ਕਿਸਾਨੀ ਅੰਦੋਲਨ ਨੇ ਭਾਜਪਾ ਦੇ ਫਿਰਕੂ ਏਜੰਡੇ ਨੂੰ ਦਿਤੀ ਚੁਣੋਤੀ

ਕਿਸਾਨੀ ਅੰਦੋਲਨ ਨੇ ਭਾਜਪਾ ਦੇ ਫਿਰਕੂ ਏਜੰਡੇ ਨੂੰ ਦਿਤੀ ਚੁਣੋਤੀ

ਪੰਜਾਬ ਦੀ ਜੁਆਨੀ ਨੇ ਸਿੱਖੀ ਸੋਚ ਨੂੰ ਬਣਾਇਆ ਆਦਰਸ਼                                             

ਅਖਿਲ ਭਾਰਤੀ ਸੁਆਮੀ ਨਾਥਨ ਸੰਘਰਸ਼ ਸਮੰਤੀ ਰਾਜਸਥਾਨ ਦੇ ਪ੍ਰਧਾਨ ਨੇ  ਗੋਦੀ ਮੀਡੀਏ ਤੇ ਸਰਕਾਰ ਨੂੰ ਚੈਲਿੰਜ ਕੀਤਾ ਕਿ ਜੇਕਰ ਹੱਕ ਮੰਗਣ ਵਾਲੇ ਪੰਜਾਬੀ ਖਾਲਿਸਤਾਨੀ ਹਨ, ਤਾਂ ਫਿਰ ਰਾਜਸਥਾਨ ਤੋਂ ਲੈ ਕੇ ਨਾਗਲੈਂਡ ਤੱਕ ਅਤੇ ਕੇਰਲ ਤੋ ਲੈ ਕੇ ਜੰਮੂ ਕਸ਼ਮੀਰ ਤੱਕ ਦੇ ਕਿਸਾਨ ਵੀ ਖਾਲਿਸਤਾਨੀ ਹਨ

ਬਘੇਲ ਸਿੰਘ ਧਾਲੀਵਾਲ
99142-58142

ਪੰਜਾਬ ਦੇ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਨਿਰੇਂਦਰ ਮੋਦੀ ਦੀ ਅਗਵਾਈ ਵਿੱਚ ਬਣੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਵਿੱਚ ਜੋ ਸੰਘਰਸ਼ ਸ਼ੁਰੂ ਕੀਤਾ ਸੀ,ਉਹ ਅੱਜ ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਅੰਦੋਲਨ ਬਣ ਕੇ ਕੇਂਦਰ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਕੇਂਦਰ ਸਰਕਾਰ ਹਮੇਸਾਂ ਦੀ ਤਰ੍ਹਹਾਂ ਇਸ ਵਾਰ ਵੀ  ਗੋਦ ਮੀਡੀਏ ਰਾਹੀ ਕਿਸਾਨੀ ਘੋਲ ਨੂੰ ਬਦਨਾਮ ਕਰਕੇ ਫੇਲ ਕਰਨਾ ਚਾਹੁੰਦੀ ਸੀ,ਪਰ ਇਸ ਵਾਰ ਦੇਸ਼ ਦੇ ਲੋਕਾਂ ਨੇ ਮੋਦੀ ਸਰਕਾਰ ਦੀਆਂ ਸਕੀਮਾਂ ਬੁਰੀ ਤਰ੍ਹ੍ਹਾਂ ਫੇਲ ਕਰਕੇ ਰੱਖ ਦਿੱਤੀਆਂ।ਇਸ ਅੰਦੋਲਨ ਵਿਚੋਂ ਜਿਹੜੀ ਸਭ ਤੋ ਮਹੱਤਵਪੂਰਨ ਤੇ ਚੰਗੀ ਸੋਚ ਉੱਭਰ ਕੇ ਸਾਹਮਣੇ ਆਈ ਹੈ,ਉਹ ਇਹ ਹੈ ਕੀ ਦੇਸ਼ ਦੀ ਫਿਰਕੂ ਸਿਆਸਤ ਵੱਲੋਂ ਪੰਜਾਬ ਅਤੇ ਹਰਿਆਣੇ ਦੀ ਆਪਸ ਵਿੱਚ ਪੈਦਾ ਕਰਵਾਈ ਦੁਸ਼ਮਣੀ ਖਤਮ ਹੀ ਨਹੀ ਹੋਈ, ਬਲਕਿ ਆਪਸੀ ਸਾਂਝ ਗੂੜੀ ਹੋਈ ਹੈ।ਇੱਥੇ ਹੀ ਬੱਸ ਨਹੀ ਜਿਹੜੇ ਪੰਜਾਬੀਆਂ ਨੂੰ ਗੋਦੀ ਮੀਡੀਆ ਅੱਤਵਾਦੀ ਵੱਖਵਾਦੀ ਜਾਂ ਖਾਲਿਸਤਾਨੀ ਕਹਿ ਕੇ ਭੰਡਦਾ ਨਹੀ ਸੀ ਥੱਕਦਾ, ਤੇ ਮੁਲਕ ਦੇ ਅੰਦਰ ਸਿੱਖਾਂ ਪ੍ਰਤੀ ਨਫਰਤ ਫੈਲਾਈ ਗਈ ਸੀ, ਅੱਜ ਦੇਸ਼ ਦੇ ਲੋਕਾਂ ਨੇ ਸਿਆਸਤ ਅਤੇ ਮੀਡੀਏ ਦੀ ਫਿਰਕੂ ਸੋਚ ਨੂੰ ਨਕਾਰ ਕੇ ਉਹਨਾਂ ਅੱਤਵਾਦੀਆਂ,ਵੱਖਵਾਦੀਆਂ ਅਤੇ ਖਾਲਿਸਤਾਨੀਆਂ ਦੀ ਅਗਵਾਈ ਕਬੂਲ ਕੀਤੀ ਹੈ। ਅਖਿਲ ਭਾਰਤੀ ਸੁਆਮੀ ਨਾਥਨ ਸੰਘਰਸ਼ ਸਮੰਤੀ ਰਾਜਸਥਾਨ ਦੇ ਪ੍ਰਧਾਨ ਵੱਲੋਂ ਮੀਡੀਏ ਨਾਲ ਗੱਲਬਾਤ ਕਰਦਿਆਂ ਸਰਕਾਰ ਦੇ ਪਾਲਤੂ ਮੀਡੀਏ ਅਤੇ ਸਰਕਾਰ ਨੂੰ ਚੈਲਿੰਜ ਕਰਦਿਆਂ ਸਿੱਧੇ ਤੇ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਹੈ ਕਿ ਜੇਕਰ ਹੱਕ ਮੰਗਣ ਵਾਲੇ ਲੋਕ ਖਾਲਿਸਤਾਨੀ ਹਨ, ਤਾਂ ਫਿਰ ਰਾਜਸਥਾਨ ਤੋ ਲੈ ਕੇ ਨਾਗਲੈਂਡ ਤੱਕ ਅਤੇ ਕੇਰਲ ਤੋ ਲੈ ਕੇ ਜੰਮੂ ਕਸ਼ਮੀਰ ਤੱਕ ਦੇ ਕਿਸਾਨ ਵੀ ਖਾਲਿਸਤਾਨੀ ਹਨ,,ਉਹਨਾਂ ਕਿਹਾ ਕਿ ਮੈਂ ਵੀ ਹਿੱਕ ਠੋਕ ਕੇ ਕਹਿੰਦਾ ਹਾਂ ਕਿ ਮੈ ਵੀ ਖਾਲਿਸਤਾਨੀ ਹਾਂ, ਅਸੀ ਵੀ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਹੱਕ ਮੰਗਣ ਲਈ ਆਏ ਹਾਂ। ਉਹਨਾਂ ਨੇ ਦੇਸ਼ ਦੀ ਕਿਸਾਨੀ ਨੂੰ ਜਗਾਉਣ ਲਈ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ। ਦੇਸ਼ ਦੀ ਗੰਦੀ ਰਾਜਨੀਤੀ ਨੇ ਸਰਬੱਤ ਦਾ ਭਲਾ ਮੰਗਣ ਵਾਲੀ ਕੌਂਮ ਨੂੰ ਅਤਵਾਦੀ ਬਣਾ ਦਿੱਤਾ ਸੀ, ਪਰ ਅੱਜ ਦੇ ਜਾਗਰੂਕ ਕਿਸਾਨਾਂ ਸਮੇਤ ਸਮੁੱਚੇ ਵਰਗਾਂ ਨੇ ਪੰਜਾਬ ਦੇ ਕਿਸਾਨਾਂ ਅਤੇ ਸਿੱਖੀ ਨੂੰ ਸਿਜਦਾ ਕੀਤਾ ਹੈ। ਦਿੱਲੀ ਦੇ ਅੰਦੋਲਨ ਵਿੱਚ ਜਿਸ ਤਰ੍ਹਾਂ ਪੰਜਾਬੀ ਕਿਸਾਨਾਂ ਨੂੰ ਹਰਿਆਣੇ ਅਤੇ ਦਿੱਲੀ ਦੇ ਲੋਕ ਮਾਣ ਸਤਿਕਾਰ ਦੇ ਰਹੇ ਹਨ, ਉਹਨਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰ ਰਹੇ ਹਨ, ਉਹਨਾਂ ਲਈ ਲੰਗਰ ਲਾ ਰਹੇ ਹਨ, ਉਹ ਵਰਤਾਰਾ ਮਨ ਨੂੰ ਭਾਰੀ ਸਕੂਨ ਅਤੇ ਖੁਸ਼ੀ ਦੇਣ ਵਾਲਾ ਹੈ। ਜਿੱਥੇ ਇਸ ਕਿਸਾਨ ਅੰਦੋਲਨ ਨੇ ਭਾਰਤ ਦੇ ਲੋਕਾਂ ਨੂੰ ਫਿਰਕੂ ਰਾਜਨੀਤੀ ਨਕਾਰਨ ਦਾ ਸੱਦਾ ਦਿੱਤਾ ਹੈ,ਓਥੇ ਦੇਸ਼ ਦੀ ਸੱਤਾ ਤੇ ਕਾਬਜ ਧਿਰ ਨੂੰ ਅਜਿਹੀਆਂ ਫੁੱਟ ਪਾਊ ਚਾਲਾਂ ਤੋ ਇੱਕ ਜੁੱਟਤਾ ਨਾਲ ਲਲਕਾਰਿਆ ਵੀ ਹੈ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਇਸ ਵਾਰ ਪੰਜਾਬ ਦੀ ਜੁਆਨੀ ਨੇ ਕਿਸਾਨੀ ਅੰਦੋਲਨ ਵਿੱਚ ਵੱਡੀ ਦਿਲਚਸਪੀ ਦਿਖਾਈ ਹੈ।ਇਹ ਦਿਲਚਸਪੀ ਉਸ ਮੌਕੇ ਹੋਰ ਵੀ ਦੂਣ ਸਵਾਈ ਹੋ ਗਈ, ਜਦੋ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਕੂਚ ਦਾ ਹੋਕਾ ਦੇ ਦਿੱਤਾ।ਇਹ ਵੀ ਸੱਚ ਹੈ ਕਿ ਦਿੱਲੀ ਕੂਚ ਮੌਕੇ ਪੰਜਾਬ ਦੀ ਕਿਸਾਨੀ ਅਤੇ ਜੁਆਨੀ ਨੇ ਆਪਣਾ ਅਦਰਸ਼ ਖੱਬੇ ਪੱਖੀ ਸੋਚ ਨੂੰ ਬਲਕਿ ਸਿੱਖ ਸੋਚ ਨੂੰ ਬਣਾਇਆ ਹੋਇਆ ਸੀ।ਉਹਨਾਂ ਸਾਹਮਣੇ ਰੂਸ,ਚੀਨ ਦਾ ਇਨਕਲਾਬ ਨਹੀ,ਬਲਕਿ ਅਪਣੇ ਉਹ ਪੁਰਖੇ ਸਨ,ਜਿੰਨ੍ਹਾਂ ਨੇ ਅਠਾਰਵੀਂ ਸਦੀ ਵਿੱਚ ਦਿੱਲੀ ਫਤਿਹ ਕੀਤੀ ਸੀ।ਉਹਨਾਂ ਦੇ ਜਿਹਨ ਵਿੱਚ ਚੀਨ ਦਾ ਕਾਮਰੇਡ ਮਾਓ ਜੇ ਤੁੰਗ ਜਾਂ ਰੂਸ ਦਾ ਕਾਮਰੇਡ ਲੈਨਿਨ ਨਹੀ ਆਏ , ਸਗੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਜੇ ਨਿਵਾਜੇ ਖਾਲਸੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ,ਬਾਬਾ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਆਦਿ ਉਹ ਵੱਡੇ ਵਡੇਰੇ ਸਨ,ਜਿੰਨਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਖਾਲਸਈ ਝੰਡੇ ਝੁਲਾਏ,ਜਿੰਨ੍ਹਾਂ ਨੇ ਦਿੱਲੀ ਦਾ ਸਾਹੀ ਤਖਤ ਘੜੀਸ ਕੇ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਪਹੁੰਚਾ ਦਿੱਤਾ ਸੀ।ਪੰਜਾਬੀ ਕਲਾਕਾਰਾਂ ਵੱਲੋਂ ਹੌਸਲਾ ਵਧਾਊ ਅਤੇ ਜੋਸ਼ ਭਰਪੂਰ ਗਾਏ ਗਏ ਗੀਤਾਂ ਵਿੱਚ ਵੀ ਸਿੱਖ ਇਤਿਹਾਸ ਦਾ ਵਰਨਣ ਕੀਤਾ ਗਿਆ ਹੈ, ਤਾਂ ਕਿ ਪੰਜਾਬ ਦੇ ਗੱਭਰੂਆਂ ਵਿੱਚ ਜੋਸ਼ ਪੈਦਾ ਕੀਤਾ ਜਾ ਸਕੇ। ਰਸਤੇ ਵਿੱਚ ਹਰਿਆਣਾ ਸਰਕਾਰ ਦੀਆਂ ਲਈਆਂ ਰੋਕਾਂ ਨੂੰ ਤੋੜਨ ਸਮੇ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਦੇ ਜੈਕਾਰੇ ਗੂੰਜਦੇ ਤੇ ਭਾਰੀ ਰੋਕਾਂ ਪੰਜਾਬੀਆਂ ਦੇ ਸਿਰੜ ਅਗੇ ਧੂੜ ਬਣ ਉਡ ਜਾਂਦੀਆਂ ਹਨ। ਕਈ ਕਈ ਟਨਾਂ ਦੇ ਭਾਰੇ ਕਨਟੇਨਰ ਜੈਕਾਰਿਆਂ ਦੀ ਗੂੰਜ ਵਿੱਚ ਪਲਾਂ,ਛਿਣਾਂ ਵਿੱਚ ਹੀ ਰਸਤੇ ਚੋ ਪਾਸੇ ਧੱਕ ਦਿੱਤੇ ਜਾਂਦੇ। ਅਠਾਰਵੀਂ ਸਦੀ ਦੇ ਸਿੱਖਾਂ ਦੇ ਕਾਰਨਾਮੇ ਤਾਂ ਇਤਿਹਾਸ ਵਿੱਚ ਪੜ੍ਹੇ ਹੀ ਸਨ,ਪਰ ਹੁਣ ਦੁਨੀਆਂ ਨੇ ਪੰਜਾਬੀਆਂ ਦੇ ਜਜ਼ਬੇ ਨੂੰ ਅੱਖੀ ਦੇਖ ਵੀ ਲਿਆ ਹੈ। ਜਿਸਤਰ੍ਹਾਂ ਅਠਾਰਵੀ ਸਦੀ ਵਿੱਚ ਸਿੰਘਾਂ ਦੇ ਘੋੜਿਆਂ ਦੀਆਂ ਟਾਪਾਂ ਦਿੱਲੀ ਦੇ ਕਾਲਜੇ ਵਿੱਚ ਜ਼ਖਮ ਕਰਦੀਆਂ ਸਨ,ਉਸੇ ਤਰਾਂ ਹੀ ਇੱਕੀਵੀਂ ਸਦੀ ਦੇ ਇਸ ਕਿਸਾਨੀ ਅੰਦੋਲਨ ਦੇ ਟਰੈਕਟਰਾਂ ਦੀ ਖੜਖੜਾਹਟ ਨੇ ਦਿੱਲੀ ਨੂੰ ਕੰਬਣੀ ਛੇੜ ਦਿੱਤੀ ਹੋਈ ਹੈ।ਦੇਸ਼ ਦਾ ਜਿੱਦੀ ਹਾਕਮ ਦੁਨੀਆਂ ਸਾਹਮਣੇ ਬੇਸ਼ੱਕ ਅਪਣੇ ਆਪ ਨੂੰ ਲੱਖ ਤਾਕਤਵਰ ਸਮਝੇ ਤੇ ਦਰਸਾਉਂਦਾ ਰਹੇ ਕਿ ਉਹ ਅਜਿਹੇ ਅੰਦੋਲਨਾਂ ਦੀ ਪ੍ਰਵਾਹ ਨਹੀ ਕਰਦਾ,ਪਰ ਅਸਲ ਸਚਾਈ ਇਹ ਹੈ ਕਿ ਹਾਕਮ ਧਿਰ ਨੂੰ ਇਸ ਸਾਂਝੇ ਕਿਸਾਨੀ ਅੰਦੋਲਨ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ।ਇਹਦੇ ਵਿੱਚ ਵੀ ਕੋਈ ਸ਼ੱਕ ਨਹੀ ਕਿ ਜਦੋ ਵੀ ਪੰਜਾਬ ਨੇ ਦਿੱਲੀ ਨਾਲ ਲੋਹਾ ਲਿਆ,ਹਾਕਮ ਨੂੰ ਝੁਕਣ ਲਈ ਮਜਬੂਰ ਕੀਤਾ ਹੈ,ਪਰ ਇਹ ਵੀ ਸਚਾਈ ਤੋ ਮੁਨਕਰ ਨਹੀ ਹੋਇਆ ਜਾ ਸਕਦਾ ਹੈ ਕਿ ਹਾਕਮ ਨੇ ਵੀ ਪੰਜਾਬ ਦੀ ਗੈਰਤ ਨੂੰ ਖਤਮ ਕਰਨ ਲਈ ਉਸ ਦੇ ਬਦਲੇ ਵਿੱਚ ਜੋ ਜ਼ਖਮ ਪੰਜਾਬ ਨੂੰ ਦਿੱਤੇ ਹਨ,ਉਹ ਵੀ ਰਹਿੰਦੀ ਦੁਨੀਆਂ ਤੱਕ ਮਿਟਣ ਵਾਲੇ ਨਹੀ ਹਨ। ਯਾਦ ਹੋਵੇਗਾ ਜਦੋ 25 ਜੂਨ 1975 ਨੂੰ ਉਸ ਮੌਕੇ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ ਤੇ ਐਮਰਜੰਸੀ ਲਾ ਕੇ ਦੇਸ਼ ਵਾਸੀਆਂ ਦੇ ਮੁਢਲੇ ਹੱਕ ਹਕੂਕ ਖੋਹ ਲਏ ਸਨ,ਉਸ ਮੌਕੇ ਵੀ ਪੰਜਾਬ ਨੇ ਕੇਂਦਰ ਦੀ ਤਤਕਾਲੀ ਤਾਕਤਬਰ ਪ੍ਰਧਾਨ ਮੰਤਰੀ ਨਾਲ ਲੋਹਾ ਲਿਆ ਤੇ ਦੇਸ਼ ਨੂੰ 23 ਮਾਰਚ 1977 ਨੂੰ ਐਮਰਜੰਸੀ ਤੋ ਮੁਕਤ ਕਰਵਾਇਆ ਸੀ,ਪਰ ਉਹਦੇ ਬਦਲੇ ਵਿੱਚ ਸਿੱਖਾਂ ਨੂੰ ਜੂਨ 1984 ਵਰਗਾ ਕਹਿਰ ਝੱਲਣਾ ਪਿਆ ਸੀ।ਜਿਸ ਨੇ ਲਗਾਤਾਰ ਦੋ ਦਹਾਕਿਆਂ ਤੱਕ ਪੰਜਾਬ ਦੇ ਸਿਵਿਆਂ ਦੀ ਅੱਗ ਠੰਡੀ ਨਹੀ ਹੋਣ ਦਿੱਤੀ, ਸੋ ਹੁਣ ਵੀ ਚੇਤਿਆਂ ਚ ਰੱਖਣਾ ਹੋਵੇਗਾ ਕਿ ਮੌਕੇ ਦੀ ਹਕੂਮਤ ਇੰਦਰਾ ਗਾਂਧੀ ਤੋਂ ਘੱਟ ਕਰੂਰ ਨਹੀ ਬਲਕਿ ਜਿਆਦਾ ਫਿਰਕੂ ਤੇ ਵਿਤਕਰੇਬਾਜ ਹੈ,ਇਸ ਲਈ ਪੰਜਾਬ ਨੂੰ ਇੱਕ ਵਾਰ ਫਿਰ ਕੇਂਦਰ ਦੀ ਹਕੂਮਤ ਦਾ ਜਬਰ ਝੱਲਣ ਲਈ ਹੁਣੇ ਤੋ ਤਿਆਰ ਰਹਿਣਾ ਹੋਵੇਗਾ। ਇਹ ਹਕੂਮਤ ਦੀ ਬੇਈਮਾਨੀ ਹੀ ਸਮਝੀ ਜਾ ਸਕਦੀ ਹੈ ਕਿ ਇੱਕ ਪਾਸੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਵਾ੍ਰ ਵਾ੍ਰ ਸਮਾਂ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਭਾਰੀ ਫੋਰਸਾਂ ਲਾ ਕੇ ਕਿਸਾਨਾਂ ਦੀ ਘੇਰਾਬੰਦੀ ਵੀ ਕੀਤੀ ਜਾ ਰਹੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਵੀ ਨਹੀ ਕਿ ਕੇਦਰੀ ਏਜੰਸੀਆਂ ਵੱਲੋਂ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਵੀ ਅਪਣੇ ਢੰਗ ਤਰੀਕੇ ਵਰਤੇ ਜਾਣਗੇ।ਜਥੇਬੰਦੀਆਂ ਦੇ ਆਗੂਆਂ ਨੂੰ ਪਾੜਨ ਦੀ ਖਤਰਨਾਕ ਖੇਡ ਵੀ ਖੇਡੀ ਜਾਣੀ ਬਾਕੀ ਹੈ। ਭਾਵ ਕੇਦਰ ਸਰਕਾ੍ਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੰਦੋਲਨ ਨੂੰ ਫੇਲ ਕਰਨ ਲਈ ਹਰ ਹਰਬਾ ਵਰਤ ਕੇ ਦੇਖੇਗੀ।ਅਖੀਰ ਸਖਤੀ  ਵੀ ਕਰ ਸਕਦੀ ਹੈ,ਪਰ ਇੱਥੇ ਸਰਕਾਰ ਨੂੰ ਇਹ ਸਮਝਣਾ ਹੋਵੇਗਾ ਕਿ ਜੇਕਰ ਇਸ ਵਾ੍ਰ ਕਿਸਾਨ ਅੰਦੋਲਨਕਾਰੀਆਂ ਤੇ ਸਰਕਾਰ ਨੇ ਸਖਤੀ ਕਰਨ ਦੀ ਗੁਸਤਾਖੀ ਕੀਤੀ,ਤਾਂ ਸਮੁੱਚੇ ਦੇਸ ਅੰਦਰ ਬਗਾਵਤ ਉੱਠ ਸਕਦੀ ਹੈ,ਜਿਸਨੂੰ ਦਬਾਉਣਾ ਕੇਂਦਰ ਸਰਕਾਰ ਦੇ ਵੱਸ ਵਿੱਚ ਨਹੀ ਰਹੇਗਾ,ਇਸ ਲਈ ਚੰਗਾ ਹੋਵੇ ਜੇਕਰ ਸਰਕਾਰ ਜਿੱਦ ਅਤੇ ਹੰਕਾਰੀ ਰਵੱਈਆ ਤਿਆਗ ਕੇ ਕਿਸਾਨ ਵਿਰੋਧੀ ਪਾਸ ਕੀਤੇ ਕਨੂੰਨਾਂ ਨੂੰ ਬਿਨਾ ਦੇਰੀ ਕੀਤਿਆਂ ਰੱਦ ਕਰ ਦੇਵੇ ਅਤੇ ਆਪਣੀਆਂ ਉਹਨਾਂ ਨੀਤੀਆਂ ਵਿੱਚ ਵੀ ਬਦਲਾ ਕਰਨ ਵੱਲ ਤੁਰੇ,ਜਿੰਨਾਂ ਨਾਲ ਸਮੁੱਚੇ ਦੇਸ਼ ਅੰਦਰ ਫਿਰਕੂ ਤਣਾਅ ਪੈਦਾ ਕਰਕੇ ਰਾਜਸ਼ੀ ਲਾਹਾ ਪਰਾਪਤ ਕਰਦੀ ਰਹੀ ਹੈ,ਕਿਉਕਿ ਇਸ ਅੰਦੋਲਨ ਨੇ ਸਮੁੱਚੇ ਦੇਸ਼ ਦੇ ਸਮਾਜਿਕ ਤੇ ਰਾਜਨੀਤਕ ਸਮੀਕਰਨ ਬਦਲ ਕੇ ਰੱਖ ਦਿੱਤੇ ਹਨ। ਇਹ ਅੰਦੋਲਨ ਦੀ ਸਭ ਤੋ ਵੱਡੀ ਪਰਾਪਤੀ ਸਮਝੀ ਜਾਣੀ ਚਾਹੀਦੀ ਹੈ ਕਿ ਇਸ ਕਿਸਾਨੀ ਅੰਦੋਲਨ ਨੇ ਦੇਸ਼ ਅੰਦਰ ਭਾਈਚਾਰਕ ਸਾਂਝਾਂ ਨੂੰ  ਮਜਬੂਤ ਕੀਤਾ ਹੈ ਅਤੇ ਫੁੱਟਪਾਊ ਤਾਕਤਾਂ ਦੇ ਮਨਸੂਬਿਆਂ ਨੂੰ ਨਕਾਰਿਆ ਹੈ।