ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਨਹਿਰੂ ਖਾਨਦਾਨ, ਕਾਂਗਰਸ ਅਤੇ ਅਖੌਤੀ ਦੇਸ਼ ਭਗਤੀ) (ਲੜੀ ਨੰਬਰ 6)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਨਹਿਰੂ ਖਾਨਦਾਨ, ਕਾਂਗਰਸ ਅਤੇ ਅਖੌਤੀ ਦੇਸ਼ ਭਗਤੀ) (ਲੜੀ ਨੰਬਰ 6)

ਅਨੁਵਾਦ - ਕੇ.ਐੱਸ. ਚੱਠਾ

ਇੰਡੀਅਨ ਨੈਸ਼ਨਲ ਕਾਂਗਰਸ ਅਤੇ ਬ੍ਰਿਟਿਸ਼ ਸਾਮਰਾਜ:

1857 ਦੇ ਵੱਡੇ ਵਿਦਰੋਹ ਤੋਂ ਬਾਅਦ, ਬ੍ਰਿਟਿਸ਼ ਮਕਬੂਜ਼ਾ ਭਾਰਤ ਦੇ ਵੱਖ ਵੱਖ ਇਲਾਕਿਆਂ ਵਿਚ ਹੋ ਰਹੀਆਂ ਛੋਟੀਆਂ ਛੋਟੀਆਂ ਅੰਦਰੂਨੀ ਲੜਾਈਆਂ ਤੋਂ ਦੁਖੀ ਹੋ ਗਏ ਸਨ। ਕਿਉਂਕਿ ਅਜਿਹੀਆਂ ਲੜਾਈਆਂ ਕਿਸੇ ਵੀ ਵੇਲੇ ਅਤੇ ਕਿਸੇ ਵੀ ਜਗ੍ਹਾ ਆਪਣਾ ਸਿਰ ਚੁੱਕ ਲੈਂਦੀਆਂ ਸਨ ਅਤੇ ਇਹਨਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਸੀ। ਇਹਨਾਂ ਝੜਪਾਂ ਤੋਂ ਸਚੇਤ ਹੋ ਕੇ ਬ੍ਰਿਟਿਸ਼ ਪਾਰਲੀਮੈਂਟ ਨੇ 1880 ਵਿਚ ਕੁਝ ਅਜਿਹੇ ਦਮਨਕਾਰੀ ਕਾਨੂੰਨ ਪਾਸ ਕੀਤੇ ਜਿਹਨਾਂ ਨਾਲ ਕਿ ਅੱਤਵਾਦੀ ਅਤੇ ਦਹਿਸ਼ਤਵਾਦੀ ਗਤੀਵਿਧੀਆਂ (ਅੰਗਰੇਜ਼ਾਂ ਮੁਤਾਬਕ) 'ਤੇ ਰੋਕ ਲਈ ਜਾ ਸਕੇ। ਅਜਿਹੇ ਕਾਨੂੰਨਾਂ ਨੇ ਭਾਰਤ 'ਚ ਜ਼ਿੰਦਾਬਾਦ-ਮੁਰਦਾਬਾਦ ਕਰਨ ਵਾਲੇ ਇਨਕਲਾਬੀ ਲੀਡਰਾਂ ਨੂੰ ਚੁੱਪ ਕਰਾ ਦਿੱਤਾ ਅਤੇ ਆਰਥੋਡਾਕਸ (ਕੱਟੜਪੰਥੀ) ਰਾਜਨੀਤਿਕ ਸਰਗਰਮੀਆਂ ਵਿਚ ਕਮੀ ਲੈ ਆਂਦੀ। ਜਦੋ ਇੰਡੀਅਨ ਨੈਸ਼ਨਲ ਕਾਂਗਰਸ 1885 ਵਿਚ ਐਲਨ ਓਕਟਾਵੀਅਨ ਹਿਊਮ (imperial civil servant) ਦੀ ਸਰਪਰਸਤੀ ਹੇਠ ਹੋਂਦ ਚ ਆਈ ਤਾਂ ਇਸਨੂੰ ਬ੍ਰਿਟਿਸ਼ ਸਰਕਾਰ ਦੀ ਪੂਰਨ ਸਹਿਮਤੀ ਅਤੇ ਮਨਜ਼ੂਰੀ ਹਾਸਲ ਸੀ। ਇਸਦਾ ਕੰਮ ਸੀ ਕਿ ਸਮਾਜ ਵਿਚ ਅਮਨਪਸੰਦ (MODERATE) ਤੱਤਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਲੋਕਾਂ ਵਿਚ ਇਕ ਗੁਲਾਮੀ ਵਾਲੇ ਰਵੱਈਏ ਨੂੰ ਹੀ ਆਦਰਸ਼ ਮੰਨ ਕੇ ਉਸ ਢੰਗ ਨਾਲ ਜੀਣ ਦਾ ਜਜ਼ਬਾ ਪੈਦਾ ਕੀਤਾ ਜਾਏ। ਇਸ ਢੰਗ ਨਾਲ ਭਾਰਤੀ ਮੱਧ ਵਰਗ ਦੀਆ ਸਿਆਸੀ ਕਾਰਗੁਜ਼ਾਰੀਆਂ ਨੂੰ ਕੰਟਰੋਲ ਕੀਤਾ ਜਾ ਸਕੇਗਾ ਅਤੇ ਅੰਗਰੇਜ਼ ਸਰਕਾਰ ਕਿਸੇ ਵੀ ਨਵੀ ਤਨਜ਼ੀਮ ਦੇ ਬਣਨ ਤੇ ਇਸਨੂੰ ਉਸਦੇ ਖਿਲਾਫ ਆਸਾਨੀ ਨਾਲ ਵਰਤ ਸਕੇਗੀ। ਅਜਿਹੀ ਤਨਜ਼ੀਮ ਦੇ ਆਗੂ ਭਾਵੇਂ ਉਹ ਕਾਂਗਰਸ ਦੇ ਹੋਣ ਜਾ ਸੋਇਮ ਸੇਵਕ ਸਿੰਘ ਦੇ ਉਹ ਵੀ ਆਪਣੇ ਆਪ ਨੂੰ ਬਰਤਾਨਵੀ ਹੁਕੂਮਤ ਦਾ ਵਫ਼ਾਦਾਰ ਮੰਨਦੇ ਸਨ ਅਤੇ ਆਪਣੇ ਘੱਟ ਗਿਣਤੀ ਹਿੱਤਾਂ ਲਈ ਲੜਾਈ ਲੜਨ ਦੀ ਹਾਮੀ ਭਰਦੇ ਸਨ। ਇਸ ਦਾ ਸਿੱਧਾ ਅਤੇ ਨਿੱਗਰ ਵਿਚਾਰ ਇਹ ਬਣਦਾ ਹੈ ਕਿ ਕਾਂਗਰਸ ਨੂੰ ਇੱਕ ਪ੍ਰੈਸ਼ਰ (pressure) ਵਾਲਵ ਦੇ ਤੌਰ 'ਤੇ ਵਰਤਣ ਲਈ ਬਣਾਇਆ ਗਿਆ ਸੀ।

ਭਾਰਤੀ ਕਾਂਗਰਸ ਦੇ ਮੁਢਲੇ ਮੈਂਬਰ ਮੱਧ ਅਤੇ ਉੱਚ ਮੱਧ ਵਰਗ ਦੇ ਸਨ ਜਿਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਕੋਲੋਂ ਬਹੁਤ ਲਾਭ ਲਿਆ ਸੀ ਅਤੇ ਅੱਗੇ ਵੀ ਉਹ ਬਰਤਾਨਵੀ ਹੁਕੂਮਤ ਨਾਲ ਇਕ ਵਧੀਆ ਰਿਸ਼ਤਾ ਕਾਇਮ ਰੱਖਣਾ ਚਾਹੁੰਦੇ ਸਨ ਤਾਂ ਜੋ ਇਹ ਲਾਭਕਾਰੀ ਸਥਿਤੀ ਹਮੇਸ਼ਾ ਲਈ ਬਣੀ ਰਹੇ। 1899 ਤੱਕ ਚਾਲੀ ਪ੍ਰਤੀਸ਼ਤ ਕਾਂਗਰਸ ਡੈਲੀਗੇਟਸ (ਪ੍ਰਤੀਨਿਧੀ) ਕਾਨੂੰਨੀ ਕਿੱਤੇ ਨਾਲ ਸੰਬੰਧ ਰੱਖਦੇ ਸਨ ਅਤੇ ਉਹਨਾਂ ਦੀ ਕਾਨੂੰਨੀ ਸਿਖਲਾਈ ਅਤੇ ਕਾਨੂੰਨ ਦਾ ਸਨਮਾਨ ਕਰਨ ਵੱਲ ਝੁਕਾਅ ਨੇ ਅੰਦੋਲਨ ਵਿਚ ਸਿਰਫ ਜਾਇਜ਼ ਸਾਧਨ ਇਸਤੇਮਾਲ ਕਰਨ ਦੀ ਹੀ ਖੁੱਲ ਦਿਤੀ। ਕਾਨੂੰਨ ਨਾਲ ਸੰਬੰਧ ਰੱਖਣ ਵਾਲਾ ਇਹ ਤਬਕਾ 'ਕਾਨੂੰਨ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਾਂਝਾ ਸਹਾਇਕ' ਬਣ ਕੇ ਬਰਤਾਨਵੀ ਸਾਮਰਾਜ ਦੀ ਉਪਰਲੀ ਸਤਿਹ 'ਤੇ ਸਿੱਧੀ ਅਤੇ ਖੁਲ੍ਹੀ ਮਦਦ ਕਰ ਰਿਹਾ ਸੀ। ਦੂਜਾ ਸਭ ਤੋਂ ਵੱਡਾ ਗਰੁੱਪ ਸੀ ਜਿਮੀਦਾਰਾਂ ਦਾ ਅਤੇ ਵਪਾਰੀਆਂ ਦਾ ਜਿਹੜਾ ਪੈਸੇ ਅਤੇ ਆਰਥਿਕ ਹਿਤਾਂ ਦੀ ਪਾਲਣਾ ਕਰਦਾ ਹੋਇਆ ਪਹਿਲੇ ਗਰੁੱਪ ਨੂੰ ਪਾਲ ਰਿਹਾ ਸੀ। ਸਭ ਤੋਂ ਅਖੀਰ ਵਿਚ ਡਾਕਟਰ, ਪੱਤਰਕਾਰ ਅਤੇ ਅਧਿਆਪਕ ਆਉਂਦੇ ਸਨ। ਜਿਮੀਦਾਰਾਂ ਦੀ ਪੂੰਜੀ ਲੱਗੀ ਹੋਣ ਕਾਰਨ ਆਪਣੇ ਸ਼ੁਰੂ ਦੇ ਦੋ ਦਹਾਕਿਆਂ ਤਕ ਕਾਂਗਰਸ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਦਾ ਵਿਰੋਧ ਕਰਦੀ ਰਹੀ ਸੀ। ਜਿਨ੍ਹਾਂ ਵਰਗਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਉਹਨਾਂ ਵਿਚ ਉਹ ਲੋਕ ਸ਼ਾਮਿਲ ਸਨ ਜਿਨ੍ਹਾਂ ਨੇ ਇੱਕ-ਦੁੱਕਾ ਸੁਧਾਰਾਂ ਤੋਂ ਫਾਇਦੇ ਹਾਸਲ ਕੀਤੇ ਸਨ ਜਿਹੜੇ ਉਹਨਾਂ ਨੂੰ ਚੁੱਪ ਰਹਿਣ ਲਈ ਸਮੇਂ ਸਮੇਂ 'ਤੇ ਬਰਤਾਨਵੀ ਸਾਮਰਾਜ ਵੱਲੋਂ ਦਿੱਤੇ ਜਾਂਦੇ ਸਨ।

ਹੌਲੀ-ਹੌਲੀ ਜ਼ਿਮੀਂਦਾਰਾ ਨੇ ਅੰਗਰੇਜ਼ ਸਰਕਾਰ ਕੋਲੋਂ ਸਿਆਸੀ ਫਾਇਦਾ ਲੈਣ ਦੇ ਹੋਰ ਰਸਤੇ ਲਾਭ ਲਏ ਅਤੇ ਕਾਂਗਰਸ ਨੂੰ ਛੱਡ ਦਿੱਤਾ। ਪਰ ਕਾਰੋਬਾਰੀ ਅਤੇ ਵਪਾਰੀ ਵਰਗ ਕਾਂਗਰਸ ਨਾਲ ਹੀ ਜੁੜਿਆ ਰਿਹਾ ਅਤੇ ਓਹਨਾ ਦਾ ਸਹਿਯੋਗ ਅਮਨਮਈ ਅਤੇ ਹਿੰਸਾ ਦੇ ਵਿਰੋਧੀ ਮੋਹਨਦਾਸ ਕਰਮਚੰਦ ਗਾਂਧੀ ਨਾਲ ਸੀ ਤਾਂ ਕਿ ਕਿਸੇ ਵੀ ਗਰਮ ਦਲ ਦੇ ਕ੍ਰਾਂਤੀਕਾਰੀ ਕਦਮ ਚੁੱਕਣ ਨਾਲ ਉਹਨਾਂ ਦੇ ਕਾਰੋਬਾਰ ਨੂੰ ਨੁਕਸਾਨ ਦਾ ਹੋਵੇ। ਗ਼ਦਰ ਅਤੇ ਸੰਪੂਰਨ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲੇ ਗਰਮ ਦਲ ਦੇ ਲੋਕ ਭਾਰਤੀ ਹਿੰਦੂ ਵਪਾਰੀ ਲਈ ਨੁਕਸਾਨ ਕਰਨ ਵਾਲੇ ਸਨ ਅਤੇ ਇਸ ਨਾਲ ਗਦਰੀਆਂ ਦੀ ਸਰਗਰਮੀ ਨਾਲ ਸਮਾਜ ਵਿਚ ਅਰਾਜਕਤਾ ਅਤੇ ਬੇਚੈਨੀ ਫੈਲਣ ਦਾ ਡਰ ਵੀ ਰਹਿੰਦਾ ਸੀ। ਸੋ ਬਹੁਤ ਕੂਟਨੀਤਕ ਸਿਆਸੀ ਜੋੜਤੋੜ ਨਾਲ ਅੰਗਰੇਜ਼ ਨੇ ਗਾਂਧੀ ਦੀ ਅਮਨਮਈ ਵਿਚਾਰਧਾਰਾ ਨੂੰ ਜਾਣਬੁਝ ਕੇ ਖੁਦ ਉਤਸ਼ਾਹਤ ਕੀਤਾ ਅਤੇ ਦੂਜੇ ਪਾਸੇ ਕਾਂਗਰਸ ਪਹਿਲਾਂ ਹੀ ਅੰਗਰੇਜ਼ ਦੀ ਭਗਤੀ ਦਾ ਕੋਈ ਵੀ ਜ਼ਰੀਏ ਆਪਣੇ ਹੱਥੋਂ ਨਹੀਂ ਜਾਨ ਦੇਣਾ ਚਾਹੁੰਦੀ ਸੀ। ਇਸ ਤਰਾਂ ਮੋਹਨਦਾਸ ਕਰਮਚੰਦ ਗਾਂਧੀ ਇੱਕ ਵੱਡਾ ਆਗੂ ਬਣ ਕੇ ਉਭਰਦਾ ਗਿਆ ਅਤੇ ਗਰੀਬ ਕਮਜ਼ੋਰ ਤਬਕਾ ਉਸ ਦੇ ਨਾਲ ਜੁੜਦਾ ਗਿਆ। ਗਾਂਧੀ ਦੇ ਉਭਾਰ ਵਿਚ ਅੰਗਰੇਜ਼ ਨੂੰ ਉਸ ਵੇਲੇ ਭਾਰਤ 'ਚ ਪੱਕੀ ਤਰਾਂ ਸਥਾਪਤ ਹੋਣ ਦੇ ਵੱਡੇ ਫਾਇਦੇ ਦਿਖਾਈ ਦੇ ਰਹੇ ਸਨ ਅਤੇ ਇਹ ਕਾਫੀ ਹੱਦ ਤੱਕ ਸਹੀ ਸਾਬਤ ਹੋਏ।

ਦੂਸਰੀ ਵੱਡੀ ਅਤੇ ਅਮੀਰ ਤਰੀਨ ਸਖਸ਼ੀਅਤ ਜਿਹੜੀ ਕਾਂਗਰਸ ਨਾਲ 1888 ਵਿਚ ਹੀ ਜੁੜ ਗਈ ਸੀ ਮੋਤੀਲਾਲ ਨਹਿਰੂ। ਜਵਾਹਰ ਲਾਲ ਨਹਿਰੂ ਦਾ ਪਿਤਾ। ਇਹਨਾਂ ਦਾ ਪਰਿਵਾਰ ਕਿੱਸੇ ਨਾ ਕਿੱਸੇ ਸੂਰਤ ਵਿਚ ਸ਼ਾਹੀ ਖਾਨਦਾਨਾਂ (ਤੁਰਕ ਜਾਂ ਮੁਗ਼ਲ) ਦੀ ਸੇਵਾ ਕਰਦਾ ਆਇਆ ਸੀ। ਇਹਨਾਂ ਦੇ ਦਾਦਾ ਜੀ ਬ੍ਰਿਟਿਸ਼ ਈਸਟ ਇੰਡਿਆ ਕੰਪਨੀ ਵਿਚ ਵਕੀਲ (ਮੁਗ਼ਲ ਦਰਬਾਰ ਵਿਚ ਕੰਪਨੀ ਦੇ ਲੀਗਲ ਸਲਾਹਕਾਰ ਅਤੇ ਪ੍ਰਤੀਨਿਧੀ) ਦੇ ਤੌਰ ਤੇ ਨਿਯੁਕਤ ਹੋਏ ਸਨ। ਇਹਨਾਂ ਮੁਤਾਬਿਕ ਦਿੱਲੀ ਵਿਚ ਨਹਿਰ ਕਿਨਾਰੇ ਰਹਿਣ ਕਾਰਨ ਇਹਨਾਂ ਦੇ ਪਰਿਵਾਰ ਨੇ ਆਪਣਾ ਉਪਨਾਮ ਨਹਿਰੂ ਰੱਖ ਲਿਆ ਸੀ। ਪਰ ਅਸਲੀ ਕਾਰਨ ਸ਼ਾਇਦ ਇਹ ਸੀ ਕਿ 1857 ਦੇ ਗ਼ਦਰ ਤੋਂ ਬਾਦ ਅੰਗਰੇਜ਼ ਹੁਕੂਮਤ ਮੁਗ਼ਲਾਂ ਦੇ ਵਫ਼ਾਦਾਰ ਖਾਸ ਕਰਕੇ ਮੁਸਲਮਾਨ ਸਿਪਾਹੀਆਂ ਅਤੇ ਨਵਾਬਾਂ ਨੂੰ ਲਭ-ਲਭ ਕੇ ਮਾਰ ਰਹੀ ਸੀ। ਉਸ ਵਕ਼ਤ ਮੋਤੀਲਾਲ ਦੇ ਪਿਤਾ ਮੁਗ਼ਲਾਂ (ਬਹਾਦਰ ਸ਼ਾਹ ਦੂਜਾ) ਵੱਲੋ ਦਿੱਲੀ ਦੇ ਕੋਤਵਾਲ ਨਿਯੁਕਤ ਕੀਤੇ ਗਏ ਸਨ। ਆਪਣੇ ਨਾਮ ਨਾਲ ਨਹਿਰੂ ਲਗਾ ਕੇ ਅੰਗਰੇਜ਼ ਤੋਂ ਬਚਣ ਦਾ ਇਹ ਇੱਕ ਵਧੀਆ ਤਰੀਕਾ ਸਾਬਿਤ ਹੋਇਆ ਅਤੇ ਬਾਦ ਵਿਚ ਨਵੇਂ ਪ੍ਰਸ਼ਾਸ਼ਨ ਦਾ ਹਿੱਸਾ ਬਣਨ ਦਾ ਮੌਕਾ ਵੀ ਮਿਲ ਗਿਆ। ਇਹ ਪਰਿਵਾਰ ਦਿੱਲੀ ਛੱਡ ਕੇ ਆਗਰਾ ਜਾ ਵਸਿਆ ਜਿਥੇ ਇਹਨਾਂ ਨੇ ਇੱਕ ਨਵੀ ਜ਼ਿੰਦਗੀ "ਨਹਿਰੂ" ਉਪਨਾਮ ਰੱਖ ਕੇ ਸ਼ੁਰੂ ਕੀਤੀ। ਮੋਤੀਲਾਲ ਦੀ ਸਾਰੀ ਸਿਖਿਆ ਸਿਰਫ ਅਰਬੀ ਅਤੇ ਫਾਰਸੀ ਜ਼ੁਬਾਨ ਵਿਚ ਹੋਈ ਜੋ ਕਿ ਉਸ ਵਕ਼ਤ ਬ੍ਰਾਹਮਣ ਘਰਾਣੇ ਵਿਚ ਜੰਮੇ ਬੱਚੇ ਲਈ ਇੱਕ ਅਜੀਬ ਜਿਹੀ ਗੱਲ ਲੱਗਦੀ ਹੈ। ਮੋਤੀਲਾਲ ਨੇ ਕਾਨਪੁਰ ਸਥਿਤ ਸਰਕਾਰੀ ਸਕੂਲ ਤੋਂ ਇੰਗਲਿਸ਼ ਦੀ ਪੜ੍ਹਾਈ ਕੀਤੀ ਅਤੇ ਮੁਈਰ ਸੇੰਟ੍ਰਲ ਕਾਲਜ, ਇਲਾਹਾਬਾਦ ਤੋਂ ਆਪਣੀ ਅਗਲੀ ਵਿਦਿਆ ਹਾਸਲ ਕੀਤੀ ਪਰ ਡਿਗਰੀ ਪੂਰੀ ਨਾ ਕੀਤੀ। ਕਾਨਪੁਰ ਵਿਚ ਕਿਸੇ ਬੈਰਿਸਟਰ ਦੇ ਅਧੀਨ ਸ਼ਾਗਿਰਦੀ ਕਰਨ ਤੋਂ ਬਾਦ ਇਲਾਹਾਬਾਦ ਹਾਈ ਕੋਰਟ ਵਿਚ ਇਹਨਾਂ ਨੇ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿਤੀ ਸੀ। ਇਸ ਵਕਾਲਤ ਤੋਂ ਕਾਫੀ ਵੱਡੀ ਕਮਾਈ ਹੋਣ ਲੱਗ ਗਈ ਸੀ ਅਤੇ ਇਹ ਪਰਿਵਾਰ ਇੱਕ ਵਾਰੀ ਫੇਰ ਘਰ ਬਦਲ ਕੇ ਸਿਵਲ ਲਾਈਨਜ਼ (ਇਲਾਹਾਬਾਦ) ਜਾ ਕੇ ਰਹਿਣ ਲੱਗਾ ਜਿਥੇ ਸਾਰੇ ਅੰਗਰੇਜ਼ ਪਰਿਵਾਰ ਰਹਿੰਦੇ ਸਨ। ਇਸਦੇ ਪਿੱਛੇ ਇਕ ਕਾਰਨ ਇਹ ਵੀ ਹੋ ਸਕਦਾ ਕੇ ਮੋਤੀਲਾਲ ਨੂੰ ਗਊ ਦਾ ਮਾਸ ਖਾਣਾ ਬਹੁਤ ਜਿਆਦਾ ਪਸੰਦ ਸੀ ਅਤੇ ਇਹਨਾਂ ਦੇ ਸਿਵਲ ਲਾਈਨਜ਼ ਇਲਾਕੇ 'ਚ ਚਲੇ ਜਾਣ ਨਾਲ ਕੋਈ ਵੀ ਗੁਆਂਢੀ ਇਸ ਗੱਲ ਤੇ ਇਤਰਾਜ਼ ਨਹੀਂ ਸੀ ਕਰ ਸਕਦਾ। ਬੀਫ ਦੇ ਸ਼ੌਕੀਨ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਵੀ ਸਨ। ਕਿੰਨੀ ਵਿਲੱਖਣ ਗੱਲ ਹੈ ਕਿ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਗਊ ਮਾਸ ਖਾਣ ਵਾਲਾ ਬੰਦਾ ਜਵਾਹਰ ਲਾਲ ਨਹਿਰੂ ਬਣਿਆ ਜਿਸਨੂੰ ਮੁਸਲਮਾਨ ਲੋਕ ਸੂਰ ਖਾਨ ਵਾਲਾ ਹਿੰਦੂਵਾਦੀ ਕਹਿੰਦੇ ਸਨ। ਦੂਜੇ ਪਾਸੇ ਸੂਰ ਦਾ ਮਾਸ ਖਾਣ ਵਾਲਾ ਮੁਹੰਮਦ ਅਲੀ ਜਿਨਾਹ ਪਾਕਸਿਤਾਨ ਦਾ ਪਹਿਲਾ ਗਵਰਨਰ ਜਨਰਲ ਅਤੇ ਬਾਅਦ 'ਚ ਪ੍ਰਧਾਨ ਮੰਤਰੀ ਬਣਿਆ। ਭਾਰਤ ਦੇ ਲੋਕ ਮੁਹੰਮਦ ਅਲੀ ਜਿਨਾਹ ਨੂੰ ਕੱਟੜ ਮੁਸਲਮ ਮੰਨਦੇ ਰਹੇ। ਜਦਕਿ ਅੰਗਰੇਜ਼ ਦੂਰ ਖੜਾ ਇਸ ਖਿੱਤੇ ਦੇ ਬੇਵਕੂਫ ਲੋਕਾਂ ਤੇ ਅੱਜ ਵੀ ਹੱਸ ਰਿਹਾ ਹੈ।

ਮੋਤੀਲਾਲ ਲਈ ਕਾਂਗਰਸ ਪਾਰਟੀ ਪੱਛਮੀ ਬੁਰਜੂਆਜੀ ਤੋਂ ਪ੍ਰਭਾਵਿਤ ਵਰਗ ਦਾ ਸੰਗਠਨ ਸੀ। ਓਹਦੇ ਲਈ ਕਾਂਗਰਸ ਦੀ ਮੈਂਬਰੀ ਇਕ ਹਾਈ ਕਲਾਸ ਕਲੱਬ ਵਰਗੀ ਸੀ। ਖਾਸ ਕਰਕੇ ਉਹ ਗੋਪਾਲ ਕ੍ਰਿਸ਼ਨਾ ਗੋਖਲੇ ਦੇ ਵੱਡੇ ਪ੍ਰਸ਼ੰਸਕ ਬਣ ਗਏ ਸਨ ਜੋ ਉਹਨਾਂ ਮੁਤਾਬਿਕ ਉੱਚ ਵਰਗੀ ਅੰਗਰੇਜ਼ ਦਾ ਪਹਿਰਾਵਾ ਪਾਉਂਦੇ ਸਨ ਅਤੇ ਓਹਨਾ ਦੀਆਂ ਆਦਤਾਂ ਵੀ ਉੱਚ ਵੈਸਟਰਨ ਸੋਸਾਇਟੀ ਨਾਲ ਮੇਲ ਖਾਂਦੀਆਂ ਸਨ। ਗੋਖਲੇ ਇੱਕ ਪੱਕੇ ਸੰਵਿਧਾਨਵਾਦੀ ਅਤੇ ਅੰਗਰੇਜ਼ ਪ੍ਰਤੀ ਵਫ਼ਾਦਾਰੀ ਰੱਖਣ ਵਾਲੇ ਇਨਸਾਨ ਸਨ। ਉਹਨਾਂ ਨੇ ਕਿਹਾ ਸੀ ਕਿ ਜੇ ਅੰਗਰੇਜ਼ ਭਾਰਤ ਛੱਡ ਕੇ ਚਲੇ ਵੀ ਜਾਣ ਤਾਂ ਅਸੀ ਉਹਨਾਂ ਨੂੰ ਅਦੇਨ ਦੀ ਖਾੜੀ ਪਾਰ ਕਰਨ ਤੋਂ ਪਹਿਲਾਂ ਹੀ ਵਾਪਿਸ ਬੁਲਾ ਲੈਣਾ ਹੈ। ਗੋਖਲੇ ਭਾਰਤੀ ਦੇਸ਼ਭਗਤੀ ਅਤੇ ਬ੍ਰਿਟਿਸ਼ ਵਫਾਦਾਰੀ ਦਾ ਇਕ ਵਧੀਆ ਸੁਮੇਲ ਸਨ ਜੋ ਮੋਤੀਲਾਲ ਨੂੰ ਪਸੰਦ ਆ ਰਿਹਾ ਸੀ।
... ਚੱਲਦਾ (ਬਾਕੀ ਅਗਲੇ ਹਫਤੇ)