ਸ਼ਹੀਦੀ ਦਿਹਾੜੇ 'ਤੇ ਯਾਦ ਕਰਦਿਆਂ: ਸਿੱਖ ਜਰਨੈਲ ਸਿਰਦਾਰ ਹਰੀ ਸਿੰਘ ਨਲੂਏ ਦਾ ਅਖੀਰਲਾ ਸਮਾਂ

ਸ਼ਹੀਦੀ ਦਿਹਾੜੇ 'ਤੇ ਯਾਦ ਕਰਦਿਆਂ: ਸਿੱਖ ਜਰਨੈਲ ਸਿਰਦਾਰ ਹਰੀ ਸਿੰਘ ਨਲੂਏ ਦਾ ਅਖੀਰਲਾ ਸਮਾਂ
ਮਹਾਨ ਸਿੱਖ ਜਰਨੈਲ ਸਿਰਦਾਰ ਹਰੀ ਸਿੰਘ ਨਲੂਏ ਦਾ ਚਿੱਤਰ

ਜਮਰੌਦ ਦਾ ਮੈਦਾਨ ਜੰਗ
ਹੁਣ 6000 ਪੈਦਲ ਤੇ 1000 ਸਵਾਰ, 18 ਤੋਪਾਂ ਤੇ ਕੁੱਝ ਖੁੱਲ੍ਹੇ ਸਵਾਰ ਨਾਲ ਲੈ ਕੇ ਸਰਦਾਰ ਹਰੀ ਸਿੰਘ ਨੇ 30 ਅਪ੍ਰੈਲ ਨੂੰ ਮੈਦਾਨ ਵਿੱਚ ਪਹੁੰਚ ਕੇ ਅਫਗਾਨਾਂ ਪਰ ਬੜਾ ਕਰੜਾ ਹੱਲਾ ਬੋਲ ਦਿੱਤਾ। ਅਫਗਾਨਾਂ ਨੂੰ ਜਦ ਤੱਕ ਇਸ ਗੱਲ ਦਾ ਪਤਾ ਨਹੀਂ ਸੀ ਲੱਗਾ ਕਿ ਹੱਲਾ ਕਰਨ ਵਾਲਾ ਨਲੂਆ ਸਰਦਾਰ ਤੈ ਤੱਦ ਤੱਕ ਉਹ ਇਸ ਹੱਲੇ ਨੂੰ ਬੜੇ ਜੋਸ਼ ਨਾਲ ਰੋਕਦੇ ਰਹੇ, ਪਰ ਜਦ ਵੈਰੀ ਨੂੰ ਇਕਇੱਕ ਇਹ ਮਲੂਮ ਹੋ ਗਿਆ ਕਿ ਇਸ ਫੌਜ ਵਿੱਚ ਸਰਦਾਰ ਹਰੀ ਸਿੰਘ ਨਲੂਆ ਆਪ ਮੋਜੂਦ ਹੈ, ਫਿਰ ਤਾਂ ਸਭ ਦੇ ਹੌਂਸਲੇ ਢਿੱਲੇ ਹੋ ਗਏ ਤੇ ਲੱਗੇ ਹੁਣ ਉਨ੍ਹਾਂ ਦੇ ਪੈਰ ਪਿੱਛੇ ਨੂੰ ਪੈਣ। ਇਸ ਸਮੇਂ ਸਰਦਾਰ ਜੀ ਨੇ ਆਪਣੀ ਫੌਜ ਨੂੰ ਹੋਰ ਅੱਗੇ ਵਧਾਇਆ ਤੇ ਵੈਰੀ ਦੀ ਫੌਜ ਨੂੰ ਇਸ ਤਰ੍ਹਾਂ ਅੱਗੇ ਧਰ ਲਿਆ ਜਿਸ ਤਰ੍ਹਾਂ ਹੜ ਅੱਗੇ ਕੱਖਕਾਨ ਰੁੜ੍ਹ ਜਾਂਦੇ ਹਨ।(1) ਹੁਣ ਅਫ਼ਗਾਨਾਂ ਵਿਚ ਪੂਰੀ ਭਾਜੜ ਪੈ ਗਈ ਤੇ ਹਰ ਇੱਕ ਅਫ਼ਗਾਨ ਨੇ ਮੈਦਾਨ ਤੋਂ ਇਕ ਦੂਜੇ ਨਾਲੋਂ ਅੱਗੇ ਨੱਸ ਕੇ ਆਪਣੀ ਜਾਨ ਦੀ ਸਲਾਮਤੀ ਦਰਾ ਖੈਬਰ ਦੇ ਅੰਦਰ ਜਾਣ ਵਿਚ ਸਮਝੀ। ਇਸ ਸਮੇਂ ਸ੍ਰ:ਹਰੀ ਸਿੰਘ ਨੇ ਵੈਰੀਆਂ ਤੋਂ 14 ਤੋਪਾਂ ਖੋਹ ਲਈਆਂ, ਜਿਨ੍ਹਾਂ ਵਿਚ ਪ੍ਰਸਿੱਧ ਅਫ਼ਗਾਨੀ ਤੋਪ 'ਕੋਹ ਸ਼ਕਨ' (ਪਹਾੜ ਤੋੜ) ਵੀ ਸੀ। ਹੁਣ ਜਦ ਅਫ਼ਗਾਨੀ ਫੌਜ ਮੈਦਾਨ ਖਾਲਸੇ ਦੇ ਹੱਥ ਛੱਡ ਕੇ ਦਰਾ ਖੈਬਰ ਵਿਚ ਨੱਸ ਵੜੀ ਤਦ ਨਲੂਏ ਸਰਦਾਰ ਦੀ ਆਪਣੀ ਇੱਛਾ ਇਹ ਸੀ ਕਿ ਭੱਜੀ ਜਾਂਦੀ ਵੈਰੀ ਦੀ ਫੌਜ ਦੇ ਦਰੇ ਅੰਦਰ ਜਾ ਕੇ ਪਿੱਛਾ ਨਾ ਕੀਤਾ ਜਾਏ, ਸਗੋਂ ਆਪਣੀ ਸਾਰੇ ਦਿਨ ਦੀ ਥੱਕੀ ਹੋਈ ਫੌਜ ਨੂੰ ਕਿਲ੍ਹਾ ਜਮਰੌਦ ਦੇ ਕੈਂਪ ਵਿਚ ਪਹੁੰਚ ਕੇ ਆਰਾਮ ਦਿੱਤਾ ਜਾਏ। 

ਨਲੂਏ ਸਰਦਾਰ ਦਾ ਜ਼ਖਮੀ ਹੋਣਾ
ਇਸ ਸਮੇਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਫਤਹਯਾਬੀ ਦੇ ਜੋਸ਼ ਵਿਚ ਵੈਰੀਆਂ ਨੂੰ ਦਬਾਉਂਦਾ ਹੋਇਆ ਦੂਰ ਤੱਕ ਦਰੇ ਦੇ ਅੰਦਰ ਚਲਾ ਗਿਆ। ਸਰਦਾਰ ਹਰੀ ਸਿੰਘ ਨੇ ਜਦ ਪੰਜ ਹੱਥੇ ਸਰਦਾਰ ਨੂੰ ਆਪਣੀ ਥੋੜੀ ਜਿਹੀ ਫੌਜ ਨਾਲ ਦਰੇ ਦੇ ਅੰਦਰ ਜਾਂਦਾ ਡਿੱਠਾ ਤਾਂ ਆਪ, ਸਣੇ ਆਪਣੇ ਦਸਤੇ ਦੇ ਉਸਦੀ ਮਦਦ ਲਈ ਦਰੇ ਦੇ ਅੰਦਰ ਚਲੇ ਗਏ, ਤਾਂ ਕਿ ਸਰਦਾਰ ਨਿਧਾਨ ਸਿੰਘ ਨੂੰ ਵਾਪਸ ਲੈ ਆਉਣ।

ਪੁਰਾਤਨ ਸਮੇਂ ਵਿੱਚ ਜਮਰੌਦ ਦੇ ਕਿਲ੍ਹੇ ਦੀ ਤਸਵੀਰ

ਸਰਦਾਰ ਹਰੀ ਸਿੰਘ ਇਸ ਸਮੇਂ ਦਰੇ ਦੇ ਉਸ ਹਿੱਸੇ ਵਿਚ ਸੀ, ਜਿਸ ਨੂੰ 'ਸੂਰਕਮਰ' (2) ਕਹਿੰਦੇ ਹਨ। ਇਸ ਚਟਾਨ ਵਿਚ ਇਕ ਗੁਫਾ ਸੀ, ਜਿਸ ਵਿਚ ਮੈਦਾਨ ਤੋਂ ਨੱਸੇ ਹੋਏ ਗਾਜ਼ੀ ਲੁਕੇ ਬੈਠੇ ਸਨ। ਜਦ ਇਨ੍ਹਾਂ ਦਾ ਪਤਾ ਲੱਗਾ ਤਾਂ ਸਰਦਾਰ ਜੀ ਬਾਡੀ ਗਾਰਡ ਦੇ ਕੂਮੇਦਾਨ ਸਰਦਾਰ ਅਜਾਇਬ ਸਿੰਘ ਰੰਧਾਵਾ ਗੁਫਾ ਵੱਲ ਅੱਗੇ ਵਧਿਆ ਤਾਂ ਇਸ ਪਰ ਇੱਕ ਗਾਜ਼ੀ ਨੇ ਗੋਲੀ ਚਲਾਈ, ਜਿਸ ਨਾਲ ਉਹ ਉੱਥੇ ਹੀ ਚੜ੍ਹਾਈ ਕਰ ਗਿਆ। ਇਸ ਸਮੇਂ ਸਰਦਾਰ ਹਰੀ ਸਿੰਘ ਨੇ ਆਪਣਾ ਘੋੜਾ ਅੱਗੇ ਕੀਤਾ ਤਾਂ ਮੁੜ ਗੁਫਾ ਵਿੱਚੋਂ ਗੋਲੀਆਂ ਚੱਲੀਆਂ, ਜਿਨ੍ਹਾਂ ਵਿੱਚੋਂ ਦੋ ਨਲੂਏ ਸਰਦਾਰ ਨੂੰ ਲੱਗੀਆਂ। ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਗੁਫ਼ਾ ਨੂੰ ਘੇਰ ਲਿਆ ਅਤੇ ਅੰਦਰ ਲੁਕੇ ਹੋਏ ਵੈਰੀਆਂ ਨੂੰ ਫੜ ਕੇ ਬਾਹਰ ਕੱਢਿਆ ਤੇ ਉਨ੍ਹਾਂ ਦੇ ਡੱਕਰੇ ਉਡਾ ਦਿੱਤੇ, ਪਰ ਜਿਹੜਾ ਕਾਰਾ ਵਰਤਣਾ ਸੀ ਉਹ ਵਰਤ ਚੁੱਕਾ ਸੀ, ਉਸ ਦਾ ਬਦਲਾ ਇਸ ਤਰ੍ਹਾਂ ਹਜ਼ਾਰਾਂ ਕਾਤਲਾਂ ਦੀ ਭੇਟਾ ਨਹੀਂ ਸੀ ਪੂਰਾ ਹੋ ਸਕਦਾ।

ਸ: ਹਰੀ ਸਿੰਘ ਦੀ ਸ਼ਹੀਦੀ
ਸਰਦਾਰ ਹਰੀ ਸਿੰਘ ਜੀ ਨੇ ਫੱਟੜ ਹੁੰਦਿਆਂ ਹੀ ਬੜੇ ਹੌਂਸਲੇ ਨਾਲ ਆਪਣੇ ਘੋੜੇ ਦੀਆਂ ਵਾਗਾਂ ਕਿਲ੍ਹਾ ਜਮਰੌਦ ਵੱਲ ਪਰਤਾ ਲਈਆਂ ਤੇ ਘੋੜੇ ਨੂੰ ਅੱਡੀ ਲਾ ਕੇ ਸਿੱਧੇ ਕਿਲ੍ਹੇ ਵਿਚ ਪਹੁੰਚ ਗਏ। ਇੱਥੇ ਆਪ ਨੇ ਸਰਦਾਰ ਮਹਾਂ ਸਿੰਘ ਨੂੰ ਘੋੜੇ ਤੋਂ ਲੁਹਾਉਣ ਲਈ ਆਖਿਆ। ਆਪ ਨੇ ਕੁਝ ਹੋਰ ਜਵਾਨਾਂ ਦੀ ਸਹਾਇਤਾ ਨਾਲ ਸਰਦਾਰ ਜੀ ਨੂੰ ਅਡੋਲ ਘੋੜੇ ਤੋਂ ਲਾਹਿਆ, ਪਰ ਜਦ ਸਰਦਾਰ ਮਹਾਂ ਸਿੰਘ ਨੇ ਆਪ ਦੇ ਫੱਟਾਂ ਵਿੱਚੋਂ ਫੁਵਾਰਿਆਂ ਦੀ ਤਰ੍ਹਾਂ ਲਹੂ ਧਾਰਾਂ ਮਾਰਦਾ ਡਿੱਠਾ ਤਾਂ ਆਪ ਦੇ ਹੱਥਾਂ ਦੇ ਤੋਤੇ ਉੱਡ ਗਏ। ਦਾਨੇ ਸਰਦਾਰ ਮਹਾਂ ਸਿੰਘ ਨੇ ਨਲੂਏ ਸਰਦਾਰ ਨੂੰ ਕਿਲ੍ਹੇ ਦੇ ਇਕ ਵੱਖ ਕਮਰੇ ਵਿਚ ਪਹੁੰਚਾ ਕੇ ਸੁਖਆਸਣ ਕਰਵਾ ਦਿੱਤਾ ਅਤੇ ਉਸੀ ਵਕਤ ਆਪਣੇ ਚਤੁਰ ਫੱਟਬੰਨ੍ਹ ਨੂੰ ਬੁਲਵਾ ਕੇ ਸਰਦਾਰ ਜੀ ਦੇ ਫੱਟ ਬੜੀ ਯੋਗਤਾ ਨਾਲ ਸਾਫ ਕਰਕੇ ਬੰਨ੍ਹਾਂ ਦਿੱਤੇ।


ਪਾਕਿਸਤਾਨ ਬਣਨ ਤੋਂ ਬਾਅਦ ਅੱਜ ਇਹ ਜਮਰੌਦ ਦਾ ਕਿਲ੍ਹਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਹੈ

ਥੋੜ੍ਹੇ ਸਮੇਂ ਬਾਅਦ ਜਦ ਸਰਦਾਰ ਹਰੀ ਸਿੰਘ ਨੇ ਆਪਣੀ ਹਾਲਤ ਨਾਜ਼ਕ ਡਿੱਠੀ ਤਾਂ ਆਪਣੇ ਸਾਰੇ ਪੁਰਾਣੇ ਸਾਥੀਆਂ ਨੂੰ ਆਪਣੇ ਪਾਸ ਬੁਲਵਾਇਆ ਤੇ ਅਡੋਲ ਰਹਿੰਦੇ ਹੋਏ ਇਨ੍ਹਾਂ ਕਾਲੇ ਪਰਬਤਾਂ ਵਿਚ ਖਾਲਸਾਈ ਝੰਡੇ ਦੀ ਇੱਜ਼ਤ ਦੀ ਰੱਖਯਾ ਲਈ ਅਖੀਰਲੇ ਸੁਵਾਸਾਂ ਤਕ ਡਟੇ ਰਹਿਣ ਦੀ ਸਿੱਖਿਆ ਦਿੱਤੀ। ਆਪ ਅਜੇ ਆਪਣੀ ਗੱਲ ਪੂਰੀ ਵੀ ਨਾ ਸਨ ਕਰ ਸਕੇ ਕਿ ਆਪ ਦਾ ਭੌਰ ਉਡਾਰੀਆਂ ਲਾ ਗਿਆ। ਇਹ ਗੱਲ 30 ਅਪ੍ਰੈਲ ਸੰਨ 1837 ਦੀ ਰਾਤ ਦੀ ਹੈ। 

ਸਰਦਾਰ ਮਹਾਂ ਸਿੰਘ ਨੇ ਕਈਆਂ ਗੱਲਾਂ ਨੂੰ ਮੁਖ ਰੱਖ ਕੇ ਆਪ ਜੀ ਦਾ ਸੰਸਕਾਰ ਬੜੇ ਸਾਦੇ ਤਰੀਕੇ ਨਾਲ ਰਾਤੋ ਰਾਤ ਕਿਲ੍ਹੇ ਦੀ ਚੜ੍ਹਦੀ ਨੁੱਕਰ ਵੱਲ ਕਨਾਤਾਂ ਦੇ ਅੰਦਰ ਕਰ ਦਿੱਤਾ। ਆਪ ਜੀ ਦੀ ਸਮਾਧ ਕਿਲ੍ਹਾ ਜਮਰੌਦ ਵਿਚ ਇਕ ਵਕਤ ਤੱਕ ਮੋਜੂਦ ਹੈ (3), ਜਿਸ ਪਰ ਇਹ ਲਿਖਤ ਲਿਖੀ ਹੋਈ ਹੈ:-

"Tomb of the Sikh General Hari Singh Nalwa, Cremated 30th April, 1837. Commemorated by Baba Gajju, Mal Kapur of Peshawar, September 1902."


(1) ਜਰਨੀ ਇਨ ਬਿਲੋਚਸਤਾਨ ਮੈਮਨ ਜਿਲਦ 3 ਸਫਾ 384।
(2) ਅਫ਼ਗਾਨੀ ਵਿਚ ਇਸ ਦੇ ਅਰਥ 'ਲਾਲ ਚਟਾਨ' ਦੇ ਹਨ।
(3) ਇਸ ਤੋਂ ਛੁਟ ਨਲੂਆ ਸਰਦਾਰ ਦੀ ਇੱਕ ਸਮਾਧ ਗੁਜਰਾਂਵਾਲਾ ਵਿਚ ਵੀ ਹੈ ਕਿਉਂਕਿ ਆਪ ਦੇ ਸੰਸਕਾਰ ਹੋਏ ਸਰੀਰ ਦੀ ਥੋੜ੍ਹੀ ਜਿਹੀ ਬਿਭੂਤੀ ਅਤੇ ਕੁਝ ਕੁ ਫੁਲ ਆਪ ਦੀ ਸਰਦਾਰਨੀ ਸਾਹਿਬਾਂ ਨੇ ਲਿਆ ਕੇ ਆਪਣੀ ਕੋਠੀ ਵਿਚ ਹੀ ਆਪਣੀ ਇੱਛਾ ਅਨੁਸਾਰ ਸਮਾਧ ਬਣਵਾਈ ਸੀ।


ਨੋਟ: ਇਹ ਲਿਖਤ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਦੀ ਲਿਖੀ ਕਿਤਾਬ 'ਖਾਲਸਾ ਰਾਜ ਦੇ ਉਸਰੀਏ' ਵਿਚੋਂ ਲਈ ਗਈ ਹੈ।