ਨਿਊਜ਼ੀਲੈਂਡ ਦੇ ਖੂਨੀ ਕਾਂਡ ਨਾਲ ਕੰਬਿਆ ਵਿਸ਼ਵ

ਨਿਊਜ਼ੀਲੈਂਡ ਦੇ ਖੂਨੀ ਕਾਂਡ ਨਾਲ ਕੰਬਿਆ ਵਿਸ਼ਵ

ਇਸਲਾਮ ਤੇ ਇਸਾਈਅਤ 'ਚ ਵਧ ਰਿਹਾ ਹੈ ਟਕਰਾਅ
ਹਮਲਾ ਮਹਿਜ਼ ਘਟਨਾ ਨਹੀਂ ਸਗੋਂ ਨਸਲੀ ਨਫਰਤ ਦੀ ਖਤਰਨਾਕ ਮੁਹਿੰਮ 


n ਪਰਵਾਸੀ ਸਿੱਖਾਂ ਨੂੰ ਬਦਲ ਰਹੇ ਹਾਲਾਤ ਵਿਚ ਸੁਚੇਤ ਰਹਿਣ ਦੀ ਲੋੜ
n ਪ੍ਰਧਾਨ ਮੰਤਰੀ ਜੈਸਿੰਡਾ ਤੇ ਕਿਵੀ ਲੋਕਾਂ ਨੇ ਨਿਭਾਇਆ ਮਨੁੱਖਤਾ ਦਾ ਧਰਮ
n ਖੁਦ ਨਫਰਤ ਦੀ ਰਾਜਨੀਤੀ ਕਰਨ ਵਾਲੇ ਮੋਦੀ ਨੇ 'ਮਗਰਮੱਛ ਦੇ ਹੰਝੂ ਕੇਰੇ'
n ਇਮਰਾਨ ਖਾਨ ਬੋਲਿਆ, 'ਇਸਲਾਮੋਫੋਬੀਆ' ਜ਼ਿੰਮੇਵਾਰ
n ਗੁਰੂ ਗ੍ਰੰਥ ਸਾਹਿਬ ਜੀ ਬਣ ਸਕਦੇ ਨੇ ਵਿਸ਼ਵ ਲਈ ਰਾਹ-ਦਸੇਰਾ

ਚੰਡੀਗੜ੍ਹ/ਬਿਊਰੋ ਨਿਊਜ਼ :

ਨਿਊਜ਼ੀਲੈਂਡ ਵਿਚ ਗੋਰੇ ਨਸਲਵਾਦ ਦਾ ਹਿੰਸਕ ਰੂਪ ਸਾਰੀ ਦੁਨੀਆ ਨੇ ਵੇਖਿਆ ਤੇ ਸੰਸਾਰ ਇਸ ਹੌਲਨਾਕ ਖੂਨੀ ਕਾਰੇ ਨੂੰ ਦੇਖ ਕੇ ਧੁਰ ਅੰਦਰ ਤਕ ਕੰਬ ਗਿਆ। ਤਾਜ਼ਾ ਘਟਨਾ ਵਿਚ ਗੋਰਿਆਂ ਦੇ ਇਕ ਨਸਲਵਾਦੀ ਸਮੂਹ ਨੇ ਰਣਨੀਤੀ ਬਣਾ ਕੇ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਅਸਥਾਨ ਮਸਜ਼ਿਦਾਂ 'ਤੇ ਹਮਲਾ ਕੀਤਾ। ਇਸ ਹਮਲੇ ਵਿਚ 50 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਹਮਲੇ ਦਾ ਮੁੱਖ ਦੋਸ਼ੀ ਆਸਟ੍ਰੇਲੀਅਨ ਨਾਗਰਿਕ ਹੈ ਜਿਸ ਨੇ ਨਮਾਜ਼ ਪੜ੍ਹ ਰਹੇ ਨਮਾਜ਼ੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਹ ਕਤਲੇਆਮ ਕੀਤਾ। ਬੰਦੂਕਧਾਰੀ ਦੀ ਪਛਾਣ ਬਰੈਂਟਨ ਟੈਰੰਟ (28 ਸਾਲ) ਵਜੋਂ ਹੋਈ ਹੈ, ਜਿਸ ਨੇ ਇਸ ਪੂਰੀ ਘਟਨਾ ਨੂੰ ਆਪਣੇ ਫੇਸਬੁੱਕ ਖਾਤੇ 'ਤੇ ਲਾਈਵ ਵਿਖਾਇਆ। 
ਉਸ ਨੇ 74 ਪੰਨਿਆਂ ਦੀ ਚਿੱਠੀ ਵੀ ਪੋਸਟ ਕੀਤੀ ਹੈ ਜਿਸ ਵਿਚ ਉਸ ਨੇ ਪਰਵਾਸੀਆਂ ਬਾਰੇ ਖੁੱਲ੍ਹ ਕੇ ਭੜਾਸ ਕੱਢੀ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਪੋਸਟਾਂ ਨੇ ਮਿੰਟਾਂ-ਸਕਿੰਟਾਂ ਵਿਚ ਭਾਂਬੜ ਬਾਲਣ ਦਾ ਕੰਮ ਕੀਤਾ। ਫੇਸਬੁੱਕ/ਯੂ-ਟਿਊਬ ਦੇ ਸੰਚਾਲਕਾਂ ਨੂੰ ਇਸ ਦਾ ਜਦੋਂ ਅਹਿਸਾਸ ਹੋਇਆ ਉਦੋਂ ਤਕ ਦਿਲਾਂ ਵਿਚ ਲੱਗੇ ਲਾਂਬੂਆਂ ਨੂੰ ਬੁਝਾਉਣਾ ਮੁਸ਼ਕਲ ਹੋ ਗਿਆ ਸੀ।
ਨਿਊਜ਼ੀਲੈਂਡ ਸਰਕਾਰ ਅਤੇ ਆਸਟ੍ਰੇਲੀਅਨ ਸਰਕਾਰ ਨੇ ਇਸ ਹਮਲੇ ਨੂੰ 'ਅੱਤਵਾਦੀ ਹਮਲਾ' ਐਲਾਨਿਆ ਹੈ। ਇਸ ਹਮਲੇ ਵਿਚ ਭਾਰਤ ਤੋਂ ਪਰਵਾਸ ਕਰ ਕੇ ਆਏ ਪੰਜ ਮੁਸਲਮਾਨ ਵੀ ਮਾਰੇ ਗਏ ਹਨ।

ਗੋਰੇ ਨਸਲਵਾਦ ਦੀ ਜ਼ੋਰ ਫੜ ਰਹੀ ਮੁਹਿੰਮ-
ਸੰਸਾਰ ਚਿੰਤਕਾਂ ਦਾ ਮੰਨਣਾ ਹੈ ਕਿ ਇਹ ਹਮਲਾ ਮਹਿਜ਼ ਇਕ ਘਟਨਾ ਨਹੀਂ ਬਲਕਿ ਪੱਛਮੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਯੂਰਪ ਅਤੇ ਹੋਰ ਮੁਲਕਾਂ ਵਿਚ ਬਦਲ ਰਹੇ ਰਾਜਨੀਤਕ ਅਤੇ ਸਮਾਜਿਕ ਹਾਲਾਤ ਦਾ ਇਕ ਖਤਰਨਾਕ ਚਿੰਨ੍ਹ ਹੈ। ਇਸਲਾਮ ਖਿਲਾਫ ਹੋਇਆ ਇਹ ਨਸਲੀ ਨਫਰਤ ਦਾ ਹਮਲਾ, ਇਹਨਾਂ ਖੇਤਰਾਂ ਵਿਚ ਦੁਨੀਆ ਦੇ ਹੋਰ ਖੇਤਰਾਂ ਤੋਂ ਪ੍ਰਵਾਸ ਕਰਕੇ ਗਈਆਂ ਸਾਰੀਆਂ ਨਸਲਾਂ ਲਈ ਇਕ ਗੰਭੀਰ ਚੇਤਾਵਨੀ ਹੈ। ਪੰਜਾਬ ਤੋਂ ਪ੍ਰਵਾਸ ਕਰਕੇ ਇਹਨਾਂ ਖੇਤਰਾਂ ਵਿਚ ਗਈ ਸਿੱਖ ਕੌਮ ਲਈ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਭਵਿੱਖ ਸਬੰਧੀ ਵਿਚਾਰ ਪ੍ਰਵਾਹ ਚਲਾਉਣ ਦੀ ਜ਼ਰੂਰਤ ਹੈ। 
ਜੇ ਕਰਾਈਸਟਚਰਚ ਸ਼ਹਿਰ ਦੀਆਂ ਮਸਜਿਦਾਂ 'ਤੇ ਹੋਏ ਹਮਲੇ ਨੂੰ ਘੋਖੀਏ ਤਾਂ ਨਜ਼ਰ ਪੈਂਦਾ ਹੈ ਕਿ ਹਮਲਾਵਰਾਂ ਨੇ ਸ਼ੁੱਕਰਵਾਰ ਦੇ ਦਿਨ ਨੂੰ ਜਾਣਬੁੱਝ ਕੇ ਚੁਣਿਆ ਕਿ ਜਦੋਂ ਮੁਸਲਿਮ ਪਰੰਪਰਾ ਮੁਤਾਬਿਕ ਸਭ ਤੋਂ ਵੱਧ ਲੋਕ ਮਸਜਿਦ ਵਿਚ ਨਮਾਜ਼ ਪੜ੍ਹਨ ਜਾਂਦੇ ਹਨ। ਦੂਜਾ ਆਸਟ੍ਰੇਲੀਆ ਨਾਲ ਸਬੰਧਿਤ ਹਮਲਾਵਰ ਨੇ ਨਿਊਜ਼ੀਲੈਂਡ ਦੇ ਖਿੱਤੇ ਨੂੰ ਹਮਲੇ ਦੀ ਥਾਂ ਲਈ ਚੁਣਿਆ ਕਿਉਂਕਿ ਨਿਊਜ਼ੀਲੈਂਡ ਨੂੰ ਇਕ ਸ਼ਾਂਤ ਮੁਲਕ ਮੰਨਿਆ ਜਾਂਦਾ ਹੈ ਜਿਸ ਕਾਰਨ ਉੱਥੇ ਸੁਰੱਖਿਆ ਪ੍ਰਣਾਲੀ ਦੀ ਸ਼ਾਇਦ ਉਸ ਤਰ੍ਹਾਂ ਦੀ ਚੌਕਸੀ ਨਾ ਹੋਵੇ ਜਿਵੇਂ ਦੀ ਦੂਜੇ ਮੁਲਕਾਂ ਵਿਚ ਹੁੰਦੀ ਹੈ, ਜਿੱਥੇ ਅਜਿਹੇ ਹਮਲੇ ਹੋਣ ਦਾ ਖਦਸ਼ਾ ਹੋਵੇ। ਇਹਨਾਂ ਤੱਥਾਂ ਤੋਂ ਦੋ ਗੱਲਾਂ ਸਾਫ ਹੁੰਦੀਆਂ ਹਨ ਕਿ ਇਹ ਇਕ ਮੁਲਕ ਨਾਲ ਸਬੰਧਿਤ ਮਾਮਲਾ ਨਹੀਂ ਬਲਕਿ ਮੁਲਕਾਂ ਦੀਆਂ ਹੱਦਾਂ ਤੋਂ ਅਗਾਂਹ ਜਾ ਕੇ ਪੈਦਾ ਹੋ ਰਹੀ ਇਕ ਵੱਡੀ ਅਤੇ ਖਤਰਨਾਕ ਸਮੱਸਿਆ ਹੈ। ਦੂਜਾ ਇਹ ਕਿ ਹਮਲਾਵਰ ਵੱਧ ਤੋਂ ਵੱਧ ਜਾਨਾਂ ਦਾ ਨੁਕਸਾਨ ਕਰਨਾ ਚਾਹੁੰਦਾ ਸੀ ਜਿਸ ਨਾਲ ਪੀੜਤ ਭਾਈਚਾਰੇ ਵਿਚ ਵੱਧ ਤੋਂ ਵੱਧ ਦਹਿਸ਼ਤ ਫੈਲ ਸਕੇ। 

ਗੋਰੇ ਨਸਲਵਾਦ ਦੀਆਂ ਜੜ੍ਹਾਂ-
ਗੋਰੇ ਨਸਲਵਾਦ ਦਾ ਯੂਰਪ ਅਤੇ ਯੂਰਪੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਹੋਰ ਮੁਲਕਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਜੋ ਪਿਛਲੇ ਕੁੱਝ ਸਾਲਾਂ ਤੋਂ ਥੋੜਾ-ਥੋੜਾ ਹਿੰਸਕ ਰੂਪ ਧਾਰਨਾ ਸ਼ੁਰੂ ਕਰ ਚੁੱਕਿਆ ਹੈ। ਯੂਰਪ ਦੀ ਰਾਜਨੀਤੀ ਵਿਚ ਗੋਰੇ ਨਸਲਵਾਦ ਦੀਆਂ ਹਾਮੀ ਧਿਰਾਂ ਲਗਾਤਾਰ ਸਥਾਪਿਤ ਹੋ ਰਹੀਆਂ ਹਨ ਅਤੇ ਸੱਤਾ 'ਤੇ ਕਾਬਜ਼ ਵੀ ਹੋਣੀਆਂ ਸ਼ੁਰੂ ਹੋ ਗਈਆਂ ਹਨ। ਗੋਰੇ ਨਸਲਵਾਦ ਦੀ ਮਜ਼ਬੂਤੀ ਵਾਲੀ ਇਸ ਰਾਜਨੀਤੀ ਦਾ ਮੁੱਖ ਮੁੱਦਾ ਪ੍ਰਵਾਸੀਆਂ ਖਿਲਾਫ ਨਫਰਤ ਪੈਦਾ ਕਰਨੀ ਅਤੇ ਆਪਣੀ ਪਛਾਣ ਨੂੰ ਬਚਾਉਣਾ ਹੈ। ਇਹ ਧਿਰਾਂ ਪ੍ਰਵਾਸੀਆਂ ਨੂੰ ਯੂਰਪ ਵਿਚ ਵਧ ਰਹੀ ਇਕ ਖਤਰਨਾਕ ਬਿਮਾਰੀ ਵਾਂਗ ਪੇਸ਼ ਕਰ ਰਹੀਆਂ ਹਨ ਤੇ ਪ੍ਰਵਾਸੀਆਂ ਤੋਂ ਮੁਕਤ ਯੂਰਪ ਬਣਾਉਣ ਦਾ ਨਾਅਰਾ ਦੇ ਕੇ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਹਨ। ਇਸ ਸਾਰੇ ਪ੍ਰਚਾਰ ਦਾ ਮੁੱਖ ਧੁਰਾ ਇਸਲਾਮ ਖਿਲਾਫ ਨਫਰਤ ਨੂੰ ਬਣਾਇਆ ਜਾ ਰਿਹਾ ਹੈ। ਫਰਾਂਸ, ਇਟਲੀ, ਸਵੀਡਨ, ਜਰਮਨੀ, ਹੰਗਰੀ ਆਦਿ ਯੂਰਪੀਅਨ ਮੁਲਕਾਂ ਵਿਚ ਗੋਰੇ ਨਸਲਵਾਦ ਦੀ ਇਹ ਰਾਜਨੀਤੀ ਕਾਫੀ ਹੱਦ ਤੱਕ ਸਾਂਝੀ ਕਿਸਮ ਅਤੇ ਕੁਝ ਹੱਦ ਤਕ ਵੱਖੋ-ਵੱਖਰੇ ਰੂਪ ਵਿਚ ਹਾਵੀ ਹੋ ਰਹੀ ਹੈ। ਪੱਛਮੀ ਸੱਭਿਅਤਾ ਵੱਲੋਂ ਬਸਤੀਵਾਦੀ ਰਾਜ ਨਾਲ ਦੁਨੀਆ ਦੀਆਂ ਬਾਕੀ ਸੱਭਿਅਤਾਵਾਂ ਦੇ ਸਰੋਤਾਂ ਦੀ ਕੀਤੀ ਲੁੱਟ ਕਾਰਨ ਬਣੇ ਆਰਥਿਕ ਅਤੇ ਰਾਜਸੀ ਹਾਲਾਤ ਦੀ ਉਪਜ ਵਿਚੋਂ ਅਫਰੀਕਾ, ਏਸ਼ੀਆ ਅਤੇ ਅਰਬ ਦੀਆਂ ਸੱਭਿਅਤਾਵਾਂ ਦੇ ਲੋਕ ਯੂਰਪ ਅਤੇ ਪੱਛਮੀ ਸੱਭਿਅਤਾ ਦੀ ਪ੍ਰਧਾਨਗੀ ਵਾਲੇ ਖਿੱਤਿਆਂ ਵੱਲ ਪ੍ਰਵਾਸ ਕਰਨ ਲਈ ਮਜਬੂਰ ਹੋਏ। ਇਹਨਾਂ ਪ੍ਰਵਾਸੀ ਲੋਕਾਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਖੁਦ ਨੂੰ ਉੱਥੇ ਸਥਾਪਿਤ ਕੀਤਾ ਪਰ ਹੁਣ ਇਹਨਾਂ ਖਿੱਤਿਆਂ ਵਿਚ ਇਕ ਧਿਰ ਅਜਿਹੀ ਖੜ੍ਹੀ ਹੋ ਰਹੀ ਹੈ ਜੋ ਪ੍ਰਵਾਸ ਨੂੰ ਘੁਸਪੈਠ ਦੇ ਤੌਰ 'ਤੇ ਪੇਸ਼ ਕਰਕੇ ਪੱਛਮੀ ਸੱਭਿਅਤਾ ਲਈ ਇਸ ਨੂੰ ਇੱਕ ਵੱਡਾ ਖਤਰਾ ਦੱਸ ਰਹੀ ਹੈ। 
ਗੋਰੇ ਨਸਲਵਾਦ ਵਾਲਾ ਇਹ ਵਿਚਾਰ ਕਈ ਸਾਲ ਪਹਿਲਾਂ ਤੋਂ ਸੁਲਘਣਾ ਸ਼ੁਰੂ ਹੋ ਗਿਆ ਸੀ ਜਿਸ ਨੂੰ ਅਮਰੀਕਾ ਦੇ ਵਿਸ਼ਵ ਵਪਾਰ ਕੇਂਦਰ 'ਤੇ ਹੋਏ ਹਮਲੇ ਨਾਲ ਇਕ ਦਮ ਹਵਾ ਮਿਲੀ ਜੋ ਹੁਣ ਭਾਂਬੜ ਬਣਦਾ ਜਾ ਰਿਹਾ ਹੈ। ਅਮਰੀਕਾ ਅਤੇ ਯੂਰਪ ਦੇ ਖੇਤਰਾਂ ਵਿਚ ਗਲੀਆਂ, ਸੜਕਾਂ 'ਤੇ ਮੁਸਲਮਾਨਾਂ, ਅਫਰੀਕਨਾਂ, ਏਸ਼ੀਅਨਾਂ ਅਤੇ ਸਿੱਖਾਂ ਖਿਲਾਫ ਨਸਲੀ ਹਮਲੇ ਦੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ ਹਨ। ਹੁਣ ਇਹ ਘਟਨਾਵਾਂ ਅੱਤਵਾਦੀ ਹਮਲਿਆਂ ਦਾ ਰੂਪ ਲੈਣ ਲੱਗੀਆਂ ਹਨ। ਅਮਰੀਕਾ ਦੇ ਵਿਸਕੌਨਸਿਨ ਵਿਚ ਸਿੱਖਾਂ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਹਮਲਾ ਅਤੇ ਨਿਊਜ਼ੀਲੈਂਡ ਵਿਚ ਮਸਜਿਦਾਂ 'ਤੇ ਹੋਇਆ ਹਮਲਾ ਇਕੋ ਜਿਹੇ ਮਾਹੌਲ ਦੀ ਹੀ ਉਪਜ ਹਨ। ਕੌਮਾਂਤਰੀ ਪੱਧਰ 'ਤੇ ਨਾਮੀਂ ਮੀਡੀਆ ਅਦਾਰੇ ਅਲ ਜਜ਼ੀਰਾ ਵੱਲੋਂ ਦਸੰਬਰ 2018 ਵਿਚ ਇਕ ਦਸਤਾਵੇਜੀ ''ਜੇਨਰੇਸ਼ਨ ਹੇਟ””ਜਾਰੀ ਕੀਤੀ ਗਈ ਸੀ ਜੋ ਫਰਾਂਸ ਵਿਚ ਅਜਿਹੀ ਹੀ ਨਸਲੀ ਵਿਚਾਰਧਾਰਾ ਨੂੰ ਹਵਾ ਦੇ ਰਹੇ ਇਕ ਸੰਗਠਨ ਜੇਨਰੇਸ਼ਨ ਆਇਡੈਂਟਿਟੀ” ਦੀ ਖੂਫੀਆ ਤਫਤੀਸ਼ 'ਤੇ ਅਧਾਰਿਤ ਸੀ। ਇਸ ਦਸਤਾਵੇਜੀ ਵਿਚ ਇਸ ਸੰਗਠਨ ਦੇ ਲੋਕ ਅਜਿਹੇ ਹਮਲੇ ਕਰਨ ਦੀਆਂ ਗੱਲਾਂ ਕਰਦੇ ਦਿਖ ਰਹੇ ਸਨ ਜਿਹੋ ਜਿਹਾ ਨਿਊਜ਼ੀਲੈਂਡ ਵਿਚ ਸਾਰੀ ਦੁਨੀਆ ਨੇ ਵੇਖਿਆ। 

ਨਸਲਵਾਦ ਪੂਰੇ ਸੰਸਾਰ 'ਤੇ ਹੋ ਰਿਹਾ ਹਾਵੀ-
1980ਵਿਆਂ ਤੋਂ ਅਮਰੀਕਾ ਅਤੇ ਯੂਰਪ ਵਿਚ ਇਸਲਾਮ ਤੇ ਮੁਸਲਮਾਨਾਂ ਦਾ ਵਿਰੋਧ ਬੜੀ ਤੇਜ਼ੀ ਨਾਲ ਵਧਿਆ। ਕੁਝ ਲੋਕ ਸਿਆਸੀ, ਸੱਭਿਆਚਾਰਕ ਤੇ ਸਮਾਜਿਕ ਪੱਧਰ ਉੱਤੇ ਹੀ ਮੁਸਲਮਾਨਾਂ ਦਾ ਵਿਰੋਧ ਨਹੀਂ ਕਰਦੇ ਸਗੋਂ ਵੱਡੇ ਪੱਧਰ ਉੱਤੇ ਨਫ਼ਰਤ ਫੈਲਾਉਂਦੇ ਹਨ ਜਿਸ ਨੂੰ 'ਇਸਲਾਮੋਫੋਬੀਆ' ਕਿਹਾ ਜਾਂਦਾ ਹੈ। ਨਸਲੀ ਗੋਰਿਆਂ ਵਲੋਂ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਮੁਸਲਮਾਨ ਧੜਾਧੜ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਵਿਚ ਆ ਰਹੇ ਹਨ ਅਤੇ ਹੌਲੀ ਹੌਲੀ ਉਨ੍ਹਾਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਉੱਥੋਂ ਦੇ ਗੋਰੇ ਵਸਨੀਕ ਘੱਟਗਿਣਤੀ ਵਿਚ ਰਹਿ ਜਾਣਗੇ। ਇਹ ਵੀ ਗੱਲ ਫੈਲਾਈ ਜਾ ਰਹੀ ਹੈ ਕਿ ਮੁਸਲਮਾਨ ਪਛੜੇ ਹੋਏ, ਪੁਰਾਤਨ ਵਿਚਾਰਾਂ ਵਾਲੇ, ਵਹਿਸ਼ੀ, ਜਾਲਮ ਤੇ ਹਿੰਸਕ ਲੋਕ ਹਨ; ਉਹ ਸੁਭਾਵਿਕ ਤੌਰ 'ਤੇ ਦਹਿਸ਼ਤਪਸੰਦ ਹਨ ਅਤੇ ਜਿਹਾਦ ਕਰਕੇ ਪੱਛਮੀ ਸੱਭਿਅਤਾ ਦਾ ਮਲੀਆਮੇਟ ਕਰ ਦੇਣਾ ਚਾਹੁੰਦੇ ਹਨ। ਕਈ ਦੇਸ਼ਾਂ ਵਿਚ ਇਹੋ ਜਿਹੀਆਂ ਸੰਸਥਾਵਾਂ ਬਣੀਆਂ ਹੋਈਆਂ ਹਨ ਜਿਹੜੀਆਂ ਇਸ ਤਰ੍ਹਾਂ ਦਾ ਪ੍ਰਚਾਰ ਕਰਨ ਨੂੰ ਆਪਣਾ ਧਾਰਮਿਕ ਤੇ ਰਾਸ਼ਟਰੀ ਫ਼ਰਜ਼ ਸਮਝਦੀਆਂ ਹਨ। ਫਰਾਂਸ ਵਿਚ ਮੁਸਲਮਾਨਾਂ ਦੀ ਆਮਦ ਨੂੰ 'ਵੱਡੇ ਬਦਲਾਓ' ਦੇ ਸਿਧਾਂਤ ਦੇ ਰੂਪ ਵਿਚ ਪ੍ਰਚਾਰਿਆ ਜਾਂਦਾ ਹੈ। ਅਮਰੀਕਾ ਵਿਚ ਕਈ ਜਥੇਬੰਦੀਆਂ ਜਿਵੇਂ 'ਸਟਾਪ ਇਸਲਾਮਾਈਜੇਸ਼ਨ ਆਫ਼ ਅਮੈਰੀਕਾ' (ਐੱਸਆਈਓਏ) ਅਤੇ 'ਅਮੈਰੀਕਨ ਫਰੀਡਮ ਡਿਫੈਂਸ ਇਨਸ਼ੀਏਟਿਵ' ਆਦਿ ਸੰਸਥਾਤਮਕ ਤੌਰ 'ਤੇ ਇਸਲਾਮ ਅਤੇ ਮੁਸਲਮਾਨਾਂ ਵਿਰੁੱਧ ਪ੍ਰਚਾਰ ਕਰਦੀਆਂ ਹਨ। ਇੱਥੋਂ ਤਕ ਕਿ ਇਨ੍ਹਾਂ ਨਸਲਵਾਦੀ ਹਮਲਿਆਂ ਨੂੰ 'ਸੱਭਿਆਤਾਵਾਂ ਦੇ ਟਕਰਾਓ' ਇਸਾਈ, ਮੁਸਲਮਾਨ ਟਕਰਾਓ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਰਾਜ-ਧਰਮ ਨਿਭਾਇਆ-
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਘਟਨਾ ਨੂੰ ਪੂਰੀ ਵਿਉਂਤਬੰਦੀ ਨਾਲ ਕੀਤਾ 'ਦਹਿਸ਼ਤੀ ਹਮਲਾ' ਕਰਾਰ ਦਿੰਦਿਆਂ ਇਸ ਦਿਨ ਨੂੰ ਮੁਲਕ ਦਾ ਕਾਲਾ ਦਿਨ ਦੱਸਿਆ ਹੈ। ਜੈਸਿੰਡਾ ਨੇ ਕਿਹਾ ਕਿ ਹਮਲਾਵਰਾਂ ਦਾ ਨਿਊਜ਼ੀਲੈਂਡ ਵਿਚ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ ਜਿਸ ਕਾਰਨ ਇਹ ਪੁਲਿਸ ਦੀ ਨਜ਼ਰ ਵਿਚ ਨਹੀਂ ਆਏ। ਜੈਸਿੰਡਾ ਆਰਡਨ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਸਾਡੇ ਬੰਦੂਕ ਕਾਨੂੰਨ ਵਿਚ ਬਦਲਾਅ ਹੋਣਗੇ।  ਉਨ੍ਹਾਂ ਇਹ ਵੀ ਕਿਹਾ ਕਿ ਉਹ ਫ਼ੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਤੋਂ ਇਸ ਗੱਲ ਦਾ ਜਵਾਬ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਸੋਸ਼ਲ ਸਾਈਟਾਂ 'ਤੇ ਮਸਜਿਦਾਂ ਵਿਚ ਲੋਕਾਂ 'ਤੇ ਹੋਏ ਹਮਲੇ ਦਾ ਸਿੱਧਾ ਪ੍ਰਸਾਰਨ ਕਿਸ ਤਰ੍ਹਾਂ ਹੋਇਆ? 
ਹਮਲਿਆਂ ਤੋਂ ਬਾਅਦ ਮੁਲਕ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਜਿਸ ਤਰ੍ਹਾਂ ਅਗਵਾਈ ਕੀਤੀ ਉਸਦੀ ਪੂਰੀ ਦੁਨੀਆਂ ਵਿਚ ਪ੍ਰਸ਼ੰਸਾ ਹੋ ਰਹੀ ਹੈ। ਪ੍ਰਧਾਨ ਮੰਤਰੀ ਨਿੱਜੀ ਤੌਰ ਉੱਤੇ ਲੋਕਾਂ ਨੂੰ ਮਿਲੀ ਅਤੇ ਪੀੜਤ ਪਰਿਵਾਰਾਂ ਨੂੰ ਗਲ਼ ਨਾਲ ਲਾਇਆ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ।

ਲੋਕਾਂ ਦੇ ਗਲੇ ਨਾ ਉਤਰਿਆ ਮੋਦੀ ਦਾ ਨਿਖੇਧੀ ਵਾਲਾ ਬਿਆਨ-
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਊਜ਼ੀਲੈਂਡ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਨਿਖੇਧੀ ਕਰਦਿਆਂ ਘਟਨਾ 'ਤੇ ਦੁੱਖ ਜਤਾਇਆ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੂੰ ਲਿਖੇ ਪੱਤਰ ਵਿੱਚ ਮੋਦੀ ਨੇ ਕਿਹਾ ਕਿ ਭਾਰਤ ਇਸ ਮੁਸ਼ਕਲ ਘੜੀ ਵਿੱਚ ਨਿਊਜ਼ੀਲੈਂਡ ਦੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ। ਪਰ ਨਰਿੰਦਰ ਮੋਦੀ ਤੇ ਉਸ ਦੀ ਪਾਰਟੀ ਦੀ ਭਾਰਤ ਵਿਚ ਨਫਰਤ ਦੀ ਰਾਜਨੀਤੀ ਕਾਰਨ ਸੋਸ਼ਲ ਮੀਡੀਆ ਉਤੇ ਮੋਦੀ ਦੇ ਬਿਆਨ ਨੂੰ ਮਗਰ ਮੱਛ ਦੇ ਹੰਝੂ ਵਹਾਉਣ ਨਾਲ ਤੁਲਨਾਇਆ ਜਾ ਰਿਹਾ ਹੈ।

'ਇਸਲਾਮੋਫੋਬੀਆ' ਜ਼ਿੰਮੇਵਾਰ : ਇਮਰਾਨ-
ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ 'ਤੇ ਹੋਏ ਹਮਲੇ ਲਈ ਵਧਦਾ 'ਇਸਲਾਮੋਫੋਬੀਆ' ਜ਼ਿੰਮੇਵਾਰ ਹੈ, ਜੋ 9/11 ਦੇ ਦਹਿਸ਼ਤੀ ਹਮਲਿਆਂ ਮਗਰੋਂ ਲੋਕਾਂ ਦੇ ਦਿਲਾਂ ਵਿਚ ਘਰ ਕਰ ਗਿਆ ਹੈ।

ਸਿੱਖਾਂ ਨੂੰ ਗੰਭੀਰ ਵਿਚਾਰ ਕਰਨ ਦੀ ਲੋੜ
ਇਸ ਘਟਨਾ ਤੋਂ ਬਾਅਦ ਵਿਸ਼ਵ ਭਰ ਦੇ ਕੋਨੇ-ਕੋਨੇ ਵਿਚ ਵਸਦੇ ਪੰਜਾਬੀਆਂ ਤੇ ਖਾਸ ਕਰ ਕੇ ਸਿੱਖ ਭਾਈਚਾਰੇ ਨੂੰ ਬਦਲ ਰਹੇ ਹਾਲਾਤ ਵਿਚ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਗੰਭੀਰ ਵਿਚਾਰ ਦੀ ਮੰਗ ਕਰਦੀ ਹੈ। ਇਹ ਤੱਥ ਵੀ ਗੌਲਣਯੋਗ ਹੈ ਕਿ ਸਿੱਖ ਭਾਈਚਾਰੇ ਦੀ ਵੱਖਰੀ ਪਹਿਚਾਣ ਨੂੰ ਵਿਦੇਸ਼ੀ ਲੋਕਾਂ ਵੱਲੋਂ ਅਕਸਰ ਮੁਸਲਮਾਨਾਂ ਨਾਲ ਰਲਗੱਡ ਕਰ ਕੇ ਦੇਖਣ ਕਾਰਨ ਸਿੱਖਾਂ ਨੂੰ ਪਹਿਲਾਂ ਵੀ ਕਈ ਵਾਰ ਨਸਲੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੈ। ਸੰਸਾਰ ਭਰ ਦੇ ਸੂਝਵਾਨ, ਰਾਜਨੇਤਾ ਤੇ ਧਾਰਮਿਕ ਰਹਿਨੁਮਾ ਇਸ ਵਿਚਾਰ ਉਤੇ ਇਕਮੱਤ ਹਨ ਕਿ ਅਜਿਹੇ ਸੰਕਟ ਦੇ ਸਮੇਂ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੇ ਵਿਸ਼ਵ ਲਈ ਅਮਨ-ਸ਼ਾਂਤੀ, ਮਨੁੱਖੀ ਬਰਾਬਰਤਾ ਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ ਨਾਲ ਰਾਹ-ਦਸੇਰਾ ਬਣ ਸਕਦੇ ਹਨ।
ਏਸ਼ੀਆ ਦੇ ਪੰਜਾਬ ਖਿੱਤੇ ਵਿਚ ਇਕ ਵੱਖਰੀ ਸੱਭਿਅਤਾ ਦੇ ਤੌਰ 'ਤੇ ਵਿਕਸਤ ਹੋਈ ਸਿੱਖ ਕੌਮ ਲਈ ਇਹ ਹਮਲਾ ਕੋਈ ਆਮ ਘਟਨਾ ਨਹੀਂ ਹੈ। ਸਿੱਖ ਕੌਮ ਇਕ ਨਿਵੇਕਲੀ ਪਛਾਣ ਦੀ ਧਾਰਨੀ ਕੌਮ ਹੈ ਜੋ ਆਪਣੇ ਕੌਮੀ ਘਰ ਦੀ ਅਣਹੋਂਦ ਕਾਰਨ ਅਤੇ ਮਿਹਨਤੀ ਸੁਭਾਅ ਕਾਰਨ ਲੰਬੇ ਸਮੇਂ ਤੋਂ ਨਵੇਂ ਮੌਕਿਆਂ ਨੂੰ ਭਾਲਦੀ ਪ੍ਰਵਾਸ ਦੇ ਰਾਹ ਪਈ ਹੈ। ਪਰ ਸਮੇਂ ਵਿਚ ਤਬਦੀਲੀਆਂ ਨਾਲ ਪ੍ਰਵਾਸ ਦੀ ਕਿਸਮ ਵਿਚ ਵੀ ਤਬਦੀਲੀਆਂ ਆਈਆਂ ਹਨ। ਜਿੱਥੇ ਪਹਿਲਾਂ ਸਿੱਖ ਪ੍ਰਵਾਸ ਨਾਲ ਸਿੱਖ ਕੌਮ ਦਾ ਆਪਣੀ ਮੂਲ ਧਰਤੀ ਪੰਜਾਬ ਨਾਲੋਂ ਨਾਤਾ ਨਹੀਂ ਖੁਰ ਰਿਹਾ ਸੀ ਪਰ ਪਿਛਲੇ ਕੁੱਝ ਦਹਾਕਿਆਂ ਤੋਂ ਜਿਸ ਤਰ੍ਹਾਂ ਦਾ ਪ੍ਰਵਾਸ ਸਿੱਖ ਕੌਮ ਕਰ ਰਹੀ ਹੈ, ਉਸ ਨਾਲ ਉਸ ਦਾ ਆਪਣੀ ਮੂਲ ਧਰਤੀ ਤੋਂ ਰਿਸ਼ਤਾ ਖੁਰ ਰਿਹਾ ਹੈ। ਪਿਛਲੇ ਕੁੱਝ ਸਾਲਾਂ ਵਿਚ ਤਾਂ ਸਿੱਖ ਕੌਮ ਨਾਲ ਸਬੰਧਿਤ ਪਰਿਵਾਰਾਂ ਦੇ ਪਰਿਵਾਰ ਸਮੁੱਚੇ ਰੂਪ ਵਿਚ ਪ੍ਰਵਾਸ ਕਰ ਰਹੇ ਹਨ ਅਤੇ ਪੰਜਾਬ ਵਿਚ ਆਪਣੀਆਂ ਜ਼ਾਇਦਾਦਾਂ ਨੂੰ ਵੇਚ ਕੇ ਵਿਦੇਸ਼ਾਂ ਵਿਚ ਪੁੰਜੀ ਨਿਵੇਸ਼ ਕਰ ਰਹੇ ਹਨ। ਪੱਛਮੀ ਸੱਭਿਅਤਾ ਵਾਲੇ ਮੁਲਕਾਂ ਵਿਚ, ਜਿੱਥੇ ਸਿੱਖ ਕੌਮ ਨੇ ਜ਼ਿਆਦਾ ਪ੍ਰਵਾਸ ਕੀਤਾ ਹੈ, ਉੱਥੇ ਵਧ ਰਿਹਾ ਨਸਲਵਾਦ ਜੇ ਕੋਈ ਖਤਰਨਾਕ ਹਾਲਾਤ ਵਿਚ ਤਬਦੀਲ ਹੁੰਦਾ ਹੈ ਤਾਂ ਸਿੱਖ ਕੌਮ ਲਈ ਹਾਲਾਤ ਬਦਤਰ ਬਣ ਸਕਦੇ ਹਨ। ਅਜਿਹੇ ਵਿਚ ਸਿੱਖ ਬੁੱਧੀਜੀਵੀਆਂ ਅਤੇ ਆਗੂਆਂ ਨੂੰ ਕੌਮੀ ਭਵਿੱਖ ਦੇ ਇਸ ਅਹਿਮ ਮਸਲੇ ਬਾਰੇ ਗੰਭੀਰ ਵਿਚਾਰ ਚਰਚਾ ਦਾ ਦੌਰ ਸ਼ੁਰੂ ਕਰਨਾ ਚਾਹੀਦਾ ਹੈ।