ਯੂ,ਕੇ ਵਿੱਚ ਗੁਰਬਾਣੀ ਕੀਰਤਨ ਸੰਗਤਾਂ ਨੂੰ ਨੰਗੇ ਸਿਰ, ਜੁੱਤੀਆਂ ਸਣੇ ਕੁਰਸੀਆਂ ਤੇ ਬਿਠਾ  ਕੇ  ਸੁਣਾਇਆ ਗਿਆ

 ਯੂ,ਕੇ ਵਿੱਚ ਗੁਰਬਾਣੀ ਕੀਰਤਨ ਸੰਗਤਾਂ ਨੂੰ ਨੰਗੇ ਸਿਰ, ਜੁੱਤੀਆਂ ਸਣੇ ਕੁਰਸੀਆਂ ਤੇ ਬਿਠਾ  ਕੇ  ਸੁਣਾਇਆ ਗਿਆ

" ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਖਤ ਇਤਰਾਜ਼,ਕਾਰਵਾਈ ਦੀ ਅਪੀਲ" 

ਅੰਮ੍ਰਿਤਸਰ ਟਾਈਮਜ਼

 ਲੰਡਨ- ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿੱਚ ਗੁਰਬਾਣੀ ਕੀਰਤਨ  ਦੀ ਰਹਿਤ ਮਰਿਯਾਦਾ ਦੇ ਨਾਲ ਇੱਕ ਵਿਅਕਤੀ ਵੱਲੋਂ ਜਾਣ ਬੁੱਝ ਕੇ ਕੀਤੇ ਗਏ ਖਿਲਵਾੜ ਦਾ ਮਾਮਲਾ ਯੂ,ਕੇ ਦੀਆਂ ਸਿੱਖ ਜਥੇਬੰਦੀਆਂ ਦੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਦੇ  ਕੋਆਰਡੀਨੇਟਰ ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਬਕਾਇਦਾ ਸ਼ਿਕਾਇਤ ਪੱਤਰ ਭੇਜਿਆ ਗਿਆ । ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁਖਾਤਿਬ ਹੁੰਦਿਆ ਕਿਹਾ ਗਿਆ ਕਿ   ਬਰਮਿੰਘਮ ਸ਼ਹਿਰ ਦੇ ਵਸਨੀਕ ਰਵਿੰਦਰ ਪਾਲ ਸਿੰਘ ਕੋਹਲੀ ਨੇ ਗਲੋਬਲ ਸਿੱਖ ਵੀਜ਼ਨ ਲੰਡਨ ਦੇ ਬੈਨਰ ਹੇਠ 27 ਤੋਂ 29 ਮਈ 2022 ਤੱਕ  ਤਿੰਨ ਦਿਨਾਂ ਦਾ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇੱਕ ਸਮਾਗਮ, Teg Bahadur Rhapsody  ਰਚਿਆ ਸੀ ਸੋ ਕਿ ਬਰਮਿੰਘਮ ਦੇ ਵਾਲਸਾਲ ਵਿਚ ਪੈਂਦੇ ਬੈਸਕਾਟ ਫੁੱਟਬਾਲ ਸਟੇਡੀਅਮ ਵਿਖੇ ਰੱਖਿਆ ਗਿਆ ਸੀ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ ਕੇ  ਜੋ ਕਿ ਸਿੱਖ ਜਥੇਬੰਦੀਆਂ ਦੀ ਸਾਂਝਾ ਸੰਗਠਨ ਹੈ  ਨੂੰ ਪਹਿਲਾਂ ਤੋਂ ਹੀ ਸ਼ੰਕਾ ਸੀ ਕਿ ਰਵਿੰਦਰ ਪਾਲ ਸਿੰਘ ਕੋਹਲੀ ਇੱਸ ਪ੍ਰੋਗਰਾਮ ਦੇ ਨਾਮ ਦੇ ਥੱਲੇ ਕੁਝ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਭਾਰਤ ਸਰਕਾਰ ਦੀਆਂ ਨਜ਼ਰਾਂ ਵਿੱਚ ਚੰਗਾ ਬਣ ਕੇ ਭਾਰਤੀ ਹਾਈ ਕਮਿਸ਼ਨ ਰਾਹੀਂ ਬ੍ਰਿਟੇਨ ਦੀ ਸਰਕਾਰ ਵਿੱਚ ਆਪਣੀ ਬੱਲੇ ਬੱਲੇ ਕਰਵਾ ਕੇ ਨਿੱਜੀ ਫਾਇਦੇ ਪ੍ਰਾਪਤ ਕਰਨ ਦੀ ਤਾਕ ਵਿੱਚ ਹੋ ਸਕਦਾ ਹੈ। ਇਸ ਸਬੰਧੀ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਰਵਿੰਦਰ ਪਾਲ ਸਿੰਘ ਕੋਹਲੀ ਨੂੰ 25 ਮਈ ਨੂੰ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਲਨਹਾਲ  ਬੁਲਾ ਕੇ ਮੀਟਿੰਗ ਕੀਤੀ ਅਤੇ ਸਿੱਖ ਸੰਗਤਾਂ ਦੇ ਸ਼ੰਕੇ ਸਾਂਝੇ ਕਰਦਿਆਂ ਪੁੱਛਿਆ  ਗਿਆ  ਕਿ ਤੁਸੀਂ ਸਮਾਗਮ ਦਾ ਨਾਮ ਤੇਗ ਬਹਾਦਰ ਰੈਪਸੋਡੀ ਰੱਖਿਆ ਹੈ ਅਤੇ ਗੁਰੂ ਲਫਜ਼ ਕੱਟ ਦਿੱਤਾ ਹੈ ਤਾਂ  ਕੋਹਲੀ ਦਾ ਉੱਤਰ ਸੀ ਕਿ ਜੋ ਛਪ ਗਿਆ ਉਹ ਛਪ ਗਿਆ ਬਾਕੀ ਵਿੱਚ ਮੈਂ ਗੁਰੂ ਲਫਜ਼ ਲਿਖਵਾ ਦਿੰਦਾ ਹਾਂ। ਫੁੱਟਬਾਲ ਸਟੇਡੀਅਮ ਵਿੱਚ ਕੀਰਤਨ ਕਰਵਾਉਣ ਅਤੇ ਸੰਗਤਾਂ ਕੁਰਸੀਆਂ ਤੇ ਬੈਠ ਕੇ ਜੁੱਤੀਆਂ ਪਾ ਕੇ ਨੰਗੇ ਸਿਰ ਕੀਰਤਨੀਆਂ ਤੋਂ ਉੱਚੀ ਥਾਂ ਤੇ ਬੈਠ ਕੇ ਕੀਰਤਨ ਸਰਵਣ ਕਰਨਗੀਆ ਜਿਸ ਨਾਲ ਗੁਰਬਾਣੀ ਦਾ ਨਿਰਾਦਰ ਹੋਵੇਗਾ ਅਤੇ ਮਰਿਯਾਦਾ ਭੰਗ ਹੋਵੇਗੀ ਇਸ ਲਈ ਸਾਰੀਆਂ ਸਿੱਖ ਜਥੇਬੰਦੀਆਂ ਇਸ ਤਰੀਕੇ ਦਾ ਵਿਰੋਧ ਕਰਦੀਆਂ ਹਨ। ਇਸ ਸਬੰਧੀ ਪ੍ਰੋਗਰਾਮ ਵਿੱਚ ਤਬਦੀਲੀ ਕੀਤੀ ਜਾਵੇ। ਰਵਿੰਦਰ ਪਾਲ ਸਿੰਘ ਕੋਹਲੀ ਦਾ ਜਵਾਬ ਸੀ ਕਿ ਉਹ ਸੰਗਤਾਂ ਦੇ ਜੋੜੇ ਕੀਰਤਨ ਵਾਲੀ ਥਾਂ ਤੋਂ ਬਾਹਰ ਉਤਾਰਨ ਲਈ ਯੋਗ ਪ੍ਰਬੰਧ ਕਰੇਗਾ । ਨੰਗੇ ਸਿਰਾਂ ਨੂੰ ਢੱਕਣ ਲਈ ਰੁਮਾਲ ਮੁਹੱਈਆ ਕਰਵਾਏਗਾ ਅਤੇ ਕੀਰਤਨ ਸਮੇਂ ਸੰਗਤਾਂ ਨੂੰ ਖੜੇ ਹੋ ਕੇ ਗੁਰਬਾਣੀ ਕੀਰਤਨ ਸਰਵਣ ਕਰਨ ਲਈ ਕਹੇਗਾ ਅਤੇ ਕੁਰਸੀਆਂ ਤੇ ਬੈਠ ਕੇ ਕੀਰਤਨ ਸਰਵਣ ਕਰਨ ਨਹੀਂ ਵਾਲੀ ਸਥਿਤੀ ਨੂੰ ਪੈਦਾ ਨਹੀਂ ਹੋਣ ਦੇਵੇਗਾ। ਨਾਮਧਾਰੀਆਂ ਨੂੰ ਕੀਰਤਨ ਕਰਨ ਲਈ ਬੁਲਾਉਣ ਦੇ ਸਖਤ ਇਤਰਾਜ ਤੇ ਰਵਿੰਦਰ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੈਂ ਹੁਣੇ ਹੀ ਨਾਮਧਾਰੀਆਂ ਦੇ ਨਾਮ ਤੇ ਕਾਂਟਾ ਮਾਰਦਾ ਹਾਂ ਅਤੇ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਉਹ ਇਸ ਸਟੇਜ ਤੇ ਕੀਰਤਨ ਨਹੀਂ ਕਰਨਗੇ। ਇਸਨੂੰ ਪੁਛਿਆ ਗਿਆ ਕਿ  ਸਾਲ 2019 ਵਿੱਚ ਵੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮੌਕੇ ਵੀ ਇੱਕ ਸਮਾਗਮ ਲਾਇਬ੍ਰੇਰੀ ਵਿੱਚ  ਕਰਵਾਇਆ ਸੀ ਜਿਸ ਦਾ ਨਾਮ ਵੀ ਕੋਹਲੀ ਨੇ  Nanak Rhapsody ਰੱਖਿਆ ਸੀ ਭਾਵ ਕਿ ਗੁਰੂ ਲਫਜ਼ ਕੱਟ ਦਿੱਤਾ ਸੀ ਅਤੇ ਉਸ ਸਮੇਂ ਵੀ  ਨਾਮਧਾਰੀਆਂ ਪਾਸੋਂ ਖਲੋ ਕੇ ਕੀਰਤਨ ਕਰਵਾਇਆ ਸੀ ਉਸ ਸਮੇਂ ਵੀ ਲੋਕਾਂ ਨੇ ਨੰਗੇ ਸਿਰ ਜੁੱਤੀਆਂ ਪਾ ਕੇ ਸ਼ਮੂਲੀਅਤ ਕੀਤੀ ਸੀ।  ਸਮਝਿਆ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਵਿਅਕਤੀ, ਵਿਅਕਤੀਆਂ, ਜਾਂ ਕਿਸੇ ਫਿਰਕੇ ਨੂੰ ਖੁਸ਼ ਕਰ ਕੇ ਉਨ੍ਹਾਂ ਦੀ ਸੋਚੀ ਸਮਝੀ ਚਾਲ ਦਾ ਹਿੱਸਾ ਬਣ ਕੇ ਸਿੱਖ ਰਹਿਤ ਮਰਿਯਾਦਾ ਨੂੰ ਤੋੜ ਕੇ ਜਿੱਥੇ ਪੰਥ ਵਿਰੋਧੀ ਤਾਕਤਾਂ ਦੇ ਹਿੱਤਾਂ ਦੀ ਪੂਰਤੀ ਕਰ ਰਹੇ ਹੋ ਉਥੇ ਉਨ੍ਹਾਂ ਤਾਕਤਾਂ ਤੋਂ ਆਪਣੇ ਨਿੱਜ ਸੁਆਰਥ ਦੀ ਪੂਰਤੀ ਕਰਨ ਵਿੱਚ ਲੱਗੇ ਹੋਏ ਹੋ। ਆਖਰ ਬਾਰ ਬਾਰ ਮਰਿਯਾਦਾ ਭੰਗ ਕਰ ਕੇ ਕਿਸ ਨੂੰ ਖੁਸ਼ ਕੀਤਾ ਜਾ ਰਿਹਾ ਹੈ।ਇਸ ਬਾਬਤ ਕੋਹਲੀ ਦਾ ਜਵਾਬ ਸੀ ਕਿ ਮੈਂ ਦੋ ਦਿਨਾਂ ਦੇ ਵਿੱਚ ਵਿੱਚ ਹੀ  Nanak Rhapsody ਦੇ ਅੱਗੇ ਗੁਰੂ ਲਫਜ਼ ਲਿਖਵਾ ਕੇ ਨਵਾਂ ਸਰਟੀਫਿਕੇਟ ਬਣਵਾ ਕੇ ਗੁਰਦੁਆਰਾ ਸਾਹਿਬ ਹਾਜ਼ਰ ਹੋ ਕੇ ਪੇਸ਼ ਕਰਾਂਗਾ ਪਿਛਲੇ ਗੁਨਾਹਾਂ ਦੀ ਮੁਆਫ਼ੀ ਮੰਗਾਂਗਾ ਅਤੇ ਆਉਣ ਵਾਲੇ ਸਮਾਗਮ ਦੌਰਾਨ ਕੋਈ ਵੀ ਕੁਤਾਹੀ ਨਹੀਂ ਵਰਤਾਂਗਾ।ਇਸ ਉਪਰੰਤ ਸਾਰੇ ਹਾਜ਼ਰੀਨ ਸਿੰਘਾਂ ਵਲੋਂ ਕਿਹਾ ਕਿ ਜੇ ਤੂੰ ਏਵੇਂ ਕਰੇਂਗਾ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਇਹ ਗੱਲ ਵੀ ਚਰਚਾ ਦਾ ਖਾਸ ਵਿਸ਼ਾ ਬਣਿਆ ਹੋਇਆ ਹੈ  ਕਿ 26 ਮਈ ਨੂੰ ਕੋਹਲੀ ਨੇ ਬਰਮਿੰਘਮ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਇਸ ਲਈ ਕੀਰਤਨ ਵਾਲੀ ਥਾਂ ਅੰਦਰ ਅਤੇ ਬਾਹਰ ਹਥਿਆਰ ਬੰਦ ਫੋਰਸ ਤਾਇਨਾਤ ਕੀਤੀ ਜਾਵੇ। 28  ਮਈ ਨੂੰ ਸਵੇਰੇ ਹੀ ਭਾਰੀ ਗਿਣਤੀ ਵਿੱਚ ਹਥਿਆਰ ਬੰਦ ਪੁਲਿਸ ਫੋਰਸ ਵਰਦੀ ਧਾਰੀ ਅਤੇ ਸਿਵਲ ਕੱਪੜਿਆਂ ਵਿੱਚ ਕੀਰਤਨ ਸਟੇਜ ਤੋਂ ਲੈ ਕੇ ਪੂਰੇ ਫੁੱਟਬਾਲ ਸਟੇਡੀਅਮ ਦੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤੀ ਗਈ। ਕੀਰਤਨ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਅਤੇ ਮਹਾਂਰਾਣੀ ਦਾ ਲੈਫ਼ਟੀਨੈਂਟ ਆਏ । ਕੀਰਤਨ  ਦੇ ਸ਼ੁਰੂ ਹੋਣ ਦਾ ਸਮਾਂ 11 ਵਜੇ ਦਾ ਨਿਸ਼ਚਿਤ ਸੀ। ਸਾਰੇ ਕੀਰਤਨੀਏ ਸਟੇਜ ਤੇ ਬੈਠ ਚੁੱਕੇ ਸਨ ਪਰੰਤੂ ਪੁਲਿਸ ਕਮਿਸ਼ਨਰ ਅਤੇ ਮਹਾਂਰਾਣੀ ਦੇ ਲੈਫ਼ਟੀਨੈਂਟ ਦੇ ਜਾਣ ਤੋਂ ਬਾਅਦ ਪੂਰੇ ਢਾਈ ਵਜੇ ਉਨ੍ਹਾਂ ਨੂੰ ਕੀਰਤਨ ਕਰਨ ਦੀ ਆਗਿਆ ਦਿੱਤੀ ਗਈ। ਕੀਰਤਨ  ਦੌਰਾਨ ਸਟੇਡੀਅਮ ਵਿੱਚ ਬੈਠੇ ਹਰ ਪ੍ਰਾਣੀ ਨੇ ਜੁੱਤੀ ਪਾਈ ਹੋਈ ਸੀ। ਦਸਤਾਰ ਧਾਰੀ ਸਿੱਖਾਂ ਤੋਂ ਇਲਾਵਾ ਸੱਭ ਦੇ ਸਿਰ ਨੰਗੇ ਸਨ। ਸੱਭ ਕੁਰਸੀਆਂ ਤੇ ਬੈਠ ਕੇ ਕੀਰਤਨ ਸੁਣ ਰਹੇ ਸਨ। ਹਥਿਆਰ ਬੰਦ ਪੁਲਿਸ ਨੰਗੇ ਸਿਰ ਅੰਦਰ ਹਾਜ਼ਰ ਸੀ। ਕੀਰਤਨੀਆਂ ਵਿਚ ਅੱਸੀ ਤੋਂ ਨੱਬੇ ਫੀਸਦੀ ਨਾਮਧਾਰੀ ਸਨ। ਕੀਰਤਨ ਸਮਾਪਤ ਹੁੰਦੇ ਸਾਰ ਹੀ ਕੋਹਲੀ ਨੇ ਸਟੇਜ ਤੇ ਖਲੋ ਕੇ ਮਾਈਕ ਰਾਹੀਂ ਅਨਾਊਂਸਮੈਂਟ ਕੀਤੀ ਕਿ ਉਸ ਦੇ ਇਸ ਪ੍ਰੋਗਰਾਮ ਨੂੰ ਵਰਲਡ ਬੁੱਕ ਆਫ ਰਿਕਾਰਡ ਦੇ ਗੋਲਡਨ ਅਡੀਸ਼ਨ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਜਦੋਂ ਕੋਹਲੀ ਸਟੇਜ ਤੋਂ ਅਨਾਊਂਸਮੈਂਟ ਕਰ ਰਿਹਾ ਸੀ ਉਸ ਨੇ ਵੀ ਜੁੱਤੀ ਪਾਈ ਹੋਈ ਸੀ। ਅਤੇ ਸਟੇਜ ਤੋਂ ਥੱਲੇ ਆ ਕੇ ਕੋਹਲੀ ਕਹਿ ਰਿਹਾ ਸੀ ਕਿ ਮੈਂ ਕਿਸੇ ਗੁਰਦੁਆਰੇ ਨੂੰ ਨਹੀਂ ਮੰਨਦਾ, ਨਾਂ ਕਿਸੇ ਮਰਿਯਾਦਾ ਨੂੰ ਮੰਨਦਾ ਹਾਂ। ਮੈਂ ਆਪਣੇ ਮਿਸ਼ਨ ਵਿੱਚ ਕਾਂਮਯਾਬ ਹੋਇਆ ਹਾਂ। ਮੈਂ ਆਪਣੇ ਇਸ ਪ੍ਰੋਗਰਾਮ ਨੂੰ ਵਰਲਡ ਬੁੱਕ ਆਫ ਰਿਕਾਰਡ ਦੇ ਗੋਲਡਨ ਅਡੀਸ਼ਨ ਵਿੱਚ ਸ਼ਾਮਿਲ ਕਰਵਾਉਣਾ ਸੀ ਉਹ ਮੈਂ ਕਰਵਾ ਲਿਆ ਹੈ ਹੁਣ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ। ਇਸ ਉਪਰੰਤ ਕੋਹਲੀ ਵੱਲੋਂ ਸਮਾਗਮ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਜਿਸ ਵਿੱਚ ਮੁੜ ਤੋਂ ਸਮਾਗਮ ਦਾ ਨਾਮ Teg Bahadur Rhapsody  ਲਿਖ ਕੇ ਸੰਗਤਾਂ ਨੂੰ ਭੇਜੀ ਗਈ।  ਕੋਹਲੀ ਦੇ ਇਸ ਵਰਤਾਰੇ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਠੇਸ ਪਹੁੰਚੀ ਹੈ। ਰਵਿੰਦਰ ਪਾਲ ਸਿੰਘ ਕੋਹਲੀ ਨੇ ਗੁਰਦੁਆਰਾ ਸਾਹਿਬ ਵਿੱਚ ਜਥੇਬੰਦੀਆਂ ਵੱਲੋਂ ਸਮਾਗਮ ਤੋਂ ਪਹਿਲਾਂ ਮੀਟਿੰਗ ਵਿੱਚ ਉਠਾਏ ਇਤਰਾਜ਼ਾਂ ਨੂੰ ਚਲਾਕੀ ਵਰਤ ਕੇ ਮਰਿਯਾਦਾ ਅਨੁਸਾਰ ਕੰਮ ਦੇ ਦਿੱਤੇ  ਭਰੋਸੇ ਨੂੰ ਵੀ ਤੋੜਿਆ ਹੈ। ਕੋਹਲੀ ਨੇ ਆਪਣੇ ਸੁਆਰਥ ਦੀ ਪੂਰਤੀ ਲਈ ਪੂਰੇ ਵਿਸ਼ਵ ਭਰ ਦੇ ਨਾਮਵਰ ਸਿੱਖ ਹਸਤੀਆਂ ਨੂੰ  ਵੀ ਧੋਖਾ ਦੇ ਕੇ ਉਨ੍ਹਾਂ ਦੇ ਚਿਹਰਿਆਂ ਦਾ ਆਪਣੇ ਹਿੱਤ ਦੀ ਪੂਰਤੀ ਲਈ ਇਸਤੇਮਾਲ ਕੀਤਾ ਹੈ। ਗੁਰੂ ਸਾਹਿਬ ਦੇ ਸਮਾਗਮ ਦਾ ਸੱਦਾ ਦੇ ਕੇ ਬੁਲਾਏ ਗਏ ਪ੍ਰਸਿੱਧ ਸਿੱਖ ਵਿਦਵਾਨ ਸਰਦਾਰ ਗੁਰਚਰਨ ਸਿੰਘ ਲਾਂਬਾ ਯੂ ਐਸ ਏ ਵਾਲੇ, ਜਸਟਿਸ ਰਣਜੀਤ ਸਿੰਘ ਰੰਧਾਵਾ, ਕੀਰਤਨੀਏ ਭਾਈ ਅਮਰਜੀਤ ਸਿੰਘ ਪਟਿਆਲਾ ਵਾਲੇ ਆਪਣੇ ਮਿਥੇ ਸਮੇਂ ਤੋਂ ਪਹਿਲਾਂ ਹੀ ਕੋਹਲੀ ਨਾਲ ਨਰਾਜ਼ ਹੋ ਕੇ ਚਲੇ ਗਏ । ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ ਕੇ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੰ ਇਸ ਸਬੰਧੀ ਤੁਰੰਤ ਨੋਟਿਸ ਲੈਣ ਅਤੇ ਢੁੱਕਵੀਂ ਕਾਰਵਾਈ ਦੀ ਅਪੀਲ ਕੀਤੀ ਗਈ ਹੈ।