿਚ ਸਾਨੂੰ ਇਸ ਸੰਬੰਧੀ ਕਿਸੇ ਵਿਚਾਰ ਦਾ ਅਧਿਕਾਰ ਨਹੀਂ | ਸ: ਸਿੱਧੂ ਵਲੋਂ ਲਏ ਗਏ ਇਸ ਸਟੈਂਡ ਸੰਬੰਧੀ ਪਾਰਟੀ ਹਾਈਕਮਾਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਅਤੇ ਹਾਈਕਮਾਨ ਦੀ ਰਾਏ ਨਾਲ ਇਕ ਤਿੰਨ ਮੈਂਬਰੀ ਕਮੇਟੀ, ਜਿਸ ਵਿਚ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਕੌਮੀ ਜਨਰਲ ਸਕੱਤਰ ਸ਼ਾਮਿਲ ਹਨ, ਉੱਤੇ ਆਧਾਰਿਤ ਇਕ ਕਮੇਟੀ ਦਾ ਗਠਨ ਕਰਨ ਦਾ ਵੀ ਫ਼ੈਸਲਾ ਲਿਆ ਗਿਆ, ਜੋ ਅਜਿਹੇ ਮੁੱਦਿਆਂ ਨਾਲ ਨਜਿੱਠਣ ਸਬੰਧੀ ਕੰਮ ਕਰੇਗੀ | ਵਰਨਣਯੋਗ ਹੈ ਕਿ ਪਾਰਟੀ ਹਾਈਕਮਾਨ ਵਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਪੰਜਾਬ ਵਿਚ ਉੱਠੇ ਇਸ ਵਿਵਾਦ ਨੂੰ ਮੁੱਖ ਮੰਤਰੀ ਪੱਧਰ 'ਤੇ ਹੀ ਨਜਿੱਠਿਆ ਜਾਵੇ ।ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ ਹਾਜ਼ਰ ਕਿਸੇ ਵੀ ਆਗੂ ਵਲੋਂ ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਗੱਲ ਨਹੀਂ ਕੀਤੀ ਗਈ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਾਰਟੀ ਹਾਈਕਮਾਨ ਵਲੋਂ ਆਬਜ਼ਰਵਰ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸਿੱਧੂ ਸਮੇਤ ਸਾਰਿਆਂ ਨੇ ਮੌਕੇ ਤੋਂ ਆਪਣੀਆਂ ਗੱਡੀਆਂ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਤਰ੍ਹਾਂ ਹਾਜ਼ਰ ਦੂਜੇ ਆਗੂ ਜਿਨ੍ਹਾਂ ਵਿਚ ਪਰਗਟ ਸਿੰਘ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਤੇ ਕੁਲਜੀਤ ਸਿੰਘ ਨਾਗਰਾ ਆਦਿ ਕਿਸੇ ਨੇ ਵੀ ਪ੍ਰੈੱਸ ਨਾਲ ਕੋਈ ਗੱਲ ਨਾ ਕੀਤੀ ।ਹਾਲਾਂਕਿ ਪੰਜਾਬ ਭਵਨ ਦੇ ਗੇਟ 'ਤੇ ਵੱਡੀ ਗਿਣਤੀ ਵਿਚ ਮੀਡੀਆ ਕਰਮੀ ਲੰਮੇ ਸਮੇਂ ਤੋਂ ਆਗੂਆਂ ਦੇ ਬਾਹਰ ਨਿਕਲਣ ਦਾ ਇੰਤਜ਼ਾਰ ਕਰ ਰਹੇ ਸਨ ।ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਹਾਈਕਮਾਨ ਵਲੋਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਵੀ ਤੁਰੰਤ ਪੰਜਾਬ ਪੁੱਜਣ ਲਈ ਕਿਹਾ ਹੈ ਤਾਂ ਜੋ ਸੂਬੇ ਵਿਚ ਚੱਲ ਰਹੀ ਸਥਿਤੀ ਨਾਲ ਨਿਪਟਿਆ ਜਾ ਸਕੇ ।  ਰਾਵਤ ਨੋੋ ਸੰਕੇਤ ਦਿੱਤਾ ਕਿ ਉਨ੍ਹਾਂ ਨੂੰ ਪੰਜਾਬ ਜਾਣਾ ਪਵੇਗਾ ਕਿਉਂਕਿ ਪੰਜਾਬ ਵਿਚ ਸਭ ਠੀਕ ਨਹੀਂ ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਇਸ ਮਸਲੇ ਨੂੰ ਅਗਲੇ 5-7 ਦਿਨਾਂ ਵਿਚ ਸੁਲਝਾ ਲਿਆ ਜਾਵੇਗਾ ।ਇਸੇ ਦੌਰਾਨ ਪਾਰਟੀ ਹਾਈਕਮਾਨ ਵਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਵਲੋਂ ਵੀ ਅੱਜ ਚੰਨੀ ਸਰਕਾਰ ਲਈ ਵਿਧਾਨ ਸਭਾ ਦੇ ਇਜਲਾਸ ਦੌਰਾਨ ਫਲੋਰ ਟੈਸਟ ਸੰਬੰਧੀ ਕੀਤੀਆਂ ਗਈਆਂ ਟਿੱਪਣੀਆਂ ਨੂੰ ਵੀ ਵਿਚਾਰਿਆ ਜਾ ਰਿਹਾ ਹੈ ਅਤੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਕੈਪਟਨ ਵਲੋਂ ਕਾਂਗਰਸ ਛੱਡਣ ਦੇ ਐਲਾਨ ਤੋਂ ਬਾਅਦ ਕੀ  ਸਿੱਧੂ ਦਾ ਅਸਤੀਫ਼ਾ ਮਨਜ਼ੂਰ ਕਰਨ ਸੰਬੰਧੀ ਪਾਰਟੀ ਵਿਚਲੀ ਮਾਝਾ ਬਿ੍ਗੇਡ ਸਮੇਤ ਪਾਰਟੀ ਦੇ ਇਕ ਧੜੇ ਵਲੋਂ ਉਠਾਈ ਜਾ ਰਹੀ ਇਹ ਮੰਗ ਪਾਰਟੀ ਦਾ ਨੁਕਸਾਨ ਕਰਨ ਵਾਲੀ ਤਾਂ ਨਹੀਂ? ਮਾਝਾ ਧੜਾ ਡੀ.ਜੀ.ਪੀ ਤੇ ਐਡਵੋਕੇਟ ਜਨਰਲ ਦੀ ਨਿਯੁਕਤੀ 'ਤੇ ਮੁੜ ਵਿਚਾਰ ਦਾ ਵੀ ਤਿੱਖਾ ਵਿਰੋਧ ਕਰ ਰਿਹਾ ਹੈ । ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈਕਮਾਨ ਅਗਲੇ ਦਿਨਾਂ ਦੌਰਾਨ ਇਸ ਮੁੱਦੇ ਨੂੰ ਆਪਣੇ ਪੱਧਰ 'ਤੇ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਕਿਉਂਕਿ ਇਨ੍ਹਾਂ ਮੁੱਦਿਆਂ ਨਾਲ ਬੇਅਦਬੀਆਂ ਅਤੇ ਬਰਗਾੜੀ ਬਹਿਬਲ ਕਲਾਂ ਦੇ ਕੇਸਾਂ ਦੇ ਜੁੜਨ ਕਾਰਨ ਪਾਰਟੀ ਇਨ੍ਹਾਂ ਮਾਮਲਿਆਂ ਨੂੰ ਅਤਿ ਸੰਵੇਦਨਸ਼ੀਲ ਸਮਝ ਰਹੀ ਹੈ ।