ਆਸਟਰੇਲਿਆਈ ਖਿਡਾਰੀਆਂ ਨੇ ਭਾਰਤੀ ਫਿਜ਼ੀਓ ਨਾਲ ਕੀਤੀ ਬਦਸਲੂਕੀ : ਵਿਰਾਟ ਕੋਹਲੀ

ਆਸਟਰੇਲਿਆਈ ਖਿਡਾਰੀਆਂ ਨੇ ਭਾਰਤੀ ਫਿਜ਼ੀਓ ਨਾਲ ਕੀਤੀ ਬਦਸਲੂਕੀ : ਵਿਰਾਟ ਕੋਹਲੀ

ਰਾਂਚੀ/ਬਿਊਰੋ ਨਿਊਜ਼ :
ਵਿਰਾਟ ਕੋਹਲੀ ਨੇ ਦੋਸ਼ ਲਾਇਆ ਹੈ ਕਿ ਆਸਟਰੇਲਿਆਈ ਖਿਡਾਰੀਆਂ ਨੇ ਘਰੇਲੂ ਟੀਮ ਦੇ ਫਿਜ਼ੀਓ ਪੈਟ੍ਰਿਕ ਫਰਹਾਰਟ ਨਾਲ ਬਦਸਲੂਕੀ ਕੀਤੀ ਹੈ ਜਦਕਿ ਵਿਰੋਧੀ ਟੀਮ ਦੇ ਕਪਤਾਨ ਸਟੀਵਨ ਸਮਿੱਥ ਨੇ ਭਾਰਤੀ ਕਪਤਾਨ ਦੇ ਇਸ ਦਾਅਵੇ ਨੂੰ ਖਾਰਜ ਕੀਤਾ ਹੈ।
ਕੋਹਲੀ ਨੇ ਦੋਸ਼ ਲਾਇਆ ਕਿ ਆਸਟਰੇਲਿਆਈ ਖਿਡਾਰੀਆਂ ਨੇ ਫਰਹਾਰਟ ‘ਤੇ ਬੇਵਜ੍ਹਾ ਟਿੱਪਣੀ ਕੀਤੀ, ਪਰ ਸਮਿੱਥ ਨੇ ਇਸ ਗੱਲ ਤੋਂ ਇਨਕਾਰ ਕੀਤਾ। ਕੋਹਲੀ ਨੇ ਮੈਚ ਮਗਰੋਂ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘ਉਨ੍ਹਾਂ ਪੈਟ੍ਰਿਕ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਮੈਂ ਨਹੀਂ ਜਾਣਦਾ ਕਿਉਂ। ਉਹ ਸਾਡੇ ਫਿਜ਼ੀਓ ਹਨ ਤੇ ਉਨ੍ਹਾਂ ਦਾ ਕੰਮ ਸਾਡਾ ਇਲਾਜ ਕਰਨਾ ਹੈ। ਤੁਹਾਨੂੰ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਉਸ ਦਾ ਨਾਂ ਲੈਣਾ ਕਿਉਂ ਸ਼ੁਰੂ ਕੀਤਾ।’ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਕੋਹਲੀ ਨੂੰ ਮੋਢੇ ‘ਤੇ ਸੱਟ ਵੱਜ ਗਈ ਸੀ ਤੇ ਫਰਹਾਰਟ ਉਸ ਦੇ ਇਲਾਜ ਲਈ ਮੈਦਾਨ ਵੱਲ ਭੱਜੇ ਸਨ, ਪਰ ਕੋਹਲੀ ਨੂੰ ਫਿਜ਼ੀਓ ਨਾਲ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ। ਇਸ ਮਗਰੋਂ ਗਲੇਨ ਮੈਕਸਵੈੱਲ ਵੀ ਕੋਹਲੀ ਦੀ ਸੱਟ ਦਾ ਮਜ਼ਾਕ ਉਡਾਉਂਦਾ ਦਿਖਾਈ ਦਿੱਤਾ ਸੀ।
ਇਸ ਬਾਰੇ ਸਮਿੱਥ ਨੇ ਕਿਹਾ ਕਿ ਉਸ ਨੇ ਫਰਹਾਰਟ ਨਾਲ ਬਦਸਲੂਕੀ ਨਹੀਂ ਕੀਤੀ। ਫਰਹਾਰਟ ਨੇ ਸ਼ਾਨਦਾਰ  ਕੰਮ ਕੀਤਾ ਅਤੇ ਉਹ ਵਿਰਾਟ ਨੂੰ ਮੋਢੇ ਦੀ ਸੱਟ ਮਗਰੋਂ ਮੈਦਾਨ ਤੋਂ ਬਾਹਰ ਲੈ ਆਏ ਸਨ।