ਮਾਂ ਨੂੰ ਯਾਦ ਕਰਦੇ ਹੋਏ ……

ਮਾਂ ਨੂੰ ਯਾਦ ਕਰਦੇ ਹੋਏ ……

ਮੇਰੀ ਇਕ ਮਾਂ ਹੈ, ਜਿਸ ਦੀ ਬੜੀ ਠੰਡੀ ਤੇ ਮਿੱਠੀ ਛਾਂ ਹੈ ;ਜਦੋਂ ਮੈਂ ਬੂਹੇ ਨੂੰ ਟੱਪਣ ਲੱਗਣਾ, ਉਸ ਨੇ ਕਹਿਣਾ ਅਰਦਾਸ ਕਰ ਕੇ ਜਾ  ਗੁਰੂ ਤੇਰੇ ਅੰਗ ਸੰਗ ਰਹੇਗਾ, ਤੈਨੂੰ ਲੱਗੇ ਨਾ ਤੱਤੀ ਵਾਅ ਮਾਂ ਕਹਿੰਦੀ ਸੀ “ਜਨਨੀ ਜਨੇ ਤਾਂ ਭਗਤ ਜਨ ਕੈ ਦਾਤਾ ਕੈ ਸੂਰ” ਸੁੱਖਾਂ ਵੀ ਮੰਗਦੀ ਹੋਵੇਂਗੀ ਮਾਏ, ਮਾਣ ਵੀ ਕਰਦੀ ਹੋਵੇਂਗੀ ਜ਼ਰੂਰ  

ਮੇਰੀ ਮਾਂ, ਮਾਂ ਵੀ ਹੈ, ਮਿੱਤਰ ਵੀ ਹੈ 

ਉਸਦਾ ਰੁੱਸਣਾ, ਉਸ ਦਾ ਮੰਨ ਜਾਣਾ 

ਕਦੇ ਕਦੇ ਲੌਰ ਵਿੱਚ ‘ਚਿੜ੍ਹੀਆਂ ਦਾ ਚੰਬਾ’ ਗਾਣਾ 

ਉਹ ਮਹਿਬੂਬਾ ਤੋਂ ਵੱਧ ਕੇ ਯਾਦ ਆਂਦੀ ਹੈ 

ਯਾਦ ਉਸ ਦੀ ਸੀਨੇ ਵਿੱਚ ਠੰਡ ਪਾਂਦੀ ਹੈ 

ਮੇਰੀ ਇਕ ਮਾਂ ਹੈ, ਜਿਸ ਦੀ ਬੜੀ ਠੰਡੀ ਤੇ ਮਿੱਠੀ ਛਾਂ ਹੈ 

 ਉਸ ਠੰਡੀ ਮਿੱਠੀ ਛਾਂ ਵਾਲੀ ਤੇ ਹਰ ਵੇਲੇ ਸੁੱਖ ਮੰਗਣ ਵਾਲੀ ਮੇਰੀ ਮਾਂ ਦੇ ਅਕਾਲ ਚਲਾਣੇ ਨੂੰ ਪੂਰੇ ਤੀਹ ਸਾਲ ਹੋ ਰਹੇ ਹਨ । 26 ਸਤੰਬਰ 1991 ਨੂੰ ਮੇਰੇ ਬੀਜੀ ਨੇ ਅਕਾਲ ਚਲਾਣਾ ਕੀਤਾ ਸੀ, ਜਦੋਂ ਮੈਂ ਕੋਟ ਲਖਪੱਤ ਜੇਲ੍ਹ ਵਿੱਚ ਸਾਂ । ਮਾਂ ਨਾਲ ਗੱਲਾਂ ਕਰਦੇ, ਦੁੱਖ ਸੁੱਖ ਸਾਂਝੇ ਕਰਦੇ ਮੈਂ ਕਈ ਕਵਿਤਾਵਾਂ ਲਿਖੀਆਂ ਹਨ । ਅੱਜ ਉਹਨਾਂ ਨੂੰ ਯਾਦ ਕਰਦੇ ਕੁੱਝ ਕਵਿਤਾਵਾਂ ਦੇ ਕੁੱਝ ਹਿੱਸੇ ਆਪ ਨਾਲ ਸਾਂਝੇ ਕਰ ਰਿਹਾ ਹਾਂ । 

ਮਾਏ ਨੀ ਤੂੰ ਛਾਂ ਨੀ

ਮਾਏ ਨੀ  ਤੂੰ ਨਿੱਘ ਨੀ

ਮਾਏ ਨੀ ਤੂੰ ਠੰਡੀ ਠੰਡੀ ਵਾਅ

ਪਿਆਰ ਤਾਂ ਪਿਆਰਾ ਤੇਰਾ

ਗੁੱਸਾ ਵੀ ਪਿਆਰਾ ਲੱਗੇ

ਸਾਨੂੰ ਤੇਰੇ ਮਿਲਣੇ ਦਾ ਚਾਅ

ਮੈਂ ਆਖਾਂ ਮੈਂ ਕੈਦੀ

ਤੂੰ ਆਖੈਂ ਤੂੰ  ਕੈਦੀ

ਮਿਲਣੇ ਦਾ ਦਿੱਸੇ ਨਾ ਕੋਈ ਰਾਹ

ਬੂਹੇ ਸਾਰੇ ਬੰਦ ਨੇ

ਤੇ ਆਸਾਂ ਵੀ ਨੇ ਟੁੱਟੀਆਂ

ਸਾਹਾਂ ਦਾ ਵੀ ਮਾਏ ਕੀ ਵਿਸਾਹ

ਮੇਰੀ ਮਾਂ, ਮੇਰੀ ਕੌਮੀ ਜ਼ਿੰਦਗੀ ਦਾ ਪ੍ਰੇਰਣਾ ਸ੍ਰੋਤ ਤਾਂ ਸੀ ਹੀ, ਪਰ ਆਪਣੇ ਆਪ ਵਿੱਚ ਵੀ ਸੰਘਰਸ਼ ਦਾ ਇਕ ਹਿੱਸਾ ਸੀ । 

ਦੂਰ ਮੈਂ ਤੇਤੋਂ ਦੂਰ ਬਹੁਤ ਹਾਂ 

ਮਾਂ ਮੈਂ ਅੱਜ ਮਜਬੂਰ ਬਹੁਤ ਹਾਂ

ਸੁਣ ਨਹੀਂ ਸਕਦਾ, ਕਹਿ ਨਹੀਂ ਸਕਦਾ

ਚੁੱਪ  ਵੀ ਲੇਕਿਨ ਰਹਿ ਨਹੀਂ ਸਕਦਾ

ਜਦ ਵੀ ਕੋਈ ਦਰਦ ਸਤਾਵੇ

ਜਦ ਕੋਈ ਕੰਢਾ ਚੁੱਭ ਜਾਵੇ

ਦਿਲ ਚਾਹੇ ਤੈਨੂੰ ਦਰਦ ਸੁਣਾਵਾਂ

ਪੀੜ ਦੀ ਸਾਂਝ ਤੇਰੇ ਨਾਲ ਪਾਵਾਂ

ਤੂੰ ਮੇਰੇ ਦੁੱਖ ਸੁੱਖ ਦੀ ਸਾਂਝਣ 

ਤੂੰ ਮਾਂ ਮੇਰੀ, ਮਹਿਰਮ ਮੇਰੀ

ਤੂੰ ਮੇਰੀ ਸ਼ਕਤੀ, ਤੂੰ ਕਮਜ਼ੋਰੀ

ਤੇਤੋਂ ਦਸ ਫਿਰ ਕਾਹਦੀ ਚੋਰੀ 

ਭਾਵੇਂ ਆਪ ਅੱਜ ‘ਬੁੱਢਾ’ ਹੋ ਗਿਆ ਹਾਂ, ਪਰ ਮਾਂ ਨੂੰ ਯਾਦ ਕਰਦੇ ਹੋਏ ਆਪਣਾ ਆਪ ਬੱਚਾ ਲੱਗਣ ਲੱਗ ਜਾਂਦਾ ਹੈ । 

ਗਜਿੰਦਰ ਸਿੰਘ, ਦਲ ਖਾਲਸਾ