ਤਾਨਾਸ਼ਾਹੀ ਤੋਂ ਅਜ਼ਾਦੀ ਚਹੁੰਦੇ ਹਨ ਕਿਊਬਨ ਲੋਕ- ਜੋ ਬਾਇਡਨ

ਤਾਨਾਸ਼ਾਹੀ ਤੋਂ ਅਜ਼ਾਦੀ ਚਹੁੰਦੇ ਹਨ ਕਿਊਬਨ ਲੋਕ- ਜੋ ਬਾਇਡਨ
ਕਿਊਬਾ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਦਿਸ਼

* ਅਮਰੀਕਾ ਕਿਊਬਾ ਵਿਚ ਸਮਾਜਿਕ ਅਸ਼ਾਂਤੀ ਪੈਦਾ ਕਰਨ ਦੇ ਯਤਨ ਵਿੱਚ- ਕਿਊਬਨ ਰਾਸ਼ਟਰਪਤੀ ਕੈਨਲ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਦਵਾਈਆਂ ਤੇ ਭੋਜਨ ਦੀ ਕਮੀ ਵਰਗੇ ਮੁੱਦਿਆਂ ਨੂੰ ਲੈ ਕੇ ਕਿਊਬਾ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਬਾਰੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਕਿਊਬਨ ਲੋਕ ਤਾਨਾਸ਼ਾਹੀ ਤੋਂ ਨਿਜ਼ਾਤ ਪਾਉਣਾ ਚਹੁੰਦੇ ਹਨ। ਬਾਇਡਨ ਨੇ ਕਿਊਬਾ ਦੇ ਰਾਸ਼ਟਰਪਤੀ ਮਿਗੁਲ ਡਿਆਜ਼ ਕੈਨਲ ਦੀ ਹਕੂਮਤ ਨੂੰ ਕਿਹਾ ਹੈ ਕਿ ਉਹ ਲੋਕਾਂ ਦੀ ਗੱਲ ਸੁਣੇ ਤੇ ਉਨਾਂ ਦੀਆਂ ਲੋੜਾਂ ਪੂਰੀਆਂ ਕਰੇ। ਇਸ ਦੇ ਨਾਲ ਹੀ ਬਾਇਡਨ ਨੇ ਪ੍ਰਦਰਸ਼ਨ ਕਰ ਰਹੇ ਕਿਊਬਨ ਲੋਕਾਂ ਦਾ ਸਮਰਥਨ ਕੀਤਾ ਹੈ। ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਤਾਨਾਸ਼ਾਹੀ ਤੋਂ ਤੰਗ ਆ ਚੁੱਕੇ ਹਨ ਤੇ ਅਸੀਂ ਕਿਊਬਨ ਸਰਕਾਰ ਨੂੰ ਕਹਿਣਾ ਚੁਹੰਦੇ ਹਾਂ ਕਿ ਉਹ ਲੋਕਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਵਿੱਚ ਹਿੰਸਾ ਕਰਨ ਤੋਂ ਪ੍ਰਹੇਜ਼ ਕਰੇ। ਉਨਾਂ ਕਿਹਾ ਕਿ ਕਿਊਬਾ ਵਿਚ ਦਹਾਕਿਆਂ ਤੋਂ ਲੋਕ ਜ਼ਬਰ ਸਹਿ ਰਹੇ ਹਨ ਤੇ ਗਰੀਬੀ ਦੀ ਮਾਰ ਝਲ ਰਹੇ ਹਨ। ਇਹ ਸਭ ਕੁਝ ਤਾਨਾਸ਼ਾਹੀ ਹਕੂਮਤ ਦੀ ਦੇਣ ਹੈ। ਇਸ ਸਮੇ ਲੋਕ ਕੋਰੋਨਾ ਮਹਾਮਾਰੀ ਦੇ ਪੰਜੇ ਵਿਚ ਫਸੇ ਹੋਏ ਹਨ ਜਿਨਾਂ ਨੂੰ ਰਾਹਤ ਦੀ ਲੋੜ ਹੈ। ਉਨਾਂ ਕਿਹਾ 'ਅਸੀਂ ਕਿਊਬਨ ਲੋਕਾਂ ਦੇ ਅਜ਼ਾਦੀ ਦੇ ਸੱਦੇ ਦੀ ਹਮਾਇਤ ਕਰਦੇ ਹਾਂ।' ਇਥੇ ਜਿਕਰਯੋਗ ਹੈ ਕਿ ਲੰਘੇ  ਦਿਨ ਸਮੁੱਚੇ ਕਿਊਬਾ ਵਿਚ ਸਰਕਾਰ ਵਿਰੁੱਧ ਵੱਡੀ ਪੱਧਰ 'ਤੇ ਪ੍ਰਦਰਸ਼ਨ ਹੋਏ ਹਨ ਜਿਨਾਂ ਵਿਚ ਹਜਾਰਾਂ ਲੋਕਾਂ ਨੇ ਹਿੱਸਾ ਲਿਆ। ਸਮਝਿਆ ਜਾਂਦਾ ਹੈ ਕਿ ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰ ਸਰਕਾਰ ਵਿਰੁੱਧ ਏਡੀ ਵੱਡੀ ਪੱਧਰ ਉਪਰ  ਲੋਕ ਸੜਕਾਂ 'ਤੇ ਉਤਰੇ ਹਨ। ਇਕ ਰਿਪੋਰਟ ਅਨੁਸਾਰ ਇਸ ਸਮੇ ਕਿਊਬਾ ਬਹੁਤ ਹੀ ਗੰਭੀਰ ਆਰਥਕ ਸੰਕਟ ਵਿਚੋਂ ਗੁਜਰ ਰਿਹਾ ਹੈ। ਕੋਰੋਨਾ ਤੋਂ ਬਚਾਅ ਲਈ ਟੀਕਾਕਰਣ ਬਹੁਤ ਘੱਟ ਹੋਣ ਕਾਰਨ ਕਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਵਧ ਰਹੀ ਹੈ।

  ਕਿਊਬਾ  ਵੱਲੋਂ ਅਮਰੀਕਾ ਉਪਰ ਦੋਸ਼

-  ਟੈਲੀਵੀਜ਼ਨ ਉਪਰ ਆਪਣੇ ਸੰਬੋਧਨ ਵਿਚ ਕਿਊਬ ਦੇ ਰਾਸ਼ਟਰਪਤੀ ਡਿਆਜ਼ ਕੈਨਲ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਆਪਣੀਆਂ ਪਾਬੰਦੀਆਂ ਨੂੰ ਹੋਰ ਸਖਤ ਕਰਕੇ ਸਮਾਜਿਕ ਬੇਚੈਨੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਊਬਨ ਰਾਸ਼ਟਰਪਤੀ ਨੇ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਨਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਐਟਨੀ ਬਲਿੰਕਨ ਨੇ ਕਿਹਾ ਹੈ ਕਿ ਕਿਊਬਨ ਲੋਕਾਂ ਦੇ ਪ੍ਰਦਰਸ਼ਨਾਂ ਨੂੰ ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਜੋੜਨਾ ਇਕ ਬਹੁਤ ਵੱਡੀ ਭੁੱਲ ਹੋਵੇਗੀ ਕਿਉਂਕਿ ਇਸ ਦਾ ਸਿੱਧਾ ਅਰਥ ਇਹ ਹੋਵੇਗਾ ਕਿ ਕਿਊਬਾ ਦੀ ਹਕੂਮਤ ਲੋਕਾਂ ਦੀ ਆਵਾਜ਼ ਨਹੀਂ ਸੁਣਨਾ ਚਹੁੰਦੀ। ਉਨਾਂ ਕਿਹਾ ਕਿ ਲੋਕ ਲੰਬੇ ਸਮੇ ਤੋਂ ਜ਼ਬਰ ਦਾ ਸਾਹਮਣਾ ਕਰ ਰਹੇ ਹਨ। ਬਲਿੰਕਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਕਿਊਬਾ ਵਿਚ ਵਾਪਰ ਰਹੀ ਹਰ ਘਟਨਾ ਉਪਰ ਨੇੜਿਉਂ ਨਜਰ ਰਖ ਰਿਹਾ ਹੈ ਤੇ ਉਸ ਵੱਲੋਂ ਯੂ.ਐਸ-ਕਿਊਬਾ ਨੀਤੀ ਉਪਰ ਨਿਰੰਤਰ ਪੁਨਰ ਵਿਚਾਰ ਕੀਤਾ ਜਾ ਰਿਹਾ ਹੈ।