ਬਠਿੰਡਾ ਲੋਕ ਸਭਾ ਹਲਕਾ ਮਹਾਰਥੀ ਉਮੀਦਵਾਰਾਂ ਕਾਰਣ ਹਾਟ ਸੀਟ ਬਣਿਆ

ਬਠਿੰਡਾ ਲੋਕ ਸਭਾ ਹਲਕਾ ਮਹਾਰਥੀ ਉਮੀਦਵਾਰਾਂ ਕਾਰਣ ਹਾਟ ਸੀਟ ਬਣਿਆ

*ਇਸ ਹਲਕੇ ਤੋਂ 10 ਵਾਰ ਅਕਾਲੀ ਦਲ ਤੇ 4 ਵਾਰ ਕਾਂਗਰਸ ਰਹੀ ਜੇਤੂ

*ਸੁਖਬੀਰ ਸਿੰਘ ਬਾਦਲ ਦੀ ਰਾਜਨੀਤਕ ਹੋਂਦ ਬਠਿੰਡਾ ਦੀ ਸੀਟ ਜਿਤਣ ਵਿਚ

- ਪਾਰਲੀਮਾਨੀ ਚੋਣਾਂ ਦੇ ਭਖ਼ੇ ਦੌਰ ਦੌਰ ਦੌਰਾਨ ਰਾਜਨੀਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀਆਂ ਨਜ਼ਰਾਂ ਵੀਆਈਪੀ ਹਲਕੇ ਬਠਿੰਡਾ ’ਤੇ ਟਿਕੀਆਂ ਹੋਈਆਂ ਹਨ।ਪੰਜਾਬ ਦੀ ਸੱਤਾਧਾਰੀ ਧਿਰ ਆਪ  ਪਾਰਟੀ ਨੇ ਆਪਣਾ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਐਲਾਨ ਕੇ ਪਹਿਲਕਦਮੀ ਕਰ ਲਈ ਸੀ ।ਯਾਦ ਰਹੇ ਕਿ ਲੋਕ ਸਭਾ ਹਲਕਾ ਲੰਬੀ ਤੋਂ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਦਰਵੇਸ਼ ਸਿਆਸਤਦਾਨ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੇ ਹਰਾ ਕੇ ਜਿੱਤ ਹਾਸਲ ਕੀਤੀ ਸੀ, ਜਿਨ੍ਹਾਂ ਨੂੰ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਾਇਆ ਹੋਇਆ ਹੈ। ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਾਂ ਆਪ ਪਾਰਟੀ  ਨੇ ਗੁਰਮੀਤ ਸਿੰਘ ਨੂੰ ਮੁੜ ਤਿੰਨ ਵਾਰ ਬਠਿੰਡਾ ਹਲਕੇ ਤੋਂ ਜੇਤੂ ਰਹੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿਚ ਉਤਾਰ ਦਿੱਤਾ ਹੈ।  ਕਾਂਗਰਸ  ਵੱਲੋਂ ਜੀਤਮੁਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ, ਜੋ ਧੜੱਲੇਦਾਰ ਆਗੂ ਸਮਝੇ ਜਾਂਦੇ ਹਨ। ਭਾਰਤੀ ਜਨਤਾ ਪਾਰਟੀ ਨੇ ਉੱਚ ਸਰਕਾਰੀ ਅਹੁਦਾ ਛੱਡ ਕੇ ਆਈ  ਪਰਮਪਾਲ ਕੌਰ ਸਿੱਧੂ   ਜੋ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਅਤੇ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਦੀ ਧਰਮ ਪਤਨੀ ਹਨ,ਨੂੰ ਉਮੀਦਵਾਰ ਬਣਾਇਆ ਹੈ। ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਲੱਖਾ ਸਿਧਾਣਾ ਨੂੰ ਮੈਦਾਨ ਵਿਚ ਲਿਆਂਦਾ ਹੈ। ਇਸ ਤਰੀਕੇ ਨਾਲ ਬੀਬਾ ਬਾਦਲ ਨਾਲ ਚੋਣ ਮੈਦਾਨ ਵਿਚ ਦਸਤਪੰਜਾ ਲੈਣ ਵਾਸਤੇ ਉਤਰੇ ਕਾਂਗਰਸ, ‘ਆਪ’ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਅਕਾਲੀ ਦਲ ਨਾਲ ਪਿਛੋਕੜ ਕਿਸੇ ਤੋਂ ਲੁਕਿਆ ਨਹੀਂ ਹੈ

ਯਾਦ ਰਹੇ ਕਿ ਬਠਿੰਡਾ ਲੋਕ ਸਭਾ ਹਲਕੇ ’ਤੇ ਜ਼ਿਆਦਾਤਰ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਜਦੋਂ ਕਿ ਕਾਂਗਰਸ, ਸੀਪੀਆਈ ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਉਮੀਦਵਾਰਾਂ ਨੂੰ ਵੀ ਮੌਕਾ ਦਿੱਤਾ ਗਿਆ। ਇਸ ਹਲਕੇ ਤੋਂ 10 ਵਾਰ ਸ਼੍ਰੋਮਣੀ ਅਕਾਲੀ ਦਲ, 4 ਵਾਰ ਕਾਂਗਰਸ, 2 ਵਾਰ ਭਾਰਤੀ ਕਮਿਊਨਿਸਟ ਪਾਰਟੀ ਅਤੇ ਦੋ ਵਾਰ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਜਿੱਤ ਕੇ ਲੋਕ ਸਭਾ ਦੀ ਦਹਿਲੀਜ਼ ਲੰਘੇ ਹਨ। ਦੇਸ਼ ਦੀਆਂ 17 ਵਾਰ ਹੋਈਆਂ ਲੋਕ ਸਭਾ ਵਿਚ ਇਸ ਹਲਕੇ ਤੋਂ 19 ਸੰਸਦ ਮੈਂਬਰ ਜਿੱਤੇ ਹਨ। 1952 ਅਤੇ 1957 ਵਿਚ ਇਸ ਹਲਕੇ ਤੋਂ ਦੋ-ਦੋ ਲੋਕ ਸਭਾ ਮੈਂਬਰ ਬਣੇ, ਇਕ ਜਨਰਲ ਅਤੇ ਇਕ ਰਿਜ਼ਰਵ। ਇਸ ਤਰ੍ਹਾਂ ਕਾਂਗਰਸ ਨੇ 4 ਚੋਣਾਂ ਵਿਚ ਜਿੱਤ ਹਾਸਲ ਕਰਦਿਆਂ 6 ਮੈਂਬਰ ਪਾਰਲੀਮੈਂਟ ਵਿਚ ਭੇਜੇ। ਇਸ ਹਲਕੇ ਤੋਂ 1952 ਅਤੇ 1957 ਵਿਚ ਕਾਂਗਰਸ ਦੇ ਹੁਕਮ ਸਿੰਘ ਤੇ ਅਜੀਤ ਸਿੰਘ ਸੰਸਦ ਮੈਂਬਰ ਬਣੇ। 1962 ਵਿਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1967 ਵਿਚ ਅਕਾਲੀ ਦਲ ਦੇ ਕਿੱਕਰ ਸਿੰਘ, 1971 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 1977 ਵਿਚ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ, 1980 ਵਿਚ ਕਾਂਗਰਸ ਦੇ ਹਾਕਮ ਸਿੰਘ, 1984 ਵਿਚ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ, 1989 ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਸੁੱਚਾ ਸਿੰਘ ਮਲੋਆ, 1992 ਵਿਚ ਕਾਂਗਰਸ ਦੇ ਕੇਵਲ ਸਿੰਘ, 1996 ਵਿਚ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ, 1998 ਵਿਚ ਅਕਾਲੀ ਦਲ ਦੇ ਚਤਿੰਨ ਸਿੰਘ ਸਮਾਓ, 1999 ਭਾਰਤੀ ਕਮਿਊਨਿਸਟ ਪਾਰਟੀ ਦੇ ਭਾਨ ਸਿੰਘ ਭੌਰਾ, 2004 ਵਿਚ ਅਕਾਲੀ ਦਲ ਦੇ ਬੀਬੀ ਪਰਮਜੀਤ ਕੌਰ ਗੁਲਸ਼ਨ ਲੋਕ ਸਭਾ ਮੈਂਬਰ ਬਣੇ। ਉਪਰੰਤ 2009, 2014 ਅਤੇ 2019 ਵਿਚ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਜਿੱਤ ਪ੍ਰਾਪਤ ਕਰ ਕੇ ਸੰਸਦ ਮੈਂਬਰ ਬਣੀ। ਇਸ ਹਲਕੇ ਦੇ ਲੋਕਾਂ ਦੀ ਪਰਖ ਦੀ ਨਿਗ੍ਹਾ ਹੀ ਮੰਨੀ ਜਾ ਸਕਦੀ ਹੈ ਕਿ ਜੇ ਉਨ੍ਹਾਂ ਉੱਘੇ ਕਵੀਸ਼ਰ ਤੇ ਟਕਸਾਲੀ ਅਕਾਲੀ ਧੰਨਾ ਸਿੰਘ ਗੁਲਸ਼ਨ ਨੂੰ ਦੋ ਵਾਰ ਲੋਕ ਸਭਾ ਵਿਚ ਭੇਜਿਆ ਤਾਂ ਲੋਕ ਹੱਕਾਂ ਲਈ ਜੂਝਣ ਵਾਲੇ ਸੱਚੇ-ਸੁੱਚੇ ਕਮਿਊਨਿਸਟ ਆਗੂ ਭਾਨ ਸਿੰਘ ਭੌਰਾ ਨੂੰ ਵੀ ਇਹ ਮਾਣ ਬਖਸ਼ਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਉਨ੍ਹਾਂ ਦੇ ਅਨਪੜ੍ਹ ਡਰਾਈਵਰ ਕਿੱਕਰ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਾ ਲਗਾਉਣ ਵਾਲੇ ਬੇਅੰਤ ਸਿੰਘ ਦੇ ਪਿਤਾ ਬਾਬਾ ਸੁੱਚਾ ਸਿੰਘ ਮਲੋਆ ਨੂੰ ਵੀ ਵੱਡੀ ਗਿਣਤੀ ਵਿਚ ਵੋਟਾਂ ਪਾ ਕੇ ਜੇਤੂ ਬਣਾਇਆ। ਸਾਲ 2009 ਵਿਚ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਯੁਵਰਾਜ ਰਣਇੰਦਰ ਸਿੰਘ ਨੂੰ 1,20,948 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਸਾਲ 2014 ਵਿਚ ਹਰਸਿਮਰਤ ਕੌਰ ਨੇ ਹੀ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਸਿਰਫ਼ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। 2019 ਵਿਚ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21,722 ਵੋਟਾਂ ਨਾਲ ਹਰਾਇਆ, ਇਹ ਫ਼ਰਕ ਸਿਰਫ਼ 1.8 ਫੀਸਦੀ ਸੀ।

ਇਥੇ ਜ਼ਿਕਰਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿਚ ਅਕਾਲੀ ਦਲ ਅਤੇ ਕਾਂਗਰਸ ਦੋਵਾਂ ਦੇ ਰਲਵੇਂ-ਮਿਲਵੇਂ ਵਿਧਾਇਕ ਹੋਇਆ ਕਰਦੇ ਸਨ। ਹੁਣ ਇਨ੍ਹਾਂ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਆਪ  ਪਾਰਟੀ ਦੇ ਵਿਧਾਇਕਾਂ ਦਾ ਕਬਜ਼ਾ ਹੈ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਰਿਹਾ ਹੈ ਅਤੇ ਹਰਸਿਮਰਤ ਕੌਰ ਦੋਵਾਂ ਪਾਰਟੀਆਂ ਦੀਆਂ ਵੋਟਾਂ ਹਾਸਲ ਕਰਦੀ ਰਹੀ ਹੈ। ਇਸ ਵਾਰ ਇਹ ਗੱਠਜੋੜ ਟੁੱਟ ਜਾਣ ਸਦਕਾ ਭਾਜਪਾ ਨੇ ਵੱਖਰਾ ਉਮੀਦਵਾਰ ਚੋਣ ਮੈਦਾਨ ਵਿਚ ਉਤਾਰ ਦਿੱਤਾ ਹੈ। ਇਸ ਲਈ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਲਈ ਜਿੱਤ ਹਾਸਲ ਕਰਨੀ ਪਹਿਲਾਂ ਵਾਂਗ ਸੌਖੀ ਨਹੀਂ ਹੋਵੇਗੀ ਪਰ ਮੁਕਾਬਲਾ ਸਖ਼ਤ ਤੇ ਦਿਲਚਸਪ ਜ਼ਰੂਰ ਹੋਵੇਗਾ।ਪੰਜਾਬ ਵਿਚ ਇਹ ਸਭ ਤੋਂ ਹਾਟ ਸੀਟ ਸਮਝੀ ਜਾ ਰਹੀ ਹੈ।ਸਮੇਂ ਦੇ ਗਰਭ ਵਿਚ ਇਹ ਰਹੱਸ ਹੈ ਕਿ ਬਾਦਲ ਦਲ ਦੀ ਉਮੀਦਵਾਰ ਇਥੋਂ ਚੌਕਾ ਮਾਰਦੇ ਹਨ ਜਾਂ ਨਹੀਂ।ਜੇ ਬਾਦਲ ਅਕਾਲੀ ਦਲ ਇਥੋਂ ਚੌਥੀ ਵਾਰ ਜਿਤਦਾ ਹੈ ਤਾਂ ਅਕਾਲੀ ਦਲ ਦਾ ਢਹਿ ਢੇਰੀ ਹੋਇਆ ਮਨੋਬਲ ਉਚਾ ਹੋ ਸਕਦਾ ਹੈ। ਅਕਾਲੀ ਦਲ ਦੇ ਸੁਪਰੀਮੋ ਦੀ ਰਾਜਨੀਤਕ ਹੋਂਦ ਇਸੇ ਸੀਟ ਦੀ ਜਿੱਤ ਉਪਰ ਨਿਰਭਰ ਹੈ।