ਸਿੰਘਾਂ ਦੇ ਘੋੜਿਆਂ ਨੂੰ ਛੋਲੇ ਵੰਡਣ ਤੋਂ ਸੁਲਤਾਨ-ਉਲ-ਕੌਮ ਤਕ ਦਾ ਸਫਰੀ: ਨਵਾਬ ਜੱਸਾ ਸਿੰਘ ਆਹਲੂਵਾਲੀਆ

ਸਿੰਘਾਂ ਦੇ ਘੋੜਿਆਂ ਨੂੰ ਛੋਲੇ ਵੰਡਣ ਤੋਂ ਸੁਲਤਾਨ-ਉਲ-ਕੌਮ ਤਕ ਦਾ ਸਫਰੀ: ਨਵਾਬ ਜੱਸਾ ਸਿੰਘ ਆਹਲੂਵਾਲੀਆ

ਸੁਖਵਿੰਦਰ ਸਿੰਘ
ਸਿੱਖ ਕੌਮ ਨੇ ਮਨੁੱਖੀ ਇਤਿਹਾਸ ਦੀ ਤੁਲਨਾ ਬੜੇ ਥੋੜੇ ਸਮੇਂ ਵਿਚ ਇਸ ਜਹਾਨ ਅੰਦਰ ਆਪਣੀ ਰੂਹਾਨੀ ਅਤੇ ਜਿਸਮਾਨੀ ਪਵਿੱਤਰਤਾ ਅਤੇ ਤਾਕਤ ਨਾਲ ਅਲੌਕਿਕ ਗਿਆਨ ਦਾ ਪ੍ਰਕਾਸ਼ ਕੀਤਾ ਹੈ ਜਿਸ ਦੀ ਚਮਕ ਕੁੱਲ ਲੋਕਾਈ ਵਿਚ ਪਸਰਨੀ ਅਜੇ ਬਾਕੀ ਹੈ। ਅਕਾਲ ਰੂਪ ਗੁਰੂ ਜੋਤ ਦੀ ਬਖਸ਼ਿਸ਼ ਦੇ ਪਾਤਰ ਗੁਰਸਿੱਖਾਂ ਨੇ ਜੀਵਨ ਦੇ ਹਰ ਪਹਿਲੂ ਬਾਬਤ ਮਿਸਾਲੀ ਕਾਰਜ ਕੀਤੇ ਹਨ। ਸਿੱਖ ਇਤਿਹਾਸ ਵਿਚ ਦੁਨੀਆ ਨੂੰ ਬਖਸ਼ਣ ਵਾਲਾ ਨਿਆਰਾ ਤੇ ਅਕਾਲੀ ਸਮਾਜਿਕ, ਰਾਜਨੀਤਕ, ਆਰਥਿਕ ਪ੍ਰਬੰਧ ਸਮੋਇਆ ਹੋਇਆ ਹੈ। ਅਜਿਹੀਆਂ ਸਖਸ਼ੀਅਤਾਂ ਵਿਚੋਂ ਇਕ ਹੈ ਸਿੱਖ ਇਤਿਹਾਸ ਦਾ ਦੂਜਾ ਨਵਾਬ ਸਰਦਾਰ ਜੱਸਾ ਸਿੰਘ ਆਹਲੂਵਾਲੀਆ। 

ਅੱਜ ਦੇ ਦਿਨ 10 ਅਪ੍ਰੈਲ 1754 ਨੂੰ ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ ਦੇ ਵੱਡੇ ਇਕੱਠ ਨੇ ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਤੋਂ ਬਾਅਦ ਨਵਾਬੀ ਦਾ ਖਿਤਾਬ ਬਖਸ਼ਿਆ। ਇਹ ਨਵਾਬੀ ਸਿੱਖਾਂ ਨੂੰ ਮੁਗਲ ਹਕੂਮਤ ਵੱਲੋਂ ਇਕ ਸਮਝੌਤੇ ਅਧੀਨ ਦਿੱਤੀ ਗਈ ਸੀ ਜਿਹੜੀ ਸਿੱਖਾਂ ਨੇ ਸੰਗਤਾਂ ਦੇ ਜੋੜਿਆਂ ਵਿਚ ਰੋਲ ਕੇ ਪ੍ਰਵਾਨ ਕੀਤੀ ਸੀ। 18ਵੀਂ ਸਦੀ ਵਿਚ ਦੱਖਣੀ ਏਸ਼ੀਆ ਦੀ ਸਭ ਤੋਂ ਤਾਕਤਵਰ ਹਕੂਮਤ ਨਾਲ ਲੜ ਰਹੇ ਗਿਣਤੀ ਦੇ ਸਿੱਖਾਂ ਅੱਗੇ ਮੁਗਲ ਹਕੂਮਤ ਕਿਵੇਂ ਝੁਕੀ, ਇਸ ਦਾ ਜ਼ਿਕਰ ਕਿਸੇ ਹੋਰ ਲੇਖ ਵਿਚ ਕਰਾਂਗੇ। 

ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੇ ਲਿਖਣ ਮੁਤਾਬਕ, "ਨਵਾਬ ਜੱਸਾ ਸਿੰਘ ਜੀ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ ਸੰਨ 1718 ਈ: ਵਿਚ ਖਾਸ ਸ੍ਰੀ ਕਲਗੀਧਰ ਜੀ ਦੀ ਅਸੀਸ ਨਾਲ ਹੋਇਆ ਸੀ। ਇਸ ਬਾਰੇ ਕਪੂਰਥਲਾ ਘਰਾਣੇ ਦੇ ਪੁਰਾਤਨ ਰੀਕਾਰਡ ਦੇ ਚੋਲਿਆਂ ਲਿਖਤਾਂ ਮਿਲਦੀਆਂ ਹਨ ਕਿ ਸਰਦਾਰ ਬਦਰ ਸਿੰਘ ਦਾ ਵਿਆਹ ਸਰਦਾਰ ਬਾਗ ਸਿੰਘ ਜੀ ਦੀ ਭੈਣ ਨਾਲ ਹੋਇਆ। ਵਿਆਹ ਹੋਇਆਂ ਜਦ ਕਈ ਸਾਲ ਹੋ ਗਏ ਤੇ ਇਸ ਜੋੜੀ ਨੂੰ ਸੰਤਾਨ ਦਾ ਫਲ ਨਾ ਲੱਗਾ ਤਾਂ ਇਹ ਆਪਣੇ ਜੀਵਨ ਤੋਂ ਕੁਝ ਨਿਰਾਸ ਜਿਹੇ ਹੋ ਗਏ। ਇਸ ਦਸ਼ਾ ਵਿਚ ਉਹ ਉਸ ਦਵਾਰੇ ਪਹੁੰਚੇ ਜਿੱਥੇ ਕਦੇ ਕੋਈ ਸਿਦਕੀ ਨਿਰਾਸ ਹੋ ਕੇ ਨਹੀਂ ਆਇਆ। ਇਹ ਦੰਪਤੀ ਵੀ ਸ੍ਰੀ ਦਸ਼ਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਪਹੁੰਚੇ ਤੇ ਯੋਗ ਸਮਾਂ ਦੇਖ ਕੇ ਗਰੀਬ ਨਿਵਾਜ ਜੀ ਅੱਗੇ ਆਪਣਾ ਸੱਧਰਾਂ ਭਰਿਆ ਦਿਲ ਖੋਲ੍ਹ ਕੇ ਰੱਖ ਦਿੱਤਾ। ਇਨ੍ਹਾਂ ਦੀ ਬੇਨਤੀ ਪੁਰ ਸਤਿਗੁਰੂ ਜੀ ਰੀਝ ਪਏ ਤੇ ਅਸੀਸਾਂ ਦੇ ਕੇ ਨਿਹਾਲ ਕਰ ਦਿੱਤਾ। ਇਸ ਤਰ੍ਹਾਂ ਇਹ ਜੋੜੀ ਮਨ ਬਾਂਛਤ ਦਾਤਾਂ ਪ੍ਰਾਪਤ ਕਰਕੇ ‘ਆਹਲੂ’ ਪਿੰਡ ਵਲ ਪਰਤ ਆਈ। ਇੱਥੇ ਕੁਝ ਸਮਾਂ ਬੀਤ ਜਾਣ ਦੇ ਉਪਰੰਤ ਇਨ੍ਹਾਂ ਦੇ ਘਰ ਬੱਚੇ ਦਾ ਜਨਮ ਹੋਇਆ, ਜਿਸ ਦਾ ਨਾਮ ਜੱਸਾ ਸਿੰਘ ਰੱਖਿਆ ਗਿਆ।"

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਪਿੱਛੋਂ ਮਾਤਾ ਸੁੰਦਰੀ ਜੀ ਦਿੱਲੀ ਵਿਚ ਟਿਕੇ ਹੋਏ ਸਨ। ਨਵਾਬ ਜੱਸਾ ਸਿੰਘ ਦੀ ਉਮਰ ਪੰਜ ਕੁ ਵਰ੍ਹਿਆਂ ਦੀ ਸੀ ਜਦੋਂ ਇਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਅਕਾਲ ਚਲਾਣਾ ਕਰ ਗਏ। ਇਸ ਪਿੱਛੋਂ ਮਾਤਾ ਜੀਵਨ ਕੌਰ ਜੀ 5 ਕੁ ਵਰ੍ਹਿਆਂ ਦੇ ਜੱਸਾ ਸਿੰਘ ਨੂੰ ਨਾਲ ਲੈ ਕੇ ਦਿੱਲੀ ਵਿਖੇ ਮਾਤਾ ਸੁੰਦਰੀ ਜੀ ਕੋਲ ਜਾ ਹਾਜ਼ਰ ਹੋਏ। ਮਾਤਾ ਸੁੰਦਰੀ ਜੀ ਨੇ ਮਾਂ-ਪੁੱਤ ਦੋਵਾਂ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਪੁੱਤਰ ਵਾਂਗ ਜੱਸਾ ਸਿੰਘ ਦੀ ਪਰਵਰਿਸ਼ ਕੀਤੀ।

ਕਰੀਬ ਸੱਤ ਸਾਲ ਦਿੱਲੀ ਰਹਿਣ ਉਪਰੰਤ ਮਾਤਾ ਸੁੰਦਰੀ ਜੀ ਤੋਂ ਅਸ਼ੀਰਵਾਦ, ਇਕ ਗੁਰਜ ਅਤੇ ਕੁਝ ਹੋਰ ਬਖਸ਼ਿਸ਼ਾਂ ਪ੍ਰਾਪਤ ਕਰ ਚੜ੍ਹਦੀ ਜਵਾਨੀ ਹੀ ਨਵਾਬ ਜੱਸਾ ਸਿੰਘ ਪੰਜਾਬ ਆ ਗਏ। ਇਸ ਸਮੇਂ ਖਾਲਸਾ ਪੰਥ ਸਿੱਖ ਰਾਜ ਸਥਾਪਤ ਕਰਨ ਲਈ ਨਵਾਬ ਕਪੂਰ ਸਿੰਘ ਦੀ ਅਗਵਾਈ ਵਿਚ ਜੂਝ ਰਿਹਾ ਸੀ। ਜੱਸਾ ਸਿੰਘ ਵੀ ਆਪਣੇ ਮਾਮਾ ਸ: ਬਾਘ ਸਿੰਘ ਰਾਹੀਂ ਪੰਥ ਦੇ ਜੁਝਾਰੂ ਜਥੇ ਵਿਚ ਆ ਸ਼ਾਮਲ ਹੋਇਆ। 

ਬਚਪਨ ਦੇ ਮੁੱਢਲੇ ਸਾਲ ਦਿੱਲੀ ਵਿਚ ਰਹਿਣ ਕਰਕੇ ਜੱਸਾ ਸਿੰਘ ਦੀ ਬੋਲ ਬਾਣੀ ਵਿਚ ਹਿੰਦੀ ਰਲ ਗਈ ਸੀ। ਪੰਥ ਵਿਚ ਉਸਨੂੰ ਪਹਿਲਾਂ ਸਿੰਘਾਂ ਦੇ ਘੋੜਿਆਂ ਦੀ ਖੁਰਾਕ ਵੰਡਣ ਦੀ ਸੇਵਾ ਦਿੱਤੀ ਗਈ। ਇਹ ਸੇਵਾ ਕਰਦਿਆਂ ਉਸਦੀ ਬੋਲਬਾਣੀ ਵਿਚ ਹਿੰਦੀ ਹੋਣ ਕਰਕੇ ਸਿੰਘ ਉਸਨੂੰ ਹਮਕੋ-ਤੁਮਕੋ ਕਰਕੇ ਛੇੜਦੇ। ਇਸ ਤੋਂ ਤੰਗ ਆਇਆ ਜੱਸਾ ਸਿੰਘ ਇਕ ਦਿਨ ਨਵਾਬ ਕਪੂਰ ਸਿੰਘ ਕੋਲ ਜਾ ਰੋਇਆ। ਉਸਨੇ ਸਾਰੀ ਗੱਲ ਦਸਦਿਆਂ ਨਵਾਬ ਕਪੂਰ ਸਿੰਘ ਨੂੰ ਕਿਹਾ ਕਿ ਉਹ ਇਹ ਸੇਵਾ ਨਹੀਂ ਕਰ ਸਕਦਾ। ਇਸ 'ਤੇ ਹਸਦਿਆਂ ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਸਮਝਾਇਆ ਕਿ ਪੰਥ ਦੀਆਂ ਗੱਲਾਂ 'ਤੇ ਰੁੱਸੀ ਦਾ ਨਹੀਂ, ਪੰਥ ਦੀ ਸੇਵਾ ਦਾ ਮੌਕਾ ਨਹੀਂ ਖੁੰਝਾਈਦਾ। ਉਹਨਾਂ ਜੱਸਾ ਸਿੰਘ ਨੂੰ ਕਿਹਾ ਕਿ ਮੈਨੂੰ ਘੋੜਿਆਂ ਦੀ ਲਿੱਦ ਸਾਫ ਕਰਦੇ ਨੂੰ ਪੰਥ ਨੇ ਨਵਾਬੀ ਬਖਸ਼ ਦਿੱਤੀ, ਤੂੰ ਤਾਂ ਫੇਰ ਘੋੜਿਆਂ ਨੂੰ ਖੁਰਾਕ ਛਕਾਉਂਦਾ। 

ਦੂਰ ਅੰਦੇਸ਼ ਅਤੇ ਸਿਆਣੇ ਆਗੂ ਵਾਲੇ ਗੁਣਾਂ ਦੇ ਧਾਰਨੀ ਨਵਾਬ ਕਪੂਰ ਸਿੰਘ ਨੇ ਨਵਾਬ ਜੱਸਾ ਸਿੰਘ ਦੀ ਕਾਬਲੀਅਤ ਅਤੇ ਉਸ ਉਪਰ ਗੁਰ ਬਖਸ਼ਿਸ਼ ਨੂੰ ਜਾਣ ਲਿਆ ਸੀ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਧਰਮ-ਪੁੱਤਰ ਹੀ ਬਣਾ ਲਿਆ ਅਤੇ ਧਰਮ ਤੇ ਸ਼ਸਤਰ ਵਿੱਦਿਆ ਵਿਚ ਨਿਪੁੰਨ ਕਰ ਦਿੱਤਾ।

ਜੱਸਾ ਸਿੰਘ ਨੂੰ ਸਿੰਘਾਂ ਦੇ ਘੋੜਿਆਂ ਦੀ ਸੇਵਾ ਕਰਨ ਬਦਲੇ ਪੰਥ ਦੀ ਅਗਵਾਈ ਕਰਨ ਦੀ ਬਖਸ਼ਿਸ਼ ਹੋਈ। ਨਵਾਬ ਕਪੂਰ ਸਿੰਘ ਤੋਂ ਬਾਅਦ ਪੰਥ ਦੇ ਧਰਮ ਯੁੱਧ ਦੀ ਅਗਵਾਈ ਸਾਂਭਦਿਆਂ ਨਵਾਬ ਕਪੂਰ ਸਿੰਘ ਨੇ ਬੇਮਿਸਾਲ ਇਤਿਹਾਸਕ ਕਾਰਜ ਕੀਤੇ ਤੇ ਖਾਲਸਾ ਰਾਜ ਦੀ ਸਥਾਪਤੀ ਲਈ ਕਥਨੀ ਤੋਂ ਬਾਹਰਾ ਯੋਗਦਾਨ ਪਾਇਆ। ਇਸ ਬਾਰੇ ਅੱਗੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖਤ ਸਾਂਝੀ ਕਰ ਰਿਹਾ ਹਾਂ: 

ਅੰਮ੍ਰਿਤਸਰ ਨੂੰ ਆਜ਼ਾਦ ਕਰਵਾਉਣਾ

ਸਲਾਬਤ ਖਾਨ ਨੇ ਸ੍ਰੀ ਅੰਮ੍ਰਿਤਸਰ ਦੀ ਹਕੂਮਤ ਸਮੇਂ ਬੜੇ ਬੜੇ ਆਯੋਗ ਕਾਰੇ ਕੀਤੇ। ਖਾਲਸਾ ਇਸ ਦੇ ਇਨ੍ਹਾਂ ਜ਼ੁਲਮਾਂ ਨੂੰ ਲਹੂ ਭਰੀ ਨਿਗਾਹ ਨਾਲ ਦੇਖ ਰਿਹਾ ਸੀ। ਹੁਣ ਸਮਾਂ ਕੁਝ ਆਪਣੇ ਹੱਕ ਵਿਚ ਵੇਖਕੇ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਏ ਨੇ ਪੰਥਕ ਇਕੱਠ ਕੀਤਾ, ਜਿਸ ਵਿਚ ਇਹ ਗੁਰਮਤਾ ਸੋਧਿਆ ਗਿਆ ਕਿ ਛੇਤੀ ਤੋਂ ਛੇਤੀ ਗੁਰੂ-ਨਗਰੀ ਨੂੰ ਗੈਰਾਂ ਤੋਂ ਆਜ਼ਾਦ ਕਰਾਇਆ ਜਾਏ ਇਸ ਮਹਾਨ ਕਾਰਜ ਦੀ ਸੇਵਾ ਨਵਾਬ ਜੱਸਾ ਸਿੰਘ ਜੀ ਨੇ ਆਪਣੇ ਆਪ ਨੂੰ ਵਡਭਾਗੀ ਜਾਣਕੇ ਆਪਣੇ ਜ਼ਿੰਮੇ ਲੈ ਲਈ। ਥੋੜੇ ਦਿਨਾਂ ਵਿਚ ਹੀ ਖਾਲਸਾ ਦਲ ਨੇ ਆਪਣੇ ਵਰਯਾਮ ਜੋਧੇ ਦੀ ਅਗਵਾਈ ਵਿਚ ਸਲਾਬਤ ਖਾਨ ਪਰ ਚੜ੍ਹਾਈ ਕਰ ਦਿੱਤੀ ਅਗੋਂ ਖਾਨ ਨੂੰ ਜਦ ਸਿੰਘਾਂ ਦੇ ਕੂਚ ਦੀ ਕਿਸੇ ਸੁਹ ਆ ਦਿੱਤੀ ਤਾਂ ਉਸ ਨੇ ਤੁਰਤ ਫੁਰਤ ਆਪਣੀ ਬਹੁਤ ਸਾਰੀ ਫੌਜ ਇਕੱਠੀ ਕਰਕੇ ਖਾਲਸੇ ਦੇ ਹੱਲੇ ਨੂੰ ਠੱਲਣ ਲਈ ਮੈਦਾਨ ਵਿਚ ਲੈ ਆਂਦੀ। ਇਸ ਸਮੇਂ ਖਾਲਸਾ ਜੀ ਨੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤ੍ਰਤਾ ਨੂੰ ਕਾਇਮ ਰੱਖਣ ਦੇ ਦੋਸ਼ ਵਿਚ ਆਪਣੀ ਜਾਨਾਂ ਤੋਂ ਹੱਥ ਧੋ ਕੇ ਵੈਰੀ ਪਰ ਅਜਿਹਾ ਸ਼ੇਰਵਾਈ ਹੱਲਾ ਕੀਤਾ ਕਿ ਸਲਾਬਤ ਖਾਨ ਆਪਣੀ ਫੌਜ ਨੂੰ ਲੱਖ ਦਿਲਬਰੀਆਂ ਦਿੰਦਾ ਹੋਇਆ ਵੀ ਖਾਲਸੇ ਦੇ ਅਗਾਧ ਜੋਸ਼ ਅੱਗੇ ਇੰਝ ਰੁੜ ਗਿਆ ਜਿਵੇਂ ਹੜ ਅੱਗੇ ਕੱਖ ਕਾਨ। ਇਸ ਨਾਜ਼ਕ ਸਮੇਂ ਖਾਨ ਆਪਣੀ ਨੱਸੀ ਜਾਂਦੀ ਫੌਜ ਦੇ ਰੋਕਣ ਲਈ ਅੱਗੇ ਆਇਆ ਹੀ ਸੀ ਕਿ ਨਵਾਬ ਜੱਸਾ ਸਿੰਘ ਜੀ ਨੇ ਇਸਨੂੰ ਵੇਖ ਲਿਆ ਅਤੇ ਇਸ ਪਰ ਐਸਾ ਤੇਜ਼ੀ ਨਾਲ ਵਾਰ ਕੀਤਾ ਕਿ ਸਲਾਬਤ ਖਾਨ ਦਾ ਸੀਸ ਤਨ ਤੋਂ ਵੱਖ ਕਰ ਦਿੱਤਾ। ਹੁਣ ਵੈਰੀ ਦੀ ਫੌਜ ਨੇ ਜਦ ਆਪਣੇ ਆਗੂ ਨੂੰ ਇਸ ਤਰ੍ਹਾਂ ਤੜਫ਼ਦਾ ਡਿੱਠਾ ਤਾਂ ਉਨ੍ਹਾਂ ਦਾ ਰਿਹਾ ਖਿਹਾ ਦਮ ਵੀ ਟੁੱਟ ਗਿਆ ਤੇ ਜਿਧਰ ਕਿਸੇ ਨੂੰ ਰਾਹ ਲੱਭਾ, ਆਪਣੀ ਪਿਆਰੀ ਜਾਨ ਖਾਲਸੇ ਦੀਆਂ ਤੇਗਾਂ ਤੋਂ ਬਚਾਉਣ ਲਈ, ਉੱਧਰ ਹੀ ਉੱਠ ਨੱਠਾ। ਖਾਲਸੇ ਨੇ ਭਗੌੜਿਆਂ ਦਾ ਦੁਰ ਤੱਕ ਪਿੱਛਾ ਕੀਤਾ ਤੇ ਬਹੁਤ ਵੱਡੀ ਗਿਣਤੀ ਵਿਚ ਵੈਰੀਆਂ ਦੇ ਸ਼ਸਤ੍ਰ ਘੋੜੇ ਖੋਹ ਲਏ। ਹੁਣ ਖਾਲਸੇ ਨੇ ਫਤਹ ਦੇ ਨਗਾਰੇ ਵਜਾਉਂਦਿਆਂ ਹੋਇਆਂ ਸ਼੍ਰੀ ਦਰਬਾਰ ਸਾਹਿਬ ਵਿਖੇ ਜਾ ਡੇਰੇ ਲਾਏ। ਇਹ ਗੱਲ ਸੰਨ ੧੭੪੮ ਦੀ ਹੈ। ਇਸ ਫਤਹ ਦੇ ਨਾਲ ਨਵਾਬ ਸਾਹਿਬ ਦਾ ਸਤਿਕਾਰ ਸਾਰੇ ਪੰਥ ਵਿਚ ਬਹੁਤ ਵਧ ਗਿਆ। ਇਸ ਸਮੇਂ ਆਪ ਜੀ ਨਾਲ ਮਿਲਕੇ ਭਾਈ ਤਾਰਾ ਸਿੰਘ ਵਾਈਆਂ ਤੇ ਭਾਈ ਚੂਹੜ ਸਿੰਘ ਭਕਣੀਏ ਨੇ ਵੀ ਖੂਬ ਸੇਵਾ ਕੀਤੀ।

ਮਹਾਰਾਜਾ ਕੌੜਾ ਮੱਲ ਨੂੰ ਮਿੱਠਾ ਮੱਲ ਦਾ ਖਿਤਾਬ ਦੇਣਾ

ਦਿੱਲੀ ਦਾ ਵਜ਼ੀਰ ਸਫਦਰ ਜੰਗ ਮੀਰ ਮੰਨੂੰ ਨਾਲ ਦਿਲੋਂ ਵਿਰੋਧ ਰੱਖਦਾ ਸੀ। ਪੰਜਾਬ ਵਿਚ ਇਸ ਦੀ ਤਾਕਤ ਨੂੰ ਘਟਾਉਣ ਲਈ ਸੰਨ ੧੭੪੯ ਵਿਚ ਸਫਦਰ ਜੰਗ ਨੇ ਸ਼ਾਹ ਨਿਵਾਜ਼ ਖਾਨ ਨੂੰ ਮੁਲਤਾਨ ਦਾ ਸੂਬਾ ਮੁਕੱਰਰ ਕਰਵਾ ਦਿੱਤਾ। ਇਸ ਗੱਲ ਨੂੰ ਮੀਰ ਮੰਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੁਲਤਾਨ ਦੇ ਸੂਬੇਦਾਰੀ ਸ਼ਾਹ ਨਿਵਾਜ਼ ਖਾਨ ਦੇ ਹੱਥ ਹੋਣੀ ਉਸਦੀ ਸਲਾਮਤੀ ਲਈ ਕਿਨੀ ਕੁ ਹਾਨੀਕਾਰਕ ਸੀ। ਇਸ ਖਤਰੇ ਨੂੰ ਦੂਰ ਕਰਨ ਲਈ ਮੀਰ ਮੰਨੂੰ ਨੇ ਮੁਲਤਾਨ ਪਰ ਚੜ੍ਹਾਈ ਕਰਨ ਲਈ ਇਕ ਮੁਹਿੰਮ ਤਿਆਰ ਕੀਤੀ, ਜਿਸ ਦੀ ਅਗਵਾਈ ਉਸ ਨੇ ਦੀਵਾਨ ਕੌੜਾ ਮੱਲ ਜੀ ਦੇ ਹੱਥ ਸੌਂਪ ਦਿੱਤੀ, ਪਰ ਆਪਣੀ ਫੌਜ ਦਾ ਵਧੇਰਾ ਭਾਗ ਉਸਨੇ ਲਾਹੌਰ ਵਿਚ ਅਮਨ ਰੱਖਣ ਲਈ ਆਪਣੇ ਪਾਸ ਰੱਖ ਲਿਆ ਤੇ ਬਾਕੀ ਦੀ ਥੋੜੀ ਜੇਹੀ ਫੌਜ ਦੀਵਾਨ ਜੀ ਨਾਲ ਤੋਰੀ, ਨਾਲ ਹੀ ਦੀਵਾਨ ਜੀ ਨੂੰ ਇਹ ਖੁਲ਼ ਦੇ ਦਿੱਤੀ ਕਿ ਉਹ ਆਪਣੇ ਆਪ ਜਿੰਨੀ ਸਹਾਇਤਾ ਖਾਲਸਾ ਦਲ ਤੋਂ ਲੈਣੀ ਚਾਹੇ ਪ੍ਰਾਪਤ ਕਰ ਲਏ ਅਤੇ ਇਸਦੇ ਰਸਦ ਪਾਣੀ ਆਦਿ ਦਾ ਖਰਚ ਲਾਹੌਰ ਦੇ ਖਜ਼ਾਨੇ ਤੋਂ ਤਾਰਿਆ ਜਾਏਗਾ।

ਦੀਵਾਨ ਕੌੜਾ ਮਲ ਜੀ ਚੂਕਿ ਖਾਲਸੇ ਵਿਚ ਪਿਆਰਿਆ ਜਾਂਦਾ ਸੀ, ਇਸ ਨੇ ਇਸ ਸਮੇਂ ਆਪਣੀ ਸਫਲਤਾ ਲਈ ਖਾਲਸੇ ਤੋਂ ਮਦਦ ਮੰਗੀ ਤੇ ਖਾਲਸੇ ਦੀ ਵਧੇਰੀ ਪ੍ਰਸੰਨਤਾ ਪ੍ਰਾਪਤ ਕਰਨ ਲਈ ਨਾਲ ਹੀ ਇਹ ਅਰਦਾਸਾ ਵੀ ਕਰਵਾਇਆ ਕਿ ਇਸ ਮੁਹਿੰਮ ਦੀ ਫ਼ਤਹ ਦੇ ਉਪਰੰਤ ਉਹ ਆਪਣੇ ਆਪ ਨੂੰ ਵਡਭਾਗੀ ਸਮਝਕੇ ਤਿੰਨ ਲੱਖ ਰੁਪਯਾ ਲਗਾਕੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਾਲ ਲੀਲਾ ਦੇ ਗੁਰਦੁਵਾਰੇ ਦੀ ਸੇਵਾ ਕਰਵਾਏਗਾ। ਦੀਵਾਨ ਜੀ ਦੀ ਗੁਰੂ ਘਰ ਲਈ ਇੱਨੀ ਸ਼ਰਧਾ ਦੇਖ ਕੇ ਨਵਾਬ ਜੱਸਾ ਸਿੰਘ ਜੀ ਆਹਲੂਵਾਲੀਏ ਨੇ ਦਸ ਹਜ਼ਾਰ ਖਾਲਸੇ ਨਾਲ ਮੁਲਤਾਨ ਵਲ ਕੂਚ ਕਰ ਦਿੱਤਾ। ਉਧਰ ਸ਼ਾਹ ਨਿਵਾਜ਼ ਖ਼ਾਨ ਨੂੰ ਜਦ ਇਸ ਫੌਜ ਦੇ ਮੁਲਤਾਨ ਵਲ ਕੂਚ ਕਰਨ ਦਾ ਪਤਾ ਲਗਾ ਤਾਂ ਉਸ ਨੇ ਇਨ੍ਹਾਂ ਦੇ ਟਾਕਰੇ ਲਈ ਬਹੁਤ ਸਾਰੀ ਫੌਜ ਨਾਲ ਦੁਰਾਣਾ ਪਿੰਡ ਦੇ ਲਾਗੇ ਦੀਵਾਨ ਜੀ ਦੀ ਫੌਜ ਨੂੰ ਆ ਰੋਕਿਆ। ਹੁਣ ਲੱਗੀ ਹੱਥੋ ਹੱਥ ਸਿਰੀ ਸਾਹਿਬ ਚਲਣ। ਇਸ ਸਮੇਂ ਸ਼ਾਹ ਨਿਵਾਜ਼ ਖਾਨ ਬੜੀ ਬਹਾਦਰੀ ਨਾਲ ਮੈਦਾਨ ਵਿਚ ਲੜਿਆ, ਇੰਨੇ ਨੂੰ ਜਦ ਕਿ ਲੜਾਈ ਗਹਿਗੱਚ ਹੋ ਰਹੀ ਸੀ, ਖਾਲਸੇ ਨੇ ਫੌਜ ਦੇ ਉਸ ਹਿੱਸੇ ਨੂੰ ਘੇਰੇ ਵਿਚ ਰੱਖ ਲਿਆ, ਜਿੱਥੇ ਸ਼ਾਹ ਨਿਵਾਜ਼ ਖਾਨ ਆਪ ਆਪਣੀਆਂ ਫੌਜਾਂ ਦੇ ਹੌਸਲੇ ਵਧਾ ਰਿਹਾ ਸੀ। ਇੱਥੇ ਨਵਾਬ ਜੱਸਾ ਸਿੰਘ ਜੀ ਦੀ ਅੜਦਲ ਦਾ ਇਕ ਜਵਾਨ ਭੀਮ ਸਿੰਘ ਨਾਮੀ ਸ਼ਾਹ ਨਿਵਾਜ਼ ਨੂੰ ਸਾਹਮਣੇ ਦੇਖ ਕੇ ਉਸ ਪਰ ਟੁੱਟ ਪਿਆ ਤੇ ਉਸਨੇ ਆਪਣੇ ਤੇਗੇ ਦੀ ਇਕੋ ਸੱਟ ਨਾਲ ਉਸ ਦੀ ਅਲਖ ਮੁਕਾ ਦਿੱਤੀ। ਸਿਪਾਹ ਸਲਾਰ ਦੇ ਮਰਨ ਬਾਅਦ ਹੁਣ ਕਿਸੇ ਕੀ ਲੜਨਾ ਸੀ ? ਮੁਲਤਾਨੀ ਫੌਜ ਮੈਦਾਨ ਦੀਵਾਨ ਕੌੜਾ ਮੱਲ ਜੀ ਦੇ ਹੱਥ ਛੱਡ ਕੇ ਖਿੰਡ ਗਈ ਤੇ ਦੀਵਾਨ ਜੀ ਦਾ ਮੁਲਤਾਨ ਪੁਰ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ।

ਚੂੰਕਿ ਸ਼ਾਹ ਨਿਵਾਜ਼ ਖਾਨ ਇਸ ਲੜਾਈ ਵਿਚ ਬੜੀ ਬਹਾਦਰੀ ਨਾਲ ਲੜਿਆ ਸੀ, ਇਸ ਲਈ ਦੀਵਾਨ ਕੌੜਾ ਮੱਲ ਜੀ ਨੇ ਬਹਾਦਰਾਂ ਤੇ ਉੱਚ ਕੋਟੀ ਦੇ ਨੀਤੀਵਾਨਾਂ ਦੀ ਤਰ੍ਰਾਂ ਨਿਰਵੈਰ ਹੋ ਕੇ ਇਸ ਦੀ ਲਾਸ਼ ਨੂੰ ਬਹੁਤ ਬੜੀ ਫੌਜੀ ਸ਼ਾਨ ਨਾਲ ਸ਼ ਮਸ਼ ਦੀਨ ਤਬਰੇਜ਼ੀ ਦੀ ਖਾਨਗਾਹ ਵਿਚ ਦਫ਼ਨਵਾ ਦਿੱਤਾ।

ਮੁਲਤਾਨ ਦੇ ਯੋਗ ਪ੍ਰਬੰਧ ਬਾਅਦ ਜਦ ਦੀਵਾਨ ਕੌੜਾ ਮੱਲ ਜੀ ਖਾਲਸਾ ਦਲ ਨਾਲ ਲਾਹੌਰ ਪੁੱਜੇ ਤਾਂ ਮੀਰ ਮੰਨੂੰ ਨੇ ਇਸ ਮੁਹਿੰਮ ਦੀ ਸਫਲਤਾ ਲਈ ਇਨ੍ਹਾਂ ਨੂੰ ‘ਮਹਾਰਾਜਾ ਬਹਾਦਰ` ਦਾ ਖਿਤਾਬ ਦਿੱਤਾ ਅਤੇ ਖਾਲਸੇ ਨਾਲ ਦੀਵਾਨ ਜੀ ਇਸ ਸਮੇਂ ਬਹੁਤ ਮਿੱਠਾ ਹੋਕੇ ਵਰਤੇ ਸੀ, ਇਸ ਲਈ ਪੰਥ ਵੱਲੋਂ ਨਵਾਬ ਜੱਸਾ ਸਿੰਘ ਜੀ ਨੇ ਇਨ੍ਹਾਂ ਨੂੰ ਬਜਾਏ ਕੌੜਾ ਮੱਲ ਦੇ ਮਿੱਠਾ ਮੱਲ ਦਾ ਪਦ ਬਖਸ਼ਿਆ।

ਦੀਵਾਨ ਜੀ ਨੇ ਆਪਣੀ ਮੰਨਤ ਅਨੁਸਾਰ ਤਿੰਨ ਲੱਖ ਤੋਂ ਵੱਧ ਰੁਪਿਆ ਖਰਚ ਕੇ ਬਾਲ ਲੀਲਾ ਦਾ ਗੁਰਦੁਆਰਾ ਅਤੇ ਇਸ ਦੇ ਨਾਲ ਲਗਵਾਂ ਸਰੋਵਰ ਬਣਵਾਇਆ ਜਿਹੜਾ ਅਜ ਤੱਕ ਆਪ ਜੀ ਦੀ ਯਾਦ ਚੇਤੇ ਕਰਾ ਰਿਹਾ ਹੈ।

ਬੰਦੀ ਛੋੜ ਜੱਸਾ ਸਿੰਘ

ਸੰਨ ੧੭੬੧ ਈ: ਵਿਚ ਅਹਿਮਦ ਸ਼ਾਹ ਦੁਰਾਨੀ ਨੇ ਮੁੜ ਹਿੰਦ ਪਰ ਧਾਵਾ ਕੀਤਾ। ਇਸ ਵਾਰੀ ਕੋਈ ਤੀਹ ਹਜ਼ਾਰ ਦੇ ਲਗਭਗ ਹਿੰਦੂ ਪੁਰਖ ਇਸਤ੍ਰੀਆਂ ਬੰਦੀਵਾਨ ਬਣਾ ਕੇ ਅਫ਼ਗਾਨਿਸਤਾਨ ਵਲ ਮੁੜ ਪਿਆ। ਇਹ ਦੁਖ ਭਰੀ ਖਬਰ ਜਦ ਨਵਾਬ ਜੱਸਾ ਸਿੰਘ ਜੀ ਤੱਕ ਪਹੁੰਚੀ ਤਾਂ ਆਪ ਦੀ ਅਣਖ ਇਸ ਨੂੰ ਨਾ ਸਹਾਰ ਸਕੀ ਤੇ ਆਪ ਦੇ ਦੇਸ਼-ਪਿਆਰ ਦੇ ਜੋਸ਼ ਨੇ ਐਸਾ ਹੁਲਾਰਾ ਖਾਧਾ ਕਿ ਆਪ ਉਸੇ ਵਕਤ ਆਪਣੇ ਕਈ ਹਜ਼ਾਰ ਸਿਰਲੱਥ ਸੂਰਮਿਆਂ ਨੂੰ ਆਪਣੇ ਨਾਲ ਲੈ ਕੇ ਦੁਰਾਨੀ ਦੇ ਡੇਰੇ ਪਰ ਟੁੱਟ ਪਏ। ਇਸ ਸਮੇਂ ਜਿਹੜਾ ਵੀ ਰਾਹ ਰੋਕਣ ਲਈ ਆਇਆ ਉਸੇ ਨੂੰ ਤਲਵਾਰ ਦੀ ਧਾਰ ਤੋਂ ਪਾਰ ਕੀਤਾ ਤੇ ਆਪ ਰਵਾਂ ਰਵੀਂ ਸਿੱਧਾ ਉੱਥੇ ਪਹੁੰਚ ਗਏ ਜਿੱਥੇ ਦੁਰਾਨੀ ਨੇ ਨਿਮਾਣੇ ਕੈਦੀਆਂ ਨੂੰ ਡਕਿਆ ਹੋਇਆ ਸੀ। ਆਪਨੇ ਆਪਣੇ ਜੁਆਨਾਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੀ ਬੰਦ ਖਲਾਸ ਕਰਕੇ ਸਭ ਨੂੰ ਆਪਣੇ ਨਾਲ ਲੈ ਚੱਲੋ। ਇਹ ਸਭ ਕੁਝ ਇੰਨੀ ਤੇਜ਼ੀ ਨਾਲ ਕੀਤਾ ਗਿਆ ਕਿ ਜਦ ਤੱਕ ਅਫ਼ਗਾਨੀ ਫੌਜ ਤਿਆਰ ਹੁੰਦੀ ਰਹੀ ਇਹ ਸਭ ਵਿੱਚੋਂ ਵਾਲ ਦੀ ਤਰ੍ਹਾਂ ਇਨ੍ਹਾਂ ਦੀ ਮਾਰ ਤੋਂ ਨਿਕਲ ਗਏ। ਇਹ ਕਰਤਵ ਨਵਾਬ ਜੱਸਾ ਸਿੰਘ ਜੀ ਨੇ ਆਪਣਾ ਸੀਸ ਤਲੀ ਪਰ ਰੱਖ ਕੇ ਕੀਤਾ ਸੀ। ਇਸ ਮਹਾਨ ਉਪਕਾਰ ਦੇ ਕਾਰਨ ਆਪ ਦਾ ਨਾਮ ਸਾਰੇ ਦੇਸ਼ ਵਿਚ ਬੰਦੀ ਛੋੜ ਸਿੱਧ ਹੋਇਆ।

ਖਾਲਸੇ ਦਾ ਪਹਿਲਾ ਸਿੱਕਾ

ਸੰਨ ੧੭੭੪ ਈ: ਵਿਚ ਨਵਾਬ ਜੱਸਾ ਸਿੰਘ ਜੀ ਨੇ ਰਾਏ ਈਬਰਾਹੀਮ ਭੱਟੀ ਤੋਂ ਕਪੂਰਥਲਾ ਫਤਹ ਕਰਕੇ ਆਪਣੀ ਰਾਜਧਾਨੀ ਕਾਇਮ ਕੀਤੀ। ਖਾਲਸੇ ਵਿਚ ਇਹ ਪਹਿਲਾ ਗੁਰਸਿਖ ਸੀ, ਜਿਸ ਦੇ ਨਾਮ ਸਿੱਕਾ ਚੱਲਿਆ । ਸਿੱਕੇ ਪਰ ਇਹ ਲਿਖਤ ਸੀ :

ਸਿਕਾ ਜ਼ਦ ਦੂਰ ਜਹਾਂ ਬਫ਼ਜ਼ਲੇ ਅਕਾਲ।
ਮੁਲਕੇ ਅਹਿਮਦ ਗਰਿਫਤ ਜੱਸਾ ਕਲਾਲ।

ਚਲਾਣਾ

ਇਸ ਤਰ੍ਹਾਂ ਬਹਾਦਰ ਜੱਸਾ ਸਿੰਘ ਜੀ ਆਪਣਾ ਸਾਰਾ ਜੀਵਨ ਪੰਥ ਤੇ ਦੇਸ਼ ਦੀ ਸੇਵਾ ਵਿਚ ਲਾਉਂਦੇ ਹੋਏ ਸੰਨ ੧੭੮੩ ਵਿਚ ਸ੍ਰੀ ਅੰਮ੍ਰਿਤਸਰ ਗੁਰ-ਚਰਨਾ ਵਿਚ ਜਾ ਵੱਸੇ। ਆਪ ਜੀ ਦਾ ਸੰਸਕਾਰ ਬਾਬਾ ਅਟੱਲ ਸਾਹਿਬ ਜੀ ਦੇ ਹਾਤੇ ਵਿਚ ਹੋਇਆ। ਸਰਦਾਰ ਫਤਹ ਸਿੰਘ ਜੀ ਨੇ ਉਸੇ ਥਾਂ ਪਰ ਆਪ ਜੀ ਦੀ ਸਮਾਧ ਬਣਵਾਈ ਜੋ ਇਸ ਵਕਤ (ਸੰਨ ੧੯੪੨) ਤੱਕ ਉਸੇ ਸ਼ਕਲ ਵਿਚ ਮੌਜੂਦ ਹੈ ਜਿਸ ਪਰ ਗੁਰਮੁਖੀ ਤੇ ਫਾਰਸੀ ਅੱਖਰਾਂ ਵਿਚ ਇਹ ਲਿਖਤ ਲਿਖੀ ਹੋਈ ਹੈ :

੧ਓ

ਸਮਾਧ ਨਵਾਬ ਜੱਸਾ ਸਿੰਘ ਸਾਹਿਬ ਬਾਨੀ ਰਿਆਸਤ ਕਪੂਰਥਲਾ

ਜਨਮ ਸੰਨ ੧੭੧੮

ਕਾਲ ਸੰ: ੧੭੮੩