ਦੀਪ ਸਿੱਧੂ, ਲੱਖਾ ਸਿਧਾਣਾ ਤੇ ਮੇਰੇ ਨੁਕਸਾਨ ਦੀ ਸਾਜਿਸ਼

ਦੀਪ ਸਿੱਧੂ, ਲੱਖਾ ਸਿਧਾਣਾ ਤੇ ਮੇਰੇ ਨੁਕਸਾਨ ਦੀ ਸਾਜਿਸ਼

( ਇਸ ਵਿੱਚ ਇਕ ਵੀ ਗੱਲ ਝੂਠ ਹੋਵੇ ਤਾਂ ਪੰਥ ਚਾਹੇ ਮੌਤ ਦੀ ਸਜ਼ਾ ਤਜਵੀਜ਼ ਕਰੇ)

ਡਾ:ਸੁਖਪ੍ਰੀਤ ਸਿੰਘ ਉਦੋਕੇ                             

ਸੰਯੁਕਤ ਮੋਰਚੇ ਦੀ ਸਟੇਜ ਉੱਪਰ ਕਬਜ਼ਾ ਨਾ ਤਾਂ ਦੀਪ ਸਿੱਧੂ ਨੇ ਕਰਵਾਇਆ ਸੀ ਅਤੇ ਨਾਂ ਹੀ ਮੈਂ। ਮੈਂ ਤਾਂ ਮੱਧ ਦਸੰਬਰ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਉੱਪਰ ਗਿਆ ਹੀ ਨਹੀਂ ਸੀ। ਜਿਸ ਦਿਨ ਰਾਜੋਵਾਲ ਨੇ ਨਿਸ਼ਾਨ ਸਾਹਿਬ ਅਤੇ ਪੰਥਕ ਪਰੰਪਰਾਵਾਂ ਦੀ ਬੇਹੁਰਮਤੀ ਭਰੇ ਸ਼ਬਦ ਬੋਲੇ ਸਨ ਮੈਂ ਉਹਨਾਂ ਦਾ ਜਵਾਬ ਦੇਣ ਹੀ ਦਸੰਬਰ ਵਿੱਚ ਸਟੇਜ ਉੱਪਰ ਗਿਆ ਸੀ ਕਿ ਉੱਥੇ ਬੈਠੀਆਂ ਨਿਹੰਗ ਸਿੰਘ ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਖਿਲਾਫ ਰੋਹ ਸ਼ਾਂਤ ਕੀਤਾ ਜਾਵੇ। ਮੇਰੇ ਬੋਲੇ ਹੋਏ ਸ਼ਬਦ ਅੱਜ ਵੀ ਸੋਸ਼ਲ ਮੀਡੀਏ ਉੱਪਰ ਪਏ ਹੋਏ ਹਨ ਕਿ ਮੈਂ ਕਿਸ ਤਰ੍ਹਾਂ ਪੰਥਕ ਰਵਾਇਤਾਂ ਅਤੇ ਸੰਪਰਦਾਵਾਂ ਦਾ ਪੱਖ ਪੂਰਦੇ ਹੋਇਆ ਬੋਲਿਆ ਅਤੇ ਪੰਥਕ ਜਥੇਬੰਦੀਆਂ ਦਾ ਰੋਹ ਸ਼ਾਂਤ ਕੀਤਾ ਅਤੇ ਉਹਨਾਂ ਦੇ ਜੈਕਾਰਿਆ ਨੇ ਪ੍ਰਵਾਨਗੀ ਦਿੱਤੀ। ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਮੈਂ ਇਹ ਪੱਖ ਸੰਗਤ ਵਿੱਚ ਨਾਂ ਰੱਖਦਾ ਤਾਂ ਉਸ ਦਿਨ ਹੀ ਸੰਯੁਕਤ ਕਿਸਾਨ ਮੋਰਚੇ ਦੇ ਖਿਲਾਫ ਸੰਗਤ ਵਿੱਚ ਵਧੇਰੇ ਰੋਹ ਫੈਲਣਾ ਸੀ।

ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਮੈਂ ਮੱਧ ਦਸੰਬਰ ਤੋਂ ਬਾਅਦ ਸੰਯੁਕਤ ਮੋਰਚੇ ਦੀ ਸਟੇਜ ਉੱਪਰ ਨਹੀਂ ਗਿਆ ਅਤੇ ਦੀਪ ਸਿੱਧੂ ਤਾਂ ਪਹਿਲੇ ਦਿਨ ਤੋਂ ਬਾਅਦ ਗਿਆ ਹੀ ਨਹੀਂ। ਸੋ 25 ਜਨਵਰੀ ਨੂੰ ਜਥੇਬੰਦੀਆਂ ਨਾਲ ਜੁੜੇ ਹੋਏ ਨੌਜਵਾਨ ਹੀ ਮੰਚ ਉਪਰ ਆਏ ਅਤੇ ਸਟੇਜ ਉੱਪਰ ਕਾਬਜ਼ ਹੋ ਗਏ ਅਤੇ ਉਹਨਾਂ ਦੀ ਇਕ ਹੀ ਮੰਗ ਸੀ ਕਿ ਸੰਯੁਕਤ ਮੋਰਚੇ ਦੇ ਆਗੂ ਆਪਣੇ ਦਿੱਤੇ ਹੋਏ ਰਿੰਗ ਰੋਡ ਦੇ ਰੂਟ ਦੇ ਪ੍ਰੋਗ੍ਰਾਮ ਤੋਂ ਨਾਂ ਭੱਜਣ ਅਤੇ ਆਪਣੇ ਦਿੱਤੇ ਹੋਏ ਬਿਆਨ ਅਤੇ ਕੀਤੇ ਐਲਾਨ ਉੱਪਰ ਕਾਇਮ ਰਹਿਣ। ਸਾਰੇ ਨੌਜਵਾਨਾਂ ਦੀ ਜ਼ੁਬਾਨ ਉੱਪਰ ਇਕ ਹੀ ਨਾਅਰਾ ਸੀ ਅਤੇ ਦੀਪ ਸਿੱਧੂ ਜ਼ਿੰਦਾਬਾਦ।

ਮੈਨੂੰ ਉਸੇ ਵਕਤ ਸਰਵਣ ਸਿੰਘ ਪੰਧੇਰ ਦਾ ਫੋਨ ਆਇਆ ਕਿ ਡਾ:ਸਾਹਿਬ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਸੰਯੁਕਤ ਮੋਰਚੇ ਦੀ ਸਟੇਜ ਉੱਪਰ ਜਾਵੋ ਅਤੇ ਉਤੇਜਿਤ ਹੋ ਚੁੱਕੇ ਨੌਜਵਾਨਾਂ ਨੂੰ ਸ਼ਾਂਤ ਕਰੋ। ਮੈਂ ਕਿਹਾ ਕਿ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਕਿਉਂ ਕਿ ਜਗਜੀਤ ਸਿੰਹੁ ਡੱਲੇਵਾਲ ਦਾ ਲੱਖੇ ਸਿਧਾਣੇ ਨੂੰ ਫੋਨ ਆ ਗਿਆ ਹੈ ਅਤੇ ਉਹ ਮੰਚ ਉੱਪਰੋਂ ਸੰਬੋਧਿਤ ਹੋ ਰਿਹਾ ਹੈ ਉਹ ਸਾਰੀ ਸਥਿਤੀ ਨੂੰ ਕਾਬੂ ਕਰ ਲਵੇਗਾ। ਕੁਝ ਵਕਤ ਲਈ ਲੱਖੇ ਸਿਧਾਣੇ ਨੇ ਨੌਜਵਾਨਾਂ ਨੂੰ ਸ਼ਾਂਤ ਕਰਦਿਆਂ ਇਹ ਤਜ਼ਵੀਜ ਰੱਖੀ ਕਿ ਜਿਹੜੇ ਨੌਜਵਾਨ ਰਿੰਗ ਰੋਡ ਉੱਪਰ ਜਾਣਾ ਚਾਹੁੰਦੇ ਹਨ ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰਾਹ ਅਖਤਿਆਰ ਕਰ ਲੈਣ ਅਤੇ ਜਿਹੜੇ ਨਹੀਂ ਜਾਣਾ ਚਾਹੁੰਦੇ ਉਹ ਸੰਯੁਕਤ ਕਿਸਾਨ ਮੋਰਚੇ ਦਾ ਰਾਹ ਚੁਣ ਲੈਣ।

ਲੱਖੇ ਸਿਧਾਣੇ ਨੇ ਬਹੁਤ ਕੋਸ਼ਿਸ਼ ਕੀਤੀ ਪਰ ਬਾਗੀ ਨੌਜਵਾਨ ਇਸੇ ਗੱਲ ਉਪਰ ਅੜੇ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਆ ਕੇ ਆਪਣੀ ਸਥਿਤੀ ਸਪੱਸ਼ਟ ਕਰਨ। ਆਗੂਆਂ ਨੂੰ ਬਹੁਤ ਸੁਨੇਹੇ ਭੇਜੇ ਪਰ ਕੋਈ ਵੀ ਆਗੂ ਮੰਚ ਉਪਰ ਨਾ ਆਇਆ।

ਅਖੀਰ ਮੈਂ ਬੀਰ ਸਿੰਘ ਅਤੇ ਪ੍ਰਭਜੋਤ ਪਰਸ਼ਾਦਾ ਛੱਕਣ ਜਾ ਰਹੇ ਸੀ ਤਾਂ ਸਿੱਖ ਸਿਆਸਤ ਵਾਲੇ ਮਨਧੀਰ ਸਿੰਘ ਹੋਰੀਂ ਮਿਲੇ ਅਤੇ ਉਹ ਸਾਨੂੰ ਮੰਚ ਵਾਲੇ ਪਾਸੇ ਲੈ ਕੇ ਗਏ। ਕੋਈ ਦੱਸ ਹਜ਼ਾਰ ਦੇ ਨੌਜਵਾਨ ਮੰਚ ਉਪਰ ਸਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਖਿਲਾਫ ਰੋਹ ਪ੍ਰਗਟ ਕਰ ਰਹੇ ਸਨ।

ਇਹਨਾਂ ਆਗੂਆਂ ਨੇ ਮੰਚ ਉਪਰ ਆ ਕੇ ਨੌਜਵਾਨਾਂ ਨੂੰ ਸ਼ਾਂਤ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ।

ਅਖੀਰ ਭਾਈ  ਮਨਧੀਰ ਸਿੰਘ ਨੇ ਮੰਚ ਨੂੰ ਸੰਭਾਲ਼ਿਆ ਅਤੇ ਨੌਜਵਾਨਾਂ ਦੀ ਰਾਏ ਅਨੁਸਾਰ ਪੰਜ ਵੀਰਾਂ ਦੀ ਕਮੇਟੀ ਦਾ ਐਲਾਨ ਕੀਤਾ ਜੋ ਨੌਜਵਾਨਾਂ ਦੀਆ ਭਾਵਨਾਵਾਂ ਨੂੰ ਆਗੂਆਂ ਤੱਕ ਪਹੁੰਚਾਵੇਗੀ। ਅਜੇ ਇਸ ਕਮੇਟੀ ਬਾਰੇ ਵਿਚਾਰ ਹੋ ਹੀ ਰਹੀ ਸੀ ਕਿ ਦੀਪ ਸਿੱਧੂ ਵੀ ਮੰਚ ਉੱਪਰ ਪਹੁੰਚਿਆ। ਬੇਸ਼ਕ ਕਿ ਇਸ ਸਮੇਂ ਤੱਕ ਦੀਪ ਸਿੱਧੂ ਦੇ ਕਈ ਨੇੜੇ ਦੇ ਸਾਥੀ ਉਸ ਤੋਂ ਲਾਂਭੇ ਹੋ ਚੁੱਕੇ ਸਨ ਪ੍ਰੰਤੂ ਨੌਜਵਾਨਾਂ ਵਿੱਚ ਉਸ ਦੀ ਆਮਦ ਦਾ ਜਲਵਾ ਵੇਖਣ ਯੋਗ ਸੀ । ਉਸ ਦੇ ਨਾਮ ਉੱਪਰ ਨਾਅਰੇ ਲੱਗ ਰਹੇ ਸਨ। ਭਾਈ ਮਨਧੀਰ ਸਿੰਘ ਨੇ ਪਹਿਲੀ  ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜੋ ਆਗੂਆਂ ਨੂੰ ਲੋਕਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ।

ਇਸ ਕਮੇਟੀ ਵਿੱਚ ਹੇਠ ਲਿਖੇ ਮੈਂਬਰ ਲੋਕਾਂ ਨੇ ਨਾਮਜ਼ਦ ਕੀਤੇ, ਦੀਪ ਸਿੱਧੂ, ਲੱਖਾ ਸਿਧਾਣਾ, ਬੀਰ ਸਿੰਘ , ਨਿਹੰਗ ਮੁਖੀ ਬਾਬਾ ਰਾਜਾਰਾਜ ਸਿੰਘ ਅਤੇ ਡਾ: ਸੁਖਪ੍ਰੀਤ ਸਿੰਘ ਉਦੋਕੇ।

ਇਸ ਤੋਂ ਇਲਾਵਾ ਮਨਧੀਰ ਸਿੰਘ ਨੇ ਇਕ ਹੋਰ ਕਮੇਟੀ ਦਾ ਐਲਾਨ ਕੀਤਾ ਜਿਸ ਵਿੱਚ ਵੀ ਪੰਜ ਮੈਂਬਰ ਸਨ ਅਤੇ ਇਸ ਕਮੇਟੀ ਦਾ ਕਾਰਜ ਪਹਿਲੀ ਬਣੀ ਪੰਜ ਮੈਂਬਰੀ ਕਮੇਟੀ ਨਾਲ ਸੰਯੁਕਤ ਮੋਰਚੇ ਦਾ ਆਗੂਆਂ ਦਾ ਰਾਬਤਾ ਕਾਇਮ ਕਰਵਾਉਣਾ ਸੀ। ਇਸ ਕਮੇਟੀ ਵਿੱਚ ਅਜੇਪਾਲ ਸਿੰਘ ਬਰਾੜ , ਦਵਿੰਦਰ ਸਿੰਘ ਸੇਖੋਂ , ਬਾਬਾ ਬਖ਼ਸ਼ੀਸ਼ ਸਿੰਘ , ਬਲਜਿੰਦਰ ਸਿੰਘ ਪਰਵਾਨਾ ਅਤੇ ਮਨਧੀਰ ਸਿੰਘ ਆਪ ਸ਼ਾਮਿਲ ਸਨ। ਪਹਿਲੀ ਬਣੀ ਕਮੇਟੀ ਨੂੰ ਮੰਚ ਸੌਂਪਣ ਉਪਰੰਤ ਦੂਜੀ ਕਮੇਟੀ ਆਗੂਆਂ ਨਾਲ ਰਾਬਤਾ ਕਾਇਮ ਕਰਨ ਵਾਸਤੇ ਜਾਣ ਲਈ ਤਿਆਰ ਸੀ ਅਤੇ ਜਾਣ ਤੋਂਂ ਪਹਿਲਾਂ ਮਨਧੀਰ ਸਿੰਘ ਨੇ ਮੰਚ ਤੋਂ ਹਜ਼ਾਰਾਂ ਦੇ ਇਕੱਠ ਨੂੰ ਭਾਵੁਕਤਾ ਨਾਲ ਸੰਬੋਧਿਤ ਹੁੰਦੇ ਕਿਹਾ ਕਿ ਅਸੀਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਲੈ ਕੇ ਆਵਾਂਗੇ ਤੁਸੀਂ ਇੰਤਜ਼ਾਰ ਕਰਨਾ , ਪਰ ਜੇ ਉਹ ਇੱਥੇ ਨਾ ਆਏ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜੋ ਠੀਕ ਲੱਗੇ ਫੈਸਲਾ ਲੈ ਲੈਣਾ।”

ਲੋਕਾਂ ਦੇ ਮਨ ਵਿੱਚ ਪੂਰੀ ਤਰ੍ਹਾਂ ਨਾਲ ਸੰਤੁਸ਼ਟੀ ਆ ਗਈ ਕਿ ਭਾਈ ਮਨਧੀਰ ਸਿੰਘ ਜੀ ਸ਼ਾਇਦ ਆਗੂਆਂ ਨੂੰ ਭਰੋਸੇ ਵਿੱਚ ਲੈ ਕੇ ਮੰਚ ਉੱਪਰ ਲੈ ਕੇ ਆਉਣਗੇ  ਅਤੇ ਅਸੀਂ ਸਾਰਿਆਂਂ ਨੇ ਦੀਪ ਸਿੱਧੂ ਸਮੇਤ ਮੰਚ ਉੱਪਰੋਂ ਲੋਕਾਂ ਨੂੰ ਸੰਬੋਧਿਤ ਹੋ ਕੇ ਸ਼ਾਂਤ ਕਰਨਾ ਸ਼ੁਰੂ ਕੀਤਾ। ਇਸ ਮੰਚ ਉਪਰੋਂ ਦੀਪ ਸਿੱਧੂ ਦੀ ਤਕਰੀਰ ਸੁਣੀ ਜਾ ਸਕਦੀ ਹੈ ਜਿਸ ਵਿੱਚ ਉਸ ਨੇ ਕਿਹਾ ਕਿ ਅਸੀਂ ਆਪਣਾ ਕੋਈ ਵੱਖਰਾ ਪ੍ਰੋਗਰਾਮ ਨਹੀਂ ਦੇਣਾ ਬਲਕਿ ਜੇ ਸੰਯੁਕਤ ਮੋਰਚੇ ਦੇ ਆਗੂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਪ੍ਰੋਗਰਾਮ ਦੇਣਗੇ ਤਾਂ ਅਸੀਂ ਮੋਰਚੇ ਦੇ ਪ੍ਰੋਗਰਾਮ ਦਾ ਸਮਰਥਨ ਕਰਾਂਗੇ।

ਕਰੀਬ ਦੋ ਘੰਟੇ ਸਟੇਜ ਚੱਲੀ ਅਤੇ ਅਸੀਂ ਨੌਜਵਾਨਾਂ ਨੂੰ ਸ਼ਾਂਤ ਕਰਦੇ ਰਹੇ ਅਤੇ ਨਾਲ ਹੀ ਆਗੂਆਂ ਨਾਲ ਗੱਲਬਾਤ ਕਰਨ ਗਈ ਪੰਜ ਮੈਂਬਰੀ ਦੇ ਸੰਪਰਕ ਵਿੱਚ ਰਹਿ ਰਹੇ ਸਾਂ। ਕੋਈ ਦੋ ਘੰਟੇ ਬਾਅਦ ਦਵਿੰਦਰ ਸੇਖੋਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਾਈਟ ਹਿੱਲ ਹੋਟਲ ਕੋਲ ਆ ਜਾਵੇ। ਲੱਖਾ ਸਿਧਾਣਾ ਜਦੋਂ ਕਮੇਟੀ ਦਾ ਐਲਾਨ ਕੀਤਾ ਤਾਂ ਉਸ ਮੌਕੇ ਮੰਚ ਉਪਰ ਨਹੀਂ ਸੀ ਪਰ ਫਿਰ ਵੀ ਉਸ ਨੂੰ ਫੋਨ ਉੱਪਰ ਸੂਚਿਤ ਕਰ ਦਿੱਤਾ ਗਿਆ ਕਿ ਉਹ ਆਗੂਆਂ ਨਾਲ ਹੋ ਰਹੀ ਮੀਟਿੰਗ ਵਿੱਚ ਹਿੱਸਾ ਲੈਣ ਆ ਜਾਵੇ। ਵੈਸੇ ਤਾਂ ਉਹ ਪੰਜ ਮੈਂਬਰੀ ਕਮੇਟੀ ਵਿੱਚ ਸ਼ਮੂਲੀਅਤ ਨਹੀਂ ਕਰਨਾ ਚਾਹੁੰਦਾ ਸੀ ਪਰ ਬਾਬਾ ਹਰਦੀਪ ਸਿੰਘ ਮਹਿਰਾਜ ਵਾਲਿਆਂ ਦੇ ਕਹਿਣ ਉੱਪਰ ਗੱਲਬਾਤ ਲਈ ਤਿਆਰ ਹੋ ਗਿਆ। ਲੱਖੇ ਦਾ ਸਾਡੇ ਨਾਲ ਫੋਨ ਉੱਪਰ ਸੰਪਰਕ ਸੀ ਪਰ ਉਹ ਰਾਤ ਸਾਡੇ ਨਾਲ ਨਹੀਂ ਸੀ।

ਸੰਯੁਕਤ ਮੋਰਚੇ ਦੇ ਆਗੂਆਂ ਨੇ ਪਹਿਲਾਂ ਵਾਈਟ ਹਿੱਲ ਹੋਟਲ ਬੁਲਾਇਆ।... ਫਿਰ ਕੇ.ਐਫ.ਸੀ  ਦੇ ਪਿੱਛੋਂ ਅਤੇ ਫਿਰ ਇਕ ਟਰਾਲੀ ਦੇ ਪਿੱਛੇ। ਜਦੋਂ ਟਰਾਲੀ ਦੇ ਪਿੱਛੇ ਗਏ ਤਾਂ ਇਕੱਲਾ ਬਲਦੇਵ ਸਿੰਘ ਸਿਰਸਾ ਸੀ ਅਤੇ ਉਸ ਨੇ ਕਿਹਾ ਕਿ ਮੈਂ ਡੇਢ ਘੰਟੇ ਬਾਅਦ ਤਹਾਨੂੰ ਜਗ੍ਹਾ ਦੱਸਾਂਗਾ ਤੁਸੀਂ ਉੱਥੇ ਆਕੇ ਆਗੂਆਂ ਨੂੰ ਮਿਲਣਾ। ਇਕ ਘੰਟੇ ਬਾਅਦ ਫਿਰ ਫੋਨ ਆ ਗਿਆ ਕਿ ਵਾਈਟ ਹਿੱਲ ਹੋਟਲ ਆ ਜਾਓ। ਹੁਣ ਤੱਕ ਰਾਤ ਦੇ ਢਾਈ ਵੱਜ ਚੁੱਕੇ ਸਨ। ਜਦੋਂ ਮੈਂ ਅਤੇ ਦੀਪ ਸਿੱਧੂ ਨੇ ਵਾਈਟ ਹਿੱਲ ਪਹੁੰਚ ਕੇ ਦਵਿੰਦਰ ਸੇਖੋਂ ਨੂੰ ਫੋਨ ਕੀਤਾ ਕਿ ਅਸੀਂ ਵਾਈਸ ਹਿੱਲ ਦੇ ਸਾਹਮਣੇ ਆ ਗਏ ਹਾਂ ਤਾਂ ਦਵਿੰਦਰ ਸੇਖੋਂ ਨੇ ਇਕਦਮ ਫੋਨ ਚੁੱਕਦਿਆਂ ਹੀ ਕਿਹਾ ਕਿ ਜਲਦੀ ਇਹ ਜਗ੍ਹਾ ਛੱਡ ਦਿਓ ਤੁਹਾਡੀ ਜਾਨ ਨੂੰ ਖਤਰਾ ਹੈ। ਸੰਯੁਕਤ ਮੋਰਚੇ ਦੇ ਵਲੰਟੀਅਰ (ਭਾੜੇ ਵਾਲੇ) ਤੁਹਾਡੇ ਗੱਲ ਪੈਣਗੇ। ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਵੀ ਇੱਧਰ ਨੂੰ ਤੁਰ ਪਿਆ ਸੀ ਪਰ ਉਹ ਬਾਬਾ ਹਰਦੀਪ ਸਿੰਘ ਮਹਿਰਾਜ ਨਾਲ ਇਕ ਟਰਾਲੀ ਵਿੱਚ ਉਸ ਵੇਲੇ ਰੁਕ ਗਿਆ ਜਿਥੇ ਦਵਿੰਦਰ ਸੇਖੋਂ ਨੇ ਉਸ ਨੂੰ ਰੋਕ ਲਿਆ। ਉਹ ਵੀ ਇੱਧਰ ਹੀ ਆਉਂਦਾ ਜੇਕਰ ਉਸ ਨੂੰ ਦਵਿੰਦਰ ਸੇਖੋਂ ਹੋਰੀਂ ਟਰਾਲੀ ਵਿੱਚ ਲੈ ਕੇ ਨਾ ਬੈਠਦੇ ।

ਦਰਅਸਲ ਉਸ ਵੇਲੇ ਮਹਿਸੂਸ ਹੋਇਆ ਕਿ ਸ਼ਾਇਦ ਇਹ ਸਾਨੂੰ ਖਤਮ ਕਰਨ ਦੀ ਵੱਡੀ ਸਾਜਿਸ਼ ਸੀ ਕਿ ਪਹਿਲਾਂ ਤਾਂ ਦੋ ਘੰਟੇ ਘੁਮਾਉਂਦੇ ਰਹੇ ਕਿ ਭੜਕੇ ਹੋਏ ਨੌਜਵਾਨ ਇੱਥੋਂ ਚਲੇ ਜਾਣ ਅਤੇ ਜਦੋਂ ਅਸੀਂ ਇਕੱਲੇ ਰਹਿ ਜਾਈਏ ਤਾਂ ਸਾਨੂੰ ਸੰਯੁਕਤ ਮੋਰਚੇ ਦੇ ਆਗੂਆਂ ਦੇ ਵਲੰਟੀਅਰ ਸੱਟਾਂ ਲਗਾਉਣ ਜਾਂ ਖਤਮ ਕਰ ਦੇਣ। ਪਰ ਦਵਿੰਦਰ ਸਿੰਘ ਸੇਖੋਂ ਦੀ ਮੌਕੇ ਉੱਪਰ ਦਿੱਤੀ ਸਾਨੂੰ ਸਹੀ ਜਾਣਕਾਰੀ ਕਰਕੇ ਇਹ ਸਭ ਉਸ ਰਾਤ ਸਿਰੇ ਨਾ ਚੜਿਆ।

ਹੁਣ ਇਹ ਤਾਂ ਸਪੱਸ਼ਟ ਹੋ ਚੁੱਕਾ ਸੀ ਕਿ ਸੰਯੁਕਤ ਮੋਰਚੇ ਦੇ ਆਗੂ ਜਿਥੇ ਸਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਉੱਥੇ ਨਾਲ ਹੀ ਸਾਡਾ ਨੁਕਸਾਨ ਕਰਨ ਦੀ ਵੱਡੀ ਬਾਜ਼ੀ ਖੇਡ ਰਹੇ ਸਨ ਅਤੇ ਇਸੇ ਚੱਕਰ ਵਿੱਚ ਫਸਾਉਣ ਲਈ ਸਾਡੇ ਕੋਲ ਬਲਦੇਵ ਸਿੰਘ ਸਿਰਸਾ ਭੇਜਿਆ ਗਿਆ ਸੀ।

ਇਸ ਸਾਰੀ ਸਾਜਿਸ਼ ਦਾ ਨਾਕਾਬ ਸ: ਦਵਿੰਦਰ ਸਿੰਘ ਸੇਖੋਂ ਦੀ ਮੁਸ਼ਤੈਦੀ ਕਰਕੇ ਲਹਿ ਗਿਆ ਅਤੇ ਦੀਪ ਸਿੱਧੂ ਨੇ ਫਿਰ ਉਹਨਾਂ ਸ਼ਬਦਾਂ ਅਨੁਸਾਰ ਹੀ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਜੋ ਸ਼ਬਦ ਸ: ਮਨਧੀਰ ਸਿੰਘ ਨੇ ਮੰਚ ਉੱਪਰੋਂ ਕਹੇ ਸਨ,

“ਅਸੀਂ ਸੰਯੁਕਤ ਮੋਰਚੇ ਦੇ ਆਗੂਆਂ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਲਈ ਇੱਥੇ ਲੈ ਕੇ ਆਵਾਂਗੇ ਤੁਸੀਂ ਇੰਤਜ਼ਾਰ ਕਰਨਾ, ਪਰ ਜੇ ਉਹ ਇੱਥੇ ਨਾ ਆਏ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜੋ ਠੀਕ ਲੱਗੇ ਫੈਸਲਾ ਲੈ ਲੈਣਾ।”