ਮੈਂ ਜ਼ਮਾਨਤ ਨਹੀਂ ਕਰਵਾਊਂਗਾ, ਬੇਸ਼ਕ ਗ੍ਰਿਫ਼ਤਾਰੀ ਹੀ ਕਿਉਂ ਨਾ ਦੇਣੀ ਪਵੇ - ਗਿਆਨੀ ਜਸਵੰਤ ਸਿੰਘ

ਮੈਂ ਜ਼ਮਾਨਤ ਨਹੀਂ ਕਰਵਾਊਂਗਾ, ਬੇਸ਼ਕ ਗ੍ਰਿਫ਼ਤਾਰੀ ਹੀ ਕਿਉਂ ਨਾ ਦੇਣੀ ਪਵੇ - ਗਿਆਨੀ ਜਸਵੰਤ ਸਿੰਘ

ਹਰਿਮੰਦਰ ਸਾਹਿਬ ਦੇ ਸਾਬਕਾ ਗ੍ਰੰਥੀ ਵੱਲੋਂ ਈਸਾਈ ਭਾਈਚਾਰੇ ’ਤੇ ਟਿਪਣੀ ਦਾ ਮਾਮਲਾ 

ਅੰਮ੍ਰਿਤਸਰ ਟਾਈਮਜ਼       

ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ  ਦੇ ਸਾਬਕਾ ਗ੍ਰੰਥੀ ਤੇ ਕਥਾਵਾਚਕ ਗਿਆਨੀ ਜਸਵੰਤ ਸਿੰਘ  ਵੱਲੋਂ ਢਾਈ ਸਾਲ ਪਹਿਲਾਂ ਈਸਾਈ ਭਾਈਚਾਰੇ ਵਿਰੁੱਧ ਕੀਤੀ ਗਈ ਟਿੱਪਣੀ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਦਰਜ ਮਾਮਲੇ ਨੂੰ ਮੁਡ਼ ਖੋਲ੍ਹ ਕੇ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ। ਪੁਲਿਸ ਨੇ ਇਹ ਮਾਮਲਾ 15 ਜਨਵਰੀ 2020 ਨੂੰ ਰੋਹਿਤ ਖੋਖਰ, ਪਾਦਰੀ ਨਿਰਮਲ ਸਿੰਘ ਬੁੱਟਰ ਅਤੇ ਲਿਸਪਤ ਗਿੱਲ ਦੇ ਬਿਆਨਾਂ ’ਤੇ ਧਾਰਾ 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤਹਿਤ ਥਾਣਾ ਭਿੱਖੀਵਿੰਡ ਵਿਖੇ ਦਰਜ ਕੀਤਾ ਸੀ। ਇਸ ਵਿਵਾਦ ਤੋਂ ਬਾਅਦ ਗਿਆਨੀ ਜਸਵੰਤ ਸਿੰਘ ਖ਼ਿਲਾਫ਼ ਈਸਾਈ ਭਾਈਚਾਰੇ ਵੱਲੋਂ ਪ੍ਰਦਰਸ਼ਨ ਵੀ ਕੀਤੇ ਗਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਵੀ ਕੀਤੀ ਗਈ ਸੀ। ਇਸ ਪਿੱਛੋਂ ਇਕ ਵੀਡੀਓ ਜਾਰੀ ਕਰਦਿਆਂ ਗਿਆਨੀ ਜਸਵੰਤ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।

ਇਸੇ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਗਿਆਨੀ ਜਸਵੰਤ ਸਿੰਘ ਦੀ ਹਮਾਇਤ ’ਵਿਚ ਆ ਗਈਆਂ ਹਨ ਤੇ ਸ਼ੋਸ਼ਲ ਮੀਡੀਆ ’ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਜਿੱਥੇ ਗਿਆਨੀ ਜੀ ਦੇ ਸਮੱਰਥਨ ਦੀ ਗੱਲ ਕੀਤੀ ਜਾ ਰਹੀ ਹੈ, ਉੱਥੇ ਹੀ ਈਸਾਈ ਭਾਈਚਾਰੇ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਨੂੰ ਤੁਰੰਤ ਖ਼ਤਮ ਕੀਤਾ ਜਾਵੇ, ਨਹੀਂ ਤਾਂ ਭਾਈਚਾਰਕ ਸਾਂਝ ਵਿਚ  ਫ਼ਰਕ ਪੈ ਸਕਦਾ ਹੈ।

ਥਾਣਾ ਭਿੱਖੀਵਿਡ ਵਿਖੇ ਗਿਆਨੀ ਜਸਵੰਤ ਸਿੰਘ ਵਿਰੁੱਧ ਪਰਚਾ ਦਰਜ ਕਰਵਾਉਣ ਵਾਲੇ ਰੋਹਿਤ ਖੋਖਰ ਪੁੱਤਰ ਬਾਊ ਮਸੀਹ ਵਾਸੀ ਨਿਊ ਅੰਮ੍ਰਿਤਸਰ ਨੇ ਬਿਆਨ ਦਿੱਤਾ ਸੀ ਕਿ ਗਿਆਨੀ ਜਸਵੰਤ ਸਿੰਘ ਨੇ ਪਿੰਡ ਬਲੇਰ ’ਵਿਚ ਇਕ ਧਾਰਮਿਕ ਸਮਾਗਮ ਦੌਰਾਨ ਯਿਸੂ ਮਸੀਹ ਖ਼ਿਲਾਫ਼ ਭੱਦੇ ਸ਼ਬਦ ਬੋਲੇ ਸਨ ਜਿਸ ਕਾਰਨ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ। ਰੋਹਿਤ ਦੇ ਨਾਲ-ਨਾਲ ਪਾਦਰੀ ਨਿਰਮਲ ਸਿੰਘ ਬੁੱਟਰ ਵਾਸੀ ਪਿੰਡ ਚਿੰਤ ਕੋਟ ਥਾਣਾ ਘਰਿੰਡਾ ਅਤੇ ਲਿਸਪਤ ਗਿੱਲ ਪਤਨੀ ਲਖਵਿੰਦਰ ਗਿੱਲ ਵਾਸੀ ਅਮਨ ਐਵੀਨਿਊ, ਮਜੀਠਾ ਰੋਡ ਅੰਮ੍ਰਿਤਸਰ ਨੇ ਵੀ ਰੋਹਿਤ ਦੇ ਬਿਆਨ ਨੂੰ ਠੀਕ ਮੰਨ ਕੇ ਆਪਣੀ ਸਹਿਮਤੀ ਦਿੱਤੀ ਸੀ। ਨਿਰਮਲ ਸਿੰਘ ਬੁੱਟਰ ਨੇ ਗਿਆਨੀ ਜਸਵੰਤ ਸਿੰਘ ਦੇ ਬਿਆਨ ਵਾਲੀ ਇਕ ਪੈੱਨ ਡਰਾਈਵ ਪੁਲਿਸ ਕੋਲ ਵੀ ਪੇਸ਼ ਕੀਤੀ ਸੀ।

ਸਿੱਖੀ ’ਤੇ ਪਹਿਰਾ ਦਿੰਦਾ ਹਾਂ: ਗਿਆਨੀ ਜਸਵੰਤ ਸਿੰਘ

ਉਧਰ ਗਿਆਨੀ ਜਸਵੰਤ ਸਿੰਘ ਨੇ ਕਿਹਾ ਕਿ ਉਹ ਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਲਈ ਸੱਚਾਈ ’ਤੇ ਪਹਿਰਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਥਾ ਕਰਨ ਸਮੇਂ ਉਹ ਧਿਆਨ ਰੱਖਦੇ ਹਨ ਕਿ ਕਿਸੇ ਹੋਰ ਧਰਮ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪੁੱਜੇ। ਢਾਈ ਸਾਲ ਪਹਿਲਾਂ ਉਨ੍ਹਾਂ ਇਕ ਸਮਾਗਮ ’ਚ ਕਥਾ ਕੀਤੀ ਸੀ ਜਿਸ ਤੋਂ ਬਾਅਦ ਈਸਾਈ ਧਰਮ ਦੇ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਉਨ੍ਹਾਂ ਨੂੰ ਬੁਲਾ ਕੇ ਇਸ ਮਾਮਲੇ ਨੂੰ ਖ਼ਤਮ ਕਰਦਿਆਂ ਅਗਾਂਹ ਤੋਂ ਕੋਈ ਵੀ ਟਿੱਪਣੀ ਨਾ ਕਰਨ ਬਾਰੇ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮਾਮਲਾ ਖ਼ਤਮ ਨਾ ਕੀਤਾ ਤਾਂ ਉਹ ਜ਼ਮਾਨਤ ਨਹੀਂ ਕਰਵਾਉਣਗੇ, ਬੇਸ਼ਕ ਉਨ੍ਹਾਂ ਨੂੰ ਗ੍ਰਿਫ਼ਤਾਰੀ ਹੀ ਕਿਉਂ ਨਾ ਦੇਣੀ ਪਵੇ।

ਸ਼੍ਰੋਮਣੀ ਕਮੇਟੀ ਦਾ ਵਫ਼ਦ ਤਰਨ ਤਾਰਨ ਦੇ ਐੱਸਐੱਸਪੀ ਨੂੰ ਮਿਲਿਆ

ਇਸੇ ਦੌਰਾਨ ਸ਼੍ਰੋਮਣੀ  ਕਮੇਟੀ ਨੇ ਤਰਨ ਤਾਰਨ ਦੇ ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੂੰ ਮੰਗ ਪੱਤਰ ਦੇ ਕੇ ਗਿਆਨੀ ਜਸਵੰਤ ਸਿੰਘ ’ਤੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਬਲਵਿੰਦਰ ਸਿੰਘ ਵੇਈਂਪੂਈਂ, ਪ੍ਰਤਾਪ ਸਿੰਘ, ਨਿਰਵੈਲ ਸਿੰਘ ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਧਰਮਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹੇ ਦੇ ਪੁਲਿਸ ਮੁਖੀ ਨਾਲ ਮੁਲਾਕਾਤ ਕਰਕੇ ਪਰਚਾ ਰੱਦ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਪੱਤਰ ਸੌਂਪਿਆ। ਐੱਸਐੱਸਪੀ ਨੇ ਦਰਜ ਪਰਚੇ ਦੀ ਜਾਂਚ ਦਾ ਮਾਮਲਾ ਡੀਐੱਸਪੀ ਨੂੰ ਸੌਂਪ ਦਿੱਤਾ ਹੈ। ਢਿੱਲੋਂ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਦਾ ਭਰੋਸਾ ਦਿੱਤਾ ਹੈ।