ਪੰਜਾਬ ਦੇ ਦਰਿਆਈ ਪਾਣੀਆਂ ਨੂੰ ਪਾਕਿਸਤਾਨ ਵੱਲ ਛੱਡਣਾ ਜਾਂ ਹਿੰਦੁਸਤਾਨ ਵੱਲ ਲੈ ਜਾਣਾ ਦੋਵੇਂ ਇੱਕ ਬਰਾਬਰ: ਪਰਮਜੀਤ ਸਿੰਘ ਮੰਡ
ਅੰਮ੍ਰਿਤਸਰ ਸਾਹਿਬ: ਪਿਛਲੇ ਦਿਨੀਂ ਹਰੀਕੇ ਤੋਂ ਪਾਕਿਸਤਾਨ ਵੱਲ ਛੱਡੇ ਗਏ ਪਾਣੀ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ "ਕਿ ਵਾਧੂ ਪਾਣੀ ਅੱਗੇ ਛੱਡਿਆ ਗਿਆ ਸੀ" ਦਾ ਸਿੱਖ ਯੂਥ ਆਫ਼ ਪੰਜਾਬ ਨੇ ਤਿੱਖਾ ਨੋਟਿਸ ਲੈਂਦਿਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ, ਕਿ ਜੇ ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਵੱਧ ਸੀ ਤਾਂ ਇਸ ਸਮੇਂ ਜਦੋਂ ਝੋਨਾ ਪੰਜਾਬ ਦੀ ਜਮੀਨ ਨੂੰ ਢੱਕ ਰਿਹਾ ਹੈ ਅਤੇ ਪਾਣੀ ਕਿਸਾਨਾਂ ਦੀ ਮੁੱਖ ਜ਼ਰੂਰਤ ਬਣਿਆ ਹੋਇਆ ਹੈ ਤਾਂ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਕਿਉਂ ਹਨ?
ਜਥੇਬੰਦੀ ਨੇ ਇਸ ਮਾਮਲੇ 'ਤੇ ਆਪਣਾ ਪੱਖ ਜਾਰੀ ਕਰਦਿਆ ਕਿਹਾ ਕਿ ਜਿੱਥੇ ਉਹ ਵੱਧ ਪਾਣੀ ਦੇ ਨਾਂਅ 'ਤੇ ਪਾਣੀ ਨੂੰ ਹੋਰਨਾਂ ਦੇਸ਼ਾਂ ਵੱਲ ਧੱਕੇ ਜਾਣ ਦੇ ਵਿਰੁੱਧ ਹਨ ਉੱਥੇ ਪਿਛਲੇ ਕਈ ਦਹਾਕਿਆਂ ਤੋਂ ਕੇਂਦਰ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਕੀਤੀ ਜਾ ਰਹੀ ਲੁੱਟ ਦਾ ਵੀ ਵਿਰੋਧ ਕਰਦੇ ਹਨ।
ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਕਾਰਣ ਅੱਜ ਪੰਜਾਬ ਤਬਾਹੀ ਦੇ ਕੰਢੇ ਹੈ, ਕਿਸੇ ਵੇਲੇ ਪੰਜਾਬ ਦੇ ਤਰਾਈ ਵਾਲੇ ਇਲਾਕਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਉੱਚਾ ਸੀ ਤੇ ਹੁਣ 1200 ਫੁੱਟ ਤੱਕ ਡੂੰਘਾ ਬੋਰ ਕਰ ਕੇ ਪਾਣੀ ਕੱਢਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਕਿਸਤਾਨ ਵੱਲ ਛੱਡੇ ਪਾਣੀ ਨੂੰ ਵਾਧੂ ਪਾਣੀ ਕਹਿਣਾ ਇਹ ਪੰਜਾਬ ਨਾਲ ਇੱਕ ਵੱਡਾ ਧੋਖਾ ਹੈ, ਕਿਉਂਕਿ ਪੰਜਾਬ ਦੀਆਂ ਬਹੁਤੀਆਂ ਨਹਿਰਾਂ ਪਾਣੀ ਤੋਂ ਬਗੈਰ ਸੁੱਕੀਆਂ ਪਈਆਂ ਹਨ। ਖੇਤੀਬਾੜੀ ਕਰਨ ਲਈ ਕਿਸਾਨਾਂ ਵੱਲੋਂ ਧਰਤੀ ਹੇਠਲਾ ਪਾਣੀ ਲਗਾਤਾਰ ਕੱਢਣ ਕਾਰਣ ਪੰਜਾਬ ਦਾ ਬਹੁਤ ਹਿੱਸਾ 'ਡਰਾਈ' ਕਰਾਰ ਦਿੱਤਾ ਜਾ ਚੁੱਕਾ ਹੈ।
ਉਹਨਾਂ ਸੁਖਪਾਲ ਸਿੰਘ ਖਹਿਰਾ ਵੱਲੋਂ ਰਾਸ਼ਟਰਵਾਦੀ ਤਰਜ਼ 'ਤੇ ਅਧਾਰਤ ਇਕੱਲਾ ਪਾਕਿਸਾਤਨ ਨੂੰ ਜਾਂਦੇ ਪਾਣੀ 'ਤੇ ਸੋੜੀ ਰਾਜਨੀਤੀ ਕਾਰਨ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀ ਦੀ ਲੁੱਟ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਵੀ ਕਰਵਾਈ ਜਾ ਰਹੀ ਹੈ, ਤੇ ਇਸ ਲੁੱਟ 'ਤੇ ਅਜਿਹੇ ਨੇਤਾ ਜਾ ਤਾਂ ਚੁੱਪ ਹਨ ਜਾ ਫਿਰ ਮਸਲੇ ਨੂੰ ਗਲਤ ਰੰਗਤ ਦੇ ਕੇ ਪੰਜਾਬ ਵਾਸੀਆਂ ਨਾਲ ਧਰੋਹ ਕਮਾ ਰਹੇ ਹਨ।
ਉਹਨਾਂ ਦੱਸਿਆ ਕਿ ਇਸ ਵੇਲੇ ਪੰਜਾਬ ਨੂੰ 450 ਲੱਖ ਹੈਕਟੇਅਰ ਫੁੱਟ ਪਾਣੀ ਦੀ ਜਰੂਰਤ ਹੈ ਜਦੋਂ ਕਿ ਪੰਜਾਬ ਇਸ ਵੇਲੇ ਕੇਵਲ 152 ਲੱਖ ਹੈਕਟੇਅਰ ਫੁੱਟ ਦਰਿਆਈ ਪਾਣੀ ਹੀ ਵਰਤ ਰਿਹਾ ਹੈ ਅਤੇ ਕਰੀਬ 200 ਲੱਖ ਹੈਕਟੇਅਰ ਫੁੱਟ ਪਾਣੀ ਜ਼ਮੀਨ ਹੇਠੋਂ ਕੱਢ ਰਿਹਾ ਹੈ ਜਦਕਿ ਕੁਦਰਤੀ ਤੌਰ ਉੱਤੇ ਪੰਜਾਬ ਕੇਵਲ 80 ਲੱਖ ਹੈਕਟੇਅਰ ਫੁੱਟ ਪਾਣੀ ਹੀ ਜ਼ਮੀਨ ਹੇਠੋਂ ਕੱਢ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇ ਦੂਜੇ ਸੂਬਿਆਂ ਨੂੰ ਜਬਰੀ ਲੁਟਾਏ ਜਾ ਰਹੇ ਦਰਿਆਈ ਪਾਣੀ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਵੀ ਪੰਜਾਬ ਦੀ ਜਰੂਰਤ ਪੂਰੀ ਨਹੀਂ ਹੁੰਦੀ। ਉਹਨਾਂ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਬੰਜਰ ਤਬਾਹੀ ਤੋਂ ਬਚਾਉਣ ਲਈ ਦਰਿਆਈ ਪਾਣੀਆਂ ਦੀ ਲੁੱਟ ਵਿਰੁੱਧ ਸੋਚਣ ਵਿਚਾਰਨ ਦੀ ਅਪੀਲ ਵੀ ਕੀਤੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)