57 ਸਾਲਾ ਬਾਬਾ ਕੁਲਵਿੰਦਰ ਸਿੰਘ ਚੁਣਿਆ ਸੁਪਰ ਸਿੱਖ ਮੈਰਾਥਨ ਅੰਬੈਸਡਰ

57 ਸਾਲਾ ਬਾਬਾ ਕੁਲਵਿੰਦਰ ਸਿੰਘ ਚੁਣਿਆ ਸੁਪਰ ਸਿੱਖ ਮੈਰਾਥਨ ਅੰਬੈਸਡਰ

ਅੰਮ੍ਰਿਤਸਰ ਟਾਈਮਜ਼

 ਅਨੰਦਪੁਰ ਸਾਹਿਬ : ਜਿੰਦਗੀ ਤੇ ਮੋਤ ਦੀ ਲੜਾਈ ਲੜਦਿਆਂ ਇਸ 57 ਸਾਲਾ ਬਾਬਾ ਕੁਲਵਿੰਦਰ ਸਿੰਘ ਨੇ ਜਦੋਂ ਆਪਣੀ ਮਿਹਨਤ ਤੇ ਜਨੂੰਨ ਦੇ ਨਾਲ ਮੌਤ ਨੂੰ ਹਰਾ ਕੇ ਜਿੰਦਗੀ ਨੂੰ ਨਵਾਂ ਰੂਪ ਦਿਤਾ ਤਾਂ ਇਸ ਨੇ ਪ੍ਰਾਪਤੀਆਂ ਦੀ ਝੜੀ ਲਗਾ ਦਿਤੀ। ਚਾਹੇ ਕੋਈ ਮੈਰਾਥਨ ਹੋਵੇ ਤੇ ਜਾਂ ਸਾਈਕਲਿੰਗ, ਇਨ੍ਹਾਂ ਨੇ ਹਰ ਥਾਂ ਜਾ ਕੇ ਆਪਣੀ ਧਾਂਕ ਜਮਾਈ ਤੇ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਚਮਕਾਇਆ। ਜਿੱਥੇ ਬਾਬਾ ਕੁਲਵਿੰਦਰ ਸਿੰਘ ਨੇ ਹੋਰ ਪ੍ਰਾਪਤੀਆਂ ਕੀਤੀਆਂ ਉਥੇ ਸੰਸਾਰ ਭਰ ਵਿਚ ਮਸ਼ਹੂਰ ਸੁਪਰ ਸਿੱਖਸ ਵਲੋਂ ਸੰਨ 2022 ਲਈ ਸੁਪਰ ਸਿੱਖ ਮੈਰਾਥਨ ਅੰਬੈਸਡਰ ਚੁਣਿਆ ਗਿਆ ਹੈ। ਸੁਪਰ ਸਿੱਖਸ ਵਲੋਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਲਈ ਵੱਖ ਵੱਖ ਜਗ੍ਹਾ ਤੇ ਮੈਰਾਥਨ ਕਰਵਾਈ ਜਾਂਦੀ ਹੈ ਤੇ ਇਸ ਵਾਰ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਤੇ ਮੋਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਇਹ ਮੈਰਾਥਨ ਕਰਵਾਈ ਜਾਵੇਗੀ। ਇਸ ਮੈਰਾਥਨ ਵਿਚ 5 ਕਿਲੋਮੀਟਰ, 10, 21 ਅਤੇ 42 ਕਿਲੋਮੀਟਰ ਮੈਰਾਥਨ ਕਰਵਾਈ ਜਾਵੇਗੀ ਜਿਸ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੈਰਾਥਨ ਲਈ ਜਿੱਥੇ ਹੋਰ ਬਹੁਤ ਸਾਰੇ ਖੇਡ ਪ੍ਰੇਮੀਆਂ ਦਾ ਸਹਿਯੋਗ ਮਿਲਦਾ ਹੈ ਉਥੇ ਇਲਾਕੇ ਦੇ ਉਘੇ ਹੱਡੀਆਂ ਦੇ ਮਾਹਿਰ ਡਾਕਟਰ ਕਹਿਲ ਦਾ ਵੱਡਾ ਸਹਿਯੋਗ ਰਹਿੰਦਾ ਹੈ।

ਇਸ ਪ੍ਰਾਪਤੀ ਤੇ ਬਾਬਾ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੈਰਾਥਨ ਅਤੇ ਸਾਈਕਲ ਨੇ ਮੈਨੂੰ ਨਵੀਂ ਜਿੰਦਗੀ ਦਿਤੀ ਹੈ। ਉਨ੍ਹਾਂ ਸਮੂੰਹ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਜਿੰਦਗੀ ਨੂੰ ਖੂਬਸੂਰਤ ਬਨਾਉਣ ਦੇ ਲਈ ਰੋਜਾਨਾ ਆਪਣੇ ਲਈ ਸਮਾਂ ਜਰੂਰ ਕੱਢੋ ਤੇ ਇਸ ਸਮੇ ਵਿਚ ਸੈਰ, ਕਸਰਤ, ਸਾਈਕਲ, ਜਿੰਮ ਆਦਿ ਜਾ ਕੇ ਆਪਣੀ ਸਿਹਤ ਦਾ ਖਿਆਲ ਰੱਖੋ, ਤਾਂ ਜੋ ਅਸੀਂ ਤੰਦਰੁਸਤੀ ਭਰੀ ਜਿੰਦਗੀ ਜੀਅ ਸਕੀਏ।