ਯੂਏਪੀਏ ਅਧੀਨ ਗ੍ਰਿਫਤਾਰ ਕੀਤੇ ਜੋਗਿੰਦਰ ਸਿੰਘ ਗੁੱਜਰ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ

ਯੂਏਪੀਏ ਅਧੀਨ ਗ੍ਰਿਫਤਾਰ ਕੀਤੇ ਜੋਗਿੰਦਰ ਸਿੰਘ ਗੁੱਜਰ ਨੂੰ ਅਦਾਲਤ ਤੋਂ ਜ਼ਮਾਨਤ ਮਿਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਅਧੀਨ ਨਾਮਜ਼ਦ ਕਰਕੇ ਗ੍ਰਿਫਤਾਰ ਕੀਤੇ ਗਏ ਬਜ਼ੁਰਗ ਸਿੱਖ ਜੋਗਿੰਦਰ ਸਿੰਘ ਗੁੱਜਰ ਨੂੰ ਕਪੂਰਥਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਜੋਗਿੰਦਰ ਸਿੰਘ ਨੂੰ ਭੋਲੱਥ ਪੁਲਸ ਨੇ 2 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। 

ਦੱਸ ਦਈਏ ਕਿ 65 ਸਾਲਾ ਜੋਗਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਾਲ ਸਬੰਧਿਤ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਇਟਲੀ ਰਹਿ ਰਿਹਾ ਹੈ। ਉਹ ਪਿਛਲੇ ਦਿਨੀਂ ਪੰਜਾਬ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਣ ਆਇਆ ਸੀ। ਪੁਲਸ ਨੇ ਉਸਨੂੰ ਗੁਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਯੂਏਪੀਏ ਅਧੀਨ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਸੀ। ਇਸ ਗ੍ਰਿਫਤਾਰੀ ਖਿਲਾਫ ਭੋਲੱਥ ਦੇ ਐਮਐਲਏ ਸੁਖਪਾਲ ਸਿੰਘ ਖਹਿਰਾ ਨੇ ਅਵਾਜ਼ ਚੁੱਕੀ ਸੀ ਅਤੇ ਯੂਏਪੀਏ ਅਧੀਨ ਦਰਜ ਕੀਤਾ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਸੀ। 

ਪੁਲਸ ਨੇ ਦੋਸ਼ ਲਾਇਆ ਸੀ ਕਿ ਜੋਗਿੰਦਰ ਸਿੰਘ ਭਾਰਤ ਵੱਲੋਂ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਦਾ ਮੈਂਬਰ ਹੈ। ਪਰ ਅਦਾਲਤ ਵਿਚ ਹੁਣ ਸਰਕਾਰੀ ਵਕੀਲ ਵੱਲੋਂ ਦਰਜ ਕੀਤੇ ਜਵਾਬ ਅੰਦਰ ਡੀਐਸਪੀ ਭੋਲੱਥ ਜਤਿੰਦਰਜੀਤ ਸਿੰਘ ਨੇ ਬਿਆਨ ਦਿੱਤਾ ਹੈ ਕਿ ਪੁਲਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਿਸ ਨਾਲ ਸਾਬਿਤ ਹੁੰਦਾ ਹੋਵੇ ਕਿ ਜੋਗਿੰਦਰ ਸਿੰਘ ਸਿੱਖਸ ਫਾਰ ਜਸਟਿਸ ਜਾਂ ਕਿਸੇ ਹੋਰ ਪਾਬੰਦੀਸ਼ੁਦਾ ਜਥੇਬੰਦੀ ਦਾ ਮੈਂਬਰ ਹੈ।

ਡੀਐਸਪੀ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਅਜੇ ਤਕ ਪੁਲਸ ਨੂੰ ਅਜਿਹਾ ਵੀ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਜੋਗਿੰਦਰ ਸਿੰਘ ਸਿੱਖਸ ਫਾਰ ਜਸਟਿਸ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਸੀ। 

ਕਪੂਰਥਲਾ ਦੇ ਐਡੀਸ਼ਨਲ ਜੱਜ ਰਜਿੰਦਰ ਕੌਰ ਨੇ ਆਪਣੇ ਫੈਂਸਲੇ ਵਿਚ ਕਿਹਾ ਕਿ ਪੁਲਸ ਕੋਲ ਐਫਆਈਆਰ ਵਿਚ ਦਰਜ ਦਾਅਵਿਆਂ ਤੋਂ ਇਲਾਵਾ ਕੋਈ ਵੀ ਪੁਖਤਾ ਸਬੂਤ ਨਹੀਂ ਹੈ ਜਿਸ ਨਾਲ ਸਾਬਤ ਹੋਵੇ ਕਿ ਜੋਗਿੰਦਰ ਸਿੰਘ ਸਿੱਖਸ ਫਾਰ ਜਸਟਿਸ ਦਾ ਮੈਂਬਰ ਹੈ। ਇਸ ਲਈ ਜੋਗਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ।

ਜ਼ਮਾਨਤ ਦਿੰਦਿਆਂ ਅਦਾਲਤ ਨੇ ਜੋਗਿੰਦਰ ਸਿੰਘ ਨੂੰ ਆਪਣਾ ਪਾਸਪੋਰਟ ਅਦਾਲਤ ਵਿਚ ਜਮ੍ਹਾ ਕਰਾਉਣ ਲਈ ਕਿਹਾ ਤੇ ਅਦਾਲਤ ਤੋਂ ਪ੍ਰਵਾਨਗੀ ਬਿਨ੍ਹਾਂ ਭਾਰਤ ਤੋਂ ਬਾਹਰ ਜਾਣ 'ਤੇ ਪਾਬੰਦੀ ਲਾਈ ਹੈ।