ਬਹੁਜਨ ਦੀ ਚੰਡੀਗੜ੍ਹ ਤੋਂ ਉਮੀਦਵਾਰ ਸਿੱਖ ਪਰਿਵਾਰ ਵਿਚੋਂ ਜੁਝਾਰੂ ਬੇਟੀ ਡਾਕਟਰ ਰਿਤੂ ਸਿੰਘ

ਬਹੁਜਨ ਦੀ ਚੰਡੀਗੜ੍ਹ ਤੋਂ  ਉਮੀਦਵਾਰ ਸਿੱਖ ਪਰਿਵਾਰ ਵਿਚੋਂ ਜੁਝਾਰੂ ਬੇਟੀ ਡਾਕਟਰ ਰਿਤੂ ਸਿੰਘ

ਕਿਸਾਨਾਂ ਤੇ ਦਬੇ ਕੁਚਲਿਆਂ ਲਈ ਰਹੀ ਸੰਘਰਸ਼ਸ਼ੀਲ

*ਕ੍ਰਾਂਤੀਕਾਰੀ ਸੋਚ ਕਾਰਣ ਦੌਲਤ ਰਾਮ ਕਾਲਜ ਵਿੱਚੋਂ ਐਡਹਾਕ ਲੈਕਚਰਾਰ ਵਜੋਂ ਹਟਾਇਆ ਗਿਆ

ਡਾਕਟਰ ਰਿਤੂ ਸਿੰਘ, ਜੋ ਦਿੱਲੀ ਯੂਨੀਵਰਸਿਟੀ ਦੇ ਦੌਲਤ ਰਾਮ ਕਾਲਜ ਵਿੱਚ ਐਡਹਾਕ ਮਨੋਵਿਗਿਆਨ ਦੀ ਲੈਕਚਰਾਰ ਸੀ, ਨੇ 2020 ਵਿੱਚ ਪ੍ਰਿੰਸੀਪਲ 'ਤੇ ਜਾਤੀ ਦੇ ਆਧਾਰ 'ਤੇ ਉਸ ਨੂੰ ਹਟਾਉਣ ਦਾ ਦੋਸ਼ ਲਾਇਆ ਸੀ। ਡਾਕਟਰ ਰੀਤੂ ਸਿੰਘ ਕਾਨੂੰਨੀ ਲੜਾਈ ਲੜੀ ਸੀ।  

ਬੀਤੇ ਦਿਨੀਂ ਬਸਪਾ ਨੇ ਲੋਕ ਸਭਾ ਚੋਣਾਂ 2024 ਲਈ ਚੰਡੀਗੜ੍ਹ ਤੋਂ ਮਹਿਲਾ ਸ਼ਕਤੀਕਰਨ ਵਿੱਚ ਭਰੋਸਾ ਪ੍ਰਗਟਾਉਂਦਿਆਂ ਦਿੱਲੀ ਦੀ ਸਾਬਕਾ ਪ੍ਰੋਫੈਸਰ ਡਾ. ਰਿਤੂ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ।ਚੰਡੀਗੜ੍ਹ ਤੋਂ ਬਸਪਾ ਉਮੀਦਵਾਰ ਡਾ. ਰਿਤੂ ਸਿੰਘ ਨੇ ਕਿਹਾ ਕਿ ਲੋਕ ਕਾਂਗਰਸ ਦਾ ਰਾਜ ਦੇਖ ਚੁੱਕੇ ਹਨ ਅਤੇ ਪਿਛਲੇ 10 ਸਾਲਾਂ ਵਿੱਚ ਭਾਜਪਾ ਦਾ ਵੀ। ਉਹ ਬਸਪਾ ਵਲੋਂ ਗਰੀਬ ਤੇ ਪੱਛੜੇ ਵਰਗ ਦੇ ਨਾਲ-ਨਾਲ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਿੱਖਿਆ, ਸਿਹਤ, ਕਲੋਨੀਆਂ ਵਿੱਚ ਮਾਲਕਾਨਾ ਹੱਕ ਅਤੇ ਸਟ੍ਰੀਟ ਵੈਂਡਰਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕਣਗੇ। ਇਸ ਤੋਂ ਇਲਾਵਾ ਕਿਸਾਨਾਂ-ਮਜ਼ਦੂਰਾਂ, ਔਰਤਾਂ ਦੀ ਸੁਰੱਖਿਆ, ਮਹਿੰਗਾਈ, ਬੇਰੁਜ਼ਗਾਰੀ ਦੇ ਮੁੱਦਿਆਂ ’ਤੇ ਆਪਣੀ ਆਵਾਜ਼ ਬੁਲੰਦ ਕਰਨਗੇ।

ਜ਼ਿਕਰਯੋਗ ਹੈ ਕਿ ਰੀਤੂ ਸਿੰਘ ਭਾਰਤੀ ਦਲਿਤ ਅਧਿਕਾਰ ਕਾਰਕੁਨ ਹੈ । ਉਹ ਯੂਨੀਵਰਸਿਟੀ ਵਿਚ ਐਡਹਾਕ ਲੈਕਚਰਾਰ ਰਹਿ ਚੁਕੀ ਹੈ। ਦਿੱਲੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਤੋਂ ਆਪਣੀ ਪੀਐਚਡੀ ਪੂਰੀ ਕਰਨ ਦੇ ਇੱਕ ਮਹੀਨੇ ਬਾਅਦ, ਦੌਲਤ ਰਾਮ ਕਾਲਜ ਵਿੱਚ ਐਸਸੀ ਸ਼੍ਰੇਣੀ ਵਿੱਚ ਇੱਕ ਐਡਹਾਕ ਅਸਾਮੀ ਆਈ, ਜਿਸ ਲਈ ਉਸਨੇ ਅਪਲਾਈ ਕੀਤਾ ਸੀ ਅਤੇ ਸਿਲੈਕਸ਼ਨ ਹੋਣ ਤੋਂ ਬਾਅਦ, ਉਸਨੇ ਸਹਾਇਕ ਪ੍ਰੋਫੈਸਰ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਅਗਸਤ 2019 ਤੋਂ ਅਗਸਤ 2020 ਤੱਕ, ਉਸਨੇ ਕਾਲਜ ਵਿੱਚ ਪੜ੍ਹਾਇਆ ਸੀ। ਪਰ 2020 ਵਿੱਚ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਸੀ। ਰੀਤੂ ਸਿੰਘ ਦਾ ਦੋਸ਼ ਹੈ ਕਿ ਉਸ ਨੂੰ ਜਾਤੀ ਦੇ ਆਧਾਰ 'ਤੇ ਹਟਾਇਆ ਗਿਆ ਸੀ। ਇਕ ਸਾਲ (2019 ਤੋਂ 2020) ਦੌਰਾਨ ਜਦੋਂ ਉਹ ਕਾਲਜ ਵਿਚ ਪੜ੍ਹਾਉਂਦੀ ਸੀ ਤਾਂ ਕਾਲਜ ਦੀ ਪ੍ਰਿੰਸੀਪਲ ਡਾ. ਸਵਿਤਾ ਰਾਏ ਨੇ ਉਸ ਨਾਲ ਜਾਤੀ ਦੇ ਆਧਾਰ 'ਤੇ ਵਿਤਕਰਾ ਕਰਦੀ ਰਹੀ ਸੀ। ਡਾ: ਰੀਤੂ ਸਿੰਘ ਨੇ ਖੁਦ ਦਸਿਆ ਕਿ ਮੈਂ ਪਰੇਸ਼ਾਨ ਹੋ ਕੇ ਕਾਲਜ ਦੇ ਬਾਹਰ ਧਰਨੇ 'ਤੇ ਬੈਠ ਗਈ। ਮੇਰੇ ਕੋਲ ਕੋਈ ਬਦਲ ਨਹੀਂ ਬਚਿਆ, ਕੋਈ ਕਿੰਨਾ ਕੁ ਬਰਦਾਸ਼ਤ ਕਰ ਸਕਦਾ ਹੈ ?

ਰਿਤੂ ਸਿੰਘ ਨੇ ਇਸ ਕਾਰਣ ਰੋਸ ਵਜੋਂ ਕਾਲਜ ਦੇ ਬਾਹਰ ਧਰਨਾ ਦਿੱਤਾ ਸੀ ਜੋ ਕਿ ਦਸ ਦਿਨਾਂ ਤੋਂ ਵੱਧ ਸਮਾਂ ਚੱਲਿਆ। ਰਿਤੂ ਸਿੰਘ ਦੇ ਅੰਦੋਲਨ ਵਿਚ ਨਿਹੰਗ ਸਿੰਘ ਜਥੇਬੰਦੀਆਂ ,ਦਿਲੀ ਦੀਆਂ ਸੰਗਤਾਂ, ਦਲਿਤ ਭਾਈਚਾਰੇ ਨੇ ਸਾਥ ਦਿਤਾ ਸੀ।ਪਰ ਕੋਵਿਡ ਦਿਸ਼ਾ-ਨਿਰਦੇਸ਼ਾਂ ਕਾਰਨ ਉਸ ਨੂੰ ਵਿਰੋਧ ਛੱਡਣਾ ਪਿਆ ਸੀ। ਉਸ ਤੋਂ ਬਾਅਦ ਕਾਨੂੰਨੀ ਲੜਾਈ ਲੜੀ। 

ਰਿਤੁ ਸਿੰਘ ਨੇ ਕਿਹਾ ਸੀ ਕਿ ਜਾਤੀਗਤ ਕਤਲ ਪਹਿਲਾਂ ਹੀ ਹੋ ਰਹੇ ਸਨ। ਰੋਹਿਤ ਵੇਮੁਲਾ, ਪਾਇਲ ਤਡਵੀ ਵਰਗੇ ਮਾਮਲੇ ਗਵਾਹ ਹਨ। ਡਾਕਟਰ ਰਿਤੂ ਸਿੰਘ ਦਾ ਕਹਿਣਾ ਹੈ ਕਿ ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਅਦਾਲਤ ਵੱਲੋਂ ਪ੍ਰਿੰਸੀਪਲ ਨੂੰ ਸਖ਼ਤ ਸਵਾਲ ਕੀਤੇ ਗਏ ਸਨ। ਪਰ ਇਸ ਦੌਰਾਨ ਪ੍ਰਿੰਸੀਪਲ ਵੱਲੋਂ ਅਦਾਲਤ ਵਿੱਚ ਇੱਕ ਪੱਤਰ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਵਿਦਿਆਰਥੀ ਡਾ: ਰੀਤੂ ਸਿੰਘ ਤੋਂ ਨਾਖੁਸ਼ ਹਨ। ਉਹ ਕਲਾਸ ਵਿੱਚ ਪੜ੍ਹਾਉਣ ਦੀ ਥਾਂ ਭੜਕਾਊ ਭਾਸ਼ਣ ਦਿੰਦੀ ਹੈ।

 ਇਹ ਮਾਮਲਾ ਹਾਈ ਕੋਰਟ ਦੇ ਨਾਲ-ਨਾਲ ਐਸਸੀ ਕਮਿਸ਼ਨ ਕੋਲ ਵੀ ਗਿਆ। ਪ੍ਰਿੰਸੀਪਲ ਨੇ ਐਸਸੀ ਕਮਿਸ਼ਨ ਨੂੰ 35 ਬੱਚਿਆਂ ਦੇ ਦਸਤਖਤ ਵਾਲਾ ਝੂਠੀ ਸ਼ਿਕਾਇਤ ਦੇ ਰੂਪ ਵਿਚ ਪੱਤਰ ਵੀ ਸੌਂਪਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਵਿਦਿਆਰਥੀ ਖੁਸ਼ ਨਹੀਂ ਹਨ। ਜਦੋਂ ਕਿ ਬਾਅਦ ਵਿੱਚ ਕੀਤੀ ਗਈ ਜਾਂਚ ਵਿੱਚ ਸਾਹਮਣੇ ਆਇਆ ਕਿ ਡਾ: ਰੀਤੂ ਸਿੰਘ ਨੇ ਕਦੇ ਵੀ 35 ਵਿਦਿਆਰਥੀਆਂ ਨੂੰ ਪੜ੍ਹਾਇਆ ਹੀ ਨਹੀਂ ਸੀ, ਜਿਨ੍ਹਾਂ ਦੇ ਦਸਤਖਤ ਪੱਤਰ ਪੇਸ਼ ਕੀਤੇ ਗਏ ਸਨ। ਰਿਤੂ ਦਾ ਕਹਿਣਾ ਸੀ ਕਿ ਜਦੋਂ ਜਾਂਚ ਅਧਿਕਾਰੀ ਨੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਪੂਰੇ ਕਾਲਜ ਵੀਚ ਉਹ 35 ਵਿਦਿਆਰਥੀ ਨਹੀਂ ਮਿਲੇ, ਜਿਨ੍ਹਾਂ ਨੂੰ ਮੇਰੇ ਵੱਲੋਂ ਪੜ੍ਹਾਇਆ ਗਿਆ ਸੀ ਅਤੇ ਫਿਰ ਇਸ ਮਾਮਲੇ ਵਿਚ ਚਾਰਜਸ਼ੀਟ ਤਿਆਰ ਕੀਤੀ ਗਈ।

ਪਰ ਪ੍ਰਿੰਸੀਪਲ ਵਿਰੁੱਧ ਕਾਰਵਾਈ ਕਰਨਾ ਤਾਂ ਦੂਰ ਦੀ ਗਲ ਸੀ, ਇਸ ਦੇ ਉਲਟ ਡਾ: ਸਵਿਤਾ ਰਾਏ ਪ੍ਰਿੰਸੀਪਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਬਣਾ ਦਿਤੀ ਗਈ।

ਡਾ: ਰੀਤੂ ਸਿੰਘ 2020 ਤੋਂ ਅਦਾਲਤ ਦੇ ਚੱਕਰ ਲਗਾਏ ਸੀ।ਉਹ ਆਖਦੀ ਹੈ ਕਿ ਉਸਨੂੰ ਐਸਸੀ, ਐਸਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਵਿੱਚ ਇੱਕ ਸਾਲ ਲੱਗ ਗਿਆ। ਸਾਡੇ ਲਈ ਇਨਸਾਫ਼ ਪ੍ਰਾਪਤ ਕਰਨਾ ਇੰਨਾ ਆਸਾਨ ਨਹੀਂ ਹੈ। ਮੈਨੂੰ ਗੈਰ-ਕਾਨੂੰਨੀ ਢੰਗ ਨਾਲ ਕੱਢਿਆ ਗਿਆ ਸੀ (ਗੈਰ-ਕਾਨੂੰਨੀ ਸਮਾਪਤੀ)। ਮੇਰੇ ਨਾਲ ਜਾਤੀ ਆਧਾਰਿਤ ਵਿਹਾਰ ਕੀਤਾ ਗਿਆ। ਮੇਰੀ ਐਫਆਈਆਰ ਦਰਜ ਨਹੀਂ ਕੀਤੀ ਗਈ। ਮੈਂ ਵੀਸੀ ਨੂੰ ਲਿਖਿਆ ਅਤੇ ਯੂਨੀਵਰਸਿਟੀ ਨੂੰ ਲਿਖਿਆ ਕਿ ਮੈਨੂੰ ਇਨਸਾਫ਼ ਦਿਵਾਇਆ ਜਾਵੇ। ਪਰ ਮੇਰੀ ਗੱਲ ਨਹੀਂ ਸੁਣੀ ਗਈ। ਸਾਡੇ ਦਬੇ ਕੁਚਲੇ ਸਮਾਜ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ। ਇਸ ਲਈ ਮੈਂ ਫੈਸਲਾ ਕੀਤਾ ਕਿ ਸੰਘਰਸ਼ ਕਰਾਂਗੀ।ਰੀਤੂ ਸਿੰਘ ਦਾ ਕਹਿਣਾ ਹੈ ਕਿ ਮੈਂ ਆਪਣੇ ਕੌਮ ਤੇ ਸਮਾਜ ਨੂੰ ਕਿਹਾ ਹੈ ਕਿ ਮੈਨੂੰ ਇਨਸਾਫ ਚਾਹੀਦਾ ਹੈ। ਮੈਂ ਆਪਣੇ ਭਾਈਚਾਰੇ ਨੂੰ ਇੱਕ ਹੀ ਬੇਨਤੀ ਕੀਤੀ ਸੀ ਕਿ ਜੇਕਰ ਤੁਸੀਂ ਮੇਰੀ ਤਸਵੀਰ ਰੋਹਿਤ ਅਤੇ ਪਾਇਲ ਨਾਲ ਨਹੀਂ ਦੇਖਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰਾ ਸਾਥ ਦਿਓ। ਉਸਨੇ ਦਸਿਆ ਕਿ ਧਰਨੇ ਤੋਂ ਦਿਲੀ ਪੁਲਿਸ ਨੇ ਜਬਰੀ ਉਠਾਇਆ।

ਡਾਕਟਰ ਰਿਤੂ ਸਿੰਘ ਨੇ ਕਿਸਾਨੀ ਸੰਘਰਸ਼ ਦਾ ਦਿਲੀ ਵਿਖੇ ਸਿੰਧੂ ਬਾਰਡਰ ਉਪਰ ਸਮਰਥਨ ਕੀਤਾ ਸੀ। ਉਸਦਾ ਕਹਿਣਾ ਸੀ ਕਿ ਕਿਸਾਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਜਗਾਇਆ ਹੈ ਜੋ ਸੁੱਤੇ ਪਏ ਸਨ," ਡਾਕਟਰ ਰਿਤੂ ਸਿੰਘ ਅਨੁਸਾਰ ਕਿਸਾਨਾਂ ਨੇ ਉਨ੍ਹਾਂ ਲੋਕਾਂ ਨੂੰ ਜਗਾਇਆ ਹੈ ਜਿਨ੍ਹਾਂ ਨੇ ਕਦੇ ਨਹੀਂ ਸੋਚਿਆ ਕਿ ਅਸੀਂ ਕੀ ਖਾਂਦੇ ਹਾਂ ਅਤੇ ਸਾਡੀ ਪਲੇਟ ਵਿੱਚ ਕੀ ਹੈ।ਉਸਦਾ ਕਹਿਣਾ ਹੈ ਕਿ ਸਾਡੇ ਸਾਰਿਆਂ ਦਾ ਢਿੱਡ ਭਰਨ ਲਈ ਕਿਸਾਨ ਹਰ ਰੋਜ਼ ਆਪਣੇ ਖੇਤਾਂ ਵਿੱਚ ਇੰਨੀ ਸਖ਼ਤ ਮਿਹਨਤ ਕਰਦੇ ਹਨ।ਉਸਦਾ ਕਹਿਣਾ ਸੀ ਕਿ ਭਾਰਤ ਦੇ 1.3 ਬਿਲੀਅਨ ਲੋਕਾਂ ਵਿੱਚੋਂ ਲਗਭਗ 58% ਆਪਣੀ ਆਮਦਨ ਦੇ ਮੁੱਖ ਸਰੋਤ ਵਜੋਂ ਖੇਤੀਬਾੜੀ 'ਤੇ ਨਿਰਭਰ ਹਨ, ਅਤੇ ਕਿਸਾਨ ਭਾਰਤ ਵਿੱਚ ਇੱਕ ਵੱਡਾ ਵੋਟਰ ਸਮੂਹ ਬਣਾਉਂਦੇ ਹਨ, ਜੋ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਖੇਤੀ ਨੂੰ ਇੱਕ ਕੇਂਦਰੀ ਰਾਜਨੀਤਿਕ ਮੁੱਦਾ ਬਣਾਉਂਦਾ ਹੈ।

ਡਾ: ਰੀਤੂ ਸਾਰੀ ਉਮਰ ਕਿਸਾਨਾਂ ਨਾਲ ਜੁੜੀ ਰਹੀ ਹੈ। ਉਹ ਤਰਨਤਾਰਨ ਸਾਹਿਬ, ਪੰਜਾਬ ਵਿੱਚ ਇੱਕ ਕਿਸਾਨ ਪਰਿਵਾਰ ਅਤੇ ਕਿਸਾਨ ਭਾਈਚਾਰੇ ਨਾਲ ਸਬੰਧਤ ਹੈ। ਇਹਨਾਂ ਨਿੱਜੀ ਜੜ੍ਹਾਂ ਨੇ ਉਸਨੂੰ ਕਿਸਾਨ ਵਿਰੋਧ ਪ੍ਰਦਰਸ਼ਨਾਂ ਵੱਲ ਖਿੱਚਿਆ ਕਿਉਂਕਿ ਉਹ ਨਵੰਬਰ ਵਿੱਚ ਭਾਰਤ ਦੀ ਰਾਜਧਾਨੀ ਵਿੱਚ ਫੈਲ ਗਏ ਸਨ।ਡਾ. ਰਿਤੂ ਦਾ ਜਨਮ ਸਿੱਖ ਧਰਮ ਵਿੱਚ ਹੋਇਆ ਹੈ, ਜੋ ਲਿੰਗ ਸਮਾਨਤਾ ਸਾਂਝੀਵਾਲਤਾ ਤੇ ਦਲਿਤ ,ਕਿਰਤੀ ਉਥਾਨ ਦੀ ਵਕਾਲਤ ਕਰਦਾ ਹੈ।