ਅਮਰੀਕੀ ਆਬਾਦੀ ਦਾ 1 ਫੀਸਦੀ ਭਾਰਤੀ ਲੋਕ ਟੈਕਸਾਂ ਵਿਚ ਪਾਉਂਦੇ ਹਨ 6% ਹਿੱਸਾ-ਕਾਂਗਰਸਮੈਨ

ਅਮਰੀਕੀ ਆਬਾਦੀ ਦਾ 1 ਫੀਸਦੀ ਭਾਰਤੀ ਲੋਕ ਟੈਕਸਾਂ ਵਿਚ ਪਾਉਂਦੇ ਹਨ 6% ਹਿੱਸਾ-ਕਾਂਗਰਸਮੈਨ
ਕੈਪਸ਼ਨ:  ਕਾਂਗਰਸਮੈਨ ਰਿਕ ਮੈਕਰਮਿਕ

-ਰਿਕ ਮੈਕਰਮਿਕ ਨੇ ਲੱਖਾਂ ਭਾਰਤੀਆਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਜਾਰਜੀਆ ਤੋਂ ਅਮਰੀਕੀ ਪ੍ਰਤੀਨਿੱਧ ਸਦਨ ਦੇ ਮੈਂਬਰ ਰਿਕ ਮੈਕਰਮਿਕ ਨੇ ਭਾਰਤੀਆਂ ਦੀ ਜੋਰਦਾਰ ਸ਼ਬਦਾਂ ਵਿਚ ਪ੍ਰਸੰਸ ਕਰਦਿਆਂ ਉਨਾਂ ਨੂੰ ਗਰੀਨ ਕਾਰਡ ਮਿਲਣ ਵਿਚ ਹੋ ਰਹੀ ਦੇਰੀ ਦਾ ਮੁੁੱਦਾ ਜੋਰਸ਼ੋਰ ਨਾਲ ਉਠਾਉਂਦਿਆਂ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸੁਧਾਰ ਕਰਨ ਦੀ ਲੋੜ ਉਪਰ ਜੋਰ ਦਿੱਤਾ ਹੈ। ਇਸ ਸਮੇ 369000 ਭਾਰਤੀ ਗਰੀਨ ਕਾਰਡਾਂ ਦੀ ਉਡੀਕ ਵਿਚ ਹਨ। ਰਿਕ ਮੈਕਰਮਿਕ ਨੇ ਕਿਹਾ ਕਿ ਭਾਰਤੀ ਅਮਰੀਕਾ ਦੀ ਕੁਲ ਆਬਾਦੀ ਦਾ ਕੇਵਲ 1.4% ਹਿੱਸਾ ਹਨ ਪਰੰਤੂ ਟੈਕਸਾਂ ਵਿਚ ਉਨਾਂ ਦਾ ਯੋਗਦਾਨ 6% ਹੈ। ਉਨਾਂ ਕਿਹਾ ਭਾਰਤੀ ਬਹੁਤ ਹੀ ਵਧੀਆ ਸ਼ਹਿਰੀ ਹਨ। ਮੈਕਰਮਿਕ ਨੇ ਕਿਹਾ ਕਿ ਉਨਾਂ ਦੇ ਜਾਰਜੀਆ ਰਾਜ ਦੇ ਐਟਲਾਂਟਾ ਖੇਤਰ ਵਿਚ 137000 ਏਸ਼ੀਅਨ ਭਾਰਤੀ ਰਹਿੰਦੇ ਹਨ। ਉਹ ਕਾਨੂੰਨਾਂ ਦਾ ਸਨਮਾਨ ਕਰਦੇ ਹਨ ਤੇ ਉਨਾਂ ਨੇ ਕਦੇ ਵੀ ਕੋਈ ਸਮੱਸਿਆ ਪੈਦਾ ਨਹੀਂ ਕੀਤੀ। ਮੈਕਰਮਿਕ ਜੋ ਪੇਸ਼ੇ ਵਜੋਂ ਡਾਕਟਰ ਹਨ ਤੇ ਮੈਡੀਸੀਨ ਐਮਰਜੰਸੀ ਵਿਚ ਵਿਸ਼ੇਸ਼ ਮੁਹਾਰਤ ਰਖਦੇ ਹਨ, ਨੇ ਕਿਹਾ ਕਿ ਭਾਰਤੀ ਭਾਈਚਾਰੇ ਦੇ ਯੋਗ ਲੋਕਾਂ ਨੂੰ ਸਥਾਈ ਨਵਾਸ ਦਾ ਰੁਤਬਾ ਨਾ ਮਿਲਣਾ ਅਫਸੋਸਨਾਕ ਹੈ। ਇਥੇ ਜਿਕਰਯੋਗ ਹੈ ਕਿ ਕਾਂਗਰਸ ਦੇ ਪਿਛਲੇ ਇਜਲਾਸ ਵਿਚ ਭਾਰਤੀਆਂ ਨੂੰ ਵਧੇਰੇ ਗਰੀਨ ਕਾਰਡ ਦੇਣ ਲਈ ਇਕ ਬਿੱਲ ਲਿਆਂਦਾ ਗਿਆ ਸੀ ਜੋ ਪਾਸ ਨਹੀਂ ਸੀ ਹੋ ਸਕਿਆ। ਬਿੱਲ ਜਿਸ ਦੀ ਦੋਨਾਂ ਪਾਰਟੀਆਂ ਸਤਾਧਾਰੀ ਡੈਮੋਕਰੈਟਿਕ ਤੇ ਵਿਰੋਧੀ ਧਿਰ ਰਿਪਬਲੀਕਨ ਪਾਰਟੀ ਦੇ ਮੈਂਬਰ ਸਮਰਥਨ ਕਰਦੇ ਹਨ, ਵਿਚ ਕੁਝ ਛੋਟਾਂ ਸਮੇਤ ਹਰ ਇਕ ਦੇਸ਼ ਦੇ ਲੋਕਾਂ ਨੂੰ 20000 ਗਰੀਨ ਕਾਰਡ ਪ੍ਰਤੀ ਸਾਲ ਦੇਣ ਦੀ ਹੱਦ ਖਤਮ ਕਰਨ ਦੀ ਵਿਵਸਥਾ ਹੈ। ਕਾਂਗਰਸ ਦੇ ਮੌਜੂਦਾ ਇਜਲਾਸ ਵਿਚ ਵੀ ਇਹ ਮੁੱਦਾ ਉਠਣ ਦੀ ਪੂਰੀ ਸੰਭਾਵਨਾ ਹੈ।