ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਲਿਆਉਣ ਸਬੰਧੀ ਮੰਗ

ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਭਾਰਤ ਲਿਆਉਣ ਸਬੰਧੀ ਮੰਗ

ਜਲੰਧਰ :  ਪੁਡੂਚੇਰੀ ਦੇ ਸਾਬਕਾ ਗਵਰਨਰ ਇਕਬਾਲ ਸਿੰਘ ਨੇ ਭਾਰਤ ਦੌਰੇ ‘ਤੇ ਆਏ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਨੂੰ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਅਤੇ ਕੋਹਿਨੂਰ ਹੀਰਾ ਭਾਰਤ ਲਿਆਉਣ ਲਈ ਜੱਦੋ-ਜਹਿਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਕਬਾਲ ਸਿੰਘ ਨੇ ਇੰਗਲੈਂਡ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਕਿਹਾ। ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਾਬਕਾ ਗਵਰਨਰ ਦੇ ਘਰ ਪਹੁੰਚੇ ਅਤੇ ਇਸ ਮੌਕੇ ਢੇਸੀ ਦਾ ਸਨਮਾਨ ਕੀਤਾ ਗਿਆ। ਸ੍ਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਢੇਸੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਦੇਹ ਨੂੰ ਕਬਰ ਵਿਚੋਂ ਕੱਢ ਕੇ ਸਸਕਾਰ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਸਨ ਅਤੇ ਸਾਡਾ ਸਭਿਆਚਾਰ ਉਨ੍ਹਾਂ ਦੀ ਕਬਰ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੇ ਸ੍ਰੀ ਢੇਸੀ ਅੱਗੇ ਦਲੀਪ ਸਿੰਘ ਦੇ ਜੀਵਨ ਨਾਲ ਜੁੜੀਆਂ ਹੋਰ ਨਿਸ਼ਾਨੀਆਂ ਨੂੰ ਵੀ ਪੰਜਾਬ ਲਿਆਉਣ ਲਈ ਜੱਦੋ-ਜਹਿਦ ਕਰਨ ਦੀ ਮੰਗ ਰੱਖੀ ਹੈ।
ਸਾਬਕਾ ਗਵਰਨਰ ਨੇ ਕੋਹਿਨੂਰ ਹੀਰੇ ਨੂੰ ਵੀ ਵਾਪਸ ਭਾਰਤ ਲਿਆਉਣ ਲਈ ਕੋਸ਼ਿਸ਼ ਕਰਨ ਦੀ ਮੰਗ ਕੀਤੀ ਹੈ। ਸ੍ਰੀ ਇਕਬਾਲ ਸਿੰਘ ਨੇ ਦੱਸਿਆ ਕਿ ਕੋਹਿਨੂਰ ਦੀ ਮੰਗ ‘ਤੇ ਤਨਮਨਜੀਤ ਸਿੰਘ ਢੇਸੀ ਖੁੱਲ੍ਹ ਕੇ ਨਹੀਂ ਬੋਲੇ ਜਦਕਿ ਬਾਕੀ ਮੰਗਾਂ ਲਈ ਉਨ੍ਹਾਂ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤਨਮਨਜੀਤ ਸਿੰਘ ਦੇ ਚਾਚਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਵੀ ਹਾਜ਼ਰ ਸਨ।