ਹੁਸ਼ਿਆਰਪੁਰ ‘ਚ ਆਪਣੇ ਪਿੰਡ ਬੰਬੇਲੀ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਪਿਤਾ ਕੁੰਦਨ ਸਿੰਘ ਨਾਲ ਗੱਲਬਾਤ

ਹੁਸ਼ਿਆਰਪੁਰ ‘ਚ ਆਪਣੇ ਪਿੰਡ ਬੰਬੇਲੀ ਪੁੱਜੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਪਿਤਾ ਕੁੰਦਨ ਸਿੰਘ ਨਾਲ ਗੱਲਬਾਤ

ਸੱਚ ਹਮੇਸ਼ਾ ਸੱਚ ਹੀ ਰਹਿੰਦੈ ਤੇ ਉਹ ਛੇਤੀ ਬਾਹਰ ਆਵੇਗਾ : ਕੁੰਦਨ ਸਿੰਘ
ਹੁਸ਼ਿਆਰਪੁਰ/ਬਿਊਰੋ ਨਿਊਜ਼ :
ਪੰਜਾਬੀ ਮੂਲ ਦੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਭਾਰਤ ਦੌਰੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਬਿਆਨ ‘ਤੇ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਲੋਕਾਂ ‘ਚ ਗ਼ੁੱਸਾ ਹੈ। ਕੈਪਟਨ ਨੇ ਕਿਹਾ ਹੈ ਕਿ ਉਹ ਹਰਜੀਤ ਸਿੰਘ ਸੱਜਣ ਨੂੰ ਨਹੀਂ ਮਿਲਣਗੇ, ਕਿਉਂਕਿ ਉਹ ਖ਼ਾਲਿਸਤਾਨੀ ਹੈ। ਹੁਸ਼ਿਆਰਪੁਰ ‘ਚ ਆਪਣੇ ਪਿੰਡ ਬੰਬੇਲੀ ਪੁੱਜੇ ਸੱਜਣ ਸਿੰਘ ਦੇ ਪਿਤਾ ਕੁੰਦਨ ਸਿੰਘ ਨੇ ਕਿਹਾ ਕਿ ਸੱਚ-ਝੂਠ ਚੱਲਦਾ ਰਹਿੰਦਾ ਹੈ, ਪਰ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਅਤੇ ਉਹ ਛੇਤੀ ਬਾਹਰ ਆ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਸੱਜਣ ਦਾ ਜਨਮ ਪਿੰਡ ਬੰਬੇਲੀ ‘ਚ ਹੋਇਆ ਸੀ ਅਤੇ ਇਹ ਪਰਿਵਾਰ 79 ਦੇ ਦਹਾਕੇ ‘ਚ ਕੈਨੇਡਾ ਚੱਲਿਆ ਗਿਆ ਸੀ। ਹਾਲਾਂਕਿ ਸੱਜਣ ਸਿਰਫ਼ ਇਕ-ਦੋ ਵਾਰ ਹੀ ਪਿੰਡ ਆਏ ਹਨ, ਪਰ ਉਨ੍ਹਾਂ ਦੇ ਪਿਤਾ ਕੁੰਦਨ ਸਿੰਘ ਆਪਣੇ ਪਿੰਡ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਅਤੇ ਲਗਭਗ ਹਰ ਸਾਲ ਆਪਣੇ ਪਿੰਡ ਆਉਂਦੇ ਰਹਿੰਦੇ ਹਨ।

ਕੈਪਟਨ ਦੇ ਬਿਆਨ ਬਾਰੇ ਕਿਹਾ : ਸੱਜਣ ਨੂੰ ਇਨ੍ਹਾਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ
ਹਰਜੀਤ ਸਿੰਘ ਦੇ ਪਿਤਾ ਕੁੰਦਨ ਸਿੰਘ ਨੇ ਕਿਹਾ ਕਿ ਸੱਚ-ਝੂਠ ‘ਚ ਆਖ਼ਰਕਾਰ ਸਚਾਈ ਦੀ ਜਿੱਤ ਹੁੰਦੀ ਹੈ। ਮੈਂ ਅਤੇ ਹਰਜੀਤ ਨੇ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਅਤੇ ਸ਼ੁਰੂ ਤੋਂ ਹੀ ਮਨੁੱਖਤਾ ਦੀ ਸੇਵਾ ਕੀਤੀ ਹੈ। ਜਿੱਥੇ ਤੁਸੀਂ ਰਹਿੰਦੇ ਹੋ, ਉਥੇ ਦੇ ਸਮਾਜ ਦੇ ਹਿਸਾਬ ਨਾਲ ਰਹਿਣਾ ਪੈਂਦਾ ਹੈ। ਅਮਰਿੰਦਰ ਸਿੰਘ ਦੇ ਬਿਆਨ ਤੋਂ ਹਰਜੀਤ ਸਿੰਘ ਨੂੰ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰ ਰਿਹਾ ਹੈ। ਕੁੰਦਨ ਸਿੰਘ ਨੇ ਕਿਹਾ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਉਸ ਦੇ ਪ੍ਰੋਗਰਾਮ ਬਾਰੇ ਅਖ਼ਬਾਰਾਂ ‘ਚ ਹੀ ਪੜ੍ਹ ਰਹੇ ਹਨ, ਪਰ ਲਗਭਗ ਪੰਜ ਦਿਨ ਪਹਿਲਾਂ ਉਨ੍ਹਾਂ ਦੀ ਆਪਣੇ ਬੇਟੇ ਨਾਲ ਗੱਲ ਹੋਈ ਸੀ ਅਤੇ ਜਦੋਂ ਪਤਾ ਲੱਗਾ ਕਿ ਉਹ ਦਰਬਾਰ ਸਾਹਿਬ ਆ ਰਿਹਾ ਹੈ ਤਾਂ ਉਸ ਨੂੰ ਕਿਹਾ ਕਿ ਉਹ ਪਿੰਡ ਗੇੜਾ ਜ਼ਰੂਰ ਲਗਾਏ। ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਉਹ ਉਨ੍ਹਾਂ ਦੇ ਨਾਲ ਦਰਬਾਰ ਸਾਹਿਬ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਹੀ ਰਹਿਣਗੇ, ਕਿਉਂਕਿ ਇੱਥੇ ਉਸ ਨਾਲ ਚੰਗੀ ਤਰ੍ਹਾਂ ਮੁਲਾਕਾਤ ਹੋ ਸਕੇਗੀ। ਉਨ੍ਹਾਂ ਦੇ ਪਿਤਾ ਨੇ ਖ਼ੁਲਾਸਾ ਕੀਤਾ ਕਿ ਹਰਜੀਤ ਬਹੁਤ ਮਿਹਨਤੀ ਸੀ ਅਤੇ ਬਾਅਦ ‘ਚ ਉਨ੍ਹਾਂ ਨੇ ਆਰਮੀ ਜੁਆਇਨ ਕੀਤੀ। ਜਿਹੜੇ ਕਾਮਾਗਾਟਾਮਾਰੂ ਜਹਾਜ਼ ਨੂੰ 100 ਸਾਲ ਪਹਿਲਾਂ ਕੈਨੇਡਾ ਬਾਰਡਰ ‘ਤੇ ਰੋਕਿਆ ਗਿਆ ਸੀ, ਉਸ ਜਹਾਜ਼ ਦੇ ਕਮਾਡੈਂਟ ਵੀ ਸੱਜਣ ਰਹਿ ਚੁੱਕੇ ਹਨ।

5 ਸਾਲ ਦੇ ਸਨ ਜਦੋਂ ਸੱਜਣ ਕੈਨੇਡਾ ਗਏ ਸਨ :
ਉਨ੍ਹਾਂ ਦੇ ਪਿਤਾ ਨੇ ਦੱਸਿਆ ਕਿ ਸੱਜਣ ਸਿਰਫ਼ 5 ਸਾਲ ਦੇ ਸਨ, ਜਦੋਂ ਉਹ ਕੈਨੇਡਾ ਚਲੇ ਗਏ ਸਨ ਅਤੇ ਉਥੇ ਜਾ ਕੇ ਮਿਹਨਤ ਤੋਂ ਬਾਅਦ ਇਸ ਮੁਕਾਮ ‘ਤੇ ਪੁੱਜੇ ਹਨ। ਉਹ ਆਪ ਤਾਂ ਕੰਮਾਂ ‘ਚ ਰੁੱਝੇ ਸਨ, ਪਰ ਉਨ੍ਹਾਂ ਦੀ ਮਾਂ ਵਿਦਿਆ ਨੇ ਅਜਿਹੇ ਸੰਸਕਾਰ ਦਿੱਤੇ ਕਿ ਜਿਸ ਦੀ ਬਦੌਲਤ ਸੱਜਣ ਅਜਿਹੇ ਮੁਕਾਮ ‘ਤੇ ਪੁੱਜਾ ਹੈ। ਉਨ੍ਹਾਂ ਕਿਹਾ ਕਿ ਸੱਜਣ ਨੂੰ ਅੱਜ ਵੀ ਆਪਣੇ ਦਾਦਾ ਨੰਬਰਦਾਰ ਫ਼ਕੀਰ ਸਿੰਘ ਦੇ ਨਾਲ ਖੇਤਾਂ ‘ਚ ਜਾਣਾ ਯਾਦ ਹੈ ਅਤੇ ਉਹ ਪੂਰੀ ਤਰ੍ਹਾਂ ਆਪਣੇ ਪਿੰਡ ਨੂੰ ਯਾਦ ਕਰਦੇ ਹਨ।

ਹਰਜੀਤ ਸਿੰਘ ਖ਼ਾਲਿਸਤਾਨ ਦਾ ਆਪਣਾ ਸਟੈਂਡ ਸਪਸ਼ਟ ਕਰੇ : ਕਾਂਗਰਸ
ਸੀਨੀਅਰ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਕਿਹਾ ਹੈ ਕਿ ਉਹ ਖ਼ਾਲਿਸਤਾਨ ਦੇ ਮਾਮਲੇ ‘ਚ ਆਪਣਾ ਸਟੈਂਡ ਸਪਸ਼ਟ ਕਰੇ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ ਭਾਰਤ ਅਤੇ ਕੈਨੇਡਾ ਦੇ ਚੰਗੇ ਸਬੰਧਾਂ ਲਈ ਜ਼ਰੂਰੀ ਹੈ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ‘ਤੇ ਆਪਣਾ ਸਟੈਂਡ ਸਪਸ਼ਟ ਕਰਨ। ਕੈਨੇਡਾ ਦੇ ਹਾਈ ਕਮਿਸ਼ਨਰ ਵੱਲੋਂ ਇਸ ਮੁੱਦੇ ‘ਤੇ ਜਾਰੀ ਬਿਆਨ ਸਬੰਧੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਨੇਡਿਆਈ ਅਧਿਕਾਰੀਆਂ ਵੱਲੋਂ ਸਥਿਤੀ ਸਪਸ਼ਟ ਕਰਨ ਦੀ ਥਾਂ ਤੱਥਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਸ਼ਾਂਤੀ ਪਸੰਦ ਪੰਜਾਬੀਆਂ ਲਈ ਇਸ ਗੰਭੀਰ ਮਾਮਲੇ ‘ਤੇ ਕੈਨੇਡਿਆਈ ਅਧਿਕਾਰੀਆਂ ਵੱਲੋਂ ਚੁੱਪੀ ਧਾਰੀ ਹੋਈ ਹੈ। ਕਾਂਗਰਸੀ ਵਿਧਾਇਕਾਂ ਸੁਖਜਿੰਦਰ ਸਿੰਘ ਰੰਧਾਵਾ, ਸੁੱਖ ਸਰਕਾਰੀਆ ਅਤੇ ਨਵਤੇਜ ਸਿੰਘ ਚੀਮਾ ਨੇ ਅਕਾਲੀ ਦਲ ਅਤੇ ‘ਆਪ’ ਪਾਰਟੀ ਦੇ ਆਗੂਆਂ ਨੂੰ ਵੀ ਇਹ ਸਲਾਹ ਦਿੱਤੀ ਕਿ ਉਹ ਸੱਜਣ ਸਿੰਘ ਦੇ ਵਕੀਲ ਬਣਨ ਦੀ ਕੋਸ਼ਿਸ਼ ਨਾ ਕਰਨ, ਕਿਉਂਕਿ ਕੈਨੇਡੀਅਨ ਰੱਖਿਆ ਮੰਤਰੀ ਵੱਲੋਂ ਖ਼ਾਲਿਸਤਾਨ ਦਾ ਸਮਰਥਕ ਹੋਣ ਦਾ ਖੰਡਨ ਤੱਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਸੁਖਪਾਲ ਸਿੰਘ ਖਹਿਰਾ ਅਤੇ ਐਚ.ਐਸ. ਫੂਲਕਾ ਵੱਲੋਂ ਆਪਣੇ ਆਪ ਹੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਖਹਿਰਾ ਅਤੇ ਫੂਲਕਾ ਵਿਦੇਸ਼ਾਂ ‘ਚ ਫ਼ੰਡ ਇਕੱਤਰ ਕਰਨ ਲਈ ਇਸ ਮਾਮਲੇ ‘ਤੇ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ‘ਚ ਖੇਡ ਰਹੇ ਹਨ।