ਸਿੱਖ ਕਾਨੂੰਨੀ ਮਾਹਿਰਾਂ ਵਲੋਂ ਯੂ. ਕੇ. ਵਿਚ 'ਸਿੱਖ ਅਦਾਲਤ' ਦੀ ਸਥਾਪਨਾ

ਸਿੱਖ ਕਾਨੂੰਨੀ ਮਾਹਿਰਾਂ ਵਲੋਂ ਯੂ. ਕੇ. ਵਿਚ 'ਸਿੱਖ ਅਦਾਲਤ' ਦੀ ਸਥਾਪਨਾ

*ਸਿੱਖਾਂ ਨੂੰ ਆਪਸੀ ਰੰਜਿਸ਼ਾਂ, ਧਾਰਮਿਕ ਝਗੜੇ ਤੇ ਸਮਾਜਿਕ ਮਸਲੇ ਹੱਲ ਕਰਨ ਦਾ ਇਕ ਨਵਾਂ ਰਾਹ ਸੁਝਾਇਆ

ਯੂ.ਕੇ. ਦੇ ਸਿੱਖ ਜੱਜਾਂ, ਵਕੀਲਾਂ, ਬੈਰਿਸਟਰਾਂ ਤੇ ਹੋਰ ਵਿਚਾਰਵਾਨਾਂ ਨੇ ਦੁਨੀਆ ਭਰ ਦੇ ਸਿੱਖਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਜਗਾਈ ਹੈ। ਸਿੱਖਾਂ ਨੂੰ ਆਪਸੀ ਰੰਜਿਸ਼ਾਂ, ਧਾਰਮਿਕ ਝਗੜੇ ਤੇ ਸਮਾਜਿਕ ਮਸਲੇ ਹੱਲ ਕਰਨ ਦਾ ਇਕ ਨਵਾਂ ਰਾਹ ਸੁਝਾਇਆ ਹੈ। ਸਿੱਖ ਕਾਨੂੰਨੀ ਮਾਹਿਰਾਂ ਵਲੋਂ ਯੂ. ਕੇ. ਵਿਚ 'ਸਿੱਖ ਅਦਾਲਤ' ਦੀ ਸਥਾਪਨਾ ਕੀਤੀ ਗਈ ਹੈ, ਜੋ ਯੂ.ਕੇ. ਦੇ ਇੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਇਲਾਕਿਆਂ ਵਿਚ ਸਿੱਖਾਂ ਦੇ ਆਪਸੀ ਝਗੜੇ ਖਤਮ ਕਰਨ ਲਈ ਕੰਮ ਕਰੇਗੀ। ਇਸ ਅਦਾਲਤ ਦੇ ਜੱਜਾਂ ਨੇ ਸਹੁੰ ਚੁੱਕੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਵਲੋਂ ਦਰਸਾਏ ਗਏ ਨਿਆਂ, ਬਰਾਬਰੀ ਅਤੇ ਅਖੰਡਤਾ ਦੇ ਅਸੂਲਾਂ ਨੂੰ ਕਾਇਮ ਰੱਖਣਗੇ ਅਤੇ ਆਪਣੇ ਫ਼ਰਜ਼ਾਂ ਨੂੰ ਬਿਨਾਂ ਕਿਸੇ ਡਰ, ਪੱਖ ਜਾਂ ਮਾੜੀ ਇੱਛਾ ਦੇ ਅਦਾਲਤ ਦੇ ਕਾਨੂੰਨਾਂ ਤੇ ਨਿਯਮਾਂ ਨੂੰ ਨਿਰਪੱਖਤਾ ਨਾਲ ਲਾਗੂ ਕਰਨਗੇ।

ਇਸ ਅਦਾਲਤ ਨੇ ਆਪਣੀ ਵੈੱਬਸਾਈਟ ਵੀ ਬਣਾ ਦਿੱਤੀ ਹੈ। www.sikhcourt.co.uk (ਡਬਲਿਊ ਡਬਲਿਊ ਡਬਿਲਊ ਡਾਟ ਸਿੱਖ ਕੋਰਟ ਡਾਟ ਕੋ ਡਾਟ ਯੂ. ਕੇ.) ਨਾਂਅ ਦੀ ਇਹ ਵੈੱਬਸਾਈਟ 1 ਜੂਨ ਤੋਂ ਬਾਕਾਇਦਾ ਰੂਪ ਵਿਚ ਚਾਲੂ ਹੋ ਜਾਵੇਗੀ ਤੇ ਅਦਾਲਤ ਵੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ।  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਮੁਖੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਭਾਰਤ ਦੇ ਪ੍ਰਮੁੱਖ ਸੇਵਾਮੁਕਤ ਜੱਜਾਂ ਅਤੇ ਪ੍ਰਮੁੱਖ ਸਿੱਖ ਵਕੀਲਾਂ ਤੱਕ ਪਹੁੰਚ ਕਰਨ ਕਿ ਉਹ ਵੀ ਭਾਰਤੀ ਸੰਵਿਧਾਨ ਦੇ ਘੇਰੇ ਵਿਚ ਰਹਿ ਕੇ ਸਿੱਖਾਂ ਦੇ ਆਪਸੀ ਪਰਿਵਾਰਕ, ਸਮਾਜਿਕ, ਧਾਰਮਿਕ, ਝਗੜੇ ਨਿਬੇੜਨ ਲਈ ਅਜਿਹੀਆਂ ਸਾਲਸੀ ਅਦਾਲਤਾਂ ਦੇਸ਼ ਦੇ ਹਰ ਸੂਬੇ ਵਿਚ ਕਾਇਮ ਕਰਨ ਅਤੇ ਇਕ ਵੱਡੀ ਦੇਸ਼ ਪੱਧਰੀ ਅਦਾਲਤ ਵੀ ਬਣਾਉਣ, ਜਿਨ੍ਹਾਂ ਵਿਚ ਸਿੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਝਗੜੇ, ਸਿੱਖ ਸਕੂਲਾਂ-ਕਾਲਜਾਂ ਦੀਆਂ ਕਮੇਟੀਆਂ ਤੇ ਜਾਇਦਾਦਾਂ ਦੇ ਝਗੜੇ ਬਿਨਾਂ ਕਿਸੇ ਦੇਰੀ ਤੋਂ ਜ਼ਮੀਨੀ ਇਨਸਾਫ਼ ਨਾਲ ਹੱਲ ਹੋ ਸਕਣ । ਜੇ ਸਿੱਖ ਇਹ ਕਰ ਸਕਣ ਤਾਂ ਬਾਅਦ ਵਿਚ ਇਨ੍ਹਾਂ ਅਦਾਲਤਾਂ ਦੀ ਕੋਈ ਵਰਲਡ ਕਨਫੈਡਰੇਸ਼ਨ ਵੀ ਹੋਂਦ ਵਿਚ ਆ ਸਕੇਗੀ ਤੇ ਇਹ ਸਿੱਖਾਂ ਲਈ ਦੁਨੀਆ ਭਰ ਵਿਚ ਇਨਸਾਫ਼ ਦੀ ਝੰਡਾ ਬਰਦਾਰ ਵੀ ਬਣ ਸਕੇਗੀ।