ਫਿਰਕੂ ਹਿੰਦੂਤਵੀਆਂ ਦੀ ਨਜ਼ਰ ਵਿਚ ਖਾਲਿਸਤਾਨੀ ਅਰਸ਼ਦੀਪ ਸਿੰਘ ਖੇਡ ਪ੍ਰੇਮੀਆਂ ਦੀ ਨਜ਼ਰ ਵਿਚ ਸਟਾਰ
ਭਾਰਤ-ਪਾਕਿਸਤਾਨ ਮੈਚ 'ਵਿਚ ਛੁੱਟੇ ਕੈਚ ਤੋਂ ਬਾਅਦ ਦੱਖਣੀ ਅਫ਼ਰੀਕਾ ਖਿਲਾਫ਼ ਆਪਣੀ ਗੇਂਦਬਾਜ਼ੀ ਕਾਰਨ ਚਰਚਾ ਵਿੱਚ
* 32 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਕਾਰਣ ਮੈਨ ਆਫ਼ ਦਿ ਮੈਚ ਐਲਾਨਿਆ ਗਿਆ
ਵਿਸ਼ੇਸ ਰਿਪੋਰਟ
ਫਿਰਕੂ ਹਿੰਦੂਤਵੀਆਂ ਦੀ ਨਜ਼ਰ ਵਿਚ ਖਾਲਿਸਤਾਨੀ ਅਰਸ਼ਦੀਪ ਖੇਡ ਪ੍ਰੇਮੀਆਂ ਦੀ ਨਜ਼ਰ ਵਿਚ ਸਟਾਰ ਬਣਕੇ ਉਭਰਿਆ ਹੈ।ਘਰੇਲੂ ਮੈਦਾਨ ਵਿੱਚ ਕ੍ਰਿਕਟਰ ਅਰਸ਼ਦੀਪ ਦਾ ਪਲੇਠਾ ਟੀ20ਆਈ ਮੈਚ ਸੀ। ਇਸ ਮੈਚ ਅਤੇ ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਓਵਰ ਵਿੱਚ ਉਨ੍ਹਾਂ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।ਅਰਸ਼ਦੀਪ ਨੇ ਦੂਜੀ ਗੇਂਦ 'ਤੇ ਕੁਇੰਟਨ ਡਿਕੌਕ ਨੂੰ ਬੋਲਡ ਕੀਤਾ, ਫਿਰ ਪੰਜਵੀਂ ਗੇਂਦ 'ਤੇ ਰੋਸੋ ਨੂੰ ਵਿਕਟ ਦੇ ਪਿੱਛਿਓਂ ਕੈਚ ਦਿੱਤਾ ਅਤੇ ਆਖਰੀ ਗੇਂਦ 'ਤੇ ਡੇਵਿਡ ਮਿਲਰ ਨੂੰ ਬੋਲਡ ਕਰਕੇ ਸਕੋਰ ਚਾਰ ਵਿਕਟਾਂ 'ਤੇ ਅੱਠ ਦੌੜਾਂ ਕਰ ਦਿੱਤਾ। ਅਰਸ਼ਦੀਪ ਨੇ ਚਾਰ ਓਵਰਾਂ ਵਿੱਚ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਹ ਮਹਿਮਾਨ ਟੀਮ ਦੱਖਣੀ ਅਫ਼ਰੀਕਾ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਰਗਾ ਸੀ।ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਐਲਾਨ ਹੁੰਦਿਆਂ ਹੀ ਅਰਸ਼ਦੀਪ ਪੂਰੇ ਤਿਆਰ ਸਨ।ਉਨ੍ਹਾਂ ਨੂੰ ਆਪਣਾ ਇਨਾਮ ਲੈਣ ਨਾਲੋਂ ਜ਼ਿਆਦਾ ਕਾਹਲ ਆਪਣੇ 'ਦੋ ਸ਼ਬਦ' ਕਹਿਣ ਦੀ ਸੀ।ਕਮੈਂਟੇਟਰ ਅਤੇ ਸਾਬਕਾ ਫਿਰਕੀ ਗੇਂਦਬਾਜ਼ ਮੁਰਲੀ ਕਾਰਤਿਕ ਵੀ ਉਨ੍ਹਾਂ ਦਾ ਉਤਾਵਲਾਪਣ ਦੇਖ ਕੇ ਹੈਰਾਨ ਸਨ ਅਤੇ ਬੋਲੇ ਇੰਨਾ ਉਤਾਵਲਾ ਮੇਰੇ ਨਾਲ ਗੱਲ ਕਰਨ ਲਈ ਮੈਂ ਕਿਸੇ ਨੂੰ ਨਹੀਂ ਦੇਖਿਆ।
ਅਰਸ਼ਦੀਪ ਨੇ ਹਾਜ਼ਰ ਜਵਾਬੀ ਨਾਲ ਕਿਹਾ, "ਕੀ ਕਰਾਂ ਮੈਂ ਮੈਨ ਆਫ਼ ਦਿ ਮੈਚ ਦੀ ਸਪੀਚ ਤਿਆਰ ਕੀਤੀ ਹੋਈ ਸੀ ਕਿ ਕੀ ਬੋਲਣਾ ਹੈ।"ਇਸ ਤੋਂ ਪਹਿਲਾਂ ਅਰਸ਼ਦੀਪ ਸਿੰਘ ਦੇ ਤਿੰਨੇਂ ਸ਼ਿਕਾਰ ਖੱਬੇ ਹੱਥ ਦੇ ਬੱਲੇਬਾਜ਼ ਸਨ, ਜਿਨ੍ਹਾਂ ਵਿੱਚ ਕੁਇੰਟਨ ਡਿਕੌਕ ਅਤੇ ਡੇਵਿਡ ਮਿਲਰ ਵਰਗੇ ਖ਼ਤਰਨਾਕ ਬੱਲੇਬਾਜ਼ ਸਨ।
ਜਦੋਂ ਮੁਰਲੀ ਕਾਰਤਿਕ ਨੇ ਅਰਸ਼ਦੀਪ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਹੜਾ ਵਿਕਟ ਲੈਣਾ ਸਭ ਤੋਂ ਚੰਗਾ ਲੱਗਿਆ ਤਾਂ ਉਨ੍ਹਾਂ ਨੇ ਡੇਵਿਡ ਮਿਲਰ ਦਾ ਨਾਮ ਲਿਆ ਜੋ ਅਸਲ ਵਿੱਚ ਵੀ ਇੱਕ ਸ਼ਾਨਦਾਰ ਗੇਂਦ ਉੱਪਰ ਲਿਆ ਗਿਆ ਵਿਕਟ ਸੀ।
ਤਿਰੂਵਨੰਤਪੁਰਮ 'ਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਦੱਖਣੀ ਅਫਰੀਕਾ ਦੀ ਟੀਮ 8 ਵਿਕਟਾਂ 'ਤੇ 106 ਦੌੜਾਂ (20 ਓਵਰ) ਬਣਾ ਸਕੀ।ਜਵਾਬ ਵਿੱਚ ਭਾਰਤ ਨੇ 2 ਵਿਕਟਾਂ 'ਤੇ 110 ਦੌੜਾਂ (16.4 ਓਵਰ) ਬਣਾਈਆਂ। ਅਰਸ਼ਦੀਪ ਸਿੰਘ ਨੇ 3, ਦੀਪਕ ਚਾਹਰ ਅਤੇ ਹਰਸ਼ਲ ਪਟੇਲ ਨੇ 2-2 ਵਿਕਟਾਂ ਲਈਆਂ।ਕੇਐਲ ਰਾਹੁਲ 51, ਸੂਰਿਆਕੁਮਾਰ ਯਾਦਵ ਨੇ 52 ਦੌੜਾਂ ਬਣਾਈਆਂ ਅਤੇ ਦੋਵੇਂ ਨਾਬਾਦ ਰਹੇ।
ਪਲੇਅਰ ਆਫ ਦਾ ਮੈਚ ਦਾ ਖਿਤਾਬ ਅਰਸ਼ਦੀਪ ਸਿੰਘ ਨੂੰ ਦਿੱਤਾ ਗਿਆ।ਤਿੰਨ ਮੈਚਾਂ ਦੀ ਲੜੀ ਦਾ ਦੂਜਾ ਮੈਚ 2 ਅਕਤੂਬਰ, ਗੁਹਾਟੀ (ਅਸਾਮ) ਵਿੱਚ ਹੋਣਾ ਹੈ।ਆਸਟਰੇਲੀਆ ਖਿਲਾਫ਼ ਸੀਰੀਜ਼ ਵਿੱਚ ਅਰਸ਼ਦੀਪ ਨੂੰ ਅਰਾਮ ਦਿੱਤਾ ਗਿਆ ਸੀ ਅਤੇ ਹੁਣ ਜਦੋਂ ਮੁਰਲੀ ਕਾਰਤਿਕ ਨੇ ਉਨ੍ਹਾਂ ਨੂੰ ਫਿਟਨੈੱਸ ਬਾਰੇ ਪੁੱਛਿਆ ਤਾਂ ਉਹ ਆਤਮ ਵਿਸ਼ਵਾਸ ਨਾਲ ਲਬਰੇਜ਼ ਦਿਸੇ।ਅਰਸ਼ਦੀਪ ਨੇ ਕਿਹਾ ਕਿ ਉਨ੍ਹਾਂ ਨੇ ''ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਚੰਗੀ ਪ੍ਰੈਕਟਿਸ ਕੀਤੀ ਹੈ ਅਤੇ ਚੰਗੀ ਤਰ੍ਹਾਂ ਫਿੱਟ ਹਨ।'' ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੋਣ ਜਾ ਰਹੇ ''ਟੀ20 ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਤਿਆਰ ਹਨ।'
ਅਰਸ਼ਦੀਪ ਨੇ ਗੇਂਦਬਾਜ਼ੀ ਵਿਚ ਜਾਦੂਗਿਰੀ ਦਿਖਾਕੇ ਫਿਰਕੂ ਹਿੰਦਤਵੀਆਂ ਦੇ ਘਟੀਆ ਕੁਮੈਂਟਾਂ ਬਾਰੇ ਮੂੰਹਤੋੜਵਾਂ ਜੁਆਬ ਦਿਤਾ ਹੈ।ਯਾਦ ਰਹੇ ਜਦੋਂ ਹਿੰਦੂਤਵੀਆਂ ਨੇ ਅਰਸ਼ਦੀਪ ਬਾਰੇ ਟਰੋਲ ਕੀਤਾ ਸੀ ,ਉਦੋਂ ਸਾਰੀ ਸਿਖ ਕੌਮ ਮੀਡੀਆ ਤੇ ਸ਼ੋਸ਼ਲ ਮੀਡੀਆ ਵਿਚ ਉਸਦੇ ਹਕ ਵਿਚ ਖਲੋ ਗਈ ਸੀ ਜਿਸ ਕਾਰਣ ਅਰਸ਼ਦੀਪ ਦਾ ਮਨੋਬਲ ਉਚਾ ਹੋਇਆ ਸੀ।
Comments (0)