ਵਿਪਸਾਅ ਕੈਲੀਫ਼ੋਰਨੀਆ ਵੱਲੋਂ ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੇ ਕਾਵਿ-ਸੰਗ੍ਰਹਿ ਲੋਕ ਅਰਪਣ
ਅੰਮ੍ਰਿਤਸਰ ਟਾਈਮਜ਼ ਬਿਊਰੋ
ਹੇਵਰਡ: (ਲਾਜ ਨੀਲਮ ਸੈਣੀ): ਬੀਤੇ ਦਿਨੀਂ ਵਿਪਸਾਅ ਕੈਲੀਫ਼ੋਰਨੀਆ ਵੱਲੋਂ Irvington Community Center, Fremont ਵਿਖੇ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਾਮਵਰ ਲੇਖਕ ਪ੍ਰੋ. ਸੁਰਿੰਦਰ ਸਿੰਘ ਸੀਰਤ ਦਾ ਕਾਵਿ ਸੰਗ੍ਰਹਿ ‘ਜੰਗ ਜਾਰੀ ਹੈ’ ਅਤੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੇ ਦੋ ਕਾਵਿ ਸੰਗ੍ਰਹਿ ‘ਰੁਹਾਨੀ ਰਮਜ਼ਾਂ’ ਅਤੇ ‘ਬੂੰਦ ਬੂੰਦ ਬਰਸਾਤ’ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੇ ਅਰੰਭ ਵਿੱਚ ਪ੍ਰਧਾਨ ਕੁਲਵਿੰਦਰ ਨੇ ਹਾਜ਼ਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਆਪਣੀ ਕਾਰਜਕਾਰਨੀ ਵਿੱਚ ਵਾਧਾ ਕਰਦੇ ਹੋਏ ਪ੍ਰੋ. ਸੀਰਤ ਨੂੰ ਮੀਤ-ਪ੍ਰਧਾਨ ਵਜੋਂ ਸ਼ਾਮਲ ਕੀਤਾ। ਕੁਲਵਿੰਦਰ ਨੇ ਇਹ ਵੀ ਕਿਹਾ ਕਿ ਅੱਜ ਲੋਕ ਅਰਪਣ ਹੋਣ ਵਾਲੀਆਂ ਕਿਤਾਬਾਂ ਨੂੰ ਦੇਸ-ਵਿਦੇਸ਼ ਵਿੱਚ ਵੱਖ-ਵੱਖ ਸੰਸਥਾਵਾਂ ਨੇ ਮਾਣ-ਸਨਮਾਨ ਦਿੱਤਾ ਹੈ। ਇਸ ਉਪਰੰਤ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਲੇਖਕ ਅਮਰ ਸੂਫ਼ੀ, ਪ੍ਰੋ. ਸੁਰਿੰਦਰ ਸਿੰਘ ਸੀਰਤ, ਚਰਨਜੀਤ ਸਿੰਘ ਪੰਨੂ, ਸੁਰਿੰਦਰ ਸਿੰਘ ਧਨੋਆ (ਪੰਜਾਬ ਲੋਕ ਰੰਗ) ਅਤੇ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਸ਼ੁਸ਼ੋਭਿਤ ਹੋਏ। ਪ੍ਰੋ. ਸੁਰਿੰਦਰ ਸਿੰਘ ਸੀਰਤ ਦਾ ਕਾਵਿ ਸੰਗ੍ਰਹਿ ਲੋਕ ਅਰਪਣ ਕੀਤਾ ਗਿਆ। ਇਸ ਕਿਤਾਬ ਬਾਰੇ ਡਾ. ਐਮ.ਪੀ.ਸਿੰਘ (ਕਸ਼ਮੀਰ) ਵੱਲੋਂ ਲਿਖਿਆ ਪਰਚਾ ਸ਼ਾਇਰਾ ਸੁਰਜੀਤ ਸਖੀ ਵੱਲੋਂ ਭਾਵ ਪੂਰਤ ਢੰਗ ਨਾਲ਼ ਪੇਸ਼ ਕੀਤਾ ਗਿਆ। ਇਸ ਪਰਚੇ ਅਨੁਸਾਰ ਸੀਰਤ ਨੇ ਗਲੋਬਲ ਦ੍ਰਿਸ਼ਟੀ ਤੋਂ ਰਾਜਨੀਤਕ ਅਤੇ ਮਨੁੱਖ ਦੇ ਅੰਦਰੂਨੀ ਅਤੇ ਬਾਹਰੀ ਯਥਾਰਥ ਨੂੰ ਯਥਾਰਥਵਾਦੀ ਦ੍ਰਿਸ਼ਟੀਕੋਣ ਤੋਂ ਸਹਿਜਤਾ, ਭਾਸ਼ਾ ਦੀ ਸੰਜਮਤਾ ਤੇ ਚਿੰਤਨਸ਼ੀਲ ਨਿਗਾਹ ਤੋਂ ਗਲੋਬਲ ਚੇਤਨ ਸੰਗ ਸਫ਼ਲ ਢੰਗ ਨਾਲ਼ ਪੇਸ਼ ਕੀਤਾ ਹੈ। ਸੀਰਤ ਦੀ ਯਥਾਰਥਵਾਦੀ ਅਭਿਵਿਅਕਤੀ ਦਾ ਨਮੂਨਾ ਨਿਮਨ ਲਿਖਤ ਹੈ:
ਉਹ ਵੀ ਦਿਨ ਸਨ
ਜਦ ਮੈਂ ਅਪਣੇ ਸ਼ਹਿਰ ਤੋਂ ਭੱਜ ਕੇ
ਪਿੰਡ ਆਪਣੇ ਵਿਚ ਜਾ ਪੁਜਦਾ ਸੀ
ਛੁੱਟੀਆਂ ਇੰਜ ਗੁਜ਼ਾਰਨ ਦੇ ਲਈ
ਚਾਅ ਇਕ ਰਹਿੰਦਾ ਚੇਤਨ ਵਿੱਚ ਸੀ
(ਕੁਝ ਇਵੈਂ ਜਾਂਦਾ ਗਵਾਚ, ਪੰਨਾ 59)
ਕਵੀ ਵਰਤਮਾਨ ਪਰਸਥਿਤੀਆਂ ਦੇ ਯਥਾਰਥ ਨਾਲ਼ ਵੀ ਜੁੜਿਆ ਹੋਇਆ ਹੈ। ਉਹ ਆਪਣੀ ਸਵੈ ਪਹਿਚਾਣ ਨਾਲ਼ ਜੂਝ ਰਿਹਾ ਹੈ। ਉਹ ਪੰਜਾਬ ਤੇ ਕਸ਼ਮੀਰ ਨੂੰ ਲੈ ਕੇ ਚਿੰਤਤ ਹੈ। ਨਾਰੀ ਮਨ ਦੀ ਹਰ ਪਲ ਬਦਲ ਰਹੀ ਸੰਵੇਦਨਾ ਨੂੰ ਤਰਕ ਨਾਲ਼ ਪੇਸ਼ ਕਰਦਾ ਹੈ। ਉਸਦੀ ਕਲਮ ਔਰਤ ਦੇ ਹੱਕ ਵਿੱਚ ਖੜੀ ਹੈ:
ਇਹ ਜ਼ਰੂਰਤ ਹੀ ਤਾਂ ਕਾਇਨਾਤ ਸਿਰਜੇ
ਮਰ ਮਿਟੇ ਇਸ ਤੋਂ ਕਈ ਰਾਂਝੇ ਤੇ ਮਿਰਜ਼ੇ
ਹੈ ਬਰਾਬਰ ਰੱਬ ਨੇ ਇਹ ਜੋੜੀ ਬਣਾਈ
ਆਦਮੀਅਤ ਜਾਂਗਲੀ, ਜੋ ਇਸ ਤੋਂ ਮੁਕਰੇ
(ਮਰਦ ਔਰਤ ਪੰਨਾ 23)
ਚਰਨਜੀਤ ਸਿੰਘ ਪੰਨੂ ਨੇ ਕਿਹਾ ਕਿ ਉਹ ਸੀਰਤ ਨੇ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਇੱਕ ਲੰਮੀ ਘਾਲਣਾ ਬਾਅਦ ਹੁਣ ਪ੍ਰਾਪਤ ਕੀਤਾ ਹੈ। ਉਹ ਦੇਸ-ਵਿਦੇਸ਼ ਵਿੱਚ ਵਿਪਸਾਅ ਦੀ ਪ੍ਰਤੀਨਿਧਤਾ ਕਰਦੇ ਹਨ। ਅਮਰਜੀਤ ਕੌਰ ਪੰਨੂੰ ਨੇ ਸੀਰਤ ਦੀਆਂ ਕਵਿਤਾਵਾਂ ਬਾਰੇ ਆਪਣੇ ਵਿਚਾਰ ਪ੍ਰਗਟਾਉਂਦੇ ਕਿਹਾ ਕਿ ਉਨ੍ਹਾਂ ਨੇ ਇਸ ਕਿਤਾਬ ਦੀਆਂ ਨੌਂ ਕਵਿਤਾਵਾਂ ਪੜ੍ਹੀਆਂ ਹਨ ਜਿਨ੍ਹਾਂ ਵਿੱਚ ਹਮਲਾਵਰਾਂ ਤੇ ਕਾਤਲਾਂ ਦੀ ਗੱਲ ਹੈ, ਯੋਧਿਆਂ ਤੇ ਸੂਰਬੀਰਾਂ ਦੀ ਗੱਲ ਹੈ, ਆਜ਼ਾਦੀ ਖ਼ਾਤਿਰ ਬਲੀਦਾਨਾਂ ਦੀ ਗੱਲ ਹੈ, 1984 ਦੇ ਘੱਲੂਘਾਰੇ ਦੇ ਨਾਲ਼-ਨਾਲ਼ ਔਰਤ ਦੇ ਸਤਿਕਾਰ ਦੀ ਗੱਲ ਹੈ। ਲਾਜ ਨੀਲਮ ਸੈਣੀ ਨੇ ਕਿਹਾ ਕਿ ਸੀਰਤ ਜੀ ਦੀ ਇਹ ਕਿਤਾਬ ਜੀਵਨ ਮੁੱਲਾਂ ਦੀ ਬਾਤ ਪਾਉਂਦੀ ਹੈ। ਨਾਰੀ -ਸ਼ਕਤੀ ਅਤੇ ਬਰਾਬਰਤਾ ਦੀ ਹੋ ਰਹੀ ਜੰਗ ਨੂੰ ਸਮਰਪਣ ਕਵਿਤਾ ਪਾਠਕ ਨੂੰ ਉਂਗਲੀ ਫੜ ਕੇ ਨਾਲ ਤੋਰਦੀ ਹੈ। ਸੀਰਤ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਗੱਲ ਕਰਦੇ ਹੋਏ ਕਿਹਾ, “ਮੇਰੀ ਗ਼ਜ਼ਲ ਸ਼ਾਇਰੀ ਦੀ ਪੁਸਤਕ ‘ਅਰੂਪੇ ਅੱਖਰਾਂ ਦਾ ਅਕਸ’ 2014 ਵਿੱਚ ਛਪੀ ਸੀ। ਹੁਣ ਤੀਕ ਦੇ ਅੰਤਰਕਾਲ ਵਿੱਚ ਆਦਤਨ ਮੈਂ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਲਿਖੀਆਂ ਹਨ। ਮੈਂ ਪਹਿਲੇ ਸਮੁੱਚਾ ਕਾਵਿ-ਸੰਗ੍ਰਿਹ ਪ੍ਰਕਾਸ਼ਤ ਕਰਵਾਉਣਾ ਉਚਿਤ ਸਮਝਿਆ ਅਤੇ ‘ਜੰਗ ਜਾਰੀ ਹੈ’ ਇਸਦਾ ਪ੍ਰਮਾਣ ਹੈ। ਮੇਰੀ ਮੁਰਾਦ ਜੰਗ, ਬਨਾਮੇ-ਜੰਗ ਨਹੀਂ। ਸਤਯੁੱਗ ਤੋਂ ਹੁਣ ਤੀਕ ਮਨੁੱਖ ਲੜਦਾ ਈ ਆ ਰਿਹਾ ਹੈ। ਆਪਣੇ ਆਪ ਨੂੰ ਸੁਰਖਸ਼ਿਤ ਕਰਨ ਲਈ, ਆਪਣੀ ਸੱਭਿਅਤਾ ਧਰਮ, ਪ੍ਰਮਾਣਿਕਤਾ, ਧੌਂਸ, ਕਬਜ਼ੇ, ਲੁੱਟ-ਮਾਰ, ਇਸਤਰੀ, ਅੱਤਿਆਚਾਰ ਜਿਹੇ ਧਰਾਤਲ ਇਸਦਾ ਵਿਸ਼ਾ ਹੋ ਨਿਬੜੇ ਹਨ। ਮੇਰੀਆਂ ਕਵਿਤਾਵਾਂ ਵਿੱਚ ਪਹਿਰੇਦਾਰ, ਮੈਨੂੰ ਵੀ ਸਾਹ ਲੈਣ ਦਿਓ, ਜੇ ਸਕਤਾ ਸਕਤੇ ਕਉ ਮਾਰੇ, ਹਾਸਿਲ, ਮਾਂ, ਅਰਦਾਸ ਤੁਹਾਨੂੰ ਪਸੰਦ ਆਉਣਗੀਆਂ ਪਰ ਮੈਨੂੰ ਖ਼ੁਦ ਨੂੰ ‘ਕੁਝ ਇਵੇਂ ਜਾਂਦਾ ਏ ਗਵਾਚ’ ਬਹੁਤ ਪਸੰਦ ਹੈ।”
ਇਸ ਤੋਂ ਬਾਅਦ ਬੀਬੀ ਸੁਰਜੀਤ ਕੌਰ ਸੈਕਰਾਮੈਂਟੋ ਦੇ ਕਾਵਿ-ਸੰਗ੍ਰਹਿ ਲੋਕ ਅਰਪਣ ਕੀਤੇ ਗਏ। ਇਨ੍ਹਾਂ ਦੋਵਾਂ ਕਿਤਾਬਾਂ ਉੱਪਰ ਇਕਬਾਲ ਸਿੰਘ ਸਕਰੌਦੀ ਦੇ ਲਿਖੇ ਪਰਚੇ ਸੋਨੂੰ ਮਾਹਲ ਵੱਲੋਂ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤੇ ਗਏ। ‘ਬੂੰਦ ਬੂੰਦ ਬਰਸਾਤ’ ਬਾਰੇ ਲਿਖੇ ਪਰਚੇ ਅਨੁਸਾਰ ਉਨ੍ਹਾਂ ਦਾ ਕਾਵਿ ਗੁਰਬਾਣੀ ਚੇਤਨਾ ’ਤੇ ਅਧਾਰਿਤ ਹੈ। ਉਨ੍ਹਾਂ ਦੀ ਕਵਿਤਾ ਸ਼ਬਦਾਂ ਦਾ ਤਲਿਸਮ ਰਚਦੀ ਹੈ।
ਸ਼ਬਦਾਂ ਦੇ ਸਾਗਰ ਵਿੱਚ ਜਦ ਮੈਂ
ਸ਼ਬਦ ਲੈਣ ਲਈ ਵੜਦੀ ਹਾਂ
ਅਰਬਾਂ ਖਰਬਾਂ ਸ਼ਬਦਾਂ ਵਿੱਚੋਂ
ਚਣ ਚੁਣ ਸ਼ਬਦ ਮੈਂ ਫੜਦੀ ਹਾਂ।
ਇਸ ਪੁਸਤਕ ਦੀ ਖ਼ੂਬਸੂਰਤੀ ਇਹ ਹੈ ਕਿ ਉਸਨੇ ਆਪਣੀਆਂ ਇਹ ਰੁਬਾਈਆਂ ਅਤੇ ਦੋਹੜੇ ਪੰਜਾਬੀ ਸਾਹਿਤ ਦੇ ਮਹਾਨ ਕਵੀ ਸ੍ਰੀ ਗੁਰੁ ਨਾਨਕ ਦੇਵ ਜੀ ਨੂੰ ਸਮਰਪਿਤ ਕੀਤੇ ਹਨ। ਇਸ ਪੁਸਤਕ ਨੂੰ ਪੜ੍ਹ ਕੇ ਜਿੱਥੇ ਆਨੰਦ ਦੀ ਪ੍ਰਾਪਤੀ ਦਾ ਅਨੁਭਵ ਹੁੰਦਾ ਹੈ ਓਥੇ ਸਮਾਜਿਕ, ਧਾਰਮਿਕ, ਰਾਜਨੀਤਕ ਖੇਤਰ ਵਿੱਚ ਆ ਰਹੀਆਂ ਕੁਰੀਤੀਆਂ ਅਤੇ ਖ਼ਾਮੀਆਂ ਨੂੰ ਦੂਰ ਕਰਨ ਦਾ ਵਧੀਆ ਸੁਨੇਹਾ ਦਿੱਤਾ ਗਿਆ ਹੈ। ‘ਰੁਹਾਨੀ ਰਮਜ਼ਾਂ ਵਿੱਚ ਬੀਬੀ ਨੇ ਅਜੋਕੇ ਮਨੁੱਖ ਵਿੱਚ ਖ਼ਤਮ ਹੁੰਦੀਆਂ ਜਾ ਰਹੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਧਰਮ ਕਰਮ ਨਾਲ਼ ਵਿਅਕਤੀਆਂ ਵਿੱਚ ਆ ਰਹੀ ਗਿਰਾਵਟ ਲਈ ਵੀ ਬੇਹੱਦ ਚਿੰਤਾ ਪ੍ਰਗਟਾਈ ਗਈ ਹੈ। ਜ਼ਿਕਰਯੋਗ ਹੈ ਕਿ ਸੋਨੂੰ ਮਾਹਲ ਨੇ ਪ੍ਰੋ. ਸੀਰਤ ਅਤੇ ਬੀਬੀ ਜੀ ਦੇ ਕਾਵਿ ਚਿੱਤਰ ਵੀ ਪੇਸ਼ ਕੀਤੇ। ਸੁਰਿੰਦਰ ਸਿੰਘ ਸੀਰਤ ਨੇ ਕਿਹਾ ਕਿ ਬੀਬੀ ਜੀ ਦੀਆਂ ਕਿਤਾਬਾਂ ਅਧਿਆਤਮਵਾਦ ਨਾਲ਼ ਸੰਬੰਧਿਤ ਹਨ। ਉਨ੍ਹਾਂ ਦਾ ਕਾਵਿ ਸੰਸਾਰ ਮਾਨਵੀ ਮੁੱਲਾਂ ਦਾ ਰਕਸ਼ਕ ਹੋਣ ਦੇ ਨਾਲ਼-ਨਾਲ਼ ਸਥਾਪਿਤ ਮੁੱਲਾਂ ਦੀ ਅਣਹੋਂਦ ਨੂੰ ਨਵੀਨਤਾ ਪ੍ਰਦਾਨ ਕਰਦਾ ਹੈ। ਸਿੱਖ ਸਮਾਜ ਵਿੱਚ ਪਿੱਤਰਸਤਾ ਦੇ ਵਿਰੋਧ ਦੇ ਬਾਵਜੂਦ ਉਹ ਅਮਰੀਕਾ ਵਿੱਚ ਸੈਕਰਾਮੈਂਟੋ ਗੁਰਦਵਾਰੇ ਦੇ ਮੁੱਖ ਗ੍ਰੰਥੀ ਨਿਯੁਕਤ ਹੋਏ। ਦੇਸ ਵਿਦੇਸ਼ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਬੀਬੀ ਸੁਰਜੀਤ ਕੌਰ ਜੀ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਅਮਰ ਸੂਫ਼ੀ ਨੇ ਇਸ ਸੈਸ਼ਨ ਨੂੰ ਸਮੇਟਦੇ ਹੋਏ ਦੋਵਾਂ ਲੇਖਕਾਂ ਅਤੇ ਵਿਪਸਾਅ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਉਨ੍ਹਾਂ ਦੀ ਇਹ ਪਹਿਲੀ ਸਾਹਿਤਕ ਮਿਲਣੀ ਹੈ ਅਤੇ ਉਨ੍ਹਾਂ ਨੂੰ ਇਹ ਉਪਰਾਲਾ ਬਹੁਤ ਚੰਗਾ ਲੱਗਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਸੁਰਜੀਤ ਸਖੀ, ਅਮਰਜੀਤ ਪੰਨੂੰ, ਗੁਲਸ਼ਨ ਦਿਆਲ, ਲਖਵਿੰਦਰ ਲੱਕੀ ਅਤੇ ਹਰਪ੍ਰੀਤ ਕੌਰ ਧੂਤ ਨੇ ਕੀਤੀ। ਜਗਤਾਰ ਗਿੱਲ ਨੇ ਅਮਰ ਸੂਫ਼ੀ ਦੀ ਜਾਣ-ਪਛਾਣ ਕਰਵਾਉਂਦੇ ਕਿਹਾ ਕਿ ਉਹ ਪ੍ਰਸਿੱਧ ਬਹੁ-ਵਿਧਾਈ ਲੇਖਕ ਹਨ ਅਤੇ ਕਈ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਲੱਕੀ, ਅਮਰ ਸੂਫ਼ੀ, ਜੋਤੀ ਸਿੰਘ, ਹਰਪ੍ਰੀਤ ਕੌਰ ਧੂਤ, ਰਾਂਝਾ ਖਾਨ, ਸੋਨੂੰ ਮਾਹਲ, ਐਸ਼ ਕੁਮ ਐਸ਼ ਅਤੇ ਕੁਲਵਿੰਦਰ ਨੇ ਕਵੀ ਦਰਬਾਰ ਵਿੱਚ ਹਿੱਸਾ ਲਿਆ। ਇਸ ਮੌਕੇ ਵਿਪਸਾਅ ਵੱਲੋਂ ਪ੍ਰੋ. ਸੀਰਤ, ਬੀਬੀ ਸੁਰਜੀਤ ਕੌਰ, ਅਮਰ ਸੂਫ਼ੀ ਅਤੇ ਪੰਜਾਬ ਲੋਕ ਰੰਗ ਦੇ ਸੁਰਿੰਦਰ ਸਿੰਘ ਧਨੋਆ ਅਤੇ ਜਸਵਿੰਦਰ ਕੌਰ ਧਨੋਆ ਨੂੰ ਸਨਮਾਨਿਤ ਕੀਤ ਗਿਆ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਹਰਮਿੰਦਰ ਕੌਰ ਆਹਲੂਵਾਲੀਆ, ਮਨਜੀਤ ਪਲੇਹੀ, ਪ੍ਰੋ. ਸੁਖਦੇਵ ਸਿੰਘ, ਪ੍ਰੋ. ਬਲਜਿੰਦਰ ਸਿੰਘ ਸਵੈ, ਕੇਹਰ ਸਿੰਘ, ਰਮਨਦੀਪ ਕੌਰ ਅਤੇ ਜਸਵੰਤ ਸਿੰਘ ਖੰਨਾ ਆਦਿ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਲਾਜ ਨੀਲਮ ਸੈਣੀ ਵੱਲੋਂ ਕੀਤਾ ਗਿਆ।
Comments (0)