ਕੋਵਿਡ-19 ਨਾਲ ਪੀੜਤ ਭਾਰਤੀਆਂ ਦੀ ਮੱਦਦ ਲਈ ਭਾਰਤੀ ਮੂਲ ਦੇ ਕਈ ਅਮਰੀਕੀ ਹੋਟਲ ਮਾਲਕ ਅੱਗੇ ਆਏ

ਕੋਵਿਡ-19 ਨਾਲ ਪੀੜਤ ਭਾਰਤੀਆਂ ਦੀ ਮੱਦਦ ਲਈ ਭਾਰਤੀ ਮੂਲ ਦੇ ਕਈ ਅਮਰੀਕੀ ਹੋਟਲ ਮਾਲਕ ਅੱਗੇ ਆਏ

ਅੰਮ੍ਰਿਤਸਰ ਟਾਈਮਜ਼ ਬਿਉਰੋ  

ਸੈਕਰਾਮੈਂਟੋ: (ਹੁਸਨ ਲੜੋਆ) ਕੋਵਿਡ-19 ਦੂਸਰੀ ਲਹਿਰ ਦੀ ਮਾਰ ਝਲ ਰਹੇ ਭਾਰਤ ਦੀ ਮੱਦਦ ਲਈ ਵਿਸ਼ਵ ਭਰ ਵਿਚੋਂ ਲੋਕ ਅੱਗੇ ਆਏ ਹਨ। ਅਜਿਹਾ ਹੀ ਯਤਨ ਬਹੁਤ ਸਾਰੇ ਭਾਰਤੀ ਮੂਲ ਦੇ ਅਮਰੀਕੀ ਹੋਟਲ ਮਾਲਕਾਂ ਨੇ ਕੀਤਾ ਹੈ। ਏਸ਼ੀਅਨ ਹੌਸਪਿਟੈਲਿਟੀ ਦੀ ਰਿਪੋਰਟ ਅਨੁਸਾਰ ਐਟਲਾਂਟਾ ਦੇ ਹੋਟਲ ਮਾਲਕ ਤੇ ਏਸ਼ੀਅਨ ਅਮੈਰੀਕਨ ਹੋਟਲ ਓਨਰਜ ਐਸੋਸੀਏਸ਼ਨ ਦੇ ਚੇਅਰਮੈਨ ਮਾਈਕ ਪਟੇਲ ਭਾਰਤ ਦੇ ਕੋਵਿਡ ਪੀੜਤਾਂ ਲਈ ਲੋੜੀਂਦਾ ਡਾਕਟਰੀ ਸਮਾਨ ਭੇਜਣ ਵਾਸਤੇ ਇਕ ਨਾਨ ਪਰਾਫਿਟ ਸੰਸਥਾ 'ਜੌਇ ਆਫ ਸ਼ੇਅਰਿੰਗ' ਨਾਲ ਕੰਮ ਕਰ ਰਹੇ ਹਨ। ਇਸ ਸਮਾਨ ਵਿਚ ਆਕਸੀਜਨ ਕੇਨਸਟਰਜ, ਵੈਂਟੀਲੇਟਰ, ਮਾਸਕ ਤੇ ਹੋਰ ਡਾਕਟਰੀ ਸਮਾਨ ਸ਼ਾਮਿਲ ਹੈ। ਇਸ ਤੋਂ ਇਲਾਵਾ ਪ੍ਰਿੰਸ ਆਰਗੇਨਾਈਜੇਸ਼ਨ ਦੇ ਸੰਸਥਾਪਕ ਤੇ ਕੈਲੀਫੋਰਨੀਆ ਦੇ ਹੋਟਲ ਮਾਲਕ ਸੁਨੀਲ 'ਸਨੀ' ਟੋਲਾਨੀ ਆਪਣੀ ਸੰਸਥਾ ਰਾਹੀਂ ਭਾਰਤ ਮੱਦਦ ਭੇਜ ਰਹੇ ਹਨ। ਕੈਲੀਫੋਰਨੀਆ ਦਾ ਇਕ ਹੋਰ ਹੋਟਲ ਮਾਲਕ ਭਰਤ 'ਬੌਬੀ' ਪਟੇਲ ਭਾਰਤੀ ਹੋਟਲਾਂ ਲਈ ਆਕਸੀਜ਼ਨ ਪਲਾਂਟ ਲਾਉਣ ਵਾਸਤੇ ਲੇਉਵਾ ਪਾਟੀਦਾਰ ਸਮਾਜ ਦਾ ਸਹਿਯੋਗ ਲੈ ਰਹੇ ਹਨ। ਪਟੇਲ ਨੇ 'ਜੌਇ ਆਫ ਸ਼ੇਅਰਿੰਗ' ਦੀ ਸਹਾਇਤ ਮੁਹਿੰਮ ਨੂੰ ਹੁਲਾਰਾ ਦੇਣ ਲਈ ਜਾਰੀ ਇਕ ਵੀਡੀਓ ਵਿਚ ਕਿਹਾ ਹੈ ਕਿ '' ਭਾਰਤ ਨੂੰ ਅੱਜ ਬਹੁਤ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਇਕ ਬਹੁਤ ਹੀ ਦੁੱਖਦਾਈ ਹਾਲਾਤ ਵਿਚੋਂ ਗੁਜਰ ਰਹੇ ਹਾਂ। ਹਰ ਰੋਜ ਕੋਵਿਡ ਮਹਾਮਾਰੀ 3000 ਤੋਂ ਵਧ ਭਾਰਤੀਆਂ ਦੀਆਂ ਜਾਨਾਂ ਲੈ ਰਹੀ ਹੈ। ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਜੀਂਦੇ ਰਹਿਣ ਲਈ ਸਾਹ ਲੈਣਾ ਔਖਾ ਹੋ ਗਿਆ ਹੈ। ਇਸ ਲਈ ਭਾਰਤੀਆਂ ਦੀ ਬਾਂਹ ਫੜਨਾ ਸਮੇ ਦੀ ਮੰਗ ਹੈ ਤੇ ਸਾਡਾ ਫਰਜ ਵੀ ਹੈ।'' ਇਕ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਆਕਸੀਜਨ ਕੰਨਸੈਂਟਰੇਟਰਜ ਸਮੇਤ 500 ਤੋਂ ਵਧ ਯੁਨਿਟ ਲੋੜੀਂਦਾ ਡਾਕਟਰੀ ਸਾਜ ਸਮਾਨ ਭੇਜਿਆ ਜਾ ਚੁਕਾ ਹੈ। ਬਿਆਨ ਅਨੁਸਾਰ 100% ਦਾਨ ਦੀ ਰਾਸ਼ੀ ਭਾਰਤ ਦੇ ਕੋਵਿਡ-19 ਪੀੜਤਾਂ ਲਈ ਵਰਤੀ ਜਾਵੇਗੀ। ਟੋਲਾਨੀ ਦੀ ਪ੍ਰਿੰਸ ਆਰਗੇਨਾਈਜੇਸ਼ਨ ਨੇ 3,27,000 ਡਾਲਰ ਦੀ ਮੱਦਦ ਭਾਰਤ ਭੇਜੀ ਹੈ। ਇਸ ਮੱਦਦ ਵਿਚ ਸਿੱਧੀ ਅਦਾਇਗੀ ਵੀ ਕੀਤੀ ਗਈ ਹੈ। ਇਹ ਮੱਦਦ ਉਸ ਨੇ ਆਪਣੇ ਤੌਰ 'ਤੇ ਭੇਜੀ ਹੈ ਤੇ ਇਹ ਸੰਸਥਾ ਹੋਰ ਲੋਕਾਂ ਤੋਂ ਦਾਨ ਨਹੀਂ ਲੈਂਦੀ।