ਭਗਵੇਂਵਾਦੀਆਂ ਵਲੋਂ ਗੁਜਰਾਤ ਯੂਨੀਵਰਸਿਟੀ ਵਿਚ ਨਮਾਜ਼ ਅਦਾ ਕਰਦੇ ਕੌਮਾਂਤਰੀ ਵਿਦਿਆਰਥੀਆਂ ’ਤੇ ਹਮਲਾ
ਪੁਲੀਸ ਵਲੋਂ ਦੋ ਵਿਅਕਤੀ ਗ੍ਰਿਫ਼ਤਾਰ ਤੇ ਹੋਰਨਾਂ ਹਮਲਾਵਰਾਂ ਦੀ ਭਾਲ
ਵਿਦੇਸ਼ ਮੰਤਰਾਲੇ ਦਾ ਦਾਅਵਾ ਗੁਜਰਾਤ ਸਰਕਾਰ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਅਹਿਮਦਾਬਾਦ-ਇਥੇ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਵਿਚ ਨਮਾਜ਼ ਅਦਾ ਕਰ ਰਹੇ ਕੌਮਾਂਤਰੀ ਵਿਦਿਆਰਥੀਆਂ ’ਤੇ ਕੁਝ ਵਿਅਕਤੀਆਂ ਦੇ ਸਮੂਹ ਨੇ ਕਥਿਤ ਹਮਲਾ ਕਰ ਦਿੱਤਾ। ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਹੋਰਨਾਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਹੋੋਸਟਲ ਦੇ ਏ-ਬਲਾਕ ਵਿਚ ਵਾਪਰੀ ਇਸ ਘਟਨਾ ਮਗਰੋਂ ਸ੍ਰੀਲੰਕਾ ਤੇ ਤਾਜਿਕਿਸਤਾਨ ਨਾਲ ਸਬੰਧਤ ਦੋ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਕਮਿਸ਼ਨਰ ਜੀ.ਐੱਸ.ਮਲਿਕ ਨੇ ਕਿਹਾ ਕਿ 20 ਤੋਂ 25 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਘਟਨਾ ਦੀ ਜਾਂਚ ਲਈ ਨੌਂ ਟੀਮਾਂ ਬਣਾਈਆਂ ਗਈਆਂ ਹਨ। ਡੀਸੀਪੀ (ਜ਼ੋਨ 7) ਤਰੁਣ ਦੁੱਗਲ ਨੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਹਿਤੇਸ਼ ਮੇਵਾਦਾ ਤੇ ਭਰਤ ਪਟੇਲ ਵਜੋਂ ਦੱਸੀ ਹੈ। ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਪੁਲੀਸ ਅਧਿਕਾਰੀਆਂ ਨਾਲ ਬੈਠਕ ਕਰਕੇ ਇਸ ਮੁੱਦੇ ’ਤੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਪੁਲੀਸ ਕਮਿਸ਼ਨਰ ਨੇ ਕਿਹਾ, ‘‘20 ਤੋਂ 25 ਦੇ ਕਰੀਬ ਲੋਕ ਹੋਸਟਲ ਵਿਚ ਵੜ ਆਏ ਤੇ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਹੋਸਟਲ ਵਿਚ ਨਮਾਜ਼ ਅਦਾ ਕਰਨ ’ਤੇ ਇਤਰਾਜ਼ ਜਤਾਉਂਦਿਆਂ ਇਹ ਕੰਮ ਮਸਜਿਦ ਵਿਚ ਕਰਨ ਲਈ ਕਿਹਾ। ਉਹ ਮਸਲੇ ਨੂੰ ਲੈ ਕੇ ਬਹਿਸੇ ਤੇ ਵਿਦਿਆਰਥੀਆਂ ’ਤੇ ਹਮਲਾ ਕੀਤਾ ਤੇ ਪੱਥਰ ਵੀ ਵਰ੍ਹਾਏ। ਉਨ੍ਹਾਂ ਵਿਦਿਆਰਥੀਆਂ ਦੇ ਕਮਰਿਆਂ ਦੀ ਭੰਨਤੋੜ ਵੀ ਕੀਤੀ।’’ ਮਲਿਕ ਨੇ ਕਿਹਾ, ‘‘ਇਸ ਘਟਨਾ ਵਿਚ ਸ਼ਾਮਲ ਸਾਰੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੋਸਟਲ ਦੇ ਏ-ਬਲਾਕ ਜਿੱਥੇ ਇਹ ਘਟਨਾ ਵਾਪਰੀ ਵਿਚ 75 ਦੇ ਕਰੀਬ ਕੌਮਾਂਤਰੀ ਵਿਦਿਆਰਥੀ ਰਹਿੰਦੇ ਹਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗੁਜਰਾਤ ਸਰਕਾਰ ਅਹਿਮਦਾਬਾਦ ਦੀ ਯੂਨੀਵਰਸਿਟੀ ਵਿਚ ਹਿੰਸਾ ਫੈਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਐੱਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਹਿੰਸਾ ਵਿਚ ਜ਼ਖ਼ਮੀ ਹੋਏ ਦੋ ਵਿਦੇਸ਼ੀ ਵਿਦਿਆਰਥੀਆਂ ਵਿਚੋਂ ਇਕ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ ਹੈ। ਜੈਸਵਾਲ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਗੁਜਰਾਤ ਸਰਕਾਰ ਦੇ ਸੰਪਰਕ ਵਿਚ ਹਨ। -
Comments (0)