ਕੁਕਨੁਸ ਦੀ ਰਾਖ ਵਿੱਚੋਂ ਫਿਰ ਜਨਮੀ ਫੈਜ਼ ਦੀ ਉਹ ਨਜ਼ਮ (ਕਰਮਜੀਤ ਸਿੰਘ ਚੰਡੀਗੜ੍ਹ )

ਕਰਮਜੀਤ ਸਿੰਘ ਚੰਡੀਗੜ੍ਹ
(99150-91063)

ਦੋਸਤੋ! ਪਾਠਕਾਂ ਦੀ ਸੂਝ ਸਿਆਣਪ ਵਿੱਚ ਇਨਕਲਾਬੀ ਰੰਗ ਭਰਨ ਲਈ ਅਸੀਂ ਫੈਜ਼ ਅਹਿਮਦ ਫੈਜ਼ ਦੀ ਚਰਚਿਤ ਕਵਿਤਾ "ਹਮ ਦੇਖੇਂਗੇ" ਦਾ ਸੌਖਾ ਤਰਜਮਾਂ ਪੰਜਾਬੀ ਵਿੱਚ ਪੇਸ਼ ਕਰ ਰਹੇ ਹਾਂ। ਜੇਲ੍ਹ ਵਿੱਚ ਲਿਖੀ ਇਹ ਕਵਿਤਾ ਫਿਰ ਬਾਅਦ ਵਿੱਚ ਇਕਬਾਲ ਬਾਨੋ ਨੇ ਗਾਈ ਜੋ ਉਰਦੂ ਦੀ ਪ੍ਰਸਿੱਧ ਤੇ ਪਿਆਰੀ ਗ਼ਜ਼ਲਗੋ ਸੀ।

ਇਹ ਕਵਿਤਾ ਇੱਕ ਤਰ੍ਹਾਂ ਨਾਲ ਵਕਤ ਦੇ ਹਾਕਮ ਤੇ ਤਾਨਾਸ਼ਾਹ ਜ਼ਿਆ ਉਲ ਹੱਕ ਦੇ ਖਿਲਾਫ਼ ਸੀ। ਹੁਣ ਇਹ ਤਿੰਨੇ ਦੁਨੀਆਂ ਵਿੱਚ ਨਹੀਂ ਰਹੇ ,ਪਰ ਇਹ ਕਵਿਤਾ ਹੁਣ ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਦੇ ਬੁੱਲ੍ਹਾਂ 'ਤੇ ਜਦੋਂ ਆਈ ਤਾਂ ਇੱਕ ਨਵਾਂ ਤੂਫਾਨ ਦੇਸ਼ ਵਿੱਚ ਉੱਠ ਖੜ੍ਹਾ ਹੋਇਆ ਅਤੇ ਇਹ ਕਵਿਤਾ ਫਿਰਕਾਪ੍ਰਸਤ ਬਣਾਈ ਗਈ।

ਹੁਣ ਤੁਸੀਂ ਹੀ ਫ਼ੈਸਲਾ ਕਰੋ। ਇਹ ਕਵਿਤਾ ਸਭ ਲਿਤਾੜੇ ਤੇ ਲੁੱਟੇ ਪੁੱਟੇ ਅਤੇ ਆਜ਼ਾਦੀ ਦੀ ਲੜਾਈ ਲੜ ਰਹੇ ਲੋਕਾਂ ਲਈ ਪ੍ਰੇਰਨਾ ਦਾ ਚਾਨਣ ਹੈ, ਭਾਵੇਂ ਉਹ ਜੁਝਾਰੂ ਸਿੰਘ ਹੋਣ ਤੇ ਭਾਵੇਂ ਬਸਤਰ ਦੇ ਜੰਗਲਾਂ ਵਿੱਚ ਜੂਝ ਰਹੇ ਨਕਸਲੀ ਯੋਧੇ। 

•••○○•••••••••••••••••••••••••••
ਆ ਰਹੀ ਹੈ ਉਹ ਸ਼ਗਨਾਂ ਭਰੀ ਸਵੇਰ ਜਦੋਂ ਅਸੀਂ ਸਾਰੇ ਉਸ ਸਵੇਰ ਦੇ ਰੰਗ ਨੂੰ ਦੇਖਾਂਗੇ।
ਹਾਂ, ਹਾਂ, ਅਸੀਂ ਸਾਰੇ ,ਯਕੀਨਨ, ਉਹ ਦਿਨ ਉਹ ਘੜੀਆਂ ਦੇਖਾਂਗੇ।
ਉਹ ਦਿਨ -ਜਿਸ ਦਾ ਕੋਈ ਇਕਰਾਰ ਹੈ। ਕੋਈ ਵਾਅਦਾ ਹੈ।
ਤਕਦੀਰ ਨੇ ਉਹ ਦਿਨ ਲਿਖਿਆ ਹੈ। ਅਸੀਂ ਸਾਰੇ ਦੇਖਾਂਗੇ। 
ਜਦੋਂ ਜ਼ੁਲਮ ਦੇ ਪਹਾੜ ਅੱਕ ਦੇ ਫੰਭੇ ਵਾਂਗ ਹਵਾ ਵਿੱਚ ਉੱਡ ਜਾਣਗੇ।
ਹਾਂ ਅਸੀਂ ਨਜ਼ਾਰਾ ਦੇਖਾਂਗੇ, ਜਦੋਂ ਲਿਤਾੜੇ ਹੋਏ ਲੋਕਾਂ ਦੇ ਹੇਠਾਂ ਜ਼ਮੀਨ ਕੰਬ ਉੱਠੇਗੀ।
ਜਦੋਂ ਹਾਕਮਾਂ ਦੇ ਸਿਰ ਤੇ ਬਿਜਲੀ ਡਿੱਗੇਗੀ। ਹਾਂ, ਅਸੀਂ ਦੇਖਾਂਗੇ, ਲਾਜ਼ਮੀ ਦੇਖਾਂਗੇ। 
ਜਦੋਂ ਅਸੀਂ ਮਾਸੂਮ, ਨਿਰਦੋਸ਼ ਤੇ ਸਾਨੂੰ ਗਰੀਬ ਗੁਰਬਿਆਂ ਨੂੰ ਇੱਜ਼ਤ ਦੇ ਉੱਚੇ ਮੁਕਾਮ ਤੇ ਬਿਠਾਇਆ ਜਾਵੇਗਾ। ਅਸੀਂ ਉਹ ਘੜੀਆਂ ਵੀ ਦੇਖਾਂਗੇ।
ਜਦੋਂ ਹਾਕਮਾਂ ਦੇ ਤਾਜ ਪੈਰਾਂ ਹੇਠ ਲਿਤਾੜੇ ਜਾਣਗੇ।
ਜਦੋਂ ਹਾਕਮ ਮੂਧੜੇ ਮੂੰਹ ਡਿੱਗਣਗੇ ਜੋ ਆਪਣੇ ਆਪ ਨੂੰ ਖੁਦ ਖ਼ੁਦਾ ਮੰਨੀ ਬੈਠੇ ਹਨ।
ਜਦੋਂ ਕੇਵਲ ਇੱਕ ਰੱਬ ਦਾ ਨਾਂ ਹੀ ਰਹੇਗਾ ਜੋ ਗਾਇਬ ਵੀ ਹੈ ਤੇ ਹਾਜ਼ਰਾ ਹਜ਼ੂਰ ਵੀ ਹੈ।
ਜਦੋਂ ਸੱਚ ਦਾ ਚੰਦਰਮਾ ਚੜ੍ਹੇਗਾ ਅਤੇ ਜਦੋਂ ਖਲਕਤ ਰਾਜ ਕਰੇਗੀ।
ਹਾਂ ਅਸੀਂ, ਹਾਂ ਤੁਸੀਂ, ਹਾਂ ਅਸੀਂ ਸਾਰੇ ਰਾਜ ਭਾਗ ਦੇ ਮਾਲਕ ਹੋਵਾਂਗੇ। ਹਾਂ ਅਸੀਂ ਉਹ ਦਿਨ ਦੇਖਾਂਗੇ।

••••••••••••••••••••••••••••••○•••

ਦੋਸਤੋ! ਉਨ੍ਹਾਂ ਦਿਨਾਂ ਵਿੱਚ ਪਾਕਿਸਤਾਨ ਅੰਦਰ ਕਾਲੇ ਰੰਗ ਉੱਤੇ ਪਾਬੰਦੀ ਲੱਗ ਗਈ ਸੀ। ਸਾੜੀ ਪਹਿਨਣ ਉੱਤੇ ਵੀ ਪਾਬੰਦੀ ਸੀ। ਪਰ ਇਕਬਾਲ ਬਾਨੋ ਨੇ ਜੁਰਅਤ ਕੀਤੀ ਤੇ ਉਹ ਕਾਲੀ ਸਾੜੀ ਪਾ ਕੇ ਸਟੇਜ ਉੱਤੇ ਆਈ। ਇਹ ਇਕ ਤਰ੍ਹਾਂ ਨਾਲ ਬਗਾਵਤ ਹੀ ਸੀ।

ਤੁਹਾਨੂੰ ਦੋਸਤੋ, ਯਾਦ ਹੋਵੇਗਾ ਕਿ ਸਿੱਖ ਕੌਮ ਨੇ ਵੀ ਇੱਕ ਦੌਰ ਵਿੱਚ ਅੰਗਰੇਜ਼ਾਂ ਦੇ ਜ਼ੁਲਮ ਦੇ ਖਿਲਾਫ ਰੋਸ ਵਜੋਂ ਕਾਲੀਆਂ ਦਸਤਾਰਾਂ ਤੇ ਕਾਲੇ ਦੁਪੱਟਿਆਂ ਦਾ ਹੜ੍ਹ ਲੈ ਆਂਦਾ ਸੀ। ਦੋਸਤੋ, ਜਦੋਂ ਇਕਬਾਲ ਬਾਨੋ ਗਾ ਰਹੀ ਸੀ ਤਾਂ ਮਾਹੌਲ ਇਨਕਲਾਬ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਅਤੇ ਸਾਰੇ ਲੋਕ ਇਕ ਆਵਾਜ਼ ਵਿੱਚ ਇਕਬਾਲ ਬਾਨੋ ਦੇ ਨਾਲ ਹੀ ਗਾਉਣ ਲੱਗ ਪਏ।

ਫ਼ੌਜੀ ਸਿਪਾਹੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਹ ਕੀ ਹੋ ਗਿਆ! ਲਾਈਟਾਂ ਬੁਝਾ ਦਿੱਤੀਆਂ ਗਈਆਂ। ਮਾਈਕ ਬੰਦ ਕਰ ਦਿੱਤਾ ਗਿਆ ਪਰ ਗੀਤ ਫਿਰ ਵੀ ਚੱਲਦਾ ਰਿਹਾ। ਲੋਕ ਇਹ ਗੀਤ ਗਾਉਂਦੇ ਰਹੇ। ਫਿਰ ਇਹ ਗੀਤ ਕਿਸੇ ਤਰ੍ਹਾਂ ਬਾਹਰ ਆ ਗਿਆ ਅਤੇ ਦੁਨੀਆ ਭਰ ਵਿੱਚ ਪਹੁੰਚ ਗਿਆ।

ਦੋਸਤੋ! ਜਦੋਂ ਪੰਜਾਹ ਹਜ਼ਾਰ ਦੇ ਇਕੱਠ ਵਿੱਚ ਸਾਰੇ ਲੋਕ ਇਕਬਾਲ ਬਾਨੋ ਦੇ ਨਾਲ ਗਾ ਰਹੇ ਸਨ ਤਾਂ ਸਾਨੂੰ ਅਜ ਇੱਕ ਹੋਰ ਕਿੱਸਾ ਵੀ ਯਾਦ ਆ ਗਿਆ ਹੈ ਜੋ ਆਜ਼ਾਦੀ ਲਈ ਲੜ ਰਹੇ ਇਨਕਲਾਬੀ ਯੋਧੇ ਅਫ਼ਜ਼ਲ ਗੁਰੂ ਦੀ ਫਾਂਸੀ ਨਾਲ ਜੁੜਿਆ ਹੋਇਆ ਹੈ।

ਸੱਚੀ ਕਹਾਣੀ ਇਸ ਤਰ੍ਹਾਂ ਹੈ ਕਿ ਜੇਲ੍ਹ ਸੁਪਰਡੈਂਟ ਨੇ ਬੜੀ ਬੇਬਸੀ ਵਿੱਚ ਅਤੇ ਜਕੋਤਕੀ ਵਿੱਚ ਜਦੋਂ ਅਫਜ਼ਲ ਗੁਰੂ ਨੂੰ ਅਚਾਨਕ ਇਹ ਹੁਕਮ ਸੁਣਾਇਆ ਕਿ ਤੁਹਾਨੂੰ ਅਗਲੇ ਦੋ ਤਿੰਨ ਘੰਟੇ ਵਿੱਚ ਫਾਂਸੀ 'ਤੇ ਲਟਕਾਇਆ ਜਾ ਰਿਹਾ ਹੈ ਤਾਂ ਉਸ ਨੇ ਇਹ ਹੁਕਮ ਬੜੇ ਸਹਿਜ ਨਾਲ ਸੁਣਿਆ, ਅਤੇ ਕਿਹਾ ਕਿ ਹਾਂ, ਮੈਨੂੰ ਪਤਾ ਹੈ।

ਅਫਸਲ ਗੁਰੂ ਨੇ ਬਾਦਲ ਫਿਲਮ ਦਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਬੋਲ ਹਨ: 
ਅਪਨੇ ਲੀਏ ਜੀਏ ਤੋਂ ਕਯਾ ਜੀਏ।
ਤੂੰ ਜੀਅ, ਐ ਦਿਲ, ਜ਼ਮਾਨੇ ਕੇ ਲੀਏ।

ਤੇ ਇਹ ਗੀਤ ਚੱਲਦਾ ਰਿਹਾ। 

ਹੈਰਾਨੀ ਦੀ ਗੱਲ ਹੈ ਕਿ ਉਸ ਅੰਤਾਂ ਦੇ ਉਦਾਸ ਮਾਹੌਲ ਵਿੱਚ ਜੇਲ੍ਹ ਸੁਪਰਡੈਂਟ ਦੇ ਆਪਣੇ ਕਹਿਣ ਮੁਤਾਬਕ, ਉਹ ਖੁਦ ਵੀ ਅਫਜਲ ਗੁਰੂ ਦੇ ਨਾਲ ਹੀ ਗਾਉਣ ਲੱਗ ਪਿਆ ਤੇ ਗੀਤ ਦੇ ਅੰਤ ਤਕ ਗਾਉਂਦਾ ਰਿਹਾ।

ਫੈਜ਼ ਦੀ ਇਹ ਨਜ਼ਮ ਕਿੰਨੀਆਂ ਘਟਨਾਵਾਂ ਦੀਆਂ ਯਾਦਾਂ ਅੱਜ ਲੈ ਕੇ ਆਈ ਹੈ, ਦੋਸਤੋ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।