ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਲੜੇਗਾ ਲੋਕ ਸਭਾ ਚੋਣ, ਫਰੀਦਕੋਟ ਤੋਂ ਮੈਦਾਨ ਵਿਚ ਨਿੱਤਰਿਆ ,ਮਾਨ ਦਲ ਵਲੋਂ ਹਮਾਇਤ

ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਲੜੇਗਾ ਲੋਕ ਸਭਾ ਚੋਣ, ਫਰੀਦਕੋਟ ਤੋਂ ਮੈਦਾਨ ਵਿਚ ਨਿੱਤਰਿਆ ,ਮਾਨ ਦਲ ਵਲੋਂ ਹਮਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਲੋਕ ਸਭਾ ਚੋਣ ਫਰੀਦਕੋਟ ਤੋਂ ਲੜੇਗਾ। ਸਰਬਜੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ।ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਉਸਦੀ ਹਮਾਇਤ ਕਰ ਦਿਤੀ ਹੈ।

ਸਰਬਜੀਤ ਸਿੰਘ ਨੇ 2004 ਦੀ ਲੋਕ ਸਭਾ ਚੋਣ ਬਠਿੰਡਾ ਸੀਟ ਤੋਂ ਲੜੀ ਸੀ। ਇਸ ਚੋਣ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ 'ਚ ਉਸ ਨੂੰ 1.13 ਲੱਖ ਵੋਟਾਂ ਮਿਲੀਆਂ ਸਨ। ਉਸਨੇ 2007 ਵਿਚ ਬਰਨਾਲਾ ਦੀ ਭਦੌੜ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਅਸਫਲ ਰਿਹਾ।

ਮਾਂ ਰੋਪੜ ਸੀਟ ਤੋਂ ਰਹੀ ਹੈ ਐੱਮਪੀ

ਸਰਬਜੀਤ ਸਿੰਘ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਫ਼ਤਹਿਗੜ੍ਹ ਸਾਹਿਬ ਸੀਟ ਤੋਂ ਮੁੜ ਕਿਸਮਤ ਅਜ਼ਮਾਈ ਪਰ ਫਿਰ ਹਾਰ ਗਿਆ। ਉਸ ਦੀ ਮਾਤਾ ਬਿਮਲ ਕੌਰ 1989 ਵਿਚ ਰੋਪੜ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।