ਦੁਨੀਆਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕੀ ਕੀ ਹੋ ਰਿਹਾ ਏ

ਦੁਨੀਆਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਕੀ ਕੀ ਹੋ ਰਿਹਾ ਏ

ਰਵੀਸ਼ ਕੁਮਾਰ 

ਕੋਰੋਨਾ ਵਾਇਰਸ ਨਾਲ ਸੰਬੰਧਿਤ ਕਿਸੇ ਵੀ ਰਿਪੋਰਟ ਵਿਚ ਪੀੜਤ ਲੋਕਾਂ ਤੇ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਬਦਲ ਰਹੀ ਹੈ। ਦੁਨੀਆਂ ਭਰ ਵਿਚ 1,360,247 ਤੋਂ ਵੱਧ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਜਦੋਂਕਿ 74,964 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਪਣਾ ਧਿਆਨ ਰੱਖੋ, ਪਰ ਦਹਿਸ਼ਤ ਵਿਚ ਨਾ ਆਓ। ਆਪਣੇ ਆਪ ਨੂੰ ਸਾਵਧਾਨ ਰੱਖੋ, ਆਪਣੇ ਆਪ ਨੂੰ ਮਜ਼ਬੂਤ ਰੱਖੋ, ਚੜ੍ਹਦੀਆਂ ਕਲਾਵਾਂ ਵਿਚ ਰਹੋ। ਤੁਹਾਡੀ ਸਾਵਧਾਨੀ ਹੀ ਤੁਹਾਡੀ ਜਾਨ ਬਚਾਏਗੀ। 
ਅਮਰੀਕਾ ਵਿਚ ਕੋਰੋਨਾ ਦੇ 367,659 ਮਰੀਜ਼ ਹਨ। ਮੰਗਲਵਾਰ ਤੱਕ 10,943 ਦੀ ਮੌਤ ਹੋ ਚੁੱਕੀ ਹੈ। ਗਾਰਡੀਅਨ ਯੂਕੇ ਦੀ ਰਿਪੋਰਟ ਅਨੁਸਾਰ ਅਮਰੀਕਾ ਦੇ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਕਾਰਨ ਭਰਤੀ 40% ਮਰੀਜ਼ 55 ਸਾਲ ਤੋਂ ਘੱਟ ਦੇ ਹਨ ਤੇ 20% ਮਰੀਜ਼ 20 ਤੋਂ 40 ਸਾਲ ਦੇ ਹਨ। ਇਹ ਚਿੰਤਾ ਵਾਲੀ ਗੱਲ ਹੈ। ਸੀਐਨਏ ਦੀ ਇਕ ਰਿਪੋਰਟ ਅਨੁਸਾਰ ਅਮਰੀਕਾ ਵਿਚ ਟੈਸਟ ਦੇ ਨਤੀਜੇ ਆਉਣ ਵਿਚ ਦਸ ਦਿਨ ਵੀ ਲੱਗ ਰਹੇ ਹਨ। ਨਿਊਜਰਸੀ ਦੇ ਇਕ ਕਵੇਸਟ ਡਾਈਗਨੋਸਿਟਕ ਦੇ ਕੋਲ ਟੈਸਟ ਦੇ ਲਈ 60 ਹਜ਼ਾਰ ਆਰਡਰ ਆਏ ਹਨ, ਜਿਸ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ। ਇਸ ਕੰਪਨੀ ਦੇ ਕੋਲ ਅਮਰੀਕਾ ਤੋਂ ਤਿੰਨ ਲੱਖ ਤੋਂ ਜ਼ਿਆਦਾ ਆਰਡਰ ਆਏ ਹਨ। ਕੋਰੋਨਾਵਾਇਰਸ ਦੀ ਲਾਗ ਪੂਰੀ ਦੁਨੀਆਂ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਜਦੋਂ ਵਿਸ਼ਵ ਇਸ ਖ਼ਤਰਨਾਕ ਮਹਾਂਮਾਰੀ ਨਾਲ ਲੜ ਰਿਹਾ ਹੈ ਤਾਂ ਇਸ ਦੌਰਾਨ ਅਮਰੀਕੀ ਵਿਗਿਆਨੀਆਂ ਨੇ ਵੀ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

ਅਮਰੀਕੀ ਵਿਗਿਆਨੀ ਡਾ. ਐਂਥਨੀ ਐਸ ਫਾਸੀ ਨੇ ਦਾਅਵਾ ਕੀਤਾ ਹੈ ਕਿ ਕੁੱਲ ਮਰੀਜ਼ਾਂ ਵਿਚੋਂ 50 ਫੀਸਦੀ ਅਜਿਹੇ ਹਨ ਜਿੰਨ੍ਹਾਂ ਵਿਚ ਇਸ ਵਾਇਰਸ ਦੇ ਕਈ ਲੱਛਣ ਨਹੀਂ ਨਜ਼ਰ ਆਏ ਪਰ ਉਹ ਪਾਜੀਟਿਵ ਸਨ। ਇਹ ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੈ। ਸਿਹਤ ਮਾਹਿਰ ਇਸ ਗੱਲੋਂ ਵੀ ਡਰੇ ਹੋਏ ਹਨ ਕਿ ਜਦੋਂ ਕਿਸੇ ਮਰੀਜ ਵਿਚ ਲੱਛਣ ਹੀ ਨਹੀ ਦਿੱਸਣਗੇ ਤਾਂ ਉਹ ਹੋਰ ਵੱਧ ਤੋਂ ਵੱਧ ਲੋਕਾਂ ਦੇ ਸੰਪਰਕ ਵਿਚ ਆ ਸਕਦਾ ਹੈ। ਡਾ. ਐਂਥਨੀ ਦਾ ਮੰਨਣਾ ਸੀ ਕਿ ਅਸੀਂ ਇਸ ਨਵੀਂ ਚੁਣੌਤੀ ਦਾ ਸਾਹਮਣਾ ਕਰ ਰਹੇ ਹਾਂ ਅਤੇ ਬਹੁਤ ਜਲਦੀ ਇਸ ਨੂੰ ਰੋਕਣ ਦੇ ਯੋਗ ਹੋਵਾਂਗੇ। ਡਾ. ਐਂਥਨੀ ਨੇ ਕਿਹਾ ਕਿ ਮਰੀਜ਼ਾਂ ਵਿੱਚ ਕੋਰੋਨਾ ਦੇ ਲੱਛਣ ਨਾ ਦਿੱਸਣਾ ਵੱਡੀ ਚੁਣੌਤੀ ਹੈ। ਉਸ ਨੇ ਕਿਹਾ ਕਿ ਸਾਨੂੰ ਸਹੀ ਨਤੀਜੇ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਟੈਸਟ ਕਰਨ ਦੀ ਜ਼ਰੂਰਤ ਹੋਏਗੀ।

ਦੱਸ ਦਈਏ ਕਿ ਜਦੋਂ ਡਾਕਟਰ ਐਂਥਨੀ ਮੀਡੀਆ ਦੇ ਸਾਹਮਣੇ ਇਹ ਚੀਜ਼ ਰੱਖ ਰਹੇ ਸਨ, ਤਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੈਂਬਰ ਵੀ ਉਥੇ ਮੌਜੂਦ ਸਨ।

ਸਪੇਨ ਵਿਚ 13,798 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਵੀ ਵੈਂਟੀਲੇਟਰ ਦੀ ਘਾਟ ਪੈਦਾ ਹੋ ਗਈ ਹੈ। ਖਬਰਾਂ ਇਹ ਵੀ ਪੜਨ ਨੂੰ ਮਿਲ ਰਹੀਆਂ ਹਨ ਕਿ ਡਾਕਟਰ ਹਰ ਗੰਭੀਰ ਮਰੀਜ਼ ਨੂੰ ਵੈਂਟੀਲੇਟਰ ਨਹੀਂ ਦੇ ਰਹੇ। ਇਸ ਦਾ ਅਰਥ ਇਹ ਹੈ ਕਿ ਕਿਸੇ ਕਿਸੇ ਨੂੰ ਮਰਨ ਦੇ ਲਈ ਛੱਡ ਦਿੱਤਾ ਜਾ ਰਿਹਾ ਹੈ। ਜਰਮਨ ਵਿਚ 1,810, ਫਰਾਂਸ ਵਿਚ 8,911,  ਸਵਿਟਜ਼ਰਲੈਂਡ ਵਿਚ 787, ਬੈਲਜੀਅਮ ਵਿਚ 2035, ਨੀਦਰਲੈਂਡ ਵਿਚ 1867, ਅਸਟਰੀਆ ਵਿਚ 243, ਨਾਰਵੇ ਵਿਚ 83, ਡੈਨਮਾਰਕ ਵਿਚ 203 ਮੌਤਾਂ ਹੋ ਚੁੱਕੀਆਂ ਹਨ।

ਕਿਊਬਾ ਨੇ 14 ਦੇਸਾਂ ਵਿਚ 593 ਡਾਕਟਰ ਭੇਜੇ ਸਨ। ਅਲਜਜੀਰਾ ਨਿਊਜ਼ ਵੈਬਸਾਈਟ ਦੇ ਮੁਤਾਬਕ 179 ਡਾਕਟਰ, 399 ਨਰਸ ਤੇ 15 ਲੈਬ ਟੈਕਨੀਸ਼ੀਅਨ ਭੇਜੇ ਹਨ। ਇਹ ਸਾਰੇ ਹੈਨਰੀ ਰੀਵ ਐਮਰਜੈਂਸੀ ਮੈਡੀਕਲ ਦਸਤੇ ਦੇ ਹਨ। ਹੈਨਰੀ ਰੀਵ ਅਮਰੀਕਾ ਮੂਲ ਦੇ ਜਨਰਲ ਸਨ, ਜਿਨ੍ਹਾਂ ਨੇ 19ਵੀਂ ਸਦੀ ਵਿਚ ਕਿਊਬਾ ਦੀ ਆਜ਼ਾਦੀ ਦੇ ਲਈ ਲੜਾਈ ਲੜੀ ਸੀ। 2005 ਦੌਰਾਨ ਫਿਦੌਲ ਕਾਸਤਰੋ ਨੇ ਇਸ ਦਸਤੇ ਨੂੰ ਸਥਾਪਤ ਕੀਤਾ ਸੀ। ਇਸ ਦਸਤੇ ਨੇ ਹੜ੍ਹ, ਭੂਚਾਲ, ਤੂਫਾਨ ਵਰਗੀਆਂ ਮੁਸੀਬਤਾਂ ਦੇ ਸਮੇਂ 2005 ਤੋਂ 2017 ਦੇ ਵਿਚਾਲੇ 21 ਦੇਸਾਂ ਦੇ 35 ਲੱਖ ਲੋਕਾਂ ਦੀ ਮਦਦ ਕੀਤੀ। ਕਿਊਬਾ ਵਿਚ ਕੋਵਿਡ ਦੇ 363 ਮਾਮਲੇ ਸਾਹਮਣੇ ਆਏ ਹਨ ਤੇ 9 ਲੋਕਾਂ ਦੀ ਮੌਤ ਵੀ ਹੋਈ ਹੈ। 

ਇਟਲੀ ਵਿਚ ਮਰਨ ਵਾਲਿਆਂ ਦੀ ਗਿਣਤੀ 16523 ਹਜ਼ਾਰ ਦੇ ਪਾਰ ਹੋ ਗਈ ਹੈ। ਇੱਥੇ 60 ਦੇ ਕਰੀਬ ਡਾਕਟਰਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਦੇ 7100 ਹੈਲਥ ਵਰਕਰ ਕੋਰੋਨਾ ਵਾਇਰਸ ਦੀ ਬਿਮਾਰੀ ਵਿਚ ਜਕੜੇ ਗਏ ਹਨ। ਇਟਲੀ ਦੇ ਡਾਕਟਰ ਕੋਰੋਨਾ ਵਾਇਰਸ ਦੇ ਨਾਲ ਬਹੁਤ ਵੱਡੀ ਜੰਗ ਲੜ ਰਹੇ ਹਨ। ਉਨ੍ਹਾਂ ਉੱਪਰ ਏਨਾ ਦਬਾਅ ਹੈ ਕਿ 8-8 ਘੰਟੇ ਪਿਆਸੇ ਰਹਿ ਕੇ ਬਿਨਾਂ ਰੋਟੀ ਖਾਧੇ ਮਰੀਜ਼ਾਂ ਦੀ ਸੇਵਾ ਲਈ ਜੁਟੇ ਹੋਏ ਹਨ। ਜਦ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਹੋਣ ਦੇ ਲਈ ਪਾਇਆ ਗਾਊਨ ਉਤਾਰਨਾ ਹੋਵੇਗਾ ਤਾਂ ਇਕ ਭੁੱਲ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਿਚ ਜਕੜ ਸਕਦੀ ਹੈ। ਇਸ ਲਈ ਉਹ ਮੈਡੀਕਲ ਕਿੱਟ, ਸੂਟ ਪਾਉਣ ਤੇ ਉਤਾਰਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰ ਰਹੇ ਹਨ। ਹਸਪਤਾਲਾਂ ਦੇ ਆਈਸੀਯੂ ਵਿਚ ਕਬਰਾਂ ਵਰਗੀ ਚੁੱਪ ਹੈ।

ਬ੍ਰਿਟੇਨ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5373 ਹੋ ਗਈ ਹੈ। ਬ੍ਰਿਟੇਨ ਨੇ ਮਾਰਚ ਦੇ ਪਹਿਲੇ ਹਫਤੇ ਵਿਚ ਕਿਹਾ ਸੀ ਕਿ ਇਕ ਦਿਨ ਵਿਚ ਉਹ 25 ਹਜ਼ਾਰ ਟੈਸਟ ਕਰਾਂਗੇ, ਪਰ ਇਕ ਮੀਡੀਆ ਰਿਪੋਰਟ ਵਿਚ ਲਿਖਿਆ ਹੈ ਕਿ ਬ੍ਰਿਟੇਨ ਇਕ ਦਿਨ ਵਿਚ 10 ਹਜ਼ਾਰ ਟੈਸਟ ਹੀ ਕਰ ਰਿਹਾ ਹੈ। ਇਸ ਗੱਲ ਨੂੰ ਲੈ ਕੇ ਬਹਿਸ ਹੋ ਰਹੀ ਹੈ ਕਿ ਜਦ ਇਕ ਦਿਨ ਵਿਚ 25 ਹਜ਼ਾਰ ਟੈਸਟ ਨਹੀਂ ਹੋ ਰਹੇ ਤਾਂ ਢਾਈ ਲੱਖ ਕਿਵੇਂ ਹੋਣਗੇ?

ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਟੋਕਿਓ, ਓਸਾਕਾ ਅਤੇ ਪੰਜ ਹੋਰ ਪਰਫੈਕਚਰਾਂ ਵਿੱਚ ਮੰਗਲਵਾਰ ਦੌਰਾਨ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਐਮਰਜੈਂਸੀ ਦੇ ਦਾਇਰੇ ਵਿੱਚ ਰਾਜਧਾਨੀ ਟੋਕਿਓ ਅਤੇ ਹੋਰ ਪਰਫੈਕਚਰ (ਜ਼ਿਲ੍ਹਾ ਐਡਮਨਿਸਟਰੇਟਿਵ)  ਕਾਨਾਗਾਵਾ, ਸੈਤਾਮਾ, ਚਿਬਾ, ਓਸਾਕਾ, ਹਯੋਗੋ ਅਤੇ ਫੁਕੂਓਕਾ ਸ਼ਾਮਲ ਹੋਣਗੇ। ਇਸ ਐਲਾਨ ਨਾਲ ਪਰਫੈਕਚਰ ਦੇ ਰਾਜਪਾਲਾਂ ਨੂੰ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਕਦਮ ਚੁੱਕਣ ਦਾ ਅਧਿਕਾਰ ਮਿਲ ਜਾਵੇਗਾ। ਐਮਰਜੈਂਸੀ ਦਾ ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਜਾਪਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 3906 ਤੱਕ ਪਹੁੰਚ ਗਈ ਹੈ ਅਤੇ ਹੁਣ ਤੱਕ 108 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਜਾਪਾਨ ਵਿਚ ਬਜ਼ੁਰਗਾਂ ਦੀ ਗਿਣਤੀ ਜ਼ਿਆਦਾ ਹੈ ਤੇ ਜਾਪਾਨ ਨੂੰ ਜ਼ਿਆਦਾ ਨੁਕਸਾਨ ਪਹੁੰਚ ਸਕਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।